ਦੋ-ਦੋ ਦੇ ਨੋਟ
ਮੇਰੀਆਂ ਚਾਰ ਵੱਡੀਆਂ ਭੈਣਾਂ ਸਨ। ਉਨ੍ਹਾਂ ਦੇ ਵਿਆਹ ਦੋ-ਦੋ ਕਰ ਕੇ ਕੀਤੇ ਗਏ। ਵੱਡੀਆਂ ਦੋ ਭੈਣਾਂ ਦੇ ਵਿਆਹ ਸਮੇਂ ਮੈਂ ਦਸ ਕੁ ਸਾਲ ਦਾ ਸੀ ਅਤੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਮੈਨੂੰ ਉਸ ਵਿਆਹ ਦੀਆਂ ਕੁਝ ਖ਼ਾਸ-ਖ਼ਾਸ ਗੱਲਾਂ ਹੀ ਯਾਦ...
ਮੇਰੀਆਂ ਚਾਰ ਵੱਡੀਆਂ ਭੈਣਾਂ ਸਨ। ਉਨ੍ਹਾਂ ਦੇ ਵਿਆਹ ਦੋ-ਦੋ ਕਰ ਕੇ ਕੀਤੇ ਗਏ। ਵੱਡੀਆਂ ਦੋ ਭੈਣਾਂ ਦੇ ਵਿਆਹ ਸਮੇਂ ਮੈਂ ਦਸ ਕੁ ਸਾਲ ਦਾ ਸੀ ਅਤੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਮੈਨੂੰ ਉਸ ਵਿਆਹ ਦੀਆਂ ਕੁਝ ਖ਼ਾਸ-ਖ਼ਾਸ ਗੱਲਾਂ ਹੀ ਯਾਦ ਹਨ। ਉਸ ਸਮੇਂ ਨਗਦ ਪੈਸਿਆਂ ਦੀ ਬਹੁਤ ਕਿੱਲਤ ਹੋਇਆ ਕਰਦੀ ਸੀ। ਉਂਝ ਵਿਆਹਾਂ ’ਤੇ ਨਗਦ ਪੈਸੇ ਖ਼ਰਚੇ ਵੀ ਬਹੁਤ ਘੱਟ ਜਾਂਦੇ ਸਨ। ਉਸ ਸਾਲ ਮੇਰੇ ਬਾਪੂ ਜੀ ਨੇ ਨਾਲ ਦੇ ਪਿੰਡ ਵਿੱਚ ਚਾਰ ਕੁ ਕਨਾਲ ਕਮਾਦ ਪੀੜਨ ਲਈ ਸੌ ਕੁ ਰੁਪਏ ਦਾ ਖ਼ਰੀਦ ਲਿਆ। ਇਸ ਨੂੰ ਵੱਢ ਕੇ ਅਤੇ ਪੀੜ ਕੇ ਸ਼ੱਕਰ ਬਣਾ ਲਈ ਅਤੇ ਉਸ ਨਾਲ ਕੜਾਹਾ ਭਰ ਲਿਆ। ਇਹ ਸ਼ੱਕਰ ਕੁਝ ਦਿਨਾਂ ਵਿੱਚ ਦਸ ਆਨੇ ਸੇਰ ਦੇ ਹਿਸਾਬ ਨਾਲ ਘਰ ਵਿੱਚ ਹੀ ਵਿੱਕ ਗਈ। ਕੋਈ ਗਿਆਰਾਂ ਸੌ ਦੀ ਹੋਈ। ਬੱਸ ਇਨ੍ਹਾਂ ਪੈਸਿਆਂ ਨਾਲ ਹੀ ਵਿਆਹ ਕਰਨ ਦਾ ਹੌਸਲਾ ਕਰ ਲਿਆ। ਬਰਾਤਾਂ ਅਤੇ ਪ੍ਰਾਹੁਣਿਆਂ ਲਈ ਖਾਣ ਦੀਆਂ ਚੀਜ਼ਾਂ ਬਣਾਉਣ ਲਈ ਬਹੁਤਾ ਸਾਮਾਨ ਜਿਵੇਂ ਕਣਕ, ਵੇਸਣ, ਮਾਂਹ ਦੀ ਦਾਲ, ਸਰ੍ਹੋਂ ਦਾ ਤੇਲ, ਬਾਸਮਤੀ ਦੇ ਚੌਲ, ਦੁੱਧ, ਸ਼ੱਕਰ, ਪਿਆਜ਼, ਘਿਓ ਆਦਿ ਘਰ ਦਾ ਹੀ ਸੀ। ਜੋ ਨਹੀਂ ਸੀ, ਉਹ ਵੀ ਆਂਢ-ਗੁਆਂਢ ਤੋਂ ਲੈ ਲਿਆ। ਇਨ੍ਹਾਂ ਤੋਂ ਇਲਾਵਾ ਦਾਜ-ਦਹੇਜ ਦਾ ਸਾਮਾਨ, ਰਜਾਈਆਂ, ਦਰੀਆਂ, ਖੇਸੀਆਂ, ਸਰਾਣਿਆਂ ਤੇ ਚਾਦਰਾਂ ਲਈ ਰੂੰ ਵੀ ਘਰ ਦਾ ਹੀ ਸੀ। ਹੋਰ ਕਈ ਪ੍ਰਕਾਰ ਦਾ ਸਾਮਾਨ ਵੀ ਬੇਬੇ ਅਤੇ ਭੈਣਾਂ ਨੇ ਰਲ ਕੇ ਘਰ ਵਿੱਚ ਹੀ ਤਿਆਰ ਕਰ ਲਿਆ।
ਉਂਝ ਔਖੇ ਵੇਲੇ ਪੁਲੀਸ ਮਹਿਕਮੇ ਵਿੱਚ ਨੌਕਰੀ ਕਰਦੇ ਸਾਡੇ ਫੁੱਫੜ ਗਿਆਨ ਸਿੰਘ ਜੀ ਸਾਡੀ ਪੈਸੇ ਨਾਲ ਮਦਦ ਕਰ ਦਿਆ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਕੁਝ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਿਹਾ ਹੋਇਆ ਸੀ। ਉਹ ਕਦੇ ਇਨਕਾਰ ਨਹੀਂ ਸਨ ਕਰਦੇ। ਉਨ੍ਹਾਂ ਨੇ ਵਿਆਹ ਤੋਂ ਤਿੰਨ ਦਿਨ ਪਹਿਲਾਂ ਦੋ ਹਜ਼ਾਰ ਰੁਪਏ ਲਿਆ ਕੇ ਮੇਰੇ ਬਾਪੂ ਜੀ ਨੂੰ ਫੜਾ ਦਿੱਤੇ। ਉਨ੍ਹਾਂ ਨੇ ਇਹ ਨੋਟ ਇੱਕ ਹਨੇਰੇ ਕੱਚੇ ਕਮਰੇ ਵਿੱਚ ਪਏ ਸਾਡੀ ਦਾਦੀ ਦੇ ਸੰਦੂਕ ਵਿੱਚ ਸੰਭਾਲ ਕੇ ਰੱਖ ਦਿੱਤੇ। ਇਸ ਸੰਦੂਕ ਨੂੰ ਹੀ ਕੀਮਤੀ ਚੀਜ਼ਾਂ ਸੰਭਾਲ ਕੇ ਰੱਖਣ ਲਈ ਸੁਰੱਖਿਅਤ ਸਮਝਿਆ ਜਾਂਦਾ ਸੀ। ਇਸ ਬਾਰੇ ਕਿਸੇ ਹੋਰ ਨੂੰ ਦੱਸਿਆ ਵੀ ਨਾ ਗਿਆ। ਉਸ ਸਮੇਂ ਬਿਜਲੀ ਨਹੀਂ ਸੀ ਹੁੰਦੀ ਅਤੇ ਨਾ ਰੌਸ਼ਨੀ ਦਾ ਕੋਈ ਹੋਰ ਸਾਧਨ ਹੁੰਦਾ ਸੀ। ਬੱਸ ਲੋੜ ਪੈਣ ’ਤੇ ਦੀਵਾ ਹੀ ਜਗਾ ਲੈਂਦੇ ਸੀ। ਲਾਲਟੈਣ ਵੀ ਕਿਸੇ-ਕਿਸੇ ਕੋਲ ਹੁੰਦੀ ਸੀ।
ਵਿਆਹ ਤੋਂ ਇੱਕ ਦਿਨ ਪਹਿਲਾਂ ਪੈਸਿਆਂ ਦੀ ਲੋੜ ਪੈ ਗਈ ਤਾਂ ਬਾਪੂ ਜੀ ਸੰਦੂਕ ਵਿੱਚੋਂ ਪੈਸੇ ਲੈਣ ਗਏ। ਇੱਥੇ ਹਨੇਰਾ ਸੀ। ਉਨ੍ਹਾਂ ਨੇ ਬਿਨਾਂ ਕਿਸੇ ਰੌਸ਼ਨੀ ਦੇ ਹਨੇਰੇ ਵਿੱਚ ਹੀ ਨੋਟ ਗਿਣੇ ਤਾਂ ਇਹ ਦੋ ਹਜ਼ਾਰ ਨਹੀਂ, ਸਗੋਂ ਇੱਕ ਹਜ਼ਾਰ ਨਿਕਲੇ। ਦੂਜੀ ਵਾਰ ਫਿਰ ਗਿਣੇ ਪਰ ਹਜ਼ਾਰ ਹੀ ਸਨ। ਉਹ ਕੁਝ ਘਬਰਾ ਗਏ ਅਤੇ ਮੇਰੀ ਬੇਬੇ ਨੂੰ ਇਹ ਗੱਲ ਦੱਸੀ। ਉਹ ਪਹਿਲਾਂ ਤਾਂ ਮੰਨੀ ਨਹੀਂ ਕਿਉਂਕਿ ਫੁੱਫੜ ਗਿਆਨ ਸਿੰਘ ਨੋਟ ਗਿਣਨ ਵਿੱਚ ਗ਼ਲਤੀ ਨਹੀਂ ਸਨ ਕਰ ਸਕਦੇ। ਉਹ ਸਾਡੀ ਰਿਸ਼ਤੇਦਾਰੀ ਵਿੱਚ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਜ਼ਿੰਮੇਵਾਰ ਬੰਦੇ ਮੰਨੇ ਜਾਂਦੇ ਸਨ। ਪਰ ਜਦੋਂ ਬਾਪੂ ਜੀ ਨੇ ਨੋਟ ਚੋਰੀ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਤਾਂ ਮੇਰੀ ਬੇਬੇ ਨੇ ਵੀ ਸੰਦੂਕ ’ਚੋਂ ਨੋਟ ਕੱਢ ਕੇ ਇਨ੍ਹਾਂ ਨੋਟਾਂ ਦੀਆਂ ਦਸ-ਦਸ ਦੀਆਂ ਥੱਦੀਆਂ ਬਣਾ ਕੇ ਇਨ੍ਹਾਂ ਨੂੰ ਗਿਣਿਆ ਤਾਂ ਵੀ ਇਹ ਦਸ ਹੀ ਨਿਕਲੇ, ਜਿਸ ਦਾ ਮਤਲਬ ਇੱਕ ਹਜ਼ਾਰ ਹੀ ਸੀ। ਉਹ ਹੋਰ ਕਿਸੇ ਨੂੰ ਇਹ ਗੱਲ ਦੱਸਣ ਤੋਂ ਵੀ ਡਰਦੇ ਸਨ ਕਿਉਂਕਿ ਇਹ ਪੈਸੇ ਫੁੱਫੜ ਨੇ ਦਿੱਤੇ ਸਨ। ਉਸ ਨੂੰ ਕਿਵੇਂ ਦੱਸਣ ਕਿ ਪੈਸੇ ਘੱਟ ਹਨ?
ਪਰ ਇੱਕ ਹਜ਼ਾਰ ਰੁਪਏ ਦਾ ਗੁੰਮ ਹੋ ਜਾਣਾ ਸਾਡੇ ਘਰਵਾਲਿਆਂ ਲਈ ਬਹੁਤ ਵੱਡਾ ਸਦਮਾ ਸੀ। ਘਰ ਵਿੱਚ ਘੁਸਰ-ਪੁਸਰ ਵੀ ਹੋਈ। ਬਾਪੂ ਤੇ ਬੇਬੇ ਬਹੁਤ ਘਬਰਾ ਗਏ ਕਿ ਹੁਣ ਕੀ ਕੀਤਾ ਜਾਵੇ। ਆਖ਼ੀਰ ਇਹ ਗੱਲ ਫੁੱਫੜ ਗਿਆਨ ਸਿੰਘ ਨੂੰ ਦੱਸਣੀ ਹੀ ਪਈ। ਉਨ੍ਹਾਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ, ਉਨ੍ਹਾਂ ਦੀ ਇਹ ਤਨਖਾਹ ਦੇ ਪੈਸੇ ਹਨ, ਜੋ ਉਨ੍ਹਾਂ ਨੇ ਗਿਣ ਕੇ ਕੈਸ਼ੀਅਰ ਤੋਂ ਲਏ ਸਨ। ਉਹ ਕਾਹਲੀ-ਕਾਹਲੀ ਸੰਦੂਕ ਪਾਸ ਆਏ। ਦੀਵੇ ਦੀ ਰੌਸ਼ਨੀ ਕੀਤੀ। ਸੰਦੂਕ ਦਾ ਜੰਦਰਾ ਖੋਲ੍ਹ ਕੇ ਨੋਟਾਂ ਦੀ ਗਿਣਤੀ ਕੀਤੀ। ਉਨ੍ਹਾਂ ਨੇ ਕਿਹਾ, “ਠੀਕ ਤਾਂ ਹੈ, ਇਹ ਦੋ ਹਜ਼ਾਰ ਰੁਪਏ ਹੀ ਹਨ। ਥੋੜ੍ਹੇ ਕਿੱਦਾਂ ਹੋਏ?”। ਬਾਪੂ ਜੀ ਨੇ ਫਿਰ ਗਿਣੇ ਤਾਂ ਨੋਟ ਹਜ਼ਾਰ ਹੀ ਨਿਕਲੇ। ਮੇਰਾ ਫੁੱਫੜ ਗ਼ਲਤੀ ਨੂੰ ਸਮਝ ਗਿਆ। ਉਨ੍ਹਾਂ ਨੇ ਹੱਸਦੇ ਹੋਏ ਬਾਪੂ ਜੀ ਨੂੰ ਕਿਹਾ, “ਕਰਮ ਸਿਆਂ, ਘਬਰਾ ਨਾ! ਇਹ ਹਜ਼ਾਰ ਨੋਟ ਦੋ-ਦੋ ਰੁਪਏ ਦੇ ਹਨ। ਇਸ ਲਈ ਕੁੱਲ ਪੈਸੇ ਦੋ ਹਜ਼ਾਰ ਹੀ ਬਣਦੇ ਹਨ, ਘੱਟ ਨਹੀਂ।”
ਬਾਪੂ ਜੀ ਆਪਣੀ ਗ਼ਲਤੀ ਨੂੰ ਮਹਿਸੂਸ ਕਰ ਕੇ ਕੁਝ ਸ਼ਰਮਿੰਦਾ ਤਾਂ ਹੋਏ, ਪਰ ਪੈਸੇ ਪੂਰੇ ਹੋਣ ਕਾਰਨ ਸਾਰੀ ਝੋਰਾ ਦੂਰ ਹੋ ਗਿਆ। ਜਦੋਂ ਇਹ ਗੱਲ ਹੌਲੀ-ਹੌਲੀ ਸਾਰੇ ਰਿਸ਼ਤੇਦਾਰਾਂ ਵਿੱਚ ਫੈਲ ਗਈ ਤਾਂ ਸਾਰੇ ਹੱਸ-ਹੱਸ ਕੇ ਦੂਹਰੇ ਹੋਣ ਲੱਗੇ ਅਤੇ ਕਹਿਣ ਲੱਗੇ, “ਗਿਆਨ ਸਿਆਂ, ਗ਼ਲਤੀ ਤੇਰੀ ਹੈ। ਤੈਨੂੰ ਦੋ-ਦੋ ਦੇ ਨੋਟ ਨਹੀਂ ਸੀ ਲਿਆ ਕੇ ਦੇਣੇ ਚਾਹੀਦੇ, ਏਦਾਂ ਤਾਂ ਅੱਧੇ ਪੈਸੇ ਗੁੰਮ ਹੀ ਹੋ ਜਾਂਦੇ ਹਨ।” ਛੇ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਅੱਜ ਵੀ ਇਹ ਗੱਲ ਉਸ ਸਮੇਂ ਦੇ ਬੰਦਿਆਂ ਦੀ ਸਾਦਗੀ ਯਾਦ ਦਿਵਾਉਂਦੀ ਹੈ।
ਸੰਪਰਕ: 94176-02835

