ਮਨ ਦੀ ਸ਼ਾਂਤੀ
ਉਹ ਸਮਾਂ ਵੀ ਵੇਖਿਆ ਜਦੋਂ ਘਰ ’ਚ ਗ਼ਰੀਬੀ ਹੁੰਦੀ ਸੀ, ਕਦੇ ਨਹੀਂ ਸੋਚਿਆ ਸੀ ਕਿ ਕਦੇ ਸਾਡੇ ਘਰ ਉਹ ਵੀ ਚੀਜ਼ਾਂ ਆਉਣਗੀਆਂ ਜਿਨ੍ਹਾਂ ਦੇ ਇਹ ਅੱਖਾਂ ਸੁਫ਼ਨੇ ਵੇਖਦੀਆਂ ਸਨ। ਬੜਾ ਔਖਾ ਸਮਾਂ ਸੀ ਉਹ...... ਉਦੋਂ ਘੁੰਮ ਕੇ ਹਵਾ ਦੇਣ ਵਾਲਾ...
ਉਹ ਸਮਾਂ ਵੀ ਵੇਖਿਆ ਜਦੋਂ ਘਰ ’ਚ ਗ਼ਰੀਬੀ ਹੁੰਦੀ ਸੀ, ਕਦੇ ਨਹੀਂ ਸੋਚਿਆ ਸੀ ਕਿ ਕਦੇ ਸਾਡੇ ਘਰ ਉਹ ਵੀ ਚੀਜ਼ਾਂ ਆਉਣਗੀਆਂ ਜਿਨ੍ਹਾਂ ਦੇ ਇਹ ਅੱਖਾਂ ਸੁਫ਼ਨੇ ਵੇਖਦੀਆਂ ਸਨ। ਬੜਾ ਔਖਾ ਸਮਾਂ ਸੀ ਉਹ......
ਉਦੋਂ ਘੁੰਮ ਕੇ ਹਵਾ ਦੇਣ ਵਾਲਾ ਟੇਬਲ ਫੈਨ ਹੁੰਦਾ ਸੀ। ਗਰਮੀ ਦਾ ਮੌਸਮ ਆਉਣਾ ਬਾਹਰ ਵਿਹੜੇ ਵਿੱਚ ਲੱਗੇ ਦਰੱਖ਼ਤ ਥੱਲੇ ਮੰਜੇ ਡਾਹ ਕੇ ਸਾਰੇ ਟੱਬਰ ਨੇ ਪੈ ਜਾਣਾ। ਜਦੋਂ ਟੇਬਲ ਫੈਨ ਦੀ ਹਵਾ ਘੁੰਮ ਕੇ ਮੰਜੇ ਵੱਲ ਆਉਣੀ ਨਜ਼ਾਰਾ ਆ ਜਾਣਾ। ਫਿਰ ਦਾਤੀ ਫਰਾ ਹੜੰਬਾ ਪੱਖਾ ਆ ਗਿਆ, ਸਾਰੇ ਜਣੇ ਲਾਈਨ ’ਚ ਮੰਜੇ ਚਿਣ ਕੇ ਪੈਣ ਲੱਗ ਪਏ। ਜਿਸ ਦਾ ਮੰਜਾ ਪੱਖੇ ਅੱਗੇ ਡਹਿ ਜਾਣਾ ਉਸ ਆਪਣੇ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਾ ਸਮਝਣਾ। ਜੇ ਕਦੇ ਬਿਜਲੀ ਚਲੀ ਜਾਣੀ ਤਾਂ ਗੁੱਸੇ ਵਿੱਚ ਬਿਜਲੀ ਬੋਰਡ ਨੂੰ ਬੁਰਾ ਭਲਾ ਕਹਿਣ ਲੱਗ ਜਾਣਾ, ਮਾਂ ਨੇ ਸਾਰੀ ਰਾਤ ਪੱਖੀ ਝੱਲੀ ਜਾਣੀ। ਹੌਲੀ ਹੌਲੀ ਘਰ ਇਨਵਰਟਰ ਲਗਾ ਲਿਆ, ਹੁਣ ਬਿਜਲੀ ਦੇ ਕੱਟ ਦਾ ਵੀ ਪਤਾ ਨਹੀਂ ਲੱਗਦਾ ਸੀ। ਫਿਰ ਘਰ ਪਹਿਲਾਂ ਕੂਲਰ ਆਇਆ ਤੇ ਹੁਣ ਏ ਸੀ ਵੀ ਲੱਗ ਗਿਆ ਹੈ। ਕਦੇ ਸਾਈਕਲ ਨਹੀਂ ਹੁੰਦਾ ਸੀ। ਸਮਾਂ ਬੀਤਣ ਨਾਲ ਹੌਲੀ ਹੌਲੀ ਸਕੂਟਰ, ਫਿਰ ਮੋਟਰਸਾਈਕਲ ਅਤੇ ਅੱਜ ਗੱਡੀ ਵਾਲੇ ਵੀ ਹੋ ਗਏ ਹਾਂ। ਜ਼ਿੰਦਗੀ ਦੀ ਤਕਰੀਬਨ ਹਰ ਸੁੱਖ ਸਹੂਲਤ ਅੱਜ ਕੋਲ ਹੈ। ਫਿਰ ਵੀ ਦਿਲ ਨੂੰ ਅਜੇ ਤੱਕ ਸਕੂਨ ਨਹੀਂ ਮਿਲਿਆ। ਮਨ ਅੱਗੇ ਤੋਂ ਅੱਗੇ ਹੋਰ ਸੁਫ਼ਨੇ ਬੁਣਨ ਲਗਦਾ ਹੈ ਤੇ ਅਸੀਂ ਉਨ੍ਹਾਂ ਮਗਰ ਹੋ ਲਗਦੇ ਹਾਂ। ਉਮਰ ਦੇ ਨਾਲ ਨਾਲ ਇਹ ਸੁੱਖ ਸਹੂਲਤਾਂ ਦੀ ਪਿਆਸ ਵਧਦੀ ਜਾ ਰਹੀ ਹੈ। ਪਤਾ ਨਹੀਂ ਕਿਉਂ ਇੱਕ ਮਸ਼ੀਨ ਜਿਹੀ ਬਣ ਕੇ ਬਸ ਪੈਸੇ ਪਿੱਛੇ ਭੱਜਦੇ ਪਏ ਹਾਂ। ਜਦੋਂ ਕਿਸੇ ਮਰਗ ’ਚ ਸ਼ਾਮਲ ਹੋਈਏ ਤਾਂ ਅਹਿਸਾਸ ਹੁੰਦਾ ਹੈ ਕਿ ਇੱਕ ਦਿਨ ਇਹੋ ਜਿਹਾ ਹੀ ਇਕੱਠ ਸਾਡੇ ਮਗਰ ਵੀ ਹੋਵੇਗਾ... ਫਿਰ ਅਧੂਰੇ ਪਏ ਕੰਮ ਚੇਤੇ ਆ ਜਾਂਦੇ ਹਨ ਤੇ ਮੁੜ ਉਨ੍ਹਾਂ ਮਗਰ ਭੱਜਦਿਆਂ ਮੌਤ ਨੂੰ ਭੁੱਲ ਜਾਈਦਾ ਹੈ।
ਕੰਮ ਦੇ ਬੋਝ ਨੇ ਆਪਣੇ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਕਿ ਮੈਂ ਕੌਣ ਹਾਂ.... ਮੇਰੇ ਜਨਮ ਦੇ ਕੀ ਮਾਅਨੇ ਹਨ, ਜੇ ਮਰਨਾ ਹੀ ਹੈ ਤਾਂ ਇਹ ਜਨਮ ਕਿਉਂ ਹੋਇਆ ਹੈ....? ਅਜਿਹੇ ਬਹੁਤ ਸਵਾਲ ਹਨ ਜਿਨ੍ਹਾਂ ਦੇ ਜੁਆਬ ਨਹੀਂ ਮਿਲ ਰਹੇ। ਕਦੇ ਜਾਪਦਾ ਹੈ ਕਿ ਜ਼ਿੰਦਗੀ ਇੱਕ ਸੁਫ਼ਨਾ ਹੀ ਹੈ, ਇੱਕ ਦਿਨ ਅੱਖ ਖੁੱਲੇਗੀ ਤਾਂ ਪਤਾ ਲੱਗੇਗਾ ਕਿ ਇਹ ਸਭ ਸਿਰਫ਼ ਇੱਕ ਕਲਪਨਾ ਹੀ ਸੀ। ਅਕਸਰ ਸੋਚਦਾ ਹਾਂ ਕਿ ਇੰਨਾ ਕੁਝ ਕੋਲ ਹੋਣ ਦੇ ਬਾਵਜੂਦ ਅਸੀਂ ਨਾਸ਼ੁਕਰੇ ਹੋ ਜਾਂਦੇ ਹਾਂ। ਮੈਂ ਹੁਣ ਦਰੱਖ਼ਤਾਂ ਹੇਠ ਨਹੀਂ ਬੈਠਦਾ ਤੇ ਨਾ ਹੁਣ ਕਦੇ ਰਾਤ ਰਾਤ ਭਰ ਤਾਰਿਆਂ ਨਾਲ ਗੱਲੀਂ ਪਿਆ ਹਾਂ। ਕਈ ਤਕਨੀਕੀ ਗੈਜੇਟ ਮੇਰੇ ਮਨਪਰਚਾਵੇ ਲਈ ਹਨ, ਪਰ ਦਾਦੀ ਦੀ ਗੋਦ ਦਾ ਨਿੱਘ ਤੇ ਉਸ ਦੀਆਂ ਕਹਾਣੀਆਂ ਲਈ ਉਤਸੁਕਤਾ ਕਿਤੇ ਗਵਾਚ ਗਈ ਹੈ।
ਮੈਂ ਹਮੇਸ਼ਾ ਖਾਹਿਸ਼ਾਂ ਪਿੱਛੇ ਭੱਜਦਾ ਰਿਹਾ ਹਾਂ। ਪਤਾ ਨਹੀਂ ਕਿੰਨੇ ਹੀ ਲੋਕਾਂ ਦਾ ਦਿਲ ਮੇਰੇ ਕੋਲੋਂ ਦੁਖਿਆ ਹੈ। ਅਸੀਂ ਅਕਸਰ ਹੀ ਆਪਣੇ ਇਸ ਦੁਨਿਆਵੀ ਸਫ਼ਰ ਦੌਰਾਨ ਪ੍ਰਮਾਤਮਾ ਦੇ ਭਾਣੇ ਨੂੰ ਮੰਨਣ ਅਤੇ ਉਸ ਦੀ ਰਜ਼ਾ ਵਿੱਚ ਰਹਿਣ ਦੀ ਕਾਬਲੀਅਤ ਗੁਆ ਬੈਠਦੇ ਹਾਂ। ਇਹੀ ਕਾਰਨ ਹੈ ਕਿ ਲੱਖ ਸਹੂਲਤਾਂ ਹੋਣ ਦੇ ਬਾਵਜੂਦ ਮਨੁੱਖ ਇੱਕ ਅਜੀਬ ਭਟਕਣ ਵਿੱਚ ਉਲਝਿਆ ਮਹਿਸੂਸ ਕਰਦਾ ਹੈ। ਸਾਨੂੰ ਚਾਹੀਦਾ ਹੈ ਕਿ ਜੋ ਸਾਡੇ ਕੋਲ ਹੈ, ਉਸ ਲਈ ਸ਼ੁਕਰ ਮਨਾਈਏ ਅਤੇ ਮਨ ਦੀ ਸ਼ਾਂਤੀ ਲਈ ਜੀਵਨ ਬਤੀਤ ਕਰੀਏ।
ਸੰਪਰਕ: 82848-88700

