ਅਵਨੀਤ ਕੌਰ
ਦੋ ਛੁੱਟੀਆਂ ਸਨ, ਮੈਂ ਹੋਸਟਲ ਤੋਂ ਸਹੇਲੀ ਸੰਜਨਾ ਨਾਲ ਉਸ ਦੇ ਘਰ ਆ ਗਈ। ਸ਼ਹਿਰ ਦੇ ਕੋਨੇ ਬਣਿਆ ਮਕਾਨ। ਸੁੰਦਰ, ਸਾਦਾ ਤੇ ਹਰਿਆ ਭਰਿਆ ਮਾਹੌਲ। ਸੁਖਾਵਾਂ ਤੇ ਹਸਦਾ, ਵਸਦਾ ਪਰਿਵਾਰ। ਸੰਜਮ ਤੇ ਸਨੇਹ ਦੀ ਕਥਾ ਲਿਖਦੇ ਜੀਅ। ਜਾਂਦਿਆਂ ਹੀ ਬਗੀਚੀ ਦੇ ਹਸਦੇ ਫੁੱਲਾਂ ਨੇ ਸਵਾਗਤ ਕੀਤਾ। ਮਿਲ ਬੈਠ ਖਾਣਾ ਪੀਣਾ ਮਨ ਨੂੰ ਭਾਇਆ। ਪੜ੍ਹਨ ਲਿਖਣ ਦਾ ਕੰਮ ਕਰਕੇ ਥੋੜ੍ਹਾ ਰੌਂਅ ਬਦਲਣ ਲਈ ਸੰਜਨਾ ਮੈਨੂੰ ਘਰ ਵਿਚ ਬਣਿਆ ਪਾਪਾ ਦਾ ਮਨੋਰੋਗ ਕਲੀਨਿਕ ਦਿਖਾਉਣ ਲੱਗੀ। ਅਜੇ ਮਰੀਜ਼ਾਂ ਦਾ ਆਉਣਾ ਸ਼ੁਰੂ ਨਹੀਂ ਸੀ ਹੋਇਆ। ਅਸੀਂ ਇੱਕ ਦਾਖ਼ਲ ਮਰੀਜ਼ ਕੋਲ ਜਾ ਬੈਠੀਆਂ। ਬੈੱਡ ’ਤੇ ਪਈ ਅਧਖੜ ਉਮਰ ਦੀ ਔਰਤ ਉੱਠ ਬੈਠੀ। ਸਾਨੂੰ ਦੇਖ ਮੁਸਕਰਾਈ, ਸਿਰ ਪਲੋਸਿਆ। ਉਸ ਦੇ ਹੱਥਾਂ ਦੀ ਛੋਹ ਵਿਚ ਮਾਂ ਜਿਹਾ ਅਹਿਸਾਸ ਸੀ।
ਇੰਨੇ ਨੂੰ ਸੰਜਨਾ ਦੇ ਡਾਕਟਰ ਪਾਪਾ ਆ ਗਏ। “ਪੁੱਤਰ, ਇਹ ਬੀਬੀ ਜੀ ਸਰਕਾਰੀ ਸਕੂਲ ਦੇ ਅਧਿਆਪਕ ਨੇ। ਡਿਪਰੈੱਸ਼ਨ ਵਿਚ ਚਲੇ ਗਏ ਸਨ। ਹੁਣ ਠੀਕ ਨੇ ਬਿਲਕੁਲ। ਇਹਨਾਂ ਕੋਲ ਬੈਠੋ ਥੋੜ੍ਹਾ ਸਮਾਂ। ਕੱਲ੍ਹ ਸਵੇਰੇ ਬੀਬੀ ਨੂੰ ਛੁੱਟੀ ਦੇ ਕੇ ਘਰ ਭੇਜਣਾ ਹੈ।” ਅਸੀਂ ਬੀਬੀ ਕੋਲ ਬੈਠ ਗਈਆਂ।
“ਬੀਜੀ, ਤੁਸੀਂ ਤੇ ਸਾਡੇ ਵਰਗੇ ਵਿਦਿਆਰਥੀਆਂ ਦਾ ਰਾਹ ਦਰਸਾਵੇ ਓ, ਤੁਸੀਂ ਏਥੇ ਕਿਵੇਂ?” ਮੈਂ ਪੁੱਛਿਆ। “ਪੁੱਤਰ, ਇਹੋ ਤਾਂ ਜਿ਼ੰਦਗੀ ਹੈ। ਸੁਖ, ਦੁਖ ਤੇ ਔਕੜਾਂ ਇਸ ਦੀ ਝੋਲੀ ਵਿਚ ਰਹਿੰਦੀਆਂ ਨੇ। ਹੁਣ ਉਹ ਵਕਤ ਬੀਤ ਗਏ ਜਦ ਆਪਣਿਆਂ ਦਾ ਸੰਗ ਸਾਥ ਹੁੰਦਾ ਸੀ, ਆਵਾਜ਼ ਦੇਣ ’ਤੇ ਨਾਲ ਖੜ੍ਹਦੇ ਸਨ। ਜਿਨ੍ਹਾਂ ਦੇ ਆਸਰੇ ਜਿ਼ੰਦਗੀ ਸੌਖੀ ਗੁਜ਼ਰ ਬਸਰ ਹੁੰਦੀ ਸੀ। ਹੁਣ ਤਾਂ ਹਰ ਇਕ ਨੂੰ ਆਪਣਾ ਕੰਮ ਪਿਆਰਾ ਹੈ। ਮਤਲਬ ਹੈ ਤਾਂ ਸਾਂਝ ਹੈ। ਨੌਕਰੀ ਦੀਆਂ ਔਖੀਆਂ ਰਾਹਾਂ ’ਤੇ ਹੁਣ ਰਿਸ਼ਤਿਆਂ ਦਾ ਸਾਥ ਨਹੀਂ ਨਿਭਦਾ। ਸਤਿਆ, ਭਖਿਆ ਮਨ ਆਖਰ ਨਿਰਾਸ਼ਾ ