ਨਾਈਟ ਸ਼ਿਫਟ
ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਬਾਅਦ ਡਰਾਈਵਿੰਗ ਕਰਨਾ ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਉਦਯੋਗ, ਜੋ ਚੌਵੀ ਘੰਟੇ ਲਗਾਤਾਰ ਚੱਲਦੇ ਹਨ, ਉਨ੍ਹਾਂ ਵਿੱਚ ਅੱਠ-ਅੱਠ ਘੰਟੇ ਦੀਆਂ ਤਿੰਨ ਸ਼ਿਫਟਾਂ ਚੱਲਦੀਆਂ ਹਨ। ਆਮ ਤੌਰ ’ਤੇ ਪਹਿਲੀ...
ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਬਾਅਦ ਡਰਾਈਵਿੰਗ ਕਰਨਾ ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਉਦਯੋਗ, ਜੋ ਚੌਵੀ ਘੰਟੇ ਲਗਾਤਾਰ ਚੱਲਦੇ ਹਨ, ਉਨ੍ਹਾਂ ਵਿੱਚ ਅੱਠ-ਅੱਠ ਘੰਟੇ ਦੀਆਂ ਤਿੰਨ ਸ਼ਿਫਟਾਂ ਚੱਲਦੀਆਂ ਹਨ। ਆਮ ਤੌਰ ’ਤੇ ਪਹਿਲੀ ਸ਼ਿਫਟ ਸਵੇਰੇ 6 ਵਜੇ, ਫਿਰ ਦੁਪਹਿਰ ਬਾਅਦ 2 ਵਜੇ ਅਤੇ ਤੀਜੀ ਸ਼ਿਫ਼ਟ ਰਾਤ 10 ਵਜੇ ਸ਼ੁਰੂ ਹੁੰਦੀ ਹੈ। ਮਨੁੱਖ ਨੇ ਘੜੀ ਬਣਾਈ ਸੀ ਤਾਂ ਜੋ ਸਮੇਂ ਦੀ ਤੋਰ ਨੂੰ ਮਾਪ ਸਕੇ, ਪਰ ਹੌਲੀ-ਹੌਲੀ ਇਸ ਘੜੀ ਨੇ ਮਨੁੱਖ ਨੂੰ ਆਪਣੇ ਘੇਰੇ ਦੁਆਲੇ ਘੁੰਮਣ ਲਾ ਲਿਆ ਹੈ।
ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਮੈਨੂੰ ਪੰਜਾਬ ਦੇ ਇੱਕ ਵੱਡੇ ਪ੍ਰੋਸੈਸਿੰਗ ਉਦਯੋਗ ਵਿੱਚ ਮਕੈਨੀਕਲ ਰੱਖ-ਰਖਾਓ ਵਿਭਾਗ ਵਿੱਚ ਸ਼ਿਫਟਾਂ ਅਧੀਨ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਹਫ਼ਤੇ ਬਾਅਦ ਡਿਊਟੀ ਬਦਲ ਦਿੱਤੀ ਜਾਂਦੀ ਸੀ। ਡਿਊਟੀ ਬਦਲਣਾ, ਪੂਰੀ ਟੀਮ ਬਦਲਣਾ ਜਾਂ ਕੁਝ ਸਹਿਕਰਮੀਆਂ ਦੀ ਅਦਲਾ-ਬਦਲੀ ਦੀ ਇਹ ਪ੍ਰਕਿਰਿਆ ਮਨੁੱਖੀ ਮਨ ਨੂੰ ਲਗਾਤਾਰ ਅਸਥਿਰਤਾ ਵਿੱਚ ਰੱਖਦੀ ਹੈ। ਇਨ੍ਹਾਂ ਸਭ ਸ਼ਿਫਟਾਂ ਵਿੱਚੋਂ ਰਾਤ ਦੀ ਸ਼ਿਫਟ ਸਭ ਤੋਂ ਔਖੀ ਸੀ, ਪਰ ਉਦਯੋਗਿਕ ਮੁਨਾਫ਼ਿਆਂ ਸਾਹਮਣੇ ਮਨੁੱਖੀ ਥਕਾਵਟ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਰਾਤ ਦੀਆਂ ਸ਼ਿਫਟਾਂ ਮਨੁੱਖ ਅਤੇ ਸਮੇਂ ਦੇ ਟਕਰਾਅ ਨੂੰ ਹੋਰ ਗਹਿਰਾ ਕਰ ਦਿੰਦੀਆਂ ਹਨ। ਰਾਤ, ਜੋ ਮਨੁੱਖੀ ਚੇਤਨਾ ਵਿੱਚ ਆਰਾਮ, ਸੁਪਨਿਆਂ ਅਤੇ ਅੰਦਰੂਨੀ ਸੰਵਾਦ ਦਾ ਸਮਾਂ ਹੁੰਦਾ ਹੈ, ਇਹੀ ਰਾਤ ਉਦਯੋਗਿਕ ਸੰਸਾਰ ਵਿੱਚ ਉਤਪਾਦਨ ਦਾ ਸਮਾਂ ਬਣ ਜਾਂਦੀ ਹੈ।
ਰਾਤ ਦੀ ਸ਼ਿਫਟ ਸਿਹਤ ਲਈ ਵੀ ਸੰਭਾਵੀ ਜੋਖ਼ਮ ਬਣ ਜਾਂਦੀ ਹੈ। ਨੀਂਦ, ਖਾਣ-ਪੀਣ, ਪਰਿਵਾਰਕ ਸਮਾਂ, ਇਹ ਸਭ ਕੁਝ ਗੜਬੜ ਹੋ ਜਾਂਦਾ ਹੈ। ਰਾਤਾਂ ਨੂੰ ਜਾਗਣ ਵਾਲਾ ਆਪਣੀ ਨੀਂਦ ਦਿਨ ਦੇ ਸੂਰਜ ਹੇਠ ਲੱਭਦਾ ਫਿਰਦਾ ਹੈ। ਉਦੋਂ ਮੇਰੇ ਨਾਲ ਵੀ ਇਹੀ ਹੁੰਦਾ ਸੀ। ਹਫ਼ਤੇ ਦੇ ਸ਼ੁਰੂ ਵਿੱਚ ਇਹ ਤਬਦੀਲੀ ਬੇਹੱਦ ਔਖੀ ਲੱਗਦੀ, ਪਰ ਅੰਤ ਤੱਕ ਸਰੀਰ ਜਿਵੇਂ ਥਕਾਵਟ ਨਾਲ ਸਮਝੌਤਾ ਕਰ ਲੈਂਦਾ।
ਇੱਕ ਵਾਰ ਇੱਥੇ ਲਗਾਤਾਰ ਸ਼ਿਫਟ ਬਦਲਣ ਦੀਆਂ ਇਨ੍ਹਾਂ ਘੁੰਮਣਘੇਰੀਆਂ ਵਿੱਚ ਜਦੋਂ ਮੇਰੀ ਹਫ਼ਤੇ ਦੀ ਰਾਤ ਦੀ ਸ਼ਿਫਟ ਸ਼ੁਰੂ ਹੋਈ, ਉਸੇ ਪਹਿਲੀ ਰਾਤ ਮਕੈਨੀਕਲ ਬ੍ਰੇਕਡਾਊਨ ਕਾਰਨ ਫੈਕਟਰੀ ਦੀ ਚਾਲ ਰੁਕ ਗਈ। ਸਾਰੀ ਰਾਤ ਇਸ ਬ੍ਰੇਕਡਾਊਨ ਨੂੰ ਹੱਲ ਕਰਨ ਲਈ ਜੱਦੋਜਹਿਦ ਵਿੱਚ ਅਤੇ ਮੈਨਪਾਵਰ ਪ੍ਰਬੰਧਨ ਵਿੱਚ ਲੰਘ ਗਈ ਅਤੇ ਇੱਕ ਵੀ ਪਲ ਨੀਂਦਰ ਨਾ ਲਈ। ਜਦੋਂ ਸ਼ਿਫਟ ਦੇ ਅੰਤ ’ਤੇ ਪਲਾਂਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਤਾਂ ਮਸ਼ੀਨਾਂ ਆਪਣੀ ਲੈਅ ਵਿੱਚ ਵਾਪਸ ਆ ਗਈਆਂ, ਪਰ ਮੇਰਾ ਤਨ-ਮਨ ਆਪਣੀ ਲੈਅ ਗੁਆ ਬੈਠਿਆ ਸੀ। ਮੇਰਾ ਸਰੀਰ ਨੀਂਦ ਭਾਲਦਾ ਸੀ। ਆਧੁਨਿਕ ਉਦਯੋਗਿਕ ਸਮਾਜ ਵਿੱਚ ਨੀਂਦ ਨੂੰ ਵੀ ਇੱਕ ਗ਼ੈਰ-ਉਤਪਾਦਕ ਸਮਾਂ ਮੰਨਿਆ ਜਾਣ ਲੱਗਿਆ ਹੈ ਜਦੋਂ ਨੀਂਦ ਮਨੁੱਖ ਦਾ ਅਧਿਕਾਰ ਨਹੀਂ, ਬਲਕਿ ਇੱਕ ਰੁਕਾਵਟ ਦੀ ਤਰ੍ਹਾਂ ਦੇਖੀ ਜਾਂਦੀ ਹੈ।
