ਮੇਰੇ ਅੰਦਰ ਵਸਦਾ ਪਿੰਡ...!
ਸਮੇਂ ਦੇ ਗੇੜ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਹੈ: ਕੱਚੇ ਕੋਠੇ, ਸਾਂਝੇ ਚੁੱਲ੍ਹੇ ਅਤੇ ਬੇਫ਼ਿਕਰੀ ਵਾਲੇ ਦਿਨ। ਫਿਰ ਵੀ ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ, ਜੋ ਸਮੇਂ ਨਾਲ ਵੀ ਕਦੇ ਵਿਸਰਦੀਆਂ ਨਹੀਂ। ਨਾਨਕੇ ਪਿੰਡ ’ਚ ਬਜ਼ੁਰਗ ਮਾਤਾ (ਜੋ ਰਿਸ਼ਤੇ...
ਸਮੇਂ ਦੇ ਗੇੜ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਹੈ: ਕੱਚੇ ਕੋਠੇ, ਸਾਂਝੇ ਚੁੱਲ੍ਹੇ ਅਤੇ ਬੇਫ਼ਿਕਰੀ ਵਾਲੇ ਦਿਨ। ਫਿਰ ਵੀ ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ, ਜੋ ਸਮੇਂ ਨਾਲ ਵੀ ਕਦੇ ਵਿਸਰਦੀਆਂ ਨਹੀਂ। ਨਾਨਕੇ ਪਿੰਡ ’ਚ ਬਜ਼ੁਰਗ ਮਾਤਾ (ਜੋ ਰਿਸ਼ਤੇ ’ਚੋਂ ਨਾਨੀ ਲੱਗਦੇ ਸਨ) ਦੇ ਭੋਗ ’ਤੇ ਜਾਣ ਦੇ ਸਬੱਬ ਨੇ ਉਨ੍ਹਾਂ ਪੁਰਾਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ।
ਭਾਵੇਂ ਮੌਕਾ ਗ਼ਮ ਦਾ ਸੀ, ਪਰ ਉੱਥੇ ਜਿਹੜੇ ਪੁਰਾਣੇ ਬਜ਼ੁਰਗਾਂ ਨਾਲ ਮੇਲ-ਮਿਲਾਪ ਹੋਇਆ, ਉਸ ਨੇ ਦਿਲ ’ਚ ਛੁਪੇ ਜਜ਼ਬਾਤ ਦੇ ਬੰਨ੍ਹ ਤੋੜ ਦਿੱਤੇ। ਜਦੋਂ ਮੈਂ ਆਪਣੀ ਮਾਂ (ਮੰਮੀ) ਨੂੰ ਨਾਲ ਲੈ ਕੇ ਜਾ ਰਿਹਾ ਸੀ ਤਾਂ ਮੈਂ ਸਿਰਫ਼ ਸਫ਼ਰ ਤੈਅ ਨਹੀਂ ਸੀ ਕਰ ਰਿਹਾ ਸਗੋਂ ਅਤੀਤ ਦੇ ਉਸ ਸੁਨਹਿਰੀ ਦੌਰ ਵੱਲ ਵਧ ਰਿਹਾ ਸੀ, ਜਿੱਥੇ ਮੇਰੀ ਮਾਂ ਦਾ ਬਚਪਨ ਬੀਤਿਆ ਸੀ। ਉੱਥੇ ਮੇਰੀ ਮੁਲਾਕਾਤ ਮਾਂ ਦੀ ਚਾਚੀ ਨਾਲ ਹੋਈ, ਜੋ ਰਿਸ਼ਤੇ ’ਚ ਮੇਰੀ ਨਾਨੀ ਲੱਗਦੇ ਹਨ। ਜਦੋਂ ਬਜ਼ੁਰਗ ਨਾਨੀ ਨੇ ਮੇਰੀ ਮਾਂ ਦੇ ਸਿਰ ’ਤੇ ਆਪਣਾ ਕੰਬਦਾ ਹੱਥ ਰੱਖਿਆ ਅਤੇ ਸਿਰ ਪਲੋਸਿਆ ਤਾਂ ਮੈਨੂੰ ਇੰਝ ਜਾਪਿਆ ਜਿਵੇਂ ਵਕਤ ਉੱਥੇ ਹੀ ਰੁਕ ਗਿਆ ਹੋਵੇ।
ਉਮਰਦਰਾਜ਼ ਔਰਤ, ਜੋ ਖ਼ੁਦ ਕਈ ਬੱਚਿਆਂ ਦੀ ਮਾਂ ਅਤੇ ਦਾਦੀ-ਨਾਨੀ ਹੈ, ਆਪਣੀ ਚਾਚੀ ਅੱਗੇ ਫਿਰ ਤੋਂ ਛੋਟੀ ਜਿਹੀ ਮਾਸੂਮ ਧੀ ਬਣ ਗਈ ਸੀ। ਜਦੋਂ ਮੰਮੀ ਨੇ ਉਨ੍ਹਾਂ ਨੂੰ ਚਾਚੀ ਜੀ ਕਹਿ ਕੇ ਆਵਾਜ਼ ਮਾਰੀ ਤਾਂ ਬਜ਼ੁਰਗ ਨਾਨੀ ਦੇ ਚਿਹਰੇ ’ਤੇ ਆਈ ਮੁਸਕਰਾਹਟ ਅਤੇ ਅੱਖਾਂ ਦੀ ਚਮਕ ਬਿਆਨ ਨਹੀਂ ਕੀਤੀ ਜਾ ਸਕਦੀ। ਉਸ ਇੱਕ ਲਫ਼ਜ਼ ’ਚ ਪਤਾ ਨਹੀਂ ਕਿੰਨੇ ਦਹਾਕਿਆਂ ਦਾ ਪਿਆਰ, ਅਪਣੱਤ ਅਤੇ ਸਤਿਕਾਰ ਸੀ। ਉੱਥੇ ਮੈਨੂੰ ਆਪਣੀ ਇੱਕ ਛੋਟੀ ਭੈਣ ਨੂੰ ਮਿਲਣ ਦਾ ਮੌਕਾ ਵੀ ਮਿਲਿਆ, ਜੋ ਅੱਜ-ਕੱਲ੍ਹ ਪੇਸ਼ੇ ਵਜੋਂ ਅਧਿਆਪਕਾ ਹੈ।
ਅਸੀਂ ਬਚਪਨ ਵਿੱਚ ਇਕੱਠੇ ਖੇਡਦੇ ਹੁੰਦੇ ਸਾਂ ਅਤੇ ਅੱਜ ਇੰਨੇ ਸਾਲਾਂ ਬਾਅਦ ਉਸ ਛੋਟੀ ਭੈਣ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ। ਫਿਰ ਪੁਰਾਣੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਨੇ ਅੱਜ ਦੀ ‘ਮੋਬਾਈਲ ਅਤੇ ਸਕਰੀਨ’ ਵਾਲੀ ਦੁਨੀਆ ਨੂੰ ਪਿੱਛੇ ਛੱਡ ਦਿੱਤਾ। ਦੋਵੇਂ ਜਣੇ ਬੈਠ ਕੇ ਉਨ੍ਹਾਂ ਦਿਨਾਂ ਨੂੰ ਯਾਦ ਕਰਨ ਲੱਗੇ ਜਦੋਂ ਰਾਤਾਂ ਨੂੰ ਕੋਠਿਆਂ ’ਤੇ ਬੈਠ ਕੇ ਤਾਰਿਆਂ ਦੀ ਛਾਂ ਹੇਠ ਬਜ਼ੁਰਗਾਂ ਕੋਲੋਂ ਬਾਤਾਂ (ਕਹਾਣੀਆਂ) ਸੁਣਦੇ ਹੁੰਦੇ ਸਾਂ। ਪਿੰਡ ਵਿੱਚ ਸਾਂਝੇ ਤੰਦੂਰ ਹੁੰਦੇ ਸਨ, ਜਿੱਥੇ ਇੱਕ-ਦੂਜੇ ਦੇ ਘਰੋਂ ਆਟਾ ਗੁੰਨ੍ਹ ਕੇ ਲਿਜਾਇਆ ਜਾਂਦਾ ਸੀ ਅਤੇ ਰੋਟੀਆਂ ਲਾਹੁੰਦਿਆਂ ਸੁੱਖ-ਦੁੱਖ ਸਾਂਝੇ ਕੀਤੇ ਜਾਂਦੇ ਸਨ।
