DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਂਝ ਤੇ ਸਕੂਨ

ਹਰ ਮਨੁੱਖ ਰੰਗ, ਰੂਪ ਤੇ ਸੁਭਾਅ ਪੱਖੋਂ ਦੂਸਰਿਆਂ ਤੋਂ ਵੱਖ ਹੁੰਦਾ ਹੈ। ਜੀਵਨ ਸ਼ੈਲੀ ਵੀ ਹਰ ਕਿਸੇ ਦੀ ਆਪੋ-ਆਪਣੀ। ਸਮੇਂ ਨਾਲ ਜ਼ਖ਼ਮ ਭਰਦੇ ਹਨ। ਤਪੇ ਗੁੱਸਿਆਂ ਨੂੰ ਠੰਢੇ ਹੁੰਦੇ ਦੇਖਿਆ ਹੈ। ਵਕਤ ਨਾਲ ਕਦੀ ਸੁਭਾਅ ਵੀ ਬਦਲੇ ਹਨ? ਸਾਹਿਤਕ ਕਿਤਾਬਾਂ...

  • fb
  • twitter
  • whatsapp
  • whatsapp
Advertisement

ਹਰ ਮਨੁੱਖ ਰੰਗ, ਰੂਪ ਤੇ ਸੁਭਾਅ ਪੱਖੋਂ ਦੂਸਰਿਆਂ ਤੋਂ ਵੱਖ ਹੁੰਦਾ ਹੈ। ਜੀਵਨ ਸ਼ੈਲੀ ਵੀ ਹਰ ਕਿਸੇ ਦੀ ਆਪੋ-ਆਪਣੀ। ਸਮੇਂ ਨਾਲ ਜ਼ਖ਼ਮ ਭਰਦੇ ਹਨ। ਤਪੇ ਗੁੱਸਿਆਂ ਨੂੰ ਠੰਢੇ ਹੁੰਦੇ ਦੇਖਿਆ ਹੈ। ਵਕਤ ਨਾਲ ਕਦੀ ਸੁਭਾਅ ਵੀ ਬਦਲੇ ਹਨ?

