ਰੱਬ ਵਰਗੇ ਬੰਦੇ

ਰੱਬ ਵਰਗੇ ਬੰਦੇ

ਗੁਰਮੀਤ ਸੁਖਪੁਰ

ਪਣੇ ਮਨ ਦੇ ਵਲਵਲਿਆਂ ਨੂੰ ਲੇਖ ਰੂਪੀ ਮਾਲਾ ਵਿਚ ਪ੍ਰੋਣ ਸਮੇਂ ਲਗਦਾ ਹੈ ਕਿ ਗਿਆਨ ਦੇ ਸਮੁੰਦਰ ਰੂਪੀ ਗੁਰੂ ਦੇ ਕਿਹੜੇ ਕਿਹੜੇ ਮੋਤੀ ਚੁਗ ਕੇ ਤੁਹਾਡੇ ਸਾਹਮਣੇ ਲਿਆਵਾਂ। ਅੱਜ ਮੈਂ ਜਿਸ ਮੁਕਾਮ ਤੇ ਪਹੁੰਚਿਆ ਹਾਂ, ਇਹ ਉਨ੍ਹਾਂ ਦੀ ਯੋਗ ਅਗਵਾਈ ਦੀ ਬਦੌਲਤ ਹੀ ਪਹੁੰਚਿਆ ਹਾਂ। ਉਨ੍ਹਾਂ ਦੀ ਦੂਰਅੰਦੇਸ਼ੀ ਨੇ ਸ਼ਰਾਰਤੀ ਜੁਆਕ ਨੂੰ ਅਧਿਆਪਕ ਆਗੂ ਬਣਾ ਦਿੱਤਾ।

ਮੇਰੇ ਲਈ ਇਹ ਸੁਭਾਗੀ ਘੜੀ ਸੀ ਜਦੋਂ ਮੈਨੂੰ ਉਨ੍ਹਾਂ ਦੀ ਸੇਵਾਮੁਕਤੀ ਦਾ ਸੱਦਾ ਮਿਲਿਆ। ਉਨ੍ਹਾਂ ਦੇ ਸੱਦਾ ਪੱਤਰ ਵਿਚ ਲਿਖਿਆ ਸੀ: ਮੇਰੇ ਸਨਮਾਨ ਵਿਚ ਲਿਆਂਦੇ ਤੋਹਫੇ ਨੂੰ ਮੈਂ ਆਪਣਾ ਅਪਮਾਨ ਸਮਝਾਂਗਾ। ਇਸੇ ਕਾਰਨ ਕੋਈ ਤੋਹਫਾ ਵੀ ਨਹੀਂ ਲਿਜਾ ਸਕਿਆ ਪਰ ਸਟੇਜ ਸਕੱਤਰ ਵਲੋਂ ਮਿਲਿਆ ਸੱਦਾ ਕਿ ਜਗਮੀਤ ਸਿੰਘ ਪੰਧੇਰ ਦਾ ਚੇਲਾ ਗੁਰਮੀਤ ਸੁਖਪੁਰ ਆਪਣੇ ਗੁਰੂ ਬਾਰੇ ਕੁਝ ਵਿਚਾਰ ਪ੍ਰਗਟ ਕਰੇਗਾ। ਮੈਨੂੰ ਲੱਗਿਆ ਕਿ ਹੁਣ ਮੈਂ ਗੁਰੂ ਦੇ ਕੀਤੇ ਕੁਝ ਅਹਿਸਾਨ ਦਾ ਕੁਝ ਹਿੱਸਾ ਮੋੜ ਸਕਾਂਗਾ। ਬਾਕੀ ਰਹਿੰਦਾ ਕਰਜ਼ ਇਸ ਲਿਖਤ ਰਾਹੀਂ ਲਾਹੁਣ ਦਾ ਯਤਨ ਕਰ ਰਿਹਾ ਹਾਂ।

