ਖੁੱਲ੍ਹੇ ਦਰਸ਼ਨ ਦੀਦਾਰ

ਖੁੱਲ੍ਹੇ ਦਰਸ਼ਨ ਦੀਦਾਰ

ਜੋਧ ਸਿੰਘ ਮੋਗਾ

ਜੋਧ ਸਿੰਘ ਮੋਗਾ

ਅੱਜ ਕੱਲ੍ਹ ਟੀਵੀ ’ਤੇ ਖ਼ਬਰਾਂ ਦੇਖਦੇ ਹਾਂ ਤੇ ਸੜਕਾਂ ’ਤੇ ਵੀ ਆਮ ਹੀ ਦਿਸਦਾ ਹੈ। ਕਿਸੇ ਮੰਤਰੀ, ਮੁੱਖ ਮੰਤਰੀ ਜਾਂ ਮੱਲੋ-ਮੱਲੀ ਬਣੇ ਲੀਡਰ ਦਾ ਕਾਫ਼ਲਾ ਲੰਘਣ ਸਮੇਂ ਆਮ ਰਸਤੇ ਬੰਦ ਅਤੇ ਹਰ ਪਾਸੇ ਪੁਲੀਸ ਹੀ ਪੁਲੀਸ! ਕਾਫ਼ਲਾ ਲੰਘਦਾ ਹੈ। ਅੱਠ-ਨੌਂ ਗੱਡੀਆਂ ਅੱਗੇ, ਅੱਠ ਨੌਂ ਪਿੱਛੇ, ਸਣੇ ਐਂਬੂਲੈਂਸ ਗੱਡੀ। ਉੱਤੇ ਮਸ਼ੀਨਗੰਨ ਬੀੜੀ ਹੁੰਦੀ ਹੈ। ਲੀਡਰ ਆਪ ਕਾਲੇ ਸ਼ੀਸ਼ਿਆਂ ਵਾਲੀ ਗੋਲੀ-ਪਰੂਫ ਗੱਡੀ ਵਿਚ ਬੰਦ ਹੁੰਦੇ ਹਨ। ਲੋਕਾਂ ਨੂੰ ਮਿਲਣਾ ਤਾਂ ਕੀ, ਉਹ ‘ਹਰਮਨਪਿਆਰੇ’ ਲੀਡਰ ਲੋਕਾਂ ਨੂੰ ਦਿਸਦੇ ਵੀ ਨਹੀਂ। ਫਿਰ ਜਦੋਂ ਰਟਿਆ ਹੋਇਆ ਭਾਸ਼ਨ ਕਰਦੇ ਹਨ ਤਾਂ ਵੀ ਦੋ ਕਾਲੀਆਂ ਐਨਕਾਂ ਵਾਲੇ, ਡੱਬ ਵਿਚ ਪਿਸਤੌਲ ਪਾਈ ਮਗਰ ਖੜੋਤੇ ਹੁੰਦੇ ਹਨ ਅਤੇ ਲੀਡਰ ਸਾਹਿਬ ਵੱਡੇ ਸ਼ੀਸ਼ੇ ਪਿੱਛੇ ਆਪ ਖੜੋਤੇ ਹੁੰਦੇ ਹਨ।

ਮੈਂ ਜਦੋਂ ਵੀ ਇਸ ਤਰ੍ਹਾਂ ਦਾ ਦ੍ਰਿਸ਼ ਦੇਖਦਾ ਹਾਂ ਤਾਂ ਮਨ ਬੜਾ ਦੁਖੀ ਹੁੰਦਾ ਹੈ ਅਤੇ ਅੱਜ ਤੋਂ 70 ਕੁ ਸਾਲ ਪੁਰਾਣੀ ਪਰ ਸੁਖਾਵੀਂ ਯਾਦ ਆ ਜਾਂਦੀ ਹੈ, ਜਦੋਂ 1952-53 ਵਿਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਉੱਘੇ ਲਿਖਾਰੀ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਵਿਚ ਲਾਲਾ ਲਾਜਪਤ ਰਾਏ ਨਾਲ ਸਬੰਧਤ ਕਿਸੇ ਸਮਾਗਮ ’ਤੇ ਆਏ ਸਨ।

