ਇੱਕ ਸੱਟ, ਜੋ ਯਾਦ ਬਣ ਗਈ
ਗੱਲ ਉੱਨੀ ਸੌ ਛਿਆਨਵੇਂ ਦੀ ਹੈ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮੈਂ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜ ਵਿੱਚ ਦਾਖ਼ਲਾ ਲਿਆ। ਉਸ ਸਮੇਂ ਨਾ ਤਾਂ ਅੱਜ ਵਾਂਗ ਹਰ ਘਰ ਵਿੱਚ ਐਕਟਿਵਾ ਜਾਂ ਸਕੂਟੀਆਂ ਹੁੰਦੀਆਂ ਸਨ ਅਤੇ ਨਾ ਹੀ ਆਵਾਜਾਈ ਦੇ...
ਗੱਲ ਉੱਨੀ ਸੌ ਛਿਆਨਵੇਂ ਦੀ ਹੈ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਮੈਂ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜ ਵਿੱਚ ਦਾਖ਼ਲਾ ਲਿਆ। ਉਸ ਸਮੇਂ ਨਾ ਤਾਂ ਅੱਜ ਵਾਂਗ ਹਰ ਘਰ ਵਿੱਚ ਐਕਟਿਵਾ ਜਾਂ ਸਕੂਟੀਆਂ ਹੁੰਦੀਆਂ ਸਨ ਅਤੇ ਨਾ ਹੀ ਆਵਾਜਾਈ ਦੇ ਇੰਨੇ ਸਾਧਨ। ਆਮ ਕਰਕੇ ਘਰਾਂ ਵਿੱਚ ਸਾਈਕਲ ਜਾਂ ਫਿਰ ਵੱਧ ਤੋਂ ਵੱਧ ਸਕੂਟਰ ਹੀ ਹੁੰਦਾ ਸੀ। ਕਾਰ ਤਾਂ ਬਹੁਤ ਹੀ ਵਿਰਲੇ-ਟਾਵੇਂ ਘਰਾਂ ਵਿੱਚ ਹੁੰਦੀ ਸੀ। ਜੇ ਕਿਤੇ ਕੋਈ ਰਿਸ਼ਤੇਦਾਰ ਕਾਰ ’ਤੇ ਕਿਸੇ ਦੇ ਘਰ ਆਉਂਦਾ ਤਾਂ ਚਾਅ ਨਾ ਚੁੱਕਿਆ ਜਾਂਦਾ ਅਤੇ ਜਾਣ ਵੇਲੇ ਘਰ ਦੇ ਸਾਰੇ ਬੱਚਿਆਂ ਨੇ ਕਾਰ ’ਤੇ ਝੂਟਾ ਲੈਣਾ ਬੜੀ ਵੱਡੀ ਪ੍ਰਾਪਤੀ ਸਮਝਣਾ।
ਸਕੂਲ ਜਾਂ ਕਾਲਜ ਵੀ ਜ਼ਿਆਦਾਤਰ ਵਿਦਿਆਰਥੀ ਸਾਈਕਲਾਂ ’ਤੇ ਜਾਂ ਪੈਦਲ ਹੀ ਜਾਂਦੇ ਸਨ। ਮੈਂ ਵੀ ਬਾਰ੍ਹਵੀਂ ਤੱਕ ਸਾਈਕਲ ’ਤੇ ਹੀ ਸਕੂਲ ਜਾਂਦੀ ਰਹੀ। ਮੇਰੇ ਤੋਂ ਪੰਜ ਸਾਲ ਛੋਟਾ ਮੇਰਾ ਭਰਾ ਸਾਈਕਲ ’ਤੇ ਮੇਰੇ ਪਿੱਛੇ ਬੈਠ ਜਾਂਦਾ ਤੇ ਛੋਟੀ ਭੈਣ ਆਪਣੀ ਵੱਖਰੀ ਸਾਈਕਲ ’ਤੇ ਸਾਡੇ ਨਾਲ-ਨਾਲ ਚੱਲਦੀ। ਉਹ ਸਮਾਂ ਬਹੁਤ ਹੀ ਸਾਦਾ, ਸੁਖਾਵਾਂ ਅਤੇ ਅਪਣੱਤ ਭਰਿਆ ਸੀ। ਕਾਲਜ ਜਾਣ ਸਮੇਂ ਵੀ ਅਸੀਂ ਚਾਰ-ਪੰਜ ਸਹੇਲੀਆਂ ਇਕੱਠੀਆਂ ਘਰੋਂ ਨਿਕਲਦੀਆਂ, ਰਸਤੇ ਵਿੱਚ ਇੱਕ-ਦੂਜੇ ਨੂੰ ਆਵਾਜ਼ਾਂ ਮਾਰਦੀਆਂ, ਗੱਲਾਂ ਕਰਦੀਆਂ, ਹੱਸਦੀਆਂ-ਖੇਡਦੀਆਂ ਕਾਲਜ ਪਹੁੰਚ ਜਾਂਦੀਆਂ।
