ਧੀ ਵੱਲੋਂ ਪਿਤਾ ਨੂੰ ਪੱਤਰ

ਕੋਈ ਹਰਿਆ ਬੂਟ ਰਹਿਓ ਰੀ...

ਕੋਈ ਹਰਿਆ ਬੂਟ ਰਹਿਓ ਰੀ...

ਪਿਆਰੇ ਪਾਪਾ, ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਅੱਜ ਤੁਹਾਨੂੰ ਵੱਡੇ ਨਾਟਕ ਵਿਚ ਭੂਮਿਕਾ ਨਿਭਾਉਣ ਲਈ ਸੱਦ ਰਹੀ ਹਾਂ ਅਤੇ ਇਹ ਚਿੱਠੀ ਨਾਟਕ ‘ਕੋਈ ਹਰਿਆ ਬੂਟ ਰਹਿਓ ਰੀ’ ਦੇ ਤੁਹਾਡੇ ਲਿਖੇ ਸੰਵਾਦ ਦੇ ਹਵਾਲੇ ਨਾਲ ਹੀ ਸ਼ੁਰੂ ਕਰਾਂਗੀ। ਤੁਸੀਂ ਲਿਖਿਆ ਸੀ, “ਮੈਂ ਨਾਨਕ ਸਿੰਘ ਹਾਂ, ਮੈਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਹਿੰਦੇ ਹਨ ਪਰ ਮੈਂ ਆਪਣੇ ਆਪ ਨੂੰ ਪੰਜਾਬੀ ਸਾਹਿਤ ਦਾ ਮਾਮੂਲੀ ਜਿਹਾ ਸੇਵਕ ਹੀ ਸਮਝਿਆ ਹੈ। ਮੇਰਾ ਵਾਸਾ ਇਸ ਵੇਲੇ ਉੱਥੇ ਹੈ ਜਿਸ ਨੂੰ ਧਰਤੀ ਦੇ ਲੋਕ ਸਵਰਗ ਕਹਿੰਦੇ ਹਨ ਪਰ ਧਰਤੀ ਦੇ ਲੋਕ ਕਾਫੀ ਬੁੱਧੂ ਕਿਸਮ ਦੇ ਲੋਕ ਹਨ। ਕਿਉਂਕਿ ਸਵਰਗ ਨਾਂ ਦੀ ਕੋਈ ਵੀ ਚੀਜ਼ ਬ੍ਰਹਿਮੰਡ ਵਿਚ ਨਹੀਂ। ਜੋ ਕੁਝ ਹੈ, ਉਹ ਏਸੇ ਧਰਤੀ ਤੇ ਹੈ। ਜੇ ਇਸ ਨੂੰ ਸਵਰਗ ਬਣਾ ਲਈਏ ਤਾਂ ਸਵਰਗ ਹੈ, ਜੇ ਨਰਕ ਬਣਾ ਲਈਏ ਤਾਂ ਇਹ ਨਰਕ ਹੈ। ਮੈਨੂੰ ਯਾਦ ਕੀਤਾ ਗਿਆ ਹੈ ਤੇ ਹੁਣ ਮੈਂ ਨਾਟਕ ਦਾ ਪਾਤਰ ਹਾਂ। ਨਾਟਕ ਵਿਚ ਸਵਾਂਗ ਰਚਣੇ ਹੀ ਪੈਂਦੇ ਹਨ।”

ਭਾਈ ਮੰਨਾ ਸਿੰਘ! ਜਿਹੜਾ ਨਾਟਕ ਇਸ ਵਕਤ ਤੁਹਾਡੀ ਧਰਤੀ ਤੇ ਚੱਲ ਰਿਹਾ ਹੈ, ਤੁਸੀਂ ਇਸ ਵਿਚ ਸ਼ੁਰੂ ਤੋਂ ਹੀ ਸ਼ਾਮਲ ਰਹੇ ਹੋ। ਸਾਲੋ-ਸਾਲ ਇਸ ਨਾਟਕ ਦੀ ਰਿਹਰਸਲ ਤੁਸੀਂ ਕੀਤੀ ਹੈ। ਹੁਣ ਨਾਟਕ ਸ਼ੁਰੂ ਹੋ ਚੁੱਕਾ ਹੈ। ਦਸ ਮਹੀਨਿਆਂ ਤੋਂ ਨਗਾਰਾ ਲਗਾਤਾਰ ਵੱਜ ਰਿਹਾ ਹੈ। ਮੇਜੋ, ਗੇਜੋ, ਜੱਲ ਕੌਰ ਮੁੱਠੀਆਂ ਤਾਣ ਕੇ, ਝੰਡੇ ਚੁੱਕ ਕੇ ਘਰੋਂ ਬਾਹਰ ਆ ਡਟੀਆਂ ਨੇ। ਬਿਸ਼ਨੀ ਸਟੇਜ ਤੋਂ ਭਾਸ਼ਣ ਦਿੰਦੀ ਹੈ। ਮਿੰਦੋ ਬਾਜ਼ੀਗਰਨੀ ਤੇ ਬੇਬੇ ਭਾਨ ਕੌਰ ਦੀ ਇੰਟਰਵਿਊ ਇੰਟਰਨੈਸ਼ਨਲ ਟੀਵੀ ਚੈਨਲਾਂ ਤੇ ਚਲਦੀ ਹੈ। ਅਖੌਤੀ ਲੀਡਰ ਸੁੱਚਾ ਸਿੰਘ ਦੇ ਗਲ ਵਿਚ ਸੱਚਮੁੱਚ ਹੀ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ ਹੈ। ਭਾਵੇਂ ਕੋਈ ਨੀਲੀ ਪੱਗ ਬੰਨੇ ਭਾਵੇਂ ਚਿੱਟੀ ਬੰਨ੍ਹ ਕੇ ਆਵੇ, ਕੋਈ ਪਿੰਡ ਵਿਚ ਵੜਨ ਨਹੀਂ ਦੇ ਰਿਹਾ। ਜਿਉਂ ਹੀ ਹੂਟਰ ਮਾਰਦੀ ਗੱਡੀ ਪਿੰਡ ਦੀ ਬੀਹੀ ਤੇ ਆਉਂਦੀ ਹੈ, ਜਗਤਾਰ ਸਿੰਘ, ਜਗੀਰ ਸਿੰਘ, ਜੱਗਾ ਸਿੰਘ, ਮਨਜੀਤ ਸਿੰਘ, ਮਿਲਖੀ ਘੁਮਿਆਰ, ਦਿੱਤੂ ਮਜ਼ਹਬੀ, ਰਾਮ ਲਾਲ, ਰਾਮ ਸਿੰਘ, ਕਰਮੋ, ਧੰਨ ਦੇਵੀ, ਨੰਦੀ ਸਾਰੇ ਪਤਾ ਨਹੀਂ ਕਿੱਥੋਂ ਕਾਲੇ ਝੰਡੇ ਚੁੱਕੀ ਆ ਜਾਂਦੇ ਨੇ। ਕੋਈ ਪੰਜਾਂ ਸਾਲਾਂ ਵਿਚ ਦਿੱਤੀਆਂ ਨੌਕਰੀਆਂ ਦਾ ਹਿਸਾਬ ਮੰਗਦੈ, ਕੋਈ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਬਾਰੇ ਪੁੱਛਦਾ ਹੈ, ਜਿਨ੍ਹਾਂ ਕਰਕੇ ਸਰਕਾਰੀ ਥਰਮਲ ਬੰਦ ਹੋ ਗਏ, ਸਾਰੇ ਇਕੱਠੇ ਹੋ ਕੇ ਪੁਛਦੇ ਨੇ ਕਿ ਸੂਬੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੇ ਕਾਰਪੋਰੇਟ ਕਿੱਧਰ ਗਰਕ ਗਏ ਨੇ ਤੇ ਲੋਕ ਬਿਜਲੀ ਨੂੰ ਕਿਉਂ ਤਰਸ ਰਹੇ ਨੇ। ਭਾਈ ਮੰਨਾ ਸਿੰਘ ਭੀੜ ਵਿਚ ਖੜ੍ਹਾ ਦਿਸਦਾ ਹੈ ਜਿਹੜਾ ਸਵਾਲਾਂ ਦੀਆਂ ਪਰਚੀਆਂ ਬਣਾ ਕੇ ਲੋਕਾਂ ਨੂੰ ਅੱਗੇ ਫੜਾਈ ਜਾਂਦਾ ਹੈ। ਪੁਲੀਸ ਬੜੀ ਮੁਸ਼ਕਿਲ ਨਾਲ ਲੀਡਰਾਂ ਨੂੰ ਭੀੜ ਤੋਂ ਬਚਾ ਕੇ ਬਾਹਰ ਕੱਢਦੀ ਹੈ। ਉਨ੍ਹਾਂ ਨੂੰ ਭੱਜਦੇ ਦੇਖ, ਲੋਕ ‘ਕਿਸਾਨ ਮਜ਼ਦੂਰ ਏਕਤਾ ਜਿ਼ੰਦਾਬਾਦ’ ਦੇ ਨਾਅਰੇ ਮਾਰਦੇ ਹਨ, ਇਕੱਠੇ ਬੋਲਦੇ ਨੇ:

ਇੱਕੋ ਮਿੱਟੀ ਦੇ ਪੁੱਤ ਸਾਰੇ

ਸੱਚ ਅਸੀਂ ਇਹ ਜਾਣ ਲਿਆ ਹੈ

ਸਾਂਝਾ ਦੁਸ਼ਮਣ ਹੈ ਕੌਣ ਸਾਡਾ

ਉਸ ਨੂੰ ਅਸੀਂ ਪਛਾਣ ਲਿਆ ਹੈ...

ਦਸ ਮਹੀਨੇ ਹੋਣ ਨੂੰ ਆਏ ਨੇ ਤੁਹਾਡੇ ਪਾਤਰਾਂ ਨੂੰ ਦਿੱਲੀ ਦੇ ਬਾਰਡਰ ਤੇ ਬੈਠੇ। ਮਿਲਖੀ ਤੇ ਧੰਨੋ ਨੂੰ ਜਦੋਂ ਜੋਗਿੰਦਰ ਸਿੰਘ ਉਗਰਾਹਾਂ ਸਮਝਾਉਂਦੇ ਨੇ ਕਿ ਪੈਨਸ਼ਨਾਂ ਦੀ ਝਾਕ ਛੱਡੋ, ਸਰਕਾਰਾਂ ਤੋਂ ਰੁਜ਼ਗਾਰ ਮੰਗੋ ਤਾਂ ਉਹ ਦੋਵੇਂ ਮੁੱਕੀਆਂ ਤਾਣ ਕੇ ਕਹਿੰਦੇ ਨੇ, “ਸਾਨੂੰ ਹਾਕਮਾਂ ਦੀਆਂ ਚਾਲਾਂ ਸਮਝ ਆ ਗਈਆਂ ਹਨ ਪ੍ਰਧਾਨ ਜੀ, ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਹਾਂ।”