ਉਸ ਸਮੇਂ ਮੈਂ ਮੋਗੇ ਮਿਸ਼ਨ ਟ੍ਰੇਨਿੰਗ ਸਕੂਲ ਵਿਚ ਕਲਾ ਅਧਿਆਪਕ ਵੀ ਸਾਂ। ਰਾਸ਼ਟਰਪਤੀ ਨੇ ਆਉਣਾ ਸੀ ਤਾਂ ਸਕੂਲ ਦੀ ਛੋਟੀ ਡਿਊਟੀ ਲਾਈ ਗਈ। ਢੁੱਡੀਕੇ ਸਮਾਗਮ ਵਾਲੀ ਥਾਂ ’ਤੇ ਸੜਕ ਦੇ 20 ਕੁ ਫੁੱਟ ਰਸਤੇ ਨੂੰ ਸਜਾਉਣਾ ਸੀ ਜਿੱਥੋਂ ਦੀ ਰਾਸ਼ਟਰਪਤੀ ਨੇ ਲੰਘਣਾ ਸੀ। ਮੈਂ ਅੱਠ ਅਧਿਆਪਕ-ਵਿਦਿਆਰਥੀਆਂ ਦਾ ਗਰੁੱਪ ਬਣਾ ਲਿਆ। ਨਾਲ ਮੈਂ ਆਪਣੇ ਕਰਾਫਟ ਟੀਚਰ ਮਾਸਟਰ ਅਨਾਇਤ ਮਸੀਹ ਨੂੰ ਵੀ ਲੈ ਲਿਆ। ਅਸੀਂ ਲੱਕੜ ਦੇ ਬੂਰੇ ਦੇ ਤਿੰਨ-ਚਾਰ ਬੋਰੇ ਲਏ ਅਤੇ ਉਨ੍ਹਾਂ ਨੂੰ ਹਰਾ, ਲਾਲ, ਪੀਲਾ ਅਤੇ ਨੀਲਾ ਰੰਗ ਲਿਆ (ਮੇਰੇ ਹੱਥਾਂ ਤੋਂ ਕਈ ਦਿਨ ਨੀਲਾ ਰੰਗ ਨਹੀਂ ਸੀ ਉਤਰਿਆ) ਤੇ ਬੋਰੀਆਂ ਭਰ ਲਈਆਂ। ਉਸ ਸਮੇਂ ਮੋਗੇ ਵਿਚ ਮਾਲਵਾ ਬੱਸ ਦੀ ਹੀ ਚੜ੍ਹਤ ਸੀ; ਮਾਲਵਾ ਬੱਸ ਵਾਲੇ ਗੁਰਦਿੱਤ ਸਿੰਘ ਨੇ ਇਕ ਬੱਸ ਹੀ ਦੇ ਦਿੱਤੀ ਅਤੇ ਅਸੀਂ ਸਾਰੇ ਸਵੇਰੇ ਸਵੇਰੇ ਹੀ ਢੁੱਡੀਕੇ ਪਹੁੰਚ ਗਏ।

ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਬਾਰਾਂ ਵਜੇ ਆਉਣਾ ਸੀ। ਅਸੀਂ ਸੜਕ ਸਾਫ਼ ਕਰਕੇ ਵਿਚਕਾਰ ਰਸਤਾ ਛੱਡ ਕੇ ਦੋਨੋਂ ਪਾਸੇ ਦੋ ਦੋ ਫੁੱਟ ਰੰਗੀਨ ਬੂਰੇ ਦਾ ਗਲੀਚਾ ਵਿਛਾ ਕੇ ਸਜਾਵਟ ਕਰ ਦਿੱਤੀ। ਰਾਸ਼ਟਰਪਤੀ ਪਰ੍ਹੇ ਕਾਰ ਵਿਚੋਂ ਉਤਰੇ ਅਤੇ ਕੁਝ ਪਤਵੰਤੇ ਲੋਕਾਂ ਨਾਲ ਹੱਥ ਜੋੜੀ ਉੱਥੋਂ ਦੀ ਲੰਘ ਗਏ। ਬਾਕੀ ਲੋਕ ਵੀ ਸਵਾਗਤ ਵਜੋਂ ਹੱਥ ਜੋੜ ਕੇ ਸੜਕ ਦੇ ਦੋਨੋਂ ਪਾਸੇ ਖੜੋਤੇ ਸਨ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਸਾਨੂੰ ਕੋਈ ਸਕਿਓਰਿਟੀ ਗਾਰਡ, ਬੰਦੂਕ ਵਾਲਾ ਸਿਪਾਹੀ, ਕਾਲੀਆਂ ਐਨਕਾਂ ਵਾਲਾ ਕੋਈ ਪਿਸਤੌਲ-ਧਾਰੀ ਅੰਗ-ਰੱਖਿਅਕ ਜਾਂ ਡੰਡੇ ਵਾਲਾ ਸਿਪਾਹੀ ਨਹੀਂ ਦਿਸਿਆ। ਸ਼ਾਇਦ ਸਾਰੇ ਲੋਕ ਹੀ ਉਨ੍ਹਾਂ ਦੇ ਅੰਗ-ਰੱਖਿਅਕ ਸਨ। ਇਹ ਰਾਸ਼ਟਰਪਤੀ ਦਾ ਪਹਿਲਾ ਅਤੇ ਸਰਸਰੀ ਜਿਹਾ ਦਰਸ਼ਨ ਸੀ। ਉਹ ਅੱਗੇ ਸਮਾਗਮ ਵਾਲੇ ਪੰਡਲ ਵੱਲ ਚਲੇ ਗਏ। ਹੁਣ ਇਕ ਵੱਜ ਗਿਆ ਸੀ ਅਤੇ ਰੰਗ ਬਰੰਗਾ ਬੂਰਾ ਵੀ ਆਪਣਾ ਕੰਮ ਮੁਕਾ ਕੇ ਅਤੇ ਸੁਆਗਤ ਕਰਕੇ ਹਵਾ ਵਿਚ ਉੱਡ ਰਿਹਾ ਸੀ। ਬੂਰੇ ਵਿਚ ਆਟ ਨਹੀਂ ਸੀ ਰਲਾਇਆ ਜੋ ਉਸ ਨੂੰ ਕੁਝ ਚਿਰ ਜੋੜ ਕੇ ਰੱਖਦਾ।

