ਮਘਦਾ ਰਹੀਂ ਵੇ ਸੂਰਜਾ
ਜਦੋਂ ਕਣਕ ਵੱਢਣ ਦਾ ਸਮਾਂ ਆਉਂਦਾ ਤਾਂ ਸਾਨੂੰ ਬੜਾ ਚਾਅ ਚੜ੍ਹ ਜਾਂਦਾ। ਅਸੀਂ ਆਪਣੇ ਪਿਤਾ ਜੀ ਨਾਲ ਤੜਕਸਾਰ ਹੀ ਆਪਣੀ ਪੈਲੀ ਵੱਲ ਤੁਰ ਪੈਂਦੇ। ਪਿਤਾ ਜੀ ਨੇ ਆਖਣਾ, “ਠੰਢੇ-ਠੰਢੇ ਵਾਹਵਾ ਕੰਮ ਨਿੱਬੜ ਜਾਂਦੈ।” ਅਸੀਂ ਕਣਕ, ਅਲਸੀ, ਮੂੰਗੀ, ਜਵਾਰ, ਬਰਸੀਨ, ਸਣ,...
ਜਦੋਂ ਕਣਕ ਵੱਢਣ ਦਾ ਸਮਾਂ ਆਉਂਦਾ ਤਾਂ ਸਾਨੂੰ ਬੜਾ ਚਾਅ ਚੜ੍ਹ ਜਾਂਦਾ। ਅਸੀਂ ਆਪਣੇ ਪਿਤਾ ਜੀ ਨਾਲ ਤੜਕਸਾਰ ਹੀ ਆਪਣੀ ਪੈਲੀ ਵੱਲ ਤੁਰ ਪੈਂਦੇ। ਪਿਤਾ ਜੀ ਨੇ ਆਖਣਾ, “ਠੰਢੇ-ਠੰਢੇ ਵਾਹਵਾ ਕੰਮ ਨਿੱਬੜ ਜਾਂਦੈ।” ਅਸੀਂ ਕਣਕ, ਅਲਸੀ, ਮੂੰਗੀ, ਜਵਾਰ, ਬਰਸੀਨ, ਸਣ, ਮੱਕੀ ਅਤੇ ਸਰ੍ਹੋਂ ਆਦਿ ਫ਼ਸਲਾਂ ਬੀਜਦੇ ਹੁੰਦੇ ਸੀ। ਕੋਲੋਂ ਹੀ ਘੱਗਰ ਨਦੀ ਲੰਘਦੀ ਸੀ, ਜਿਸ ਕਰਕੇ ਪੈਲੀ ਨੂੰ ਪਾਣੀ ਉੱਥੋਂ ਹੀ ਲਾ ਲੈਂਦੇ। ਕਣਕ ਵੱਢਣ ਤੋਂ ਬਾਅਦ ਭਰੀਆਂ/ਪੰਡਾਂ ਬੰਨ੍ਹ ਕੇ ਲਾਈਨਾਂ ਬਣਾ-ਬਣਾ ਕੇ ਉੱਥੇ ਹੀ ਰੱਖੀ ਜਾਣੀਆਂ। ਉਨ੍ਹਾਂ ਦਿਨਾਂ ਵਿੱਚ ਹਨੇਰੀ-ਝੱਖੜ ਆਉਣ ਕਰਕੇ ਕਈ ਵਾਰ ਇੱਕ ਖੇਤ ਦੀਆਂ ਭਰੀਆਂ ਦੂਜੇ ਖੇਤ ਜਾ ਰਲਦੀਆਂ। ਫਿਰ ਅਸੀਂ ਆਪਣੀ ਫ਼ਸਲ ਦਾ ਹੁਲੀਆ ਪਛਾਣ ਕੇ ਭਰੀਆਂ/ਪੰਡਾਂ ਵਾਪਸ ਲੈ ਕੇ ਆਇਆ ਕਰਦੇ।
ਖੇਤੀਬਾੜੀ ਜਾਂ ਹੋਰ ਕੰਮਾਂ-ਕਾਰਾਂ ਵਿੱਚ ਅਕਸਰ ਲੋਕ ‘ਮਾਂਗੀ’ (ਸਹਿਯੋਗ) ਪਾਇਆ ਕਰਦੇ। ਇੱਕ ਦਿਨ ਮਾਂਗੀ ਪਾ ਕੇ ਕਿਸੇ ਦਾ ਟਰੈਕਟਰ-ਥਰੈਸ਼ਰ ਲਿਆਉਣਾ ਅਤੇ ਸ਼ਾਮ ਤੱਕ ਕਣਕ ਦਾ ਬੋਹਲ ਲਾ ਲੈਣਾ। ‘ਬਸ, ਸ਼ਾਮ ਤੱਕ ਕਣਕ ਘਰ ਪਹੁੰਚ ਜਾਵੇ’ ਸਭ ਇਹੀ ਕਹੀ ਜਾਂਦੇ ਅਤੇ ਨਾਲੇ ਫਟਾਫਟ ਭਰੀਆਂ ਸੁੱਟੀ ਜਾਂਦੇ। ਗੁਰੂ ਘਰ ਦਾ ਹਿੱਸਾ ਕੱਢਣ ਤੋਂ ਬਾਅਦ ਬਾਕੀ ਕਣਕ ਚੁੱਕਣ ਤੋਂ ਪਹਿਲਾਂ ਸਾਨੂੰ ਰਿੜੀ (ਪਹਿਲੀ ਕਣਕ ਦਾ ਆਟਾ ਜਾਂ ਪ੍ਰਸ਼ਾਦ) ਮਿਲਦੀ। ਸਾਰੀ ਕਣਕ ਘਰ ਪਹੁੰਚਾਉਣ ਤੋਂ ਬਾਅਦ ਤਰਕਾਲਾਂ ਵੇਲੇ ਅਸੀਂ ਤਿੰਨੇ ਭਰਾ ‘ਲੱਛੇ’ ਕੋਲ ਜਲੇਬੀਆਂ ਲੈਣ ਪਹੁੰਚ ਜਾਂਦੇ। ਉਸ ਦਾ ਪੂਰਾ ਨਾਂ ਲਛਮਣ ਦਾਸ ਸੀ। ਪਿੰਡਾਂ ਦਾ ਆਪਣਾ ਹੀ ਰਿਵਾਜ ਹੁੰਦਾ ਹੈ, ਲਛਮਣ ਨੂੰ ਲੱਛਾ ਅਤੇ ਕ੍ਰਿਸ਼ਨ ਨੂੰ ਕਿੱਛੂ ਕਹਿਣ ਦਾ।
ਲਛਮਣ ਦਾਸ, ਪਿਆਰਾ ਲਾਲ ਅਤੇ ਗਰੀਬ ਦਾਸ, ਇਹ ਕਈ ਭਰਾ ਸਨ। ਪਿਆਰੇ ਲਾਲ ਅਤੇ ਗਰੀਬ ਦਾਸ ਦੀਆਂ ਕਰਿਆਨੇ ਦੀਆਂ ਦੁਕਾਨਾਂ ਇੱਕ-ਦੂਜੇ ਤੋਂ ਹਟਵੀਆਂ ਸਨ। ਲੱਛਾ ਸਾਈਕਲ ਰਿਪੇਅਰ ਦਾ ਕੰਮ ਕਰਦਾ, ਪਰ ਹਾੜੀ-ਸਾਉਣੀ ਉਹ ਹਲਵਾਈ ਵੀ ਬਣ ਜਾਂਦਾ ਅਤੇ ਲਾਲ-ਪੀਲੇ ਰੰਗ ਦੀਆਂ ਜਲੇਬੀਆਂ ਕੱਢ-ਕੱਢ ਕੇ ਪੂਰੇ ਪਿੰਡ ਨੂੰ ਖਵਾਉਂਦਾ। ਲੋਕ ਦਾਣੇ ਲੈ ਕੇ ਉਸ ਕੋਲ ਆਈ ਜਾਂਦੇ ਅਤੇ ਉਹ ਉਨ੍ਹਾਂ ਨੂੰ ਭੱਠੀ ਦੁਆਲੇ ਹੀ ਬਿਠਾ ਲੈਂਦਾ। ਫਿਰ ਉਹ ਅਖ਼ਬਾਰਾਂ ਵਿੱਚ ਪਾ-ਪਾ ਕੇ ਲੋਕਾਂ ਨੂੰ ਤੋਲ-ਤੋਲ ਕੇ ਜਲੇਬੀਆਂ ਦਿੰਦਾ। ਅੱਧੀਆਂ ਕੁ ਜਲੇਬੀਆਂ ਤਾਂ ਅਸੀਂ ਰਾਹ ਵਿੱਚ ਹੀ ਨਿਬੇੜ ਦਿਆ ਕਰਦੇ। ਘਰ ਜਾ ਕੇ, ‘ਬਸ, ਲੱਛੇ ਨੇ ਇੰਨੀਆਂ ਕੁ ਹੀ ਦਿੱਤੀਆਂ ਨੇ’ ਕਹਿ ਕੇ ਚੁੱਪ-ਚਾਪ ਚੌਂਕੇ ਵਾਲੀ ਬੰਨੀ ’ਤੇ ਧਰ ਦਿੰਦੇ।
‘ਕੋਈ ਗੱਲ ਨਹੀਂ, ਕੱਲ੍ਹ ਨੂੰ ਹੋਰ ਲੈ ਆਵਾਂਗੇ’ ਆਖਦਿਆਂ ਸਾਰਿਆਂ ਨੇ ਉਸੇ ਅਖ਼ਬਾਰ ’ਤੇ ਰੱਖੀਆਂ ਚਾਰ-ਚਾਰ ਜਲੇਬੀਆਂ ਨਾਲ ਜੁਟ ਜਾਣਾ। ਰਿੜੀ ਤਾਂ ਇੱਕ ਦਿਨ ਮਿਲਦੀ ਪਰ ਜਲੇਬੀਆਂ ਕਈ-ਕਈ ਦਿਨ ਚੱਲਦੀਆਂ। ਇਸੇ ਚਾਅ ਕਰਕੇ ਹੀ ਅਸੀਂ ਘਰ ਦਾ ਕੰਮ ਹੱਥੋ-ਹੱਥੀ ਨਿਬੇੜ ਦਿੰਦੇ। ਲੱਛਾ ਹਾੜੀ-ਸਾਉਣੀ ਲਾਲ-ਪੀਲੀਆਂ ਜਲੇਬੀਆਂ ਦਾ ਲੰਗਰ ਲਾਉਂਦਾ ਪਰ ਅੱਗੇ-ਪਿੱਛੇ ਉਹ ਆਪਣੇ ਪੱਕੇ ਕੰਮ ’ਤੇ ਆ ਜਾਂਦਾ, ਸਾਈਕਲਾਂ ਦੇ ਪੈਂਚਰ ਲਾਉਣ ਤੋਂ ਬਾਅਦ ਟਿਊਬਾਂ ਘੁਮਾ-ਘੁਮਾ ਕੇ ਵੇਖਦਾ। ਇਸੇ ਤਰ੍ਹਾਂ ਮਹਿਰਿਆਂ ਦਾ ਮੰਗਤ ਸਿੰਘ, ਜਿਸ ਨੂੰ ਸਾਰਾ ਪਿੰਡ ‘ਮੰਗਾ’ ਕਹਿ ਕੇ ਬੁਲਾਉਂਦਾ, ਸਿਆਲ ਦੇ ਦਿਨਾਂ ਵਿੱਚ ਸਵੇਰੇ-ਸਵੇਰੇ ਮੂੰਹ-ਹਨੇਰੇ ਹੋਕਾ ਦਿੰਦਾ, “ਤਾਜ਼ੇ ਰਸ, ਡਬਲ ਰੋਟੀਆਂ ਲਓ ਜੀ!” ਉਹ ਸਾਈਕਲ ’ਤੇ ਚੜ੍ਹ ਕੇ ਪੂਰੇ ਪਿੰਡ ਦਾ ਚੱਕਰ ਲਾਉਂਦਾ। ਦਿਨੇ ਉਹ ਸਕੂਲ ਕੋਲ ਕਦੇ ਮਰੁੰਡਾ, ਕਦੇ ਅਮਰੂਦ, ਕਦੇ ਜਾਮਣ ਅਤੇ ਕਦੇ ਬਰਫ਼ ਦੇ ਰੰਗ-ਬਿਰੰਗੇ ਰਸ-ਗੋਲੇ ਬਣਾ-ਬਣਾ ਕੇ ਵੇਚਦਾ।
ਇਸੇ ਤਰ੍ਹਾਂ ਦਲਿਤ ਪਰਿਵਾਰ ਦਾ ਇੱਕ ਨੌਜਵਾਨ, ਜੋ ਬੋਲਣ ਤੋਂ ਅਸਮਰੱਥ ਸੀ, ਨੂੰ ਪਿੰਡ ਦੇ ਸਾਰੇ ਲੋਕ ‘ਗੂੰਗਾ’ ਕਹਿ ਕੇ ਹੀ ਬੁਲਾਉਂਦੇ ਸਨ। ਪਰਮਾਤਮਾ ਨੇ ਉਸ ਨੂੰ ਕਿਰਤ ਦੀ ਅਜਿਹੀ ਦਾਤ ਬਖ਼ਸ਼ੀ ਸੀ ਕਿ ਇੰਝ ਜਾਪਦਾ ਸੀ ਜਿਵੇਂ ਦਰਗਾਹ ਵਿੱਚ ਅਰਦਾਸ ਉਸੇ ਦੀ ਹੀ ਸੁਣੀ ਜਾਣੀ ਹੋਵੇ। ਵਾਢੀਆਂ ਸਮੇਂ ਉਹ ਮੋਢੇ ’ਤੇ ਵਹਿੰਗੀ ਰੱਖ ਕੇ, ਦੋਹਾਂ ਪਾਸੇ ਦੋ-ਦੋ ਘੜੇ ਪਾਣੀ ਦੇ ਭਰ ਕੇ, ਸਾਰਾ-ਸਾਰਾ ਦਿਨ ਨੰਗੇ ਪੈਰੀਂ ਵਾਢੀ ਵਿੱਚ ਲੱਗੇ ਲੋਕਾਂ ਨੂੰ ਖੇਤ-ਦਰ-ਖੇਤ ਪਾਣੀ ਪਿਆਉਂਦਾ ਅਤੇ ਪੁੰਨ ਖੱਟ ਕੇ ਸ਼ਾਮ ਤੱਕ ਆਪਣੇ ਘੜੇ ਭਰ ਲੈਂਦਾ। ਹਾੜੀ-ਸਾਉਣੀ ਬਦਲੇ ਉਸ ਨੂੰ ਦਾਣਾ-ਫੱਕਾ ਜਾਂ ਕੱਪੜਾ-ਲੀੜਾ ਮਿਲ ਜਾਂਦਾ। ਜਦੋਂ ਬਰਸਾਤਾਂ ਦੇ ਦਿਨਾਂ ਵਿੱਚ ਘੱਗਰ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਤਾਂ ਉਹ ਮਲਾਹ ਬਣ ਕੇ ਬੇੜੀ ਨੂੰ ਚੱਪੂਆਂ ਨਾਲ ਠੱਲ੍ਹ-ਠੱਲ੍ਹ ਕੇ ਲੋਕਾਂ ਨੂੰ ਘੱਗਰ ਪਾਰ ਕਰਾਉਂਦਾ।
ਅਸਲ ਵਿੱਚ, ਗੁਰੂ ਨਾਨਕ ਸਾਹਿਬ ਜੀ ਦੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦੇ ਹੁਕਮ ਨੂੰ ਪੱਲੇ ਬੰਨ੍ਹ ਕੇ ਵਿਚਰਦੇ ਉਹ ਭੋਲੇ-ਭਾਲੇ ਕਿਰਤੀ ਲੋਕ ਸਨ। ਅੱਜ ਦੇ ਇਨਸਾਨ ਨੂੰ ਰੋਜ਼ਗਾਰ ਚਾਹੀਦਾ ਹੈ, ਮੁਫ਼ਤ ਵਾਲੀਆਂ ਰਿਉੜੀਆਂ ਨਹੀਂ। ਅੱਜ ਅਸੀਂ ਕਾਲਜਾਂ ਦੇ ਬੱਚਿਆਂ ਨੂੰ ਅਰਥਸ਼ਾਸਤਰ ਵਿੱਚ ਪੜ੍ਹਾਉਂਦੇ ਹਾਂ ਕਿ ਕਿਸੇ ਚੀਜ਼ ਦੀ ਮੰਗ ਉਸ ਦੀ ਪੂਰਤੀ ਨੂੰ ਖ਼ੁਦ-ਬ-ਖ਼ੁਦ ਪੈਦਾ ਕਰ ਲੈਂਦੀ ਹੈ। ਉਨ੍ਹਾਂ ਭੋਲੇ-ਭਾਲੇ ਲੋਕਾਂ ਕੋਲ ਕੁਦਰਤੀ ਤੌਰ ’ਤੇ ਹੀ ਇਹ ਗੁਣ ਸਨ, ਜਿਸ ਚੀਜ਼ ਦਾ ਸੀਜ਼ਨ ਹੁੰਦਾ, ਉਹ ਉਸੇ ਅਨੁਸਾਰ ਆਪਣਾ ਕਿੱਤਾ ਬਦਲ ਲੈਂਦੇ। ਅਜੋਕੇ ਸਮੇਂ ਵਿੱਚ ਵੀ ਕਿਰਤੀ ਬੰਦੇ ‘ਘਾਲਿ ਖਾਇ ਕਿਛੁ ਹਥਹੁ ਦੇਇ’ ਦੇ ਸਿਧਾਂਤ ਅਨੁਸਾਰ ਸੱਚੀ-ਸੁੱਚੀ ਕਿਰਤ ਕਰਨ ਵਿੱਚ ਹੀ ਵਿਸ਼ਵਾਸ ਰੱਖਦੇ ਹਨ ਅਤੇ ਦਿਲੋਂ ਅਮੀਰ ਹੋ ਕੇ ਵੰਡ ਕੇ ਛਕਦੇ ਹਨ।
ਸੰਪਰਕ: 94164-47468