ਉਹ ਅਕਸਰ ਵਿਦਿਆਰਥੀਆਂ ਨੂੰ ਕਹਿੰਦੇ- ‘ਪੁੱਤਰ ਜਿਸ ਕੰਮ ਨੂੰ ਹੱਥ ਪਾਈਏ, ਪੂਰੀ ਲਗਨ ਤੇ ਮੁਹਾਰਤ ਨਾਲ ਪੂਰਾ ਕਰੀਏ।’ ਉਨ੍ਹਾਂ ਦਾ ਇਹ ਕਹਿਣਾ ਮਨ ਅੰਦਰ ਵਾਸ ਕਰ ਗਿਆ। ਉਨ੍ਹਾਂ ਦਾ ਪੜ੍ਹਾਉਣ ਢੰਗ ਬੜਾ ਅਨੋਖਾ ਸੀ। ਕਲਾਸ ਸ਼ੁਰੂ ਕਰਦਿਆਂ ਹੀ ਇਕ ਦਿਨ ਪਹਿਲਾਂ ਕਰਾਏ ਕੰਮ ਦਾ ਲੇਖਾ-ਜੋਖਾ, ਪ੍ਰਸ਼ਨ ਸੁਣਨੇ ਆਦਿ ਬੜੀ ਸਹਿਜਤਾ ਨਾਲ ਕਰਦੇ; ਅਗਲਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਮੋਟੀਆਂ ਮੋਟੀਆਂ ਗੱਲਾਂ ਕਰਦੇ; ਸਾਰੇ ਵਿਦਿਆਰਥੀ ਜਦੋਂ ਵਿਸ਼ੇ ਨਾਲ ਚੰਗੀ ਤਰ੍ਹਾਂ ਜੁੜ ਜਾਂਦੇ, ਫਿਰ ਸਮਝਾਉਂਦੇ। ਉਨ੍ਹਾਂ ਦੇ ਸਮਝਾਏ ਪ੍ਰਸ਼ਨ ਅੱਜ ਵੀ ਚੇਤਿਆਂ ਵਿਚ ਹਨ। ਪ੍ਰੈਕਟੀਕਲ ਕਰਵਾਉਣ ਦੀ ਮੁਹਾਰਤ ਤਾਂ ਕਮਾਲ ਸੀ। ਸੰਵੇਦਨਸ਼ੀਲਤਾ ਦੇਖੋ, ਪ੍ਰੈਕਟੀਕਲ ਕਾਪੀ ਮਹਿੰਗੀ ਹੋਣ ਕਾਰਨ ਉਹ ਸਾਧਾਰਨ ਕਾਪੀ ਤੇ ਪ੍ਰੈਕਟੀਕਲ ਕਰਵਾਉਂਦੇ। ਵਿਗਿਆਨ ਨੂੰ ਵੀ ਬਾਕਾਇਦਾ ਸਮਾਜ ਨਾਲ ਜੋੜ ਕੇ ਪੜ੍ਹਾਉਂਦੇ ਅਤੇ ਦੱਸਦੇ ਸਨ ਕਿ ਹਰ ਘਟਨਾਕ੍ਰਮ ਦੇ ਪਿੱਛੇ ਕੋਈ ਨਾ ਕੋਈ ਤਰਕ ਹੁੰਦਾ ਹੈ। ਸਾਨੂੰ ਅੰਧਵਿਸ਼ਵਾਸਾਂ ਤੋਂ ਦੂਰ ਰੱਖਣ ਲਈ ਕੁਝ ਨਾ ਕੁਝ ਦੱਸਦੇ ਰਹਿੰਦੇ।

1979 ਵਿਚ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦੇ ਕਤਲ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਮਿਸਾਲੀ ਘੋਲ ਲੜਿਆ ਗਿਆ। ਉਦੋਂ ਮੈਂ ਨੌਵੀਂ ਵਿਚ ਪੜ੍ਹਦਾ ਸੀ। ਉਹ ਸਾਨੂੰ ਉਸ ਘਟਨਾਕ੍ਰਮ ਬਾਰੇ ਦੱਸਦੇ ਰਹਿੰਦੇ। ਪੜ੍ਹਾਉਂਦੇ ਪੜ੍ਹਾਉਂਦੇ ਅਗਾਹ ਕਰਦੇ ਰਹਿੰਦੇ- ਜ਼ਿੰਦਗੀ ਦਾ ਨਿਸ਼ਾਨਾ ਮਿਥੋ, ਤੁਸੀਂ ਬਣਨਾ ਕੀ ਚਾਹੁੰਦੇ ਹੋ।