ਉਦੋਂ ਭਾਵੇਂ ਪਦਾਰਥਕ ਗ਼ਰੀਬੀ ਸੀ, ਪਰ ਦਿਲਾਂ ਵਿੱਚ ਅਮੀਰੀ ਅਤੇ ਪਿਆਰ ਸੀ। ਮੈਂ ਦੂਰ ਬੈਠਾ ਆਪਣੀ ਮਾਂ ਦੇ ਚਿਹਰੇ ਦੇ ਹਾਵ-ਭਾਵ ਦੇਖ ਰਿਹਾ ਸੀ। ਉਨ੍ਹਾਂ ਦੇ ਚਿਹਰੇ ’ਤੇ ਉਹ ਖ਼ੁਸ਼ੀ ਸੀ, ਜੋ ਸ਼ਾਇਦ ਮੈਂ ਲੱਖਾਂ ਰੁਪਏ ਖਰਚ ਕੇ ਵੀ ਨਹੀਂ ਸੀ ਦੇ ਸਕਦਾ। ਉਹ ਆਪਣੀਆਂ ਜੜ੍ਹਾਂ ਨੂੰ ਦੁਬਾਰਾ ਛੂਹਣ ਦੀ ਖ਼ੁਸ਼ੀ ਸੀ। ਇਸ ਅਨੁਭਵ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਦਿਲ ਨੂੰ ਇੱਕ ਡੂੰਘਾ ਸਬਕ ਦਿੱਤਾ।
ਸਾਡੇ ਬਜ਼ੁਰਗ ਅੱਜ ਦੇ ਸ਼ਹਿਰੀ ਅਤੇ ਆਧੁਨਿਕ ਮਾਹੌਲ ਵਿੱਚ ਭਾਵੇਂ ਰਹਿ ਰਹੇ ਹਨ, ਪਰ ਉਨ੍ਹਾਂ ਦੀ ਰੂਹ ਹਮੇਸ਼ਾ ਉਨ੍ਹਾਂ ਦੇ ਪਿੰਡਾਂ ਦੀ ਮਿੱਟੀ ਵਿੱਚ ਹੀ ਵਸੀ ਰਹਿੰਦੀ ਹੈ। ਸਾਨੂੰ ਜ਼ਿੰਦਗੀ ਦੀ ਭੱਜ-ਦੌੜ ’ਚੋਂ ਸਮਾਂ ਕੱਢ ਕੇ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਪੇਕੇ, ਨਾਨਕੇ ਜਾਂ ਪੁਰਾਣੇ ਪਿੰਡਾਂ ਵਿੱਚ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ। ਜਦੋਂ ਉਹ ਆਪਣੇ ਬਚਪਨ ਦੀਆਂ ਗਲੀਆਂ ਦੇਖਦੇ ਹਨ, ਪੁਰਾਣੇ ਹਾਣੀਆਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ।
ਉਨ੍ਹਾਂ ਦਾ ਇਕਲਾਪਾ ਦੂਰ ਹੁੰਦਾ ਹੈ ਅਤੇ ਉਹ ਖ਼ੁਦ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਹਨ। ਆਪਣੇ ਬਜ਼ੁਰਗਾਂ ਦੇ ਚਿਹਰੇ ’ਤੇ ਇਹ ਖ਼ੁਸ਼ੀ ਦੇਖਣਾ ਹੀ ਸਾਡੀ ਸਭ ਤੋਂ ਵੱਡੀ ਕਮਾਈ ਹੈ। ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣੀ ਮਾਂ ਨੂੰ ਉਸ ਸੁਨਹਿਰੀ ਅਤੀਤ ਦੀ ਸੈਰ ਕਰਵਾਈ, ਜਿਸ ਨੇ ਉਨ੍ਹਾਂ ਦੀ ਰੂਹ ਨੂੰ ਬਾਗੋਬਾਗ ਕਰ ਦਿੱਤਾ। ਜਦੋਂ ਅਸੀਂ ਘਰ ਆ ਰਹੇ ਸੀ ਤਾਂ ਮੇਰੀ ਮਾਂ ਦੇ ਚਿਹਰੇ ’ਤੇ ਵਿਲੱਖਣ ਖ਼ੁਸ਼ੀ ਸੀ।
ਸੰਪਰਕ: 94175-50795

