DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਪਾ ਜੀ ਦਾ ਰੇਡੀਓ

ਸਾਡੇ ਘਰ ਵਕਤ ਨਾਲ ਬੜੀਆਂ ਚੀਜ਼ਾਂ ਆਈਆਂ ਤੇ ਆਪਣੀ ਉਮਰ ਹੰਢਾ ਕੇ ਚਲੀਆਂ ਗਈਆਂ। ਉਨ੍ਹਾਂ ਵਿੱਚੋਂ ਇੱਕ ਸੀ ਪਾਪਾ ਜੀ ਦਾ ਪੁਰਾਣਾ ਰੇਡੀਓ। ਉਹ ਸਾਡੇ ਲਈ ਇੱਕ ਮਸ਼ੀਨ ਨਹੀਂ ਸਗੋਂ ਘਰ ਦੇ ਜੀਅ ਵਾਂਗ ਸੀ। ਉਸ ਦੀ ਆਵਾਜ਼ ਸੁਣ ਕੇ...

  • fb
  • twitter
  • whatsapp
  • whatsapp
Advertisement

ਸਾਡੇ ਘਰ ਵਕਤ ਨਾਲ ਬੜੀਆਂ ਚੀਜ਼ਾਂ ਆਈਆਂ ਤੇ ਆਪਣੀ ਉਮਰ ਹੰਢਾ ਕੇ ਚਲੀਆਂ ਗਈਆਂ। ਉਨ੍ਹਾਂ ਵਿੱਚੋਂ ਇੱਕ ਸੀ ਪਾਪਾ ਜੀ ਦਾ ਪੁਰਾਣਾ ਰੇਡੀਓ। ਉਹ ਸਾਡੇ ਲਈ ਇੱਕ ਮਸ਼ੀਨ ਨਹੀਂ ਸਗੋਂ ਘਰ ਦੇ ਜੀਅ ਵਾਂਗ ਸੀ। ਉਸ ਦੀ ਆਵਾਜ਼ ਸੁਣ ਕੇ ਹੀ ਸਾਡੀ ਸਵੇਰ, ਦੁਪਹਿਰ ਲੰਘਦੀ ਤੇ ਸ਼ਾਮ ਢਲਦੀ ਸੀ। ਉਸ ਰੇਡੀਓ ਨਾਲ ਪਾਪਾ ਜੀ ਦਾ ਅਜਿਹਾ ਮੋਹ ਸੀ ਕਿ ਉਹ ਜਾਗਦਿਆਂ-ਸੁੱਤਿਆਂ ਉਸ ਨੂੰ ਆਪਣੇ ਅੰਗ-ਸੰਗ ਰੱਖਦੇ।

ਸਵੇਰੇ ਹਾਲੇ ਸੂਰਜ ਨੇ ਆਸਮਾਨ ਦੇ ਕੰਢੇ ਨੂੰ ਛੂਹਿਆ ਵੀ ਨਾ ਹੁੰਦਾ, ਰੇਡੀਓ ਵਿੱਚੋਂ ਗੁਰਬਾਣੀ ਦੇ ਕੀਰਤਨ ਦੀ ਮਿੱਠੀ ਆਵਾਜ਼ ਘਰ ਦੀਆਂ ਕੰਧਾਂ ਨਾਲ ਟਕਰਾਉਂਦੀ ਹੋਈ ਹਰ ਕਮਰੇ ਵਿੱਚ ਫੈਲ ਜਾਂਦੀ। ਉਸ ਮਿੱਠੀ ਆਵਾਜ਼ ਨਾਲ ਪਾਪਾ ਜੀ ਦਾ ਦਿਨ ਸ਼ੁਰੂ ਹੁੰਦਾ।

