ਆਪਾਂ ਭਰਾ ਜੁ ਹੋਏ...!
ਗੱਲ 2017 ਦੀ ਹੈ। ਮੈਂ ਪਹਿਲੀ ਵਾਰ ਕੈਨੇਡਾ ਗਿਆ ਸਾਂ। ਛੋਟਾ ਜਿਹਾ ਰਿਜਾਈਨਾ ਸ਼ਹਿਰ ਮੈਨੂੰ ਚੰਡੀਗੜ੍ਹ ਦਾ ਭੁਲੇਖਾ ਪਾਉਂਦਾ ਸੀ। ਹਰਿਆ-ਭਰਿਆ ਆਲ਼ਾ-ਦੁਆਲ਼ਾ... ਖੁੱਲ੍ਹੀਆਂ-ਡੁੱਲ੍ਹੀਆਂ ਸੜਕਾਂ... ਸਾਫ਼-ਸੁਥਰਾ ਵਾਤਾਵਰਨ...! ਵਸਕਾਨਾ ਝੀਲ, ਸੁਖਨਾ ਦੀ ਭੈਣ ਵਾਂਗ ਲਹਿਰਾਉਂਦੀ ਨਜ਼ਰੀਂ ਪੈਂਦੀ। ਹਫ਼ਤੇ ਦੇ ਸ਼ੁਰੂਆਤੀ ਦਿਨ ਸਨ।...
ਗੱਲ 2017 ਦੀ ਹੈ। ਮੈਂ ਪਹਿਲੀ ਵਾਰ ਕੈਨੇਡਾ ਗਿਆ ਸਾਂ। ਛੋਟਾ ਜਿਹਾ ਰਿਜਾਈਨਾ ਸ਼ਹਿਰ ਮੈਨੂੰ ਚੰਡੀਗੜ੍ਹ ਦਾ ਭੁਲੇਖਾ ਪਾਉਂਦਾ ਸੀ। ਹਰਿਆ-ਭਰਿਆ ਆਲ਼ਾ-ਦੁਆਲ਼ਾ... ਖੁੱਲ੍ਹੀਆਂ-ਡੁੱਲ੍ਹੀਆਂ ਸੜਕਾਂ... ਸਾਫ਼-ਸੁਥਰਾ ਵਾਤਾਵਰਨ...! ਵਸਕਾਨਾ ਝੀਲ, ਸੁਖਨਾ ਦੀ ਭੈਣ ਵਾਂਗ ਲਹਿਰਾਉਂਦੀ ਨਜ਼ਰੀਂ ਪੈਂਦੀ। ਹਫ਼ਤੇ ਦੇ ਸ਼ੁਰੂਆਤੀ ਦਿਨ ਸਨ। ਦੂਰ-ਦੁਰਾਡੇ ਕਿਸੇ ਸੈਰ-ਸਪਾਟਾ ਖੇਤਰ ’ਚ ਜਾਣ ਦਾ ਪ੍ਰੋਗਰਾਮ ਵੀਕਐੱਂਡ ’ਤੇ ਹੀ ਸੰਭਵ ਸੀ। ਸੋ, ਇੱਕ ਦਿਨ ਸ਼ਹਿਰ ਅੰਦਰਲੇ ਮੂਲ-ਵਾਸੀਆਂ ਦੇ ਮਿਊਜ਼ੀਅਮ ਅਤੇ ਰੌਇਲ ਕੈਨੇਡੀਅਨ ਮਾਊਂਟਡ ਪੁਲੀਸ ਦੇ ਇਤਿਹਾਸਕ ਸਥਾਨ ਦੇਖਣ ਤੋਂ ਬਾਅਦ ਅਸੀਂ ਵੱਡੇ ਸਟੋਰ ‘ਵਾਲਮਾਰਟ’ ਆਣ ਰੁਕੇ। ਮੇਰੇ ਨਾਲ ਆਇਆ ਸੈਂਡੀ ਸ਼ੌਪਿੰਗ ਕਰਨ ਵਿੱਚ ਰੁੱਝ ਗਿਆ ਅਤੇ ਮੈਂ ਵਿਸ਼ਾਲ ਇਮਾਰਤ ਵਿੱਚ ਪਈਆਂ ਅਣਗਿਣਤ ਵਸਤਾਂ ਦੀ ਤਰਤੀਬ ਵਿੱਚ ਖੋ ਗਿਆ।
“ਸਰਦਾਰ ਜੀ, ਸਤਿ ਸ੍ਰੀ ਅਕਾਲ..!”
ਅਚਾਨਕ ਹੀ ਇੱਕ ਨੁੱਕਰੋਂ ਆਈ ਆਵਾਜ਼ ਨੇ ਮੈਨੂੰ ਚੌਂਕਾ ਦਿੱਤਾ।
ਮੈਂ ਸੋਚ ਰਿਹਾ ਸਾਂ ਕਿ ਮੇਰਾ ਤਾਂ ਇਸ ਬੇਗ਼ਾਨੇ ਮੁਲਕ ਵਿੱਚ ਕੋਈ ਜਾਣੂ ਨਹੀਂ ਹੈ। ਆਵਾਜ਼ ਓਪਰੀ ਜ਼ਰੂਰ ਸੀ, ਪਰ ਉਸ ਵਿੱਚ ਅਪਣੱਤ ਮਹਿਸੂਸ ਹੋਈ। ਮੈਂ ਮੁੜ ਕੇ ਦੇਖਿਆ ਤਾਂ ਸੇਲਜ਼ਮੈਨ ਪੂਰੇ ਅਦਬ ਨਾਲ ਹੱਥ ਜੋੜੀ ਖੜ੍ਹਾ ਸੀ। “ਹੈਰਾਨ ਨਾ ਹੋਵੋ... ਤੁਹਾਡੇ ਗੁਆਂਢੀ ਹੀ ਤਾਂ ਹਾਂ।” ਮੇਰੀ ਹੈਰਾਨੀ ਹੋਰ ਵਧ ਗਈ। ਚਿਹਰਾ ਪਛਾਣੋਂ ਬਾਹਰ ਸੀ। ਮੈਂ ਉਸ ਦੀ ਜੇਬ ਉੱਤੇ ਲੱਗੀ ਨੇਮ ਪਲੇਟ ਵੱਲ ਝਾਤੀ ਮਾਰੀ। ‘ਰਾਣਾ’ ਉੱਕਰਿਆ ਹੋਇਆ ਸੀ।
ਚੇਤਿਆਂ ਵਿੱਚ ਮੈਨੂੰ ਆਪਣੇ ਗੁਆਂਢ ਵਿੱਚ ਵੱਸਦੇ ‘ਪ੍ਰਵੀਨ ਕੁਮਾਰ ਰਾਣਾ’ ਦਾ ਖ਼ਿਆਲ ਆਇਆ, ਜੋ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਲੁਧਿਆਣਾ ਆ ਕੇ ਵੱਸ ਗਿਆ ਸੀ। ‘‘ਤੁਸੀਂ ਹਿਮਾਚਲ ਤੋਂ..?” “ਨਹੀਂ ਬਾਦਸ਼ਾਹੋ! ਮੈਂ ਜਮਸ਼ੇਰ ਰਾਣਾ... ਫ਼ੈਸਲਾਬਾਦ ਪਾਕਿਸਤਾਨ ਤੋਂ..!” ਉਸ ਦੇ ਬੋਲਾਂ ਨੇ ਜਿਵੇਂ ਸ਼ਹਿਦ ਦੀਆਂ ਬੂੰਦਾਂ ਤ੍ਰੌਂਕੀਆਂ ਹੋਣ। “... ਮੈਂ ਚੜ੍ਹਦੇ ਪੰਜਾਬ ਦੇ ਲੁਧਿਆਣਾ ਤੋਂ...!” ਉਸ ਦੀ ਉਤਸੁਕਤਾ ਦੂਰ ਕਰਦਿਆਂ ਮੈਂ ਆਪਣੀ ਪਛਾਣ ਸਾਂਝੀ ਕੀਤੀ। ਉਸ ਆਖਿਆ, “ਫਿਰ ਤਾਂ ਆਪਾਂ ਭਰਾ ਭਰਾ ਜੁ ਹੋਏ...!” ਫਿਰ ਗੱਲਾਂ ਦੀ ਲੜੀ ਚੱਲ ਪਈ। ਮੈਂ ਦੇਖਿਆ, ਉਸ ਦਾ ਚਿਹਰਾ ਉਦਾਸ ਹੋ ਗਿਆ ਸੀ। “... ਸੰਤਾਲੀ ਦੇ ਸੰਤਾਪ ਵਿੱਚ ਬੜਾ ਕੁਝ ਗੁਆਚ ਗਿਆ... ਤੁਹਾਡਾ ਵੀ ਤੇ ਸਾਡਾ ਵੀ... ਜਗਰਾਉਂ ਨੇੜਲਾ ਪਿੰਡ ਹਠੂਰ ਸੀ ਸਾਡਾ... ਕਈ ਜੀਆਂ ਦੀ ਵੱਢ-ਟੁੱਕ ਹੋਈ।” ਜਮਸ਼ੇਰ ਦੀਆਂ ਅੱਖਾਂ ਹੇਠਲੇ ਘੇਰੇ ਹੋਰ ਗੂੜ੍ਹੇ ਹੋ ਗਏ ਸਨ। “... ਅੱਬਾ ਜਾਨ ਮੈਨੂੰ ਕਿਸੇ ਤਰ੍ਹਾਂ ਕੁਲਹਿਣੀਆਂ ਨਜ਼ਰਾਂ ਤੋਂ ਬਚਾ ਕੇ ਲੈ ਆਏ ਸਨ... ਸਾਰੀ ਉਮਰ ਕਲ਼ੇਜੇ ਦੀ ਚੀਸ ਨੂੰ ਯਾਦ ਕਰ ਤੜਪਦੇ ਅੱਲ੍ਹਾ ਨੂੰ ਪਿਆਰੇ ਹੋ ਗਏ... ਮੈਂ ਜ਼ਰਾ ਸੁਰਤ ਸੰਭਾਲੀ ਤਾਂ ਇੱਥੇ ਕੈਨੇਡਾ ਆ ਵੱਸਿਆ।” “ਬਹੁਤ ਕੁਰੱਖ਼ਤ ਦਿਨ ਸਨ ਉਹ ਭਾਈਜਾਨ।” ਮੈਂ ਬੱਸ ਇੰਨਾ ਹੀ ਕਹਿ ਸਕਿਆ। “ਚੰਦ ਕੁ ਰਿਸ਼ਤੇਦਾਰ ਹਨ ਹਾਲੇ ਵੀ ਉੱਧਰ ਪਰ ਜਾਣ ਦਾ ਕਦੇ ਮਨ ਹੀ ਨਹੀਂ ਹੋਇਆ। ਹੁਣ ਜਦੋਂ ਵੀ ਕੋਈ ਪੰਜਾਬੀ ਦਿਖਾਈ ਦਿੰਦੈ ਤਾਂ ਫਿਰ ਪੁਰਖਿਆਂ ਦੀ ਮਿੱਟੀ ਦਾ ਖ਼ਿਆਲ ਉੱਠ ਖਲੋਂਦੈ।” ਮੈਂ ਨਜ਼ਰ ਉਠਾ ਕੇ ਦੇਖਿਆ ਤਾਂ ਸੱਤ ਦਹਾਕਿਆਂ ਬਾਅਦ ਵੀ ਵੰਡ ਦੇ ਜ਼ਖ਼ਮ ਅਜੇ ਨਾਸੂਰ ਸਨ ਅਤੇ ਤਿੱਪ-ਤਿੱਪ ਵਗਦੇ ਅੱਥਰੂ ਜਮਸ਼ੇਰ ਦੀ ਚਿੱਟੀ ਦਾੜ੍ਹੀ ਵਿੱਚੋਂ ਮੋਤੀਆਂ ਵਾਂਗ ਟਪਕ ਰਹੇ ਸਨ।
ਸੰਪਰਕ: 89684-33500