ਉਨ੍ਹਾਂ ਦਿਨਾਂ ਵਿੱਚ ਫੈਕਟਰੀ ਆਉਣ-ਜਾਣ ਲਈ ਵਰਤਿਆ ਜਾਣ ਵਾਲਾ ਨਵਾਂ ਮੋਟਰਸਾਈਕਲ ਮੇਰੇ ਲਈ ਘਰ ਤੋਂ ਫੈਕਟਰੀ ਤੱਕ ਆਉਣ ਜਾਣ ਦਾ ਸਾਧਨ ਹੀ ਨਹੀਂ ਸੀ ਸਗੋਂ ਮੇਰੀ ਥਕਾਵਟ ਅਤੇ ਸੰਘਰਸ਼ ਦਾ ਸਾਥੀ ਵੀ ਸੀ ਅਤੇ ਮੇਰੇ ਅੰਦਰ ਚੱਲ ਰਹੇ ਉਸ ਅਸੰਤੁਲਨ ਦਾ ਗਵਾਹ ਵੀ।
ਉਸ ਸਵੇਰ ਰਿਲੀਵਰ ਸ਼ਿਫਟ ਇੰਜੀਨੀਅਰ ਨਾਲ ਮੁਲਾਕਾਤ ਕਰਕੇ ਅਤੇ ਉਸ ਦੇ ਹਵਾਲੇ ਡਿਊਟੀ ਦੀ ਜ਼ਿੰਮੇਵਾਰੀ ਸੌਂਪ ਕੇ, ਮੈਂ ਜਿਵੇਂ ਸੁਰਖਰੂ ਹੋ ਗਿਆ ਸੀ। ਘਰ ਜਾਣ ਲਈ ਮੈਂ ਆਪਣੀ ਨਵੀਂ ਮੋਟਰਸਾਈਕਲ ਦੀ ਸੀਟ ਨੂੰ ਥਾਪੜਾ ਦਿੱਤਾ। ਥਾਪੜਾ ਮਾਰਨ ਵੇਲੇ ਮੈਂ ਮੋਟਰਸਾਈਕਲ ਨੂੰ ਮੱਲੋ-ਮੱਲੀ ਕਹਿ ਦਿੰਦਾ ਸੀ, ‘ਚੱਲ ਬਈ ਘੋੜਿਆ’। ਸਿਰਫ਼ 5 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਫੈਕਟਰੀ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਲਿੰਕ ਸੜਕ ਰਾਹੀਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਸੜਕ ਦੇ ਦੋਵੇਂ ਪਾਸੇ ਖੇਤਾਂ ਵਿੱਚ ਕਣਕ ਦੀ ਵਾਢੀ ਜਾਰੀ ਸੀ। ਇਹ ਦ੍ਰਿਸ਼ ਕੁਦਰਤ ਦੀ ਨਿਰੰਤਰਤਾ ਦੇ ਦਰਸ਼ਨ ਕਰਵਾ ਰਿਹਾ ਸੀ। ਮਨੁੱਖੀ ਥਕਾਵਟ ਦੇ ਬਾਵਜੂਦ ਸਮਾਂ ਆਪਣੀ ਚਾਲ ਨਾਲ ਅੱਗੇ ਵਧਦਾ ਰਹਿੰਦਾ ਹੈ। ਮੋਟਰਸਾਈਕਲ ਦੀ ਸੀਟ ’ਤੇ ਬੈਠਿਆਂ ਸਵੇਰੇ-ਸਵੇਰੇ ਮੈਂ ਠੰਢੀ ਹਵਾ ਮਾਣ ਰਿਹਾ ਸੀ। ਮਨ ਭਵਿੱਖ ਦੀ ਉਧੇੜ-ਬੁਣ ਵਿੱਚ ਗੁਆਚਿਆ ਹੋਇਆ ਸੀ, ਉਹੀ ਭਵਿੱਖ, ਜੋ ਅਕਸਰ ਮਨੁੱਖ ਨੂੰ ਵਰਤਮਾਨ ਤੋਂ ਵਿਛੋੜ ਦਿੰਦਾ ਹੈ। ਨੀਂਦ ਪੂਰੀ ਤਰ੍ਹਾਂ ਭਾਰੂ ਸੀ ਅਤੇ ਮੇਰਾ ਸਰੀਰ ਨੀਂਦ ਨੂੰ ਜਿਵੇਂ ਕਹਿ ਰਿਹਾ ਸੀ ਬੱਸ ਅੱਧਾ ਘੰਟਾ ਹੋਰ...। ਅਖ਼ੀਰ ਨੀਂਦ ਨੇ ਮੈਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਮੈਨੂੰ ਮੋਟਰਸਾਈਕਲ ਚਲਾਉਂਦੇ ਨੂੰ ਹੀ ਨੀਂਦ ਆ ਗਈ। ਜਦੋਂ ਅੱਖ ਖੁੱਲ੍ਹੀ ਤਾਂ ਮੈਂ ਇੱਕ ਖੇਤ ਵਿੱਚ ਡਿੱਗਿਆ ਹੋਇਆ ਸੀ। ਖੇਤ ਵਿੱਚ ਕੰਮ ਕਰਦਾ ਕਿਸਾਨ ਮੇਰੇ ਵੱਲ ਭੱਜਿਆ ਆਇਆ ਅਤੇ ਮੈਨੂੰ ਉਠਾਇਆ। ਮੈਂ ਉਸ ਨੂੰ ਦੱਸਿਆ ਕਿ ਅੱਖ ਲੱਗ ਜਾਣ ਕਾਰਨ ਮੇਰਾ ਸੰਤੁਲਨ ਵਿਗੜ ਗਿਆ ਸੀ। ਕੁਦਰਤ ਦੀ ਕਿਰਪਾ ਨਾਲ ਉਸ ਦਿਨ ਮੇਰੇ ਨਾਲ ਬਹੁਤ ਵੱਡਾ ਹਾਦਸਾ ਹੁੰਦਾ ਹੁੰਦਾ ਟਲ ਗਿਆ ਸੀ।
ਨੀਂਦ ਉੱਤੇ ਬਹੁਤ ਸਾਰੇ ਕਵੀਆਂ ਨੇ ਬਹੁਤ ਕੁਝ ਲਿਖਿਆ ਹੈ ਪਰ ਮੈਨੂੰ ਮੁਨੱਵਰ ਰਾਣਾ ਦਾ ਇੱਕ ਸ਼ੇਅਰ ਯਾਦ ਆ ਜਾਂਦਾ ਹੈ, ‘ਸੋ ਜਾਤੇ ਹੈਂ ਫੁੱਟਪਾਥ ਪੇ ਅਖ਼ਬਾਰ ਬਿਛਾ ਕਰ, ਮਜ਼ਦੂਰ ਕਭੀ ਨੀਂਦ ਕੀ ਗੋਲੀ ਨਹੀਂ ਖਾਤੇ।’
ਸੰਸਾਰ ਭਰ ਦੇ ਕਿਸੇ ਵੀ ਹਿੱਸੇ ਵਿੱਚ ਆਪਣੇ ਹਿੱਸੇ ਵਾਲੀ ਰਾਤ ਦੀ ਨੀਂਦ ਤਿਆਗ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਰਾਤ ਦੀਆਂ ਸ਼ਿਫਟਾਂ ਕਰਨ ਵਾਲਿਆਂ ਨੂੰ ਮੇਰਾ ਦਿਲੋਂ ਸਲਾਮ ਅਤੇ ਉਨ੍ਹਾਂ ਨੂੰ ਇਹ ਸਲਾਹ ਵੀ ਦੇਣੀ ਚਾਹਾਂਗਾ ਕਿ ਪੂਰੀ ਨੀਂਦ ਲਏ ਬਿਨਾਂ ਕਦੇ ਵੀ ਡਰਾਈਵਿੰਗ ਨਾ ਕਰਨ ਕਿਉਂਕਿ ਜਿਵੇਂ ਕੋਈ ਵੀ ਵਾਕ ਬਿਨਾਂ ਵਿਰਾਮ ਦੇ ਅਰਥ ਬਦਲ ਦਿੰਦਾ ਹੈ, ਇਉਂ ਬਿਨਾਂ ਨੀਂਦ ਦੇ ਜੀਵਨ ਵੀ ਆਪਣੀ ਚਾਲ ਗੁਆ ਬੈਠਦਾ ਹੈ।
ਸੰਪਰਕ: 81466-46477