Advertisement

ਰੇਡੀਓ ਨਾਲ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਮੋਹ ਕ੍ਰਿਕਟ ਦੀ ਕੁਮੈਂਟਰੀ ਸੁਣਨ ਕਰਕੇ ਸੀ। ਭਾਰਤ ਦਾ ਮੈਚ ਹੁੰਦਾ ਤਾਂ ਪਾਪਾ ਜੀ ਲਈ ਸਮੇਂ ਦਾ ਕੋਈ ਹਿਸਾਬ ਨਾ ਰਹਿੰਦਾ। ਅੱਧੀ-ਅੱਧੀ ਰਾਤ ਤੱਕ ਉਹ ਰੇਡੀਓ ਕੰਨ ਨਾਲ ਲਾਈ ਬੈਠੇ ਰਹਿੰਦੇ। ਕਦੇ ਗੇਂਦ ਦੀ ਆਵਾਜ਼ ਨਾਲ ਉਨ੍ਹਾਂ ਦਾ ਚਿਹਰਾ ਖਿੜ ਜਾਂਦਾ ਤੇ ਕਦੇ ਕੋਈ ਵਿਕਟ ਡਿੱਗਣ ’ਤੇ ਚਿੰਤਾ ਦੀ ਲਕੀਰ ਮੱਥੇ ਉੱਤੇ ਆ ਜਾਂਦੀ। ਚੌਕਾ-ਛੱਕਾ ਲੱਗਣ ’ਤੇ ਉਹ ਬੜੀਆਂ ਹੀ ਤਾੜੀਆਂ ਮਾਰਦੇ।

Advertisement

ਰਾਤ ਨੂੰ ਸੌਂਦੇ ਹੋਏ ਰੇਡੀਓ ਪਾਪਾ ਜੀ ਦੀ ਛਾਤੀ ’ਤੇ ਟਿਕਿਆ ਹੁੰਦਾ। ਦੂਰੋਂ ਲੱਗਦਾ ਜਿਵੇਂ ਪਾਪਾ ਜੀ ਗੂੜ੍ਹੀ ਨੀਂਦ ਵਿੱਚ ਸੌਂ ਰਹੇ ਹਨ, ਪਰ ਰੇਡੀਓ ਦੀ ਬਹੁਤ ਧੀਮੀ ਆਵਾਜ਼ ਉਨ੍ਹਾਂ ਲਈ ਲੋਰੀ ਦਾ ਕੰਮ ਕਰ ਰਹੀ ਹੁੰਦੀ ਸੀ। ਕੋਈ ਭੁੱਲ-ਚੁੱਕ ਨਾਲ ਵੀ ਰੇਡੀਓ ਨੂੰ ਛਾਤੀ ਤੋਂ ਚੁੱਕਣ ਦੀ ਕੋਸ਼ਿਸ ਕਰਦਾ ਤਾਂ ਪਾਪਾ ਜੀ ਝੱਟ ਅੱਖਾਂ ਖੋਲ੍ਹ ਲੈਂਦੇ ਤੇ ਰੇਡੀਓ ਨੂੰ ਆਪਣੀ ਬੁੱਕਲ ਵਿੱਚ ਨੱਪ ਲੈਂਦੇ। ਅਸੀਂ ਕਈ ਵਾਰ ਸ਼ਰਾਰਤ ਨਾਲ ਵੀ ਇੰਜ ਕਰਿਆ ਕਰਦੇ ਸਾਂ।

ਇੱਕ ਦਿਨ ਅਜਿਹਾ ਆਇਆ ਜਿਸ ਨੂੰ ਯਾਦ ਕਰਦਿਆਂ ਅੱਜ ਵੀ ਦਿਲ ਦੇ ਕੋਨੇ ਵਿੱਚ ਇੱਕ ਚੀਸ ਉੱਠਦੀ ਹੈ। ਉਸ ਦਿਨ ਭਾਰਤ ਦਾ ਬਹੁਤ ਅਹਿਮ ਕ੍ਰਿਕਟ ਮੈਚ ਸੀ। ਪਾਪਾ ਜੀ ਪੂਰੇ ਉਤਸ਼ਾਹ ਨਾਲ ਕੁਮੈਂਟਰੀ ਸੁਣ ਰਹੇ ਸਨ। ਘਰ ਵਿੱਚ ਸਭ ਨੂੰ ਪਤਾ ਸੀ ਕਿ ਅੱਜ ਪਾਪਾ ਜੀ ਦੀ ਸਾਰੀ ਦੁਨੀਆ ਉਸੇ ਰੇਡੀਓ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਪਰ ਅਚਾਨਕ ਪਤਾ ਨਹੀਂ ਕਿਵੇਂ, ਉਹ ਪਿਆਰਾ ਰੇਡੀਓ ਮੇਰਾ ਹੱਥ ਲੱਗਣ ਨਾਲ ਹੇਠਾਂ ਡਿੱਗ ਕੇ ਟੁੱਟ ਗਿਆ।

