ਜਦੋਂ ਮਾਂ ਟੈਲੀਗਰਾਮ ਤੋਂ ਡਰੀ...
ਤਕਰੀਬਨ 40-50 ਸਾਲ ਪਹਿਲਾਂ ਪਿੰਡਾਂ ਵਿੱਚ ਟੈਲੀਫੋਨ ਦੀ ਸਹੂਲਤ ਨਹੀਂ ਸੀ ਹੁੰਦੀ। ਇਸ ਲਈ ਦੂਰ-ਦੁਰਾਡੇ ਰਹਿੰਦੇ ਲੋਕ ਚਿੱਠੀਆਂ ਰਾਹੀਂ ਹੀ ਆਪਸ ਵਿੱਚ ਜੁੜੇ ਹੋਏ ਸਨ ਅਤੇ ਚਿੱਠੀਆਂ ਰਾਹੀਂ ਹੀ ਸੁਖ-ਦੁਖ ਦਾ ਸੁਨੇਹਾ ਸਾਂਝਾ ਕਰਦੇ ਸਨ। ਉਸ ਦੌਰ ’ਚ ਮੈਂ (1975...
ਤਕਰੀਬਨ 40-50 ਸਾਲ ਪਹਿਲਾਂ ਪਿੰਡਾਂ ਵਿੱਚ ਟੈਲੀਫੋਨ ਦੀ ਸਹੂਲਤ ਨਹੀਂ ਸੀ ਹੁੰਦੀ। ਇਸ ਲਈ ਦੂਰ-ਦੁਰਾਡੇ ਰਹਿੰਦੇ ਲੋਕ ਚਿੱਠੀਆਂ ਰਾਹੀਂ ਹੀ ਆਪਸ ਵਿੱਚ ਜੁੜੇ ਹੋਏ ਸਨ ਅਤੇ ਚਿੱਠੀਆਂ ਰਾਹੀਂ ਹੀ ਸੁਖ-ਦੁਖ ਦਾ ਸੁਨੇਹਾ ਸਾਂਝਾ ਕਰਦੇ ਸਨ। ਉਸ ਦੌਰ ’ਚ ਮੈਂ (1975 ਵਿੱਚ) ਮੁਜ਼ੱਫਰਪੁਰ (ਬਿਹਾਰ) ਵਿੱਚ ਪੀ ਟੀ ਮਾਸਟਰ ਦਾ ਕੋਰਸ ਕਰਨ ਗਿਆ ਸੀ।
ਮੋਬਾਈਲ ਫੋਨ ਅਤੇ ਟੈਲੀਫੋਨਾਂ ਦੀ ਸਹੂਲਤ ਨਾ ਹੋਣ ਕਾਰਨ ਅਸੀਂ ਸਿਰਫ਼ ਚਿੱਠੀਆਂ ਰਾਹੀਂ ਆਪਣੇ ਪਰਿਵਾਰਾਂ ਨਾਲ ਸੰਪਰਕ ਰੱਖਦੇ ਸੀ। ਜਦੋਂ ਸਾਨੂੰ ਆਪਣੀ ਫੀਸ ਅਤੇ ਹੋਰ ਖ਼ਰਚਿਆਂ ਲਈ ਪੈਸੇ ਦੀ ਲੋੜ ਹੁੰਦੀ ਤਾਂ ਅਸੀਂ ਆਪਣੇ ਮਾਪਿਆਂ ਨੂੰ ਚਿੱਠੀ ਲਿਖ ਕੇ ਪੈਸੇ ਭੇਜਣ ਲਈ ਕਹਿੰਦੇ ਸੀ। ਇਸੇ ਦੌਰਾਨ ਸਾਡੇ ਨਾਲ ਹੋਰ ਪੜ੍ਹਦੇ ਮੁੰਡਿਆਂ ਨੇ ਕਿਹਾ ਕਿ ਜੇ ਤੁਸੀਂ ਜਲਦੀ ਪੈਸੇ ਮੰਗਵਾਉਣੇ ਹਨ ਤਾਂ ਟੈਲੀਗਰਾਮ ਕਰਕੇ ਪੈਸੇ ਮੰਗਵਾ ਸਕਦੇ ਹੋ। ਉਨ੍ਹਾਂ ਵੱਲੋਂ ਦਿੱਤੇ ਸੁਝਾਅ ’ਤੇ ਹੀ ਮੈਂ ਆਪਣੇ ਪਿੰਡ ਮੱਟਰਾਂ ਵਿੱਚ ਪੈਸੇ ਮੰਗਵਾਉਣ ਲਈ ਟੈਲੀਗਰਾਮ (ਤਾਰ) ਕਰ ਦਿੱਤੀ। ਸਾਡੇ ਪਿੰਡ ਮੱਟਰਾਂ ਅਤੇ ਨੇੜਲੇ ਪਿੰਡਾਂ ਵਿੱਚ ਡਾਕਖਾਨਾ ਨਾ ਹੋਣ ਕਾਰਨ ਆਲੇ-ਦੁਆਲੇ ਦੇ ਸਾਰੇ ਪਿੰਡਾਂ ਨੂੰ ਭਵਾਨੀਗੜ੍ਹ ਹੀ ਮੁੱਖ ਡਾਕਖਾਨਾ ਪੈਂਦਾ ਸੀ। ਟੈਲੀਗਰਾਮ ਦੀ ਸਹੂਲਤ ਵੀ ਉੱਥੋਂ ਹੀ ਹੁੰਦੀ ਸੀ। ਮੇਰੇ ਵੱਲੋਂ ਭੇਜੀ ਗਈ ਟੈਲੀਗਰਾਮ ਡਾਕੀਆ ਲੈ ਕੇ ਸਾਡੇ ਪਿੰਡ ਪਹੁੰਚਿਆ। ਉਸ ਨੇ ਸਾਡੇ ਘਰ ਜਾ ਕੇ ਕਿਹਾ ਕਿ ਤੁਹਾਡੇ ਮੁੰਡੇ ਦੀ ਤਾਰ (ਟੈਲੀਗਰਾਮ) ਆਈ ਹੈ। ਉਨ੍ਹਾਂ ਦਿਨਾਂ ਵਿੱਚ ਟੈਲੀਗਰਾਮ (ਤਾਰ) ਆਉਣ ਨੂੰ ਬਹੁਤ ਹੀ ਮਾੜਾ ਸਮਝਿਆ ਜਾਂਦਾ ਸੀ ਕਿਉਂਕਿ ਫ਼ੌਜ ਵਿੱਚ ਭਰਤੀ ਹੋਏ ਨੌਜਵਾਨਾਂ ਦੀ ਜਦੋਂ ਕਿਤੇ ਪਿੰਡ ਵਿੱਚ ਤਾਰ ਆਉਂਦੀ ਸੀ ਤਾਂ ਇਹ ਸਮਝਿਆ ਜਾਂਦਾ ਸੀ ਬਈ ਉਸ ਫ਼ੌਜੀ ਜਵਾਨ ਦੀ ਮੌਤ ਹੋ ਗਈ ਜਾਂ ਉਸ ਨਾਲ ਕੋਈ ਘਟਨਾ ਮਾੜੀ ਘਟਨਾ ਵਾਪਰ ਗਈ ਹੈ। ਇਸ ਲਈ ਮੇਰੀ ਮਾਤਾ ਨੇ ਵੀ ਇਹ ਸਮਝ ਲਿਆ ਕਿ ਜਿਹੜੀ ਟੈਲੀਗਰਾਮ ਆਈ ਹੈ ਤਾਂ ਮੇਰੇ ਪੁੱਤ ਨਾਲ ਵੀ ਕੋਈ ਮਾੜੀ ਘਟਨਾ ਵਾਪਰ ਗਈ ਹੈ, ਜਿਸ ਕਾਰਨ ਤਾਰ ਦਾ ਨਾਂ ਸੁਣ ਕੇ ਮੇਰੀ ਮਾਤਾ ਭੁੱਬਾਂ ਮਾਰ ਕੇ ਰੋਣ ਲੱਗ ਪਈ। ਡਾਕੀਏ ਨੇ ਉਸ ਨੂੰ ਮਸਾਂ ਸੰਭਾਲਦਿਆਂ ਕਿਹਾ, ‘‘ਮਾਤਾ, ਕੋਈ ਮਾੜੀ ਗੱਲ ਨਹੀਂ ਵਾਪਰੀ। ਉਹ ਠੀਕ-ਠਾਕ ਹੈ। ਤੁਹਾਡੇ ਪੁੱਤਰ ਨੇ ਜਲਦੀ ਪੈਸੇ ਮੰਗਵਾਉਣ ਲਈ ਤਾਰ ਭੇਜੀ ਹੈ।’’ ਡਾਕੀਏ ਵੱਲੋਂ ਤਾਰ ਦਾ ਪੂਰਾ ਮਜ਼ਮੂਨ ਪੜ੍ਹ ਕੇ ਸੁਣਾਉਣ ਤੋਂ ਬਾਅਦ ਹੀ ਮੇਰੀ ਮਾਂ ਨੂੰ ਸੱਚ ਆਇਆ।
ਇਸ ਘਟਨਾ ਬਾਰੇ ਜਦੋਂ ਮੇਰੇ ਚਚੇਰੇ ਭਰਾ ਨਾਹਰ ਸਿੰਘ ਸਿੱਧੂ ਨੇ ਮੈਨੂੰ ਖ਼ਤ ਲਿਖ ਕੇ ਜਾਣਕਾਰੀ ਦਿੱਤੀ ਤਾਂ ਅਸੀਂ ਸਾਰੇ ਜਣੇ ਪਹਿਲਾਂ ਬਹੁਤ ਹੱਸੇ ਅਤੇ ਫਿਰ ਸਾਨੂੰ ਵੀ ਅਹਿਸਾਸ ਹੋਇਆ ਕਿ ਪਿੰਡਾਂ ਵਿੱਚ ਟੈਲੀਗਰਾਮ ਭਾਵ ਤਾਰ ਨੂੰ ਕਿੰਨਾ ਮਾੜਾ ਗਿਣਿਆ ਜਾਂਦਾ ਸੀ। ਅੱਜ ਜਦੋਂ ਪੰਜ ਦਹਾਕਿਆਂ ਬਾਅਦ ਉਸ ਦੌਰ ਨੂੰ ਯਾਦ ਕਰਦੇ ਹਾਂ ਤਾਂ ਇੰਨੀ ਵੱਡੀ ਤਬਦੀਲੀ ਸਾਫ਼ ਨਜ਼ਰ ਆਉਂਦੀ ਹੈ। ਅੱਜਕੱਲ੍ਹ ਨੌਜਵਾਨ ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਵਿੱਚ ਪਹੁੰਚ ਕੇ ਵੀ ਆਪਣੇ ਮਾਪਿਆਂ ਨਾਲ ਹਰ ਵਕਤ ਮੋਬਾਈਲ ਫੋਨਾਂ ਅਤੇ ਹੋਰ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਜੁੜੇ ਰਹਿੰਦੇ ਹਨ ਜਦੋਂਕਿ ਉਸ ਸਮੇਂ ਅਸੀਂ ਦੂਜੇ ਸੂਬੇ ਵਿੱਚ ਰਹਿੰਦੇ ਹੋਏ ਹੀ ਆਪਣੇ ਪਰਿਵਾਰਾਂ ਤੋਂ ਬਿਲਕੁਲ ਟੁੱਟੇ ਹੋਏ ਸਾਂ।
ਸੰਪਰਕ: 98142-07558