ਪਾਪਾ, ਤੁਹਾਨੂੰ ਪਤਾ ਹੈ ਨਾ ਕਿ ਤੁਹਾਡੀ ਵਾਪਸੀ ਦਾ ਰਾਹ ‘ਜਦੋਂ ਰੋਸ਼ਨੀ ਹੁੰਦੀ ਹੈ’ ਨਾਲ ਖੁੱਲ੍ਹਿਆ ਸੀ। ਦਿੱਲੀ ਦਾ ਬਾਦਸ਼ਾਹ ਸਭ ਤੇ ਹਾਵੀ ਹੋ ਚੁੱਕਾ ਹੈ। ਮੁਲਕ ਵਿਚ ਹਨੇਰ ਮਚਿਆ ਹੋਇਆ ਹੈ। ਜੇਲ੍ਹਾਂ ਲਗਾਤਾਰ ਭਰੀਆਂ ਜਾ ਰਹੀਆਂ ਹਨ। ਲੋਕਾਂ ਦਾ ਮੂੰਹ ਬੰਦ ਕਰਵਾਇਆ ਜਾ ਰਿਹਾ ਹੈ। ਮੁਲਕ ਵਿਚ ਮਾਤਮ ਦਾ ਮਾਹੌਲ ਸੀ। ਔਲੀਆ ਮੁਕੱਦਸ ਲੋਕਾਂ ਨੂੰ ਧਰਮ ਦਾ ਪਾਠ ਪੜ੍ਹਾ ਰਿਹਾ ਸੀ। ‘ਇੱਕ ਮੁਲਕ-ਇੱਕ ਧਰਮ’, ਬਾਕੀ ਸਾਰੇ ਵਿਦੇਸ਼ੀ, ਘੁਸਪੈਠੀਏ, ਦੇਸ਼-ਧ੍ਰੋਹੀ। ਹਨੇਰਾ ਡੂੰਘਾ ਹੋ ਰਿਹਾ ਸੀ। ਫਿਰ ਬਾਦਸ਼ਾਹ ਨੇ ਤਿੰਨ ਹੋਰ ਕਾਲੇ ਕਾਨੂੰਨ ਲਾਗੂ ਕੀਤੇ। ਨੰਗੇ ਆਦਮੀ ਨੇ ਰੌਲਾ ਪਾ ਦਿੱਤਾ। ਹਨੇਰੇ ਸੰਨਾਟੇ ਵਿਚ ਉਹਦੀ ਆਵਾਜ਼ ਸਾਰਿਆਂ ਨੇ ਸੁਣ ਲਈ। ਉਹ ਚੀਕ ਚੀਕ ਕੇ ਕਹਿ ਰਿਹਾ ਸੀ, “ਬਾਦਸ਼ਾਹ ਨੇ ਬਹੁਕੌਮੀ ਘਰਾਣਿਆਂ ਤੋਂ ਢੇਰਾਂ ਦੇ ਢੇਰ ਸੋਨਾ ਲੈ ਕੇ ਮੁਲਕ ਵੇਚ ਦਿੱਤਾ ਹੈ”। ‘ਖਬਰਦਾਰ ਖਬਰਦਾਰ’ ਲੋਕ ਜਾਗ ਪਏ। ਬੱਚੇ, ਬੁੱਢੇ, ਤੀਵੀਆਂ ਸਭ ਨੇ ਮਿਲ ਕੇ ਬਾਦਸ਼ਾਹ ਦਾ ਮਹਿਲ ਘੇਰਿਆ ਹੋਇਆ ਹੈ।

ਇੱਕ ਨਹੀ, ਸੈਂਕੜੇ ਭਾਈ ਮੰਨਾ ਸਿੰਘ ਦਿੱਲੀ ਦੇ ਬਾਰਡਰਾਂ ਤੇ ਮਹੀਨਿਆਂ ਤੋਂ ਬੈਠੇ ਹਨ। ਸਾਰਿਆਂ ਵਿਚੋਂ ਤੁਹਾਡੀ ਪਛਾਣ ਕਰਨੀ ਔਖੀ ਹੈ। ਤੁਸੀਂ ਇੱਥੇ ਹੀ ਕਿੱਧਰੇ ਹੋਵੋਗੇ। ਸੱਜਣ ਸਿੰਘ ਤੇ ਇਲਮਦੀਨ ਨੂੰ ਤਾਸ਼ ਦੀ ਖੇਡ ਸਮਝਾਉਂਦੇ ਹੋਏ “ਤਾਸ਼ ਦੇ ਪੱਤਿਆਂ ਵਿਚ ਪਹਿਲਾਂ ਆਉਂਦੀ ਹੈ ਦੁੱਕੀ। ਦੁੱਕੀ ਨੂੰ ਮਾਤ ਦਿੰਦੀ ਹੈ ਤਿੱਕੀ ਤੇ ਤਿੱਕੀ ਨੂੰ ਮਾਤ ਦਿੰਦੀ ਹੈ ਚੌਕੀ... ਚੌਕੀ ਨੂੰ ਪੰਜੀ... ਪੰਜੀ ਨੂੰ ਛਿੱਕੀ... ਇਸ ਤਰ੍ਹਾਂ ਹਰ ਨਿੱਕੇ ਨੂੰ ਵੱਡਾ ਕਾਟ ਕਰਦਾ ਏ... ਫਿਰ ਆਉਂਦਾ ਹੈ ਦਹਿਲਾ-ਦਸ ਟਿਮਕਣਿਆਂ ਵਾਲਾ... ਪਰ ਇਹ ਮਾਰ ਖਾਂਦਾ ਹੈ ਗੋਲੇ ਕੋਲੋਂ ਜੋ ਅੱਗੇ ਬੇਗਮ ਦਾ ਗੁਲਾਮ ਏ... ਤੇ ਬੇਗਮ ਦਾ ਜ਼ੋਰ ਇਸ ਲਈ ਹੈ ਕਿ ਉਸ ਦੇ ਪਿੱਛੇ ਬੈਠਾ ਏ ਬਾਦਸ਼ਾਹ... ਪਰ ਇਹ ਜੋ ਹੈ ਨਾ ਯੱਕਾ ਮਤਲਬ ਇੱਕਾ, ਇੱਕੇ ਦਾ ਮਤਲਬ ‘ਏਕਾ’ ਤੇ ਜੇ ਇਹ ਕੋਲ ਹੋਵੇ ਤਾਂ ਬੇਗਮਾਂ ਬਾਦਸ਼ਾਹ ਦੀ ਬਾਜ਼ੀ ਵੀ ਮਾਤ ਪੈ ਜਾਂਦੀ ਏ”। ਭਾਈ ਮੰਨਾ ਸਿੰਘ ਅੱਜ ਬਾਰਡਰ ਤੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਖੰਡ ਤੇ ਮੁਲਕ ਦੇ ਕਈ ਹੋਰ ਹਿੱਸਿਆਂ ਤੋਂ ਸਿੱਖ, ਮੁਸਲਮਾਨ, ਹਿੰਦੂ ਕਿਸਾਨ ਤੀਵੀਆਂ ਮਰਦ ਮੋਰਚਾ ਲਾਈ ਬੈਠੇ ਨੇ। ਲਗਦੈ, ਲੋਕਾਂ ਨੂੰ ਤਾਸ਼ ਦੀ ਖੇਡ ਸਮਝ ਆ ਗਈ ਹੈ। ਲੋਕਾਂ ਨੇ ਮਿੱਟੀ ਦਾ ਮੁੱਲ ਪਛਾਣ ਲਿਆ ਹੈ। ਸ਼ਿੱਬੂ ਕਹਿ ਰਿਹਾ ਹੈ- “ਬੰਦਾ ਜੇਕਰ ਕਰਨ ਤੇ ਆ ਜਾਏ ਤਾਂ ਫਿਰ ਰੱਬ ਦੇ ਕੀਤੇ ਵਿਚ ਵੀ ਦਖ਼ਲ ਦੇ ਦਿੰਦਾ ਏ...।”