ਰੇਡੀਓ ਦੇ ਟੁੱਟਣ ਦੀ ਆਵਾਜ਼ ਤਾਂ ਕੁਝ ਪਲਾਂ ਦੀ ਸੀ, ਪਰ ਉਸ ਤੋਂ ਬਾਅਦ ਘਰ ਵਿੱਚ ਛਾਈ ਖ਼ਾਮੋਸ਼ੀ ਬਹੁਤ ਲੰਮੀ।

ਸਾਡੇ ਲਈ ਤਾਂ ਇੱਕ ਰੇਡੀਓ ਟੁੱਟਿਆ ਸੀ, ਪਰ ਪਾਪਾ ਜੀ ਲਈ ਜਿਵੇਂ ਉਨ੍ਹਾਂ ਦਾ ਸਭ ਕੁੱਝ ਬਿਖਰ ਗਿਆ ਹੋਵੇ। ਉਸ ਰਾਤ ਘਰ ਦਾ ਮਾਹੌਲ ਬੜਾ ਉਦਾਸ ਰਿਹਾ। ਪਾਪਾ ਜੀ ਨੇ ਮੈਨੂੰ ਕੁਝ ਨਾ ਆਖਿਆ। ਉਨ੍ਹਾਂ ਦੇ ਚਿਹਰੇ ਉੱਤੇ ਛਾਈ ਉਦਾਸੀ ਮੇਰੇ ਤੋਂ ਦੇਖੀ ਨਹੀਂ ਸੀ ਜਾਂਦੀ। ਉਨ੍ਹਾਂ ਦੀਆਂ ਅੱਖਾਂ ਵਿੱਚ ਰੇਡੀਓ ਦੇ ਟੁੱਟਣ ਦਾ ਦੁੱਖ ਤਾਂ ਸੀ, ਪਰ ਉਸ ਦੁੱਖ ਪਿੱਛੇ ਮੇਰੇ ਪ੍ਰਤੀ ਉਨ੍ਹਾਂ ਦਾ ਮੋਹ ਵੀ ਝਲਕ ਰਿਹਾ ਸੀ। ਘਰ ਵਿੱਚ ਸਭ ਕੁਝ ਸੀ, ਪਰ ਰੇਡੀਓ ਦੀ ਆਵਾਜ਼ ਨਹੀਂ ਸੀ। ਪਹਿਲੀ ਵਾਰ ਘਰ ਦੀਆਂ ਕੰਧਾਂ ਇੰਨੀਆਂ ਚੁੱਪ ਲੱਗੀਆਂ। ਲੱਗਦਾ ਸੀ ਜਿਵੇਂ ਉਸ ਨਿੱਕੇ ਜਿਹੇ ਡੱਬੇ ਦੇ ਨਾਲ ਘਰ ਦੀ ਧੜਕਣ ਵੀ ਰੁਕ ਗਈ ਹੋਵੇ।

ਪਰਮਾਤਮਾ ਦੀ ਬਖਸ਼ਿਸ਼ ਨਾਲ ਮਕੈਨਕੀ ਸਾਡੇ ਪਰਿਵਾਰ ਦੇ ਰਗ ਰਗ ਵਿੱਚ ਸਮਾਈ ਹੋਈ ਏ। ਪਾਪਾ ਜੀ ਨੇ ਪਹਿਲਾਂ ਰੇਡੀਓ ਦੀ ਬਾਡੀ ਨੂੰ ਜੋੜਿਆ। ਕਾਵੀਆ (ਸੋਲਡਰ ਵਾਇਰ) ਗਰਮ ਕਰਕੇ ਇਕੱਲੀ ਇਕੱਲੀ ਤਾਰ ਨੂੰ ਸਪੀਕਰ ਨਾਲ ਜੋੜ ਕੇ ਟਾਂਕੇ ਲਾਏ। ਸਮਾਂ ਰਾਤ ਦੇ 12 ਵਜੇ ਤੋਂ ਉੱਪਰ ਹੋ ਚੁੱਕਿਆ ਸੀ, ਪਾਪਾ ਜੀ ਹਾਲੇ ਵੀ ਰੇਡੀਓ ਠੀਕ ਕਰ ਰਹੇ ਸਨ। ਆਖਿਰ ਇਕ ਵੱਜ ਕੇ 11 ਮਿੰਟ ’ਤੇ ਰੇਡੀਓ ਠੀਕ ਹੋ ਗਿਆ ਤੇ ਉਸ ਦੀ ਆਵਾਜ਼ ਨੇ ਮੁੜ ਘਰ ਵਿੱਚ ਗੂੰਜਣ ਲੱਗ ਪਈ। ਇੰਝ ਲੱਗਿਆ ਜਿਵੇਂ ਕੋਈ ਆਪਣਾ ਵਾਪਸ ਪਰਤ ਆਇਆ ਹੋਵੇ, ਪਰ ਉਸ ਵੇਲੇ ਤੱਕ ਮੈਚ ਸਮਾਪਤ ਹੋ ਚੁੱਕਾ ਸੀ। ਪਾਪਾ ਜੀ ਦੇ ਚਿਹਰੇ ਉੱਤੇ ਫਿਰ ਉਹੀ ਨਿੱਘੀ ਮੁਸਕਾਨ ਸੀ।

ਅੱਜ ਪਾਪਾ ਜੀ ਇਸ ਦੁਨੀਆ ਵਿੱਚ ਨਹੀਂ ਹਨ। ਬਹੁਤ ਸਮਾਂ ਲੰਘ ਗਿਆ ਹੈ, ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਸਾਡੇ ਘਰ ਦੇ ਕੋਨੇ-ਕੋਨੇ ਵਿੱਚ ਸਾਹ ਲੈਂਦੀਆਂ ਮਹਿਸੂਸ ਹੁੰਦੀਆਂ ਹਨ। ਮੇਰੇ ਵੀਰ ਨੇ ਪਿੰਡ ਵਾਲੇ ਘਰ ਵਿੱਚ ਪਾਪਾ ਜੀ ਦੀ ਉਸ ਪਿਆਰੀ ਨਿਸ਼ਾਨੀ ਨੂੰ ਬੜੀ ਸ਼ਿੱਦਤ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ।

ਹੁਣ ਉਹ ਰੇਡੀਓ ਪਹਿਲਾਂ ਵਾਂਗ ਨਹੀਂ ਬੋਲਦਾ, ਪਰ ਉਸ ਦੀ ਖ਼ਾਮੋਸ਼ੀ ਵੀ ਬਹੁਤ ਕੁਝ ਕਹਿੰਦੀ ਹੈ। ਜਦੋਂ ਵੀ ਉਸ ਉੱਤੇ ਨਜ਼ਰ ਪੈਂਦੀ ਹੈ ਤਾਂ ਮਨ ਦੇ ਕਿਸੇ ਕੋਨੇ ਵਿੱਚੋਂ ਪਾਪਾ ਜੀ ਦੀ ਉਹ ਮਿੱਠੀ ਜਿਹੀ ਮੁਸਕਾਨ ਉੱਭਰ ਆਉਂਦੀ ਏ।

ਸੰਪਰਕ: 94171-63426

Advertisement
×