ਦੋ ਘੰਟੇ ਦੇ ਸਮਾਗਮ ਤੋਂ ਮਗਰੋਂ ਅਤੇ ਸ਼ਾਇਦ ਭੋਜਨ ਤੋਂ ਮਗਰੋਂ ਉਹ ਆਰਾਮ ਕਰਨ ਵਾਸਤੇ ਘੰਟੇ ਲਈ ਇਕ ਕਮਰੇ ਵਿਚ ਪੈ ਗਏ। ਚਾਰ ਵਜੇ ਕੁਝ ਲੋਕਾਂ ਨਾਲ ਮਿਲਣ ਦਾ ਪ੍ਰੋਗਰਾਮ ਸੀ। ਸਾਡੇ ਗਰੁੱਪ ਦੀ ਵਾਰੀ ਵੀ ਛੇਤੀ ਹੀ ਆ ਗਈ। ਅਸੀਂ ਵੱਡੇ ਕਮਰੇ ਵਿਚ ਗਏ। ਰਾਸ਼ਟਰਪਤੀ ਪਲੰਗ ’ਤੇ ਗੋਲ ਵੱਡਾ ਸਿਰਹਾਣਾ ਲੈ ਕੇ ਬੈਠੇ ਸਨ। ਗਾਂਧੀ ਟੋਪੀ ਵਾਲਾ ਸਹਾਇਕ ਵੀ ਕੋਲ ਸੀ, ਸ਼ਾਇਦ ਇੰਟਰਪਰੈਟਰ ਹੋਵੇਗਾ। ਦੋ-ਚਾਰ ਹੋਰ ਪਤਵੰਤੇ ਵੀ ਤਖ਼ਤਪੋਸ਼ ’ਤੇ ਬੈਠੇ ਸਨ। ਉਸ ਟੋਪੀ ਵਾਲੇ ਨੇ ਦੱਸਿਆ ਕਿ ਇਹ ਸਾਰੇ ਅਧਿਆਪਕ ਬਣਨ ਵਾਲੇ ਵਿਦਿਆਰਥੀ ਹਨ। ਰਾਸ਼ਟਰਪਤੀ ਜੀ ਨੇ ਹਿੰਦੀ ਵਿਚ ਹੀ ਦੋ-ਚਾਰ ਗੱਲਾਂ ਅਧਿਆਪਕਾਂ ਬਾਰੇ ਕੀਤੀਆਂ ਜਿਸ ਦਾ ਤੱਤ ਅਧਿਆਪਨ ਦੀ ਮਹੱਤਤਾ ਅਤੇ ਅਧਿਆਪਕਾਂ ਦੀ ਵਡਿਆਈ ਹੀ ਸੀ। ਪੰਜ ਕੁ ਮਿੰਟ ਮਗਰੋਂ ਸਾਨੂੰ ਜਾਣ ਲਈ ਕਿਹਾ ਗਿਆ। ਅਸੀਂ ਹੱਥ ਜੋੜ ਕੇ ਪ੍ਰਣਾਮ ਕੀਤਾ ਅਤੇ ਬਾਹਰ ਆ ਗਏ। ਇਹ ਆਜ਼ਾਦ ਹੋਏ ਭਾਰਤ ਦੇ ਪਹਿਲੇ ਅਤੇ ਅਸਲੀ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਸਨ। ਨਾ ਕੋਈ ਸਕਿਓਰਿਟੀ, ਨਾ ਤਲਾਸ਼ੀ, ਨਾ ਬੰਦੂਕਾਂ, ਨਾ ਬੰਦਸ਼, ਸਭ ਕੁਝ ਆਜ਼ਾਦੀ ਭਰਿਆ ਸੁਖਾਵਾਂ ਅਤੇ ਖੁੱਲ੍ਹਮ-ਖੁੱਲ੍ਹਾ ਹੀ ਦਿਸਿਆ।

ਮੈਂ ਸੋਚਦਾ ਹਾਂ ਕਿ 70 ਸਾਲਾਂ ਵਿਚ ਸਭ ਕੁਝ ਕਿਉਂ ਅਤੇ ਕਿਵੇਂ ਬਦਲ ਗਿਆ! ਐਨੀ ਨਿੱਘਰੀ ਤਬਦੀਲੀ ਦੇਖ ਕੇ ਮਨ ਦੁਖੀ ਵੀ ਹੁੰਦਾ ਹੈ ਪਰ ਲਾਲ ਚੰਦ ‘ਫ਼ਲਕ’ ਦੀ ਇਕ ਤੁਕ ਯਾਦ ਕਰਕੇ ਚੁੱਪ ਹੋ ਜਾਈਦਾ ਹੈ:

ਐ ‘ਫ਼ਲਕ’ ਤੂ ਭੀ ਬਦਲ ਕਿ ਜ਼ਮਾਨਾ ਬਦਲ ਗਿਆ।

ਸੰਪਰਕ: 62802-58057

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All