ਕੱਚੀ ਧਾਮ ਪੱਕੀ ਧਾਮ
ਕੋਈ ਸਮਾਂ ਸੀ ਜਦੋਂ ਬਰਾਤਾਂ ਕੁੜੀ ਵਾਲਿਆਂ ਦੇ ਘਰ ਰਾਤ ਠਹਿਰ ਕੇ ਦੂਜੇ ਦਿਨ ਮੁੜਦੀਆਂ ਸਨ। ਕੋਈ ਖਾਂਦਾ-ਪੀਂਦਾ ਬੰਦਾ ਬਰਾਤ ਦੋ ਰਾਤਾਂ ਵੀ ਡੱਕ ਲੈਂਦਾ ਸੀ। ਜਿਹੜਾ ਪਰਿਵਾਰ ਜ਼ਿਆਦਾ ਦਿਨ ਬਰਾਤ ਅਟਕਾਉਂਦਾ ਸੀ, ਉਸ ਦੀ ਪ੍ਰਾਹੁਣਚਾਰੀ ਦੀ ਇਲਾਕੇ ਭਰ ਵਿੱਚ...
ਕੋਈ ਸਮਾਂ ਸੀ ਜਦੋਂ ਬਰਾਤਾਂ ਕੁੜੀ ਵਾਲਿਆਂ ਦੇ ਘਰ ਰਾਤ ਠਹਿਰ ਕੇ ਦੂਜੇ ਦਿਨ ਮੁੜਦੀਆਂ ਸਨ। ਕੋਈ ਖਾਂਦਾ-ਪੀਂਦਾ ਬੰਦਾ ਬਰਾਤ ਦੋ ਰਾਤਾਂ ਵੀ ਡੱਕ ਲੈਂਦਾ ਸੀ। ਜਿਹੜਾ ਪਰਿਵਾਰ ਜ਼ਿਆਦਾ ਦਿਨ ਬਰਾਤ ਅਟਕਾਉਂਦਾ ਸੀ, ਉਸ ਦੀ ਪ੍ਰਾਹੁਣਚਾਰੀ ਦੀ ਇਲਾਕੇ ਭਰ ਵਿੱਚ ਖੂਬ ਚਰਚਾ ਹੁੰਦੀ ਸੀ। ਸਮਾਂ ਵੀ ਭਲਾ ਸੀ ਅਤੇ ਰੀਤੀ-ਰਿਵਾਜ ਵੀ ਸਿੱਧੇ-ਸਾਦੇ ਸਨ। ਲੋਕਾਂ ਦੀਆਂ ਜੇਬਾਂ ਵਿੱਚ ਅੱਜ ਵਾਂਗ ਪੈਸਿਆਂ ਨਾਲ ਆਫ਼ਰੇ ਬਟੂਏ ਨਹੀਂ ਸਨ ਹੁੰਦੇ। ਘਰ ਦਾ ਸਾਰਾ, ‘ਬੈਂਕ ਬੈਲੇਂਸ’ ਸੁਆਣੀਆਂ ਨੇ ਦੁਪੱਟੇ ਦੀ ਕੰਨੀਂ ਨਾਲ ਬੰਨ੍ਹਿਆ ਹੁੰਦਾ ਸੀ। ਮੈਰਿਜ ਪੈਲੇਸਾਂ, ਕੇਟਰਿੰਗ ਪਾਰਟੀਆਂ, ਪ੍ਰੀ-ਵੈਡਿੰਗ ਸ਼ੂਟ, ਵੀਡੀਓ ਫਿਲਮਾਂ, ਯੂਟਿਊਬ ਵਰਗੀਆਂ ਬਲਾਵਾਂ ਪੈਦਾ ਨਹੀਂ ਸਨ ਹੋਈਆਂ। ਬਰਾਤੀਆਂ ਦੀ ਸੇਵਾ ਲਈ ਮਾਂਹ ਦੀ ਦਾਲ, ਆਲੂਆਂ ਦੀ ਸਬਜ਼ੀ, ਮਿੱਠੇ ਚੌਲ ਅਤੇ ਹਲਵਾ ਬਣਦਾ ਸੀ। ਸਰਦਾ-ਪੁੱਜਦਾ ਬੰਦਾ ਬਰਾਤੀਆਂ ਦੀ ਸੇਵਾ ਵਿੱਚ ਲੱਡੂ, ਜਲੇਬੀਆਂ, ਸ਼ੱਕਰਪਾਰੇ ਅਤੇ ਮਿੱਠੀ ਸੀਰਨੀ ਵਰਗੇ ਵਿਅੰਜਨ ਪਰੋਸਦਾ ਸੀ। ਇਸ ਨੂੰ ‘ਪੱਕੀ ਧਾਮ’ ਕਿਹਾ ਜਾਂਦਾ ਸੀ| ਸਾਧਾਰਨ ਭੋਜਨ ਨੂੰ ‘ਕੱਚੀ ਧਾਮ।’
ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਮਠਿਆਈ ਦੀਆਂ ਦੁਕਾਨਾਂ ਅੱਜ ਵਾਂਗ ਆਮ ਨਹੀਂ ਸਨ ਹੁੰਦੀਆਂ। ਮੂੰਹ ਮਿੱਠਾ ਕਰਨ ਲਈ ਪਿੰਡ ਦੀ ਹੱਟੀ ਤੋਂ ਗੁੜ ਜਾਂ ਪਤਾਸੇ ਹੀ ਮਿਲਦੇ ਸਨ। ਜਲੇਬੀਆਂ ਅਤੇ ਪਤੌੜ ਖਾਣ ਲਈ ਲੋਕ ਸਾਲ ਭਰ ਗੁੱਗੇ ਪੀਰ ਦੇ ਮੇਲੇ ਅਤੇ ਝਿੰਜਾਂ ਨੂੰ ਉਡੀਕਦੇ ਸਨ। ਪਿੰਡ ਵਿੱਚ ਜਦੋਂ ਕਦੇ ਇਸ ਗੱਲ ਦੀ ਭਿਣਕ ਪੈਂਦੀ ਕਿ ਫਲਾਂ ਦੇ ਮੁੰਡੇ ਦੇ ਵਿਆਹ ਵਿੱਚ ਕੁੜੀ ਵਾਲਿਆਂ ਨੇ ਪੱਕੀ ਧਾਮ ਪਰੋਸਣੀ ਹੈ ਤਾਂ ਹਰ ਕੋਈ ਆਪਣੀ ਤਿਆਰੀ ਕੱਸ ਲੈਂਦਾ। ਖਾਸ ਤੌਰ ’ਤੇ ਪਿੰਡ ਦੇ ਗੱਭਰੂ ਬਰਾਤੀ ਬਣਨ ਲਈ ਜ਼ਿਆਦਾ ਹੀ ਕਾਹਲੇ ਹੋ ਜਾਂਦੇ।
ਪਰ ਵਿਆਂਦੜ ਮੁੰਡੇ ਦਾ ਬਾਪੂ ਬਰਾਤੀਆਂ ਦੀ ਗਿਣਤੀ ਵਧਣ ਦੇ ਡਰੋਂ ਸ਼ਰੀਕੇ-ਭਾਈਚਾਰੇ ਵਿੱਚ ਆ ਕੇ ਕਈ ਦਿਨ ਪਹਿਲਾਂ ਹੱਥ ਜੋੜ ਕੇ ਬੇਨਤੀ ਕਰ ਜਾਂਦਾ, ‘ਕੁੜੀ ਆਲਿਆਂ ਵੱਲੋਂ ਕੱਲ੍ਹ ਲਾਗੀ ਆਇਆ ਸੀ ਸੁਨੇਹਾ ਲੈ ਕੇ, ਕਹਿੰਦਾ ਬਈ ਜਜਮਾਨਾਂ ਨੇ ਤਾਕੀਦ ਕੀਤੀ ਹੈ ਕਿ ਬਰਾਤੀ ਪੰਜਾਹਾਂ ਤੋਂ ਵੱਧ ਨਾ ਹੋਣ। ਪ੍ਰਤੀ ਘਰ ਇੱਕੋ ਬੰਦਾ ਆਵੇ।’ ਇਸ ਫ਼ੈਸਲੇ ਨਾਲ ਕਈ ਆਪੂੰ ਬਣੇ ਬਰਾਤੀਆਂ ਦੇ ਚਾਅ ਮਾਰੇ ਜਾਂਦੇ।
‘ਪੱਕੀ ਧਾਮ’ ਵਾਲੇ ਵਿਆਹ ਦੀ ਉਸ ਜ਼ਮਾਨੇ ਵਿੱਚ ਕਾਫੀ ਦੇਰ ਤੱਕ ਚਰਚਾ ਹੁੰਦੀ ਰਹਿੰਦੀ ਸੀ। ਕਿਸੇ ਵਿਆਹ-ਸ਼ਾਦੀ ਮੌਕੇ ਸਾਡੇ ਬਜ਼ੁਰਗ ਅਕਸਰ ਗੱਲਾਂ ਛੇੜ ਲੈਂਦੇ,‘ਲੈ ਬਈ, ਸਾਡੇ ਪਿੰਡ ਦਾ ਇੱਕ ਲੰਬੜਦਾਰ ਹੁੰਦਾ ਸੀ ਮਥਰਾ ਸਿਹੁੰ। ਕੁੜੀਆਂ ਸੀ ਉਹਦੇ ਚਾਰ। ਮੁੰਡਾ ਹੈ ਨ੍ਹੀਂ ਸੀ ਕੋਈ। ਉਹਨੇ ਆਪਣੀਆਂ ਚਾਰੇ ਕੁੜੀਆਂ ਦੇ ਵਿਆਹਾਂ ਵਿੱਚ ਪੱਕੀ ਧਾਮ ਪਾਈ ਕੁੜਮਾਂ ਨੂੰ। ਉਹ ਕਹਿੰਦਾ ਸੀ ਬਈ ਮੇਰੀਆਂ ਧੀਆਂ ਇਸ ਗੱਲ ਦਾ ਵਿਗੋਚਾ ਨਾ ਕਰਨ ਕਿ ਸਾਡਾ ਕੋਈ ਭਰਾ ਨ੍ਹੀਂ।’ ਕਈ ਵਾਰ ਦਰਾਣੀਆਂ-ਜੇਠਾਣੀਆਂ ਆਪਸ ਵਿੱਚ ਲੜਦੀਆਂ-ਲੜਦੀਆਂ ਮੇਹਣੋ-ਮਿਹਣੀ ਹੁੰਦੀਆਂ ਕਹਿ ਦਿੰਦੀਆਂ ਸਨ, “ਜਾਹ ਨ੍ਹੀਂ ਬੜੀਏ ਸਰਦਾਰਨੀਏ! ਜਾਣਦੀ ਆਂ ਤੈਨੂੰ। ਤੇਰੇ ਪੇਕਿਆਂ ਤੋਂ ਪੱਕੀ ਧਾਮ ਤਾਂ ਸਰੀ ਨ੍ਹੀਂ। ਦਾਲ-ਭਾਤ ਖੁਆ ਕੇ ਡੋਲਾ ਤੋਰ ’ਤਾ ਸੀ ਤੇਰਾ। ਗੱਲਾਂ ਮਾਰਦੀ ਐ ਟਕੇ-ਟਕੇ ਦੀਆਂ।
ਮੇਰੇ ਪੇਕਿਆਂ ਨੇ ਲੱਡੂ ਜਲੇਬੀਆਂ ਦਾ ਜੱਗ ਲਾ ਦਿੱਤਾ ਸੀ। ਖਾ-ਖਾ ਕੇ ਬਰਾਤੀਆਂ ਨੇ ‘ਕੁੱਖਾਂ ਕੱਢ’ ਲਈਆਂ ਸੀ ਆਪਣੀਆਂ। ਨ੍ਹੀਂ ਤੈਂ ਮੇਰੀਆਂ ਕਿਆ ਰੀਸਾਂ ਕਰਨੀਆਂ ?’ ਬੀਕਾਨੇਰ ਠੇਕੇਦਾਰੀ ਕਰਦੇ ਸਾਡੇ ਪਿੰਡ ਦੇ ਲਸ਼ਕਰ ਸਿੰਘ ਨੇ ਆਪਣੀ ਇੱਕੋ -ਇੱਕ ਧੀ ਦੇ ਵਿਆਹ ਵਿੱਚ ਪੱਕੀ ਧਾਮ ਪਾਉਣ ਦਾ ਫ਼ੈਸਲਾ ਕੀਤਾ। ਵਿਚੋਲੇ ਰਾਹੀਂ ਉਸ ਨੇ ਕੁੜਮਾਂ ਨੂੰ ਸੁਨੇਹਾ ਘੱਲ ਦਿੱਤਾ ਕਿ ਬਰਾਤੀ ਅੱਸੀਆਂ ਤੋਂ ਕਿਸੇ ਸੂਰਤ ਵਿੱਚ ਵੀ ਵੱਧ ਨਾ ਹੋਣ। ਇੱਕ ਘੱਟ ਭਾਵੇਂ ਹੋਵੇ ਪਰ ਇੱਕ ਵੱਧ ਕਤਈ ਨਾ ਹੋਵੇ। ਪਰ ਪੱਕੀ ਧਾਮ ਦੀ ਖੁਸ਼ਬੂ ਪਿੰਡ ਦੀ ਜੂਹ ਟੱਪ ਕੇ ਕੁੜਮਾਂ ਦੇ ਪਿੰਡ ਤੱਕ ਪਹੁੰਚ ਗਈ। ਬੈਂਡ ਵਾਜਿਆਂ ਦੀ ਮਧੁਰ ਧੁਨ ’ਤੇ ਨੱਚਦੇ-ਟੱਪਦੇ ਡੇਢ ਸੌ ਬੰਦਿਆਂ ਦਾ ਕਾਫ਼ਲਾ ਬਰਾਤੀ ਬਣ ਕੇ ਲਸ਼ਕਰ ਸਿੰਘ ਦੇ ਘਰ ਪਹੁੰਚ ਗਿਆ। ਬਰਾਤੀਆਂ ਦੇ ਹਜੂਮ ਨੂੰ ਦੇਖ ਕੇ ਲਸ਼ਕਰ ਸਿੰਘ ਨੂੰ ਠੰਢੀਆਂ ਤ੍ਰੇਲੀਆਂ ਆਉਣ ਲੱਗ ਪਈਆਂ। ਇੱਕ ਵਾਰ ਤਾਂ ਲਸ਼ਕਰ ਦੇ ਮਨ ਵਿੱਚ ਆਇਆ ਕਿ ਕੁੜਮਾਂ ਨੂੰ ਕਹਿ ਦਿਆਂ ‘ਇਸ ਬੱਕਰੀਆਂ ਦੇ ਚੌਣੇ ਨੂੰ ਹੱਕ ਕੇ ਉੱਥੇ ਈ ਲੈ ਜਾਹ ਜਿੱਥੋਂ ਆਇਐ।’
ਪਰ ਸ਼ਰੀਕੇ ਭਾਈਚਾਰੇ ਨੇ ਸਮਝਾਇਆ, ਕੌੜਾ ਘੁੱਟ ਭਰ ਲੈ ਲਸ਼ਕਰ ਸਿਆਂ। ਅਸੀਂ ਕੁੜੀ ਆਲੇ ਆਂ। ਸ਼ਗਨਾਂ ਦੇ ਦਿਨ ਅਸੀਂ ਕੋਈ ਖੁਨਾਮੀ ਨ੍ਹੀਂ ਕਰਨੀ। ਤੂੰ ਭੋਰਾ ਫਿਕਰ ਨਾ ਕਰ, ਨਿਸਚੋਂ ਰੱਖ। ਅਸੀਂ ਕਰਦੇ ਐਂ ਸਾਰਾ ਇੰਤਜ਼ਾਮ।’ ਮੈਂ ਸੋਚਦਾ ਹਾਂ ਕਿ ਜੇਕਰ ਲਸ਼ਕਰ ਸਿੰਘ ਨੇ ਅੱਜ ਆਪਣੀ ਕੁੜੀ ਦੇ ਵਿਆਹ ਵਿੱਚ ਪੱਕੀ ਧਾਮ ਪਰੋਸਣੀ ਹੁੰਦੀ ਤਾਂ ਉਸ ਦੇ ਕੁੜਮਾਂ ਵੱਲੋਂ ਵਟਸਐਪ ’ਤੇ ਜ਼ਰੂਰ ਇਹ ਮੈਸੇਜ ਆ ਜਾਣਾ ਸੀ, ‘ਬੇਨਤੀ ਹੈ ਕਿ ਤੁਸੀਂ ਪੱਕੀ ਧਾਮ ਪਾਉਣ ਦਾ ਫ਼ੈਸਲਾ ਰੱਦ ਕਰ ਦਿਉ ਕਿਉਂਕਿ ਪੱਕੀ ਧਾਮ ਖਾਣ ਵਾਲੇ ਬੰਦੇ ਨਹੀਂ ਲੱਭ ਰਹੇ। ਜਿਨ੍ਹਾਂ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਭੇਜੇ ਹਨ ਉਹ ਤਕਰੀਬਨ ਸਾਰੇ ਹੀ ਸ਼ੂਗਰ ਦੇ ਮਰੀਜ਼ ਹਨ। ਸਾਡੀ ਬੇਨਤੀ ਹੈ ਕਿ ਮਿੱਠੇ ਦੀ ਬਜਾਏ ਕੌੜਾ-ਕਸੈਲਾ ਵਰਤਾ ਦਿਓ, ਸਾਰੇ ਬਰਾਤੀ ਖੁਸ਼ ਹੋ ਕੇ ਖਾਣਗੇ।’ ਸਮਾਂ ਆਪਣੀ ਤੋਰ ਤੁਰਦਾ-ਤੁਰਦਾ ਕਾਫੀ ਕੁੱਝ ਸਿੱਧੇ ਨੂੰ ਪੁੱਠਾ ਕਰ ਦਿੰਦਾ ਹੈ ਤੇ ਪੁੱਠੇ ਨੂੰ ਸਿੱਧਾ। ਇਹ ਕੁਝ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ।
ਸੰਪਰਕ: 88378-08371