ਕਾਲਜ ਪੜ੍ਹਦਿਆਂ ਮੇਰੇ ਮਨ ਵਿੱਚ ਸਕੂਟਰ ਚਲਾਉਣਾ ਸਿੱਖਣ ਦੀ ਇੱਛਾ ਜਾਗੀ। ਉਸ ਸਮੇਂ ਕੁੜੀ ਦਾ ਸਕੂਟਰ ਸਿੱਖਣਾ ਇੱਕ ਨਿਵੇਕਲੀ ਗੱਲ ਮੰਨੀ ਜਾਂਦੀ ਸੀ। ਸਾਡੇ ਘਰ ਇੱਕ ‘ਚੇਤਕ’ ਸਕੂਟਰ ਸੀ। ਮੈਂ ਆਪਣੇ ਡੈਡੀ ਜੀ ਨਾਲ ਇਹ ਇੱਛਾ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਬੜੀ ਖ਼ੁਸ਼ੀ ਨਾਲ ਹਾਂ ਕਰ ਦਿੱਤੀ। ਉਨ੍ਹਾਂ ਦੀ ਸੋਚ ਹਮੇਸ਼ਾ ਸਕਾਰਾਤਮਕ ਰਹੀ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਮਨ ਵਿੱਚ ਕੁਝ ਨਵਾਂ ਸਿੱਖਣ ਦੀ ਤਾਂਘ ਹੋਵੇ ਤਾਂ ਜ਼ਰੂਰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸਾਨੂੰ ਕਦੇ ਵੀ ਕਿਸੇ ਜਾਇਜ਼ ਗੱਲ ਤੋਂ ਨਹੀਂ ਰੋਕਿਆ।
ਸੋ, ਸਕੂਟਰ ਸਿੱਖਣ ਲਈ ਮੈਂ ਹਰ ਸ਼ਾਮ ਡੈਡੀ ਜੀ ਨਾਲ ਸ਼ਹਿਰ ਦੀ ਦਾਣਾ ਮੰਡੀ ਵਿੱਚ ਜਾਣ ਲੱਗੀ। ਉੱਥੇ ਖੁੱਲ੍ਹੀ ਜਗ੍ਹਾ ’ਤੇ ਸਕੂਟਰ ਚਲਾਉਣ ਦਾ ਅਭਿਆਸ ਕਰਦੀ। ਦੋ-ਤਿੰਨ ਦਿਨਾਂ ਵਿੱਚ ਹੀ ਮੈਨੂੰ ਸਕੂਟਰ ਚਲਾਉਣਾ ਆ ਗਿਆ ਅਤੇ ਰੋਜ਼ਾਨਾ ਦੇ ਅਭਿਆਸ ਨਾਲ ਮੇਰਾ ਆਤਮ-ਵਿਸ਼ਵਾਸ ਵੀ ਵਧਦਾ ਗਿਆ। ਇੱਕ ਦਿਨ ਮੈਨੂੰ ਲੱਗਾ ਕਿ ਹੁਣ ਮੈਂ ਪੂਰੀ ਤਰ੍ਹਾਂ ਸਕੂਟਰ ਚਲਾਉਣਾ ਸਿੱਖ ਗਈ ਹਾਂ। ਮੈਂ ਡੈਡੀ ਜੀ ਨੂੰ ਕਿਹਾ, “ਅੱਜ ਮੈਂ ਤੁਹਾਨੂੰ ਪਿੱਛੇ ਬਿਠਾ ਕੇ ਵਾਪਸ ਘਰ ਲੈ ਕੇ ਜਾਵਾਂਗੀ।” ਡੈਡੀ ਮੁਸਕਰਾ ਕੇ ਕਹਿਣ ਲੱਗੇ, “ਚੰਗਾ, ਤੂੰ ਮੇਨ ਸੜਕ ’ਤੇ ਪਹੁੰਚਣ ਤੱਕ ਚਲਾ ਲੈ, ਅੱਗੇ ਮੈਂ ਚਲਾ ਲਵਾਂਗਾ।”