ਸਾਹਿਤਕ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਸੀ। ਕਵਿਤਾਵਾਂ ਜ਼ੁਬਾਨ ’ਤੇ ਚੜ੍ਹੀਆਂ ਹੋਈਆਂ ਸਨ। ਸੋਚ ਇਹੋ ਸੀ ਕਿ ਇਹ ਮਨੁੱਖ ਨੂੰ ਅੰਦਰੋਂ ਖ਼ੂਬਸੂਰਤ ਬਣਾਉਂਦੀਆਂ। ਲੁਧਿਆਣੇ ਲੱਕੜ ਪੁਲ ਤੋਂ ਲੰਘਦਾ ਘੰਟਾ ਘਰ ਕੋਲ ਅਤੇ ਚੌੜੇ ਬਾਜ਼ਾਰ ’ਚ ਮੌਜੂਦ ਦੁਕਾਨਾਂ ਤੋਂ ਕੋਈ ਨਾ ਕੋਈ ਕਿਤਾਬ ਖਰੀਦ ਲਿਆਉਂਦਾ। ਖਰੀਦਣ ਸਮੇਂ ਅਥਾਹ ਖ਼ੁਸ਼ੀ ਦਾ ਅਹਿਸਾਸ ਹੁੰਦਾ। ਭਰ ਸਿਆਲ ਲੰਮੀਆਂ ਰਾਤਾਂ ਨੂੰ ਵੀ ਰਜ਼ਾਈ ’ਚ ਬੈਠਾ ਦੇਰ ਤੱਕ ਲਗਾਤਾਰ ਪੜ੍ਹਦਾ, ਪੰਨੇ ਪਲਟਦਾ। ਕਿਤਾਬਾਂ ਮੇਰੀ ਜ਼ਿੰਦਗੀ ਲਈ ਬਹੁਤ ਸਹਾਈ ਰਹੀਆਂ। ਕਾਲਜ ਵਿੱਚ ਮੇਰੇ ਸੁਭਾਅ ਦਾ ਇਹੋ ਰੁਝਾਨ ਜਾਰੀ ਹੀ ਨਹੀਂ ਰਿਹਾ, ਸਗੋਂ ਹੋਰ ਫੈਲ ਗਿਆ। ਇਕ ਦਿਨ ਭੈਣ ਨੇ ਕਿਹਾ, “ਚੱਲ, ਵਿਆਹ ’ਤੇ ਹੋ ਆਈਏ। ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੇ ਰਿਸ਼ਤੇ ਆ।” ਮੇਰੀ ਦਿਲਚਸਪੀ ਇਸ ਪਾਸੇ ਨਹੀਂ ਸੀ, ਕਿਉਂਕਿ ਇਹ ਮੈਨੂੰ ਮੋਹ-ਪਿਆਰ ਦੀ ਥਾਂ ਰਸਮ ਪੂਰਤੀ ਦੀ ਗੱਲ ਹੀ ਲੱਗਦੇ ਸਨ। ਮੇਰੀ ਨਾਂਹ-ਨੁੱਕਰ ਸੁਣ ਕੇ ਮਾਂ ਬੋਲੀ, “ਚੰਗਾ ਹੈ ਜੇ ਆਪਣਿਆਂ ’ਚ ਉੱਠੇ ਬੈਠੇਂ। ਦੁੱਖ ਸੁਖ ਪੁੱਛੇਂ, ਦੱਸੇਂ। ਰਿਸ਼ਤਿਆਂ ਦਾ ਪਤਾ ਲੱਗੂ। ਸਾਂਝਾਂ ਦੀ ਲੋੜ ਦੀ ਸਮਝ ਆਊ। ਸਾਂਝ ਪਕੇਰੀ ਹੋਊ। ਰਿਸ਼ਤੇਦਾਰੀਆਂ ਜ਼ਿੰਦਗੀ ਦਾ ਮਾਣ ਹੁੰਦੀਆਂ।” ਪਰ ਵਕਤ ਨਾਲ ਕਈ ਰਿਸ਼ਤਿਆਂ ਦੀ ਤਾਂ ਮੈਨੂੰ ਸਿਆਣ ਹੀ ਨਾ ਰਹੀ, ਕਈ ਮੈਨੂੰ ਹੀ ਨਾ ਸਿਆਣਦੇ।

Advertisement

ਬਚਪਨ ’ਚ ਅਜਿਹਾ ਕੁਝ ਵੀ ਨਹੀਂ ਸੀ। ਸਕੂਲ ’ਚ ਗਰਮੀਆਂ, ਸਰਦੀਆਂ ਦੀਆਂ ਛੁੱਟੀਆਂ ਹੋਣ ’ਤੇ ਨਾਨਕੇ-ਦਾਦਕੇ ਜਾਣ ਦਾ ਚਾਅ ਚੜ੍ਹ ਜਾਂਦਾ ਤੇ ਅਗੰਮੀ ਖ਼ੁਸ਼ੀ ਮਿਲਦੀ। ਨਾਨਕ ਸਿੰਘ ਦੀ ਕਹਾਣੀ ‘ਭੂਆ’ ਵਿਚਲਾ ਸੱਚ ਉਦੋਂ ਆਮ ਹੀ ਦੇਖਣ ਵਿੱਚ ਮਿਲਦਾ ਸੀ। ਵੱਡਾ ਹੋ ਕੇ ਇਹ ਰੁਚੀਆਂ, ਦਿਲਚਸਪੀਆਂ, ਸ਼ੌਂਕ ਤੇ ਅਨੁਭਵ ਜਿਵੇਂ ਸਭ ਹੀ ਬਦਲ ਗਏ। ਮੇਰੇ ਸੁਭਾਅ ਨਾਲ ਬੜਾ ਕੁਝ ਮੇਲ ਨਹੀਂ ਸੀ ਖਾਂਦਾ ਤੇ ਮੈਂ ਮਾਪਿਆਂ ਵੱਲੋਂ ਨਿਭਾਈਆਂ ਜਾਂਦੀਆਂ ਫਜ਼ੂਲ ਰਹੁ-ਰੀਤਾਂ ਬਾਰੇ ਊਟ-ਪਟਾਂਗ ਸਵਾਲ ਕਰਦਾ ਰਹਿੰਦਾ। ਇੰਝ ਕਰਨਾ ਮੇਰੇ ਸੁਭਾਅ ਦਾ ਹੀ ਹਿੱਸਾ ਸੀ। ਪਤਾ ਨਹੀਂ ਕਿਉਂ ਮੈਨੂੰ ‘ਕੁਝ ਕੁਝ’ ਹੀ ਚੰਗਾ ਲੱਗਦਾ ਤੇ ਪਸੰਦ ਆਉਂਦਾ। ਘਰ ਦੇ ਜੀਅ ਮੇਰੀ ਸੋਚ ਤੋਂ ਅੱਕੇ ਤੇ ਦੁਖੀ ਹੋਏ ਕਹਿ ਦਿੰਦੇ, “ਨਹੀਂ ਚੰਗਾ ਲਗਦਾ, ਨਾ ਕਰ। ਐਵੇਂ ਹਰ ਗੱਲ ’ਚ ਲੱਤ ਅੜਾਉਂਦਾ ਰਹਿੰਨੈ...।” ਸੁਣਦਿਆਂ ਜਿਵੇਂ ਮੈਂ ਘਰ ’ਚ ਹੀ ਇਕੱਲਾ ਹੋ ਜਾਂਦਾ। ਘਰ ਦੇ ਜੀਆਂ ਅਤੇ ਮੇਰੇ ਵਿਚਕਾਰ ਫਾਸਲੇ ਨੂੰ ਦੇਖਦਿਆਂ ਮੈਨੂੰ ਕਦੀ-ਕਦੀ ਮਹਿਸੂਸ ਵੀ ਹੋਇਆ ਕਿ ਪੜ੍ਹ-ਲਿਖ ਕੇ ਅੱਖਰ ਗਿਆਨ ਨਾਲ ਦਿਮਾਗ ਤਾਂ ਭਰ ਲਿਆ ਪਰ ਲੋਕਾਚਾਰੀ ਪੱਖੋਂ ਅੰਦਰੋਂ ਜਿਵੇਂ ਖ਼ਾਲੀ ਹੀ ਹੋ ਗਿਆ ਹੋਵਾਂ। ਉਮਰ ’ਚ ਹੋਰ ਵਰ੍ਹੇ ਜੁੜਨ ਨਾਲ ਕੰਮਾਂ ਦਾ ਰੁਝੇਵਾਂ ਵਧ ਗਿਆ। ਹੁਣ ਕਿਸੇ ਪਾਸੇ ਜਾਣ ਦੀ ਨਾ ਵਿਹਲ ਹੁੰਦੀ, ਨਾ ਘਰੋਂ ਬਾਹਰ ਜਾਣ ਨੂੰ ਮਨ ਕਰਦਾ।

Advertisement

ਕਿਹਾ ਜਾਂਦਾ ਹੈ ਕਿ ਸੁਭਾਅ ਤੇ ਆਦਤਾਂ ਕਦੀ ਬਦਲਦੀਆ ਨਹੀਂ। ਵਿਆਹ ਪਿੱਛੋਂ ਵੀ ਮੇਰੀ ਸੋਚ ਨਾ ਬਦਲੀ। ਦੁੱਖ-ਸੁੱਖ, ਲੋੜਾਂ ਜਾਂ ਜ਼ਰੂਰਤਾਂ ਵਿੱਚ ਵੀ ਮੈਂ ਆਪਣਿਆ ਦਾ ‘ਆਪਣਾ’ ਨਾ ਬਣ ਸਕਿਆ। ਸਾਂਝਾਂ ਤੋਂ ਦੂਰੀ ਬਣਾਈ ਰੱਖੀ। ਕਈ ਵਾਰ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੁੰਦਾ। ਬਿਨਾਂ ਕਿਸੇ ਨਾਲ ਗੱਲ ਸਾਂਝੀ ਕੀਤੇ ਖ਼ੁਦ ਨੂੰ ਹੀ ਘੜਨ ਤਰਾਸ਼ਣ ’ਚ ਆਨੰਦ ਆਉਂਦਾ। ਪਹਿਲੋਂ ਮਾਪੇ ਰਿਸ਼ਤੇਦਾਰੀਆਂ ’ਚ ਆਉਂਦੇ ਜਾਂਦੇ ਤੇ ਹੁਣ ਸ੍ਰੀਮਤੀ ਤੇ ਬੱਚੇ ਇਹ ਜ਼ਿੰਮੇਵਾਰੀ ਨਿਭਾਉਂਦੇ ਪਰ ਪਤਨੀ ਦੇ ਅਚਾਨਕ ਗੁਜ਼ਰ ਜਾਣ ਪਿੱਛੋਂ ਹੁਣ ਮੈਨੂੰ ਹੀ ਨਜ਼ਦੀਕੀਆਂ ਤੇ ਰਿਸ਼ਤੇਦਾਰੀਆਂ ਅਣਮੰਨੇ ਮਨ ਨਾਲ ਸੰਭਾਲਣੀਆਂ ਪੈਂਦੀਆਂ। ਸੱਜਣਾਂ ਮਿੱਤਰਾਂ ਨੇ ਇਹੀ ਕਿਹਾ ਕਿ ‘ਆਇਆ ਜਾਇਆ ਕਰ।’ ... ਤੇ ਇਹ ਸੱਚ ਵੀ ਸੀ। ਰੀਤੀ-ਰਿਵਾਜਾਂ ਅਤੇ ਹੋਰ ਬੜਾ ਕੁਝ ਮੈਨੂੰ ਹੁਣ ਆਉਣ-ਜਾਣ ਨਾਲ ਹੀ ਪਤਾ ਲੱਗਾ। ਦੁੱਖ ਸਾਂਝੇ ਹੋਏ, ਖ਼ੁਸ਼ੀਆਂ ਵੀ। ਲੋਹੜੀਆਂ ਤੇ ਦੀਵਾਲੀਆਂ ਵੀ ਸਾਂਝੀਆਂ ਕੀਤੀਆਂ। ਨੇੜਤਾ ਮਹਿਸੂਸ ਕੀਤੀ, ਅਪਣੱਤ ਵਧੀ। ਕਦੀ ਕੋਈ ਮੋਢੇ ’ਤੇ ਹੱਥ ਰੱਖਦਾ ਤਾਂ ਲੱਗਦਾ, ਜਿਵੇਂ ਮੈਂ ਕਿਸੇ ਨਿੱਘੀ ਬੁੱਕਲ ਵਿੱਚ ਬੈਠਾ ਹੋਵਾਂ। ਬੀਤੇ ਸਮੇਂ ’ਚ ਅਜਾਈਂ ਗੁਆਏ ਰਿਸ਼ਤਿਆਂ ਦਾ ਦਰਦ ਤੇ ਅਫ਼ਸੋਸ ਵੀ ਹੋਇਆ। ਸੋਚਦਾ ਸਾਂ, ਪਤਨੀ ਸੱਚ ਹੀ ਆਖਦੀ ਸੀ ਕਿ ਨਿੱਕੇ-ਨਿੱਕੇ ਮੋਹ ਪਿਆਰ ਦੇ ਬੋਲਾਂ ਤੇ ਮਿਲਦੇ ਰਹਿਣ ਨਾਲ ਹੀ ਜੀਵਨ ਸੁਖਾਵੀਂ ਤੋਰ ਤੁਰਦਾ ਹੈ। ਹੁਣ ਖ਼ੁਦ ਨੂੰ ਹੀ ਸਵਾਲ ਕਰਦਾਂ ਕਿ ਮੈਂ ਕਿਉਂ ਆਪਣੇ ਆਪ ਤੋਂ ਹੀ ਲੁਕਿਆ ਰਿਹਾ? ਇਹ ਵੀ ਖਿਆਲ ਮਨ ’ਚ ਆਉਂਦਾ ਕਿ ਬੰਦੇ ਅੰਦਰ ਅਜਿਹਾ ਕੀ ਹੁੰਦਾ ਹੈ ਜੋ ਉਸ ਨੂੰ ਸਮੇਂ ਸਿਰ ਕੁਝ ਕਰਨ ਤੋਂ ਰੋਕਦਾ ਹੈ।

ਪਿੱਛੇ ਜਿਹੇ ਮੈਂ ਜਲੰਧਰ ਸੀ, ਕੁੜੀ ਦਾ ਵਿਆਹ ਸੀ। ਮਿਲਿਆ ਤਾਂ ਕਹਿਣ ਲੱਗੀ, “ਮੇਰੇ ਵਿਆਹ ਨਾਲੋਂ ਮੈਨੂੰ ਵੱਧ ਖ਼ੁਸ਼ੀ ਤੁਹਾਡੇ ਆਉਣ ਦੀ ਹੋਈ।” ਵਾਪਸੀ ਸਮੇਂ ਘਰ ’ਚ ਇਕ ਬਜ਼ੁਰਗ ਮਿਲਿਆ, ਅਸੀਸ ਤੇ ਦੁਆ ਦਿੰਦਿਆਂ ਕਹਿਣ ਲੱਗਾ, “ਪੁੱਤਰਾ! ਜੀਂਦਾ ਰਹਿ। ਲੰਮੀਆਂ ਉਮਰਾਂ ਰੱਬ ਬਖ਼ਸ਼ੇ।” ਉਨ੍ਹਾਂ ਦਾ ਹੱਥ ਮੇਰੇ ਸਿਰ ’ਤੇ ਰਿਹਾ ਤੇ ਇਨ੍ਹਾਂ ਦੋ-ਚਾਰ ਪਲਾਂ ’ਚ ਮੈਨੂੰ ਮੇਰੀ ਰੂਹ ਨੂੰ ਮਿਲੇ ਸਕੂਨ ਤੋਂ ਲੱਗਾ, ਜਿਵੇਂ ਅਸੀਂ ਬਹੁਤ ਦੁੱਖ-ਸੁੱਖ ਸਾਂਝਾ ਕਰ ਲਿਆ ਹੋਵੇ। ਇਹ ਪਲ ਯਾਦਾਂ ’ਚ ਵਸ ਗਏ। ਇਸ ਅਹਿਸਾਸ ਨਾਲ ਉੱਥੋਂ ਆਇਆ ਕਿ ਛੇਤੀ ਹੀ ਫਿਰ ਮਿਲਾਂਗੇ।

ਮੈਨੂੰ ਜਾਪਿਆ, ਕਿਤਾਬਾਂ ਨੇ ਜ਼ਿੰਦਗੀ ਨੂੰ ਖ਼ੂਬਸੂਰਤੀ ਜ਼ਰੂਰ ਦਿੱਤੀ ਸੀ ਪਰ ਇਨ੍ਹਾਂ ਮਾਨਵੀ ਸਾਂਝਾਂ ’ਚ ਰੁਮਕਦੀਆਂ ਪੌਣਾਂ ਜਿਹੇ ਅਮੁੱਲ ਸਕੂਨ ਦੇ ਉਹ ਨਿਵੇਕਲੇ ਸ਼ੋਖ਼ ਰੰਗ ਵੀ ਸਨ ਜੋ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਮੈਂ ਲੱਭ ਰਿਹਾ ਸੀ।

ਸੰਪਰਕ: 94667-37933

Advertisement
×