ਇੱਕ ਵਾਰ ਬੱਚਿਆਂ ਦੁਆਰਾ ਮੇਰੀ ਸ਼ਿਕਾਇਤ ਲਗਾਉਣ ’ਤੇ ਉਹ ਮੈਨੂੰ ਸਕੂਲ ਦੇ ਬਰਾਂਡੇ ਵਿਚ ਦੀ ਮੇਰੇ ਮੋਢੇ ਉੱਪਰ ਦੀ ਹੱਥ ਰੱਖ ਕੇ ਹਾਲ ਕਮਰੇ ਵਿਚ ਲੈ ਗਏ ਤੇ ਉੱਥੇ ਪਈਆਂ ਕੁਰਸੀਆਂ ਵਿਚੋਂ ਇਕ ਉੱਤੇ ਆਪਣੇ ਸਾਹਮਣੇ ਬਿਠਾ ਕੇ ਕਿਹਾ- ਗੁਰਮੀਤ, ਜਦੋਂ ਤੁਸੀਂ ਵੱਡੇ ਹੋ ਗਏ, ਕਾਲਜ ਚਲੇ ਗਏ, ਉਸ ਤੋਂ ਬਾਅਦ ਨੌਕਰੀ ਬਗੈਰਾ ਕਰ ਰਹੇ ਹੋਵੋਗੇ, ਉਦੋਂ ਤੁਸੀਂ ਜੋ ਮਰਜ਼ੀ ਕਰ ਲੈਣਾ; ਹੁਣ ਪੁੱਤਰਾ ਥੋਡਾ ਪੜ੍ਹਨ ਦਾ ਸਮਾਂ ਹੈ। ... ਇਹ ਕੁਝ ਸਮਝਾਉਂਦੇ ਸਮਝਾਉਂਦੇ ਉਵੇਂ ਹੀ ਬਰਾਂਡੇ ’ਚੋਂ ਕਲਾਸ ਵਿਚ ਲੈ ਆ ਗਏ। ਬਿਨਾ ਕੋਈ ਸਜ਼ਾ ਦਿੱਤੇ ਹੀ ਉਨ੍ਹਾਂ ਮੇਰੇ ਧੁਰ ਅੰਦਰ ਐਨ ਚੰਗੀ ਤਰ੍ਹਾਂ ਅਹਿਸਾਸ ਕਰਵਾ ਦਿੱਤਾ ਸੀ।

ਦੂਜੀ ਘਟਨਾ ਨੌਵੀਂ ਜਮਾਤ ਵੇਲੇ ਦੀ ਹੈ ਜਦੋਂ ਉਹ ਸਾਨੂੰ ਸੰਦੌੜ (ਮਾਲੇਰਕੋਟਲਾ) ਸਾਇੰਸ ਮੇਲੇ ਤੇ ਲੈ ਕੇ ਗਏ। ਰਾਤ ਨੂੰ ਅਸੀਂ ਮਾਲੇਰਕੋਟਲਾ ਨੇੜੇ ਪਿੰਡ ਕੁਠਾਲਾ ਵਿਚ ਮਾਸਟਰ ਟਿਵਾਣਾ ਜੀ ਕੋਲ ਰਹੇ। ਉਹ ਵੀ ਅਧਿਆਪਕਾਂ ਦੇ ਆਗੂ ਸਨ। ਉਨ੍ਹਾਂ ਸਾਡੇ ਨਾਲ ਕਾਫੀ ਖੁੱਲ੍ਹ ਕੇ ਗੱਲਾਂਬਾਤਾਂ ਕੀਤੀਆਂ। ਅਗਲੇ ਦਿਨ ਅਸੀਂ ਮਾਸਟਰ ਜੀਆਂ ਦੇ ਦੋਸਤ ਦੇ ਘਰ ਮਾਲੇਰਕੋਟਲੇ ਰਹੇ ਅਤੇ ਰਾਤ ਨੂੰ ਸਾਨੂੰ ‘ਕਾਲਾ ਪੱਥਰ’ ਫ਼ਿਲਮ ਦਿਖਾਈ ਗਈ ਅਤੇ ਘਰ ਆ ਕੇ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜ਼ਿੰਦਗੀ ਬਾਰੇ ਮਾਸਟਰ ਜੀਆਂ ਨੇ ਚਾਨਣਾ ਪਾਇਆ।

ਤੀਜੀ ਘਟਨਾ। 1979 ’ਚ ਮੇਰੇ ਜੀਜਾ ਜੀ ਦੀ ਮੌਤ ਹੋ ਗਈ; ਮੇਰੀ ਕਲਾਸ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਦਾ ਸਾਡੇ ਘਰ ਅਫ਼ਸੋਸ ਪ੍ਰਗਟ ਕਰਨ ਆਉਣਾ ਮੇਰੇ ਇਸ ਗੁਰੂ ਦੀਆਂ ਸਿਖਿਆਵਾਂ ਕਰ ਕੇ ਹੀ ਸੀ। ਉਹ ਬੱਚਿਆਂ ਅੰਦਰ ਦੋਸਤਾਨਾ ਮਾਹੌਲ ਪੈਦਾ ਕਰ ਕੇ ਰੱਖਦੇ ਸੀ। ਕਦੇ ਕਦੇ ਉਹ ਅੱਧੀ ਛੁੱਟੀ ਵੇਲੇ ਸਾਡੀ ਰੁੱਖੀ ਮਿਸੀ ਰੋਟੀ ਸਾਡੇ ਨਾਲ ਬੈਠ ਕੇ ਖਾਂਦੇ ਤਾਂ ਅਸੀਂ ਸਾਰੇ ਵਿਦਿਆਰਥੀ ਬਹੁਤ ਖ਼ੁਸ਼ ਹੁੰਦੇ।

ਜਗਜੀਤ ਸਿੰਘ ਪੰਧੇਰ ਜੀ ਦੀ ਲਿਖੀ ਕਿਤਾਬ ‘ਰੱਬ ਵਰਗੇ ਬੰਦੇ’ ਜੋ 1947 ਦੀਆਂ ਸੱਚੀਆਂ ਕਹਾਣੀਆਂ ਤੇ ਆਧਾਰਿਤ ਹੈ, ਪੜ੍ਹਨਯੋਗ ਤੇ ਸਾਂਭਣਯੋਗ ਦਸਤਾਵੇਜ਼ ਹੈ। ਮੇਰੇ ਰੱਬ ਵਰਗੇ ਗੁਰੂ ਦੇ ਗੁਣਾਂ ਦਾ ਵਿਖਿਆਨ ਮੈਂ ਸਵੇਰ ਦੀ ਸਭਾ, ਸਿੱਖਿਆ ਮਹਿਕਮੇ ਦੇ ਸੈਮੀਨਾਰਾਂ ਵਿਚ ਕਰਦਾ ਰਹਿੰਦਾ ਹਾਂ ਕਿ ਸਾਡੇ ਅਧਿਆਪਕ ਉਨ੍ਹਾਂ ਵਾਂਗ ਸੱਚ ਤੇ ਪਹਿਰਾ ਦੇਣ ਵਾਲੇ, ਵਿਦਿਆਰਥੀਆਂ ਪ੍ਰਤੀ ਅਧਿਆਪਕਾਂ ਦੇ ਫ਼ਰਜ਼ ਨਿਭਾਉਣ ਵਾਲੇ, ਕਿੱਤੇ ਪ੍ਰਤੀ ਸਮਰਪਿਤ, ਤਰਕ ਨਾਲ ਗੱਲ ਕਰਨ ਵਾਲੇ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ, ਵਿਦਿਆਰਥੀਆਂ ਨੂੰ ਸਮਾਜਿਕ ਚੇਤਨਾ ਦੇਣ ਵਾਲੇ ਬਣ ਜਾਣ ਤਾਂ ਸਾਡਾ ਸਮਾਜ ਬਹੁਤ ਸੋਹਣਾ ਬਣ ਸਕਦਾ; ਤੇ ਸਾਡੇ ਸਕੂਲਾਂ ਦਾ ਮੁਹਾਂਦਰਾ ਬਦਲ ਸਕਦਾ ਹੈ। ਇਉਂ ਅਧਿਆਪਕ ਵਰਗ ਦਾ ਲੋਕਾਂ ਅੰਦਰ ਮਾਣ ਸਨਮਾਨ ਹੋਰ ਵਧੇਗਾ।
ਸੰਪਰਕ: 94659-15763

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All