ਅਸੀਂ ਦਾਣਾ ਮੰਡੀ ਤੋਂ ਨਿਕਲੇ ਹੀ ਸਾਂ ਕਿ ਅਚਾਨਕ ਸਕੂਟਰ ਦੇ ਅੱਗੇ ਕੋਈ ਇੱਟ ਜਾਂ ਪੱਥਰ ਆ ਗਿਆ ਅਤੇ ਸਕੂਟਰ ਸੜਕ ’ਤੇ ਡਿੱਗ ਪਿਆ। ਡੈਡੀ ਜੀ ਨੇ ਤਾਂ ਆਪਣੇ ਆਪ ਨੂੰ ਸੰਭਾਲ ਲਿਆ ਪਰ ਮੇਰਾ ਸੱਜਾ ਪੈਰ ਸਕੂਟਰ ਹੇਠਾਂ ਆ ਗਿਆ ਅਤੇ ਮੈਨੂੰ ਕਾਫੀ ਸੱਟ ਲੱਗ ਗਈ। ਉਸੇ ਵੇਲੇ ਉੱਥੇ ਮੌਜੂਦ ਲੋਕਾਂ ਵਿੱਚੋਂ ਇੱਕ ਸੱਜਣ, ਜੋ ਮੈਨੂੰ ਕਾਫ਼ੀ ਦਿਨਾਂ ਤੋਂ ਅਭਿਆਸ ਕਰਦਿਆਂ ਦੇਖ ਰਹੇ ਸਨ, ਤੁਰੰਤ ਸਾਡੀ ਮਦਦ ਲਈ ਅੱਗੇ ਆਏ ਅਤੇ ਮੁਸਕਰਾਉਂਦਿਆਂ ਕਿਹਾ, “ਗੁੱਡੀ, ਹੁਣ ਤੂੰ ਪੱਕੇ ਪੈਰੀਂ ਹੋ ਗਈ ਹੈਂ। ਇੱਕ ਵਾਰ ਸੱਟ ਲੱਗਣਾ ਤਾਂ ਸ਼ਗਨ ਹੀ ਹੁੰਦਾ ਹੈ।” ਉਸ ਸਮੇਂ ਤਾਂ ਮੈਂ ਦਰਦ ਨਾਲ ਬੇਹਾਲ ਸਾਂ, ਇਸ ਲਈ ਉਸ ਗੱਲ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ। ਪਰ ਅੱਜ ਜਦੋਂ ਉਸ ਘਟਨਾ ਨੂੰ ਯਾਦ ਕਰਦੀ ਹਾਂ ਤਾਂ ਉਹ ਸ਼ਬਦ ਵੀ ਚੇਤੇ ਆ ਜਾਂਦੇ ਹਨ। ਸ਼ਾਇਦ ਉਹ ਸੱਚ ਹੀ ਕਹਿ ਰਹੇ ਸਨ। ਉਸ ਪਹਿਲੀ ਸੱਟ ਤੋਂ ਬਾਅਦ ਮੈਂ ਫਿਰ ਕਦੇ ਵੀ ਸਕੂਟਰ ਜਾਂ ਸਕੂਟੀ ਚਲਾਉਣ ਤੋਂ ਨਹੀਂ ਡਰੀ। ਉਸ ਹਾਦਸੇ ਨੇ ਮੈਨੂੰ ਹੋਰ ਵੀ ਸਾਵਧਾਨ ਅਤੇ ਆਤਮ-ਵਿਸ਼ਵਾਸੀ ਬਣਾ ਦਿੱਤਾ।
ਖ਼ੈਰ, ਘਰ ਦੇ ਨੇੜੇ ਹੀ ਇੱਕ ਆਰ ਐੱਮ ਪੀ ਡਾਕਟਰ ਸਨ, ਜਿਨ੍ਹਾਂ ਨੂੰ ਅਸੀਂ ਅੰਕਲ ਕਹਿ ਕੇ ਬੁਲਾਉਂਦੇ ਸਾਂ। ਮੈਂ ਪੱਟੀ ਕਰਵਾਉਣ ਲਈ ਉਨ੍ਹਾਂ ਕੋਲ ਗਈ। ਉਨ੍ਹਾਂ ਨੇ ਪੁੱਛਿਆ, “ਬੇਟਾ, ਇਹ ਸੱਟ ਕਿਵੇਂ ਲੱਗੀ?” ਪਰ ਮੈਂ ਸ਼ਰਮ ਅਤੇ ਝਿਜਕ ਕਾਰਨ ਸੱਚ ਦੱਸਣ ਦੀ ਹਿੰਮਤ ਨਾ ਕਰ ਸਕੀ। ਮੈਂ ਕਿਹਾ, “ਅੰਕਲ, ਮੈਂ ਪੌੜੀਆਂ ਤੋਂ ਡਿੱਗ ਪਈ ਸੀ।” ਸੱਟ ਕਾਫ਼ੀ ਡੂੰਘੀ ਸੀ, ਇਸ ਲਈ ਮੈਨੂੰ ਲਗਾਤਾਰ 15 