ਥਾਂ ਥਾਂ ਨਾਟਕ ਹੋ ਰਹੇ ਹਨ। ਗੀਤ ਗਾਏ ਜਾ ਰਹੇ ਹਨ। ਸੁਣੋ ਕੰਵਰ ਗਰੇਵਾਲ ਤੇ ਹਰਫ਼ ਗਾ ਰਹੇ ਹਨ- “ਚੇਤੇ ਰੱਖਿਓ ਨਹੀਂ ਮੁੱਕਿਆ, ਨਹੀਂ ਮੁੱਕਿਆ ਘੋਲ ਕਿਸਾਨੀ ਦਾ...।”

“ਭਾਈ ਮੰਨਾ ਸਿੰਘ ਲੋਕ ਸੰਘਰਸ਼ਾਂ ਵਿਚ ਸਭਿਆਚਾਰਕ ਕਾਮੇ ਹਿਰਾਵਲ ਦਸਤੇ ਹੁੰਦੇ ਹਨ।” ਇਹ ਤੁਸੀਂ ਹੀ ਆਖਿਆ ਸੀ। ਬਹੁਤ ਸਾਰੇ ਪਿਆਰ ਨਾਲ, ਤੁਹਾਡੀ ਧੀ,

-ਅਰੀਤ

ਬਾਅਦ ਵਿਚ ਸੁੱਝੀ: ਅੱਜ ਤੁਹਾਡਾ ਜਨਮ ਦਿਨ ਵੀ ਹੈ ਪਰ ਤੁਸੀ ਜ਼ਰੂਰ ਕਹੋਗੇ ਕਿ “ਭਾਈ ਮੰਨਾ ਸਿੰਘ, ਜਨਮ ਦਿਨ ਨਹੀਂ; ਇਨਸਾਨ ਦਾ ਜੀਵਨ ਮਹੱਤਵਪੂਰਨ ਹੁੰਦਾ ਹੈ।”

ਸੰਪਰਕ: 98153-58034

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All