ਦਿਨ ਪੱਟੀਆਂ ਕਰਵਾਉਣੀਆਂ ਪਈਆਂ। ਡਾਕਟਰ ਅੰਕਲ ਆਪਣੇ ਤਜਰਬੇ ਦੇ ਆਧਾਰ ’ਤੇ ਇਸ ਗੱਲ ਦਾ ਭੇਤ ਪਾ ਚੁੱਕੇ ਸਨ ਕਿ ਇਹ ਸੱਟ ਪੌੜੀਆਂ ਤੋਂ ਡਿੱਗ ਕੇ ਨਹੀਂ ਲੱਗੀ ਹੋ ਸਕਦੀ। ਪਰ ਉਹ ਫਿਰ ਵੀ ਹਰ ਰੋਜ਼ ਹੱਸ ਕੇ ਉਹੀ ਸਵਾਲ ਪੁੱਛਦੇ ਅਤੇ ਮੈਂ ਹਰ ਵਾਰ ਉਹੀ ਜਵਾਬ ਦੇ ਦਿੰਦੀ।
ਜਦੋਂ ਜ਼ਖ਼ਮ ਪੂਰੀ ਤਰ੍ਹਾਂ ਭਰ ਗਿਆ ਤਾਂ ਆਖ਼ਰੀ ਦਿਨ ਮੈਂ ਹੱਸਦਿਆਂ ਕਿਹਾ, “ਅੰਕਲ, ਕਿਸੇ ਨੂੰ ਦੱਸਿਓ ਨਾ, ਮੈਂ ਤਾਂ ਸਕੂਟਰ ਚਲਾਉਂਦੀ ਡਿੱਗ ਪਈ ਸੀ।” ਮੇਰੀ ਗੱਲ ਸੁਣ ਕੇ ਉਹ ਵੀ ਹੱਸ ਪਏ। ਸਮੇਂ ਦੇ ਨਾਲ ਜ਼ਖ਼ਮ ਤਾਂ ਭਰ ਗਿਆ, ਪਰ ਉਸ ਸੱਟ ਦਾ ਨਿਸ਼ਾਨ ਅੱਜ ਵੀ ਮੇਰੇ ਸੱਜੇ ਪੈਰ ’ਤੇ ਮੌਜੂਦ ਹੈ। ਬਾਅਦ ਵਿੱਚ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲੀ ਅਤੇ ਸਰਵਿਸ ਬੁੱਕ ਵਿੱਚ ਸਰੀਰ ਦੇ ਪਛਾਣ-ਚਿੰਨ੍ਹ ਦਰਜ ਕਰਵਾਉਣੇ ਸਨ ਤਾਂ ਮੈਂ ਇਸ ਸੱਟ ਦਾ ਨਿਸ਼ਾਨ ਵੀ ਦਰਜ ਕਰਵਾਇਆ। ਇਹ ਨਿਸ਼ਾਨ ਮੈਨੂੰ ਹਰ ਵਾਰ ਉਸ ਦਿਨ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ। ਅੱਜ ਮੈਂ ਬਿਨਾਂ ਕਿਸੇ ਡਰ ਦੇ ਹਰ ਰੋਜ਼ ਸਕੂਟੀ ਚਲਾ ਕੇ ਆਪਣੇ ਸਕੂਲ ਜਾਂਦੀ ਹਾਂ। ਪਰ ਸਕੂਟਰ ਸਿੱਖਣ ਦਾ ਉਹ ਪਹਿਲਾ ਤਜਰਬਾ, ਡੈਡੀ ਜੀ ਦਾ ਦਿੱਤਾ ਹੌਸਲਾ, ਉਹ ਸੱਟ, ਲੋਕਾਂ ਦੀ ਉਹ ਗੱਲ ਅਤੇ ਆਪਣੀ ਝਿਜਕ, ਇਹ ਸਭ ਅੱਜ ਵੀ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਅਨਮੋਲ ਯਾਦਾਂ ਵਿੱਚ ਸ਼ਾਮਲ ਹਨ। ਸੱਚਮੁੱਚ, ਜ਼ਿੰਦਗੀ ਦੀਆਂ ਕੁਝ ਸੱਟਾਂ ਸਿਰਫ਼ ਦਰਦ ਹੀ ਨਹੀਂ ਦਿੰਦੀਆਂ, ਸਗੋਂ ਉਮਰ ਭਰ ਲਈ ਇੱਕ ਮਿੱਠੀ ਯਾਦ ਬਣ ਜਾਂਦੀਆਂ ਹਨ।
ਸੰਪਰਕ: 98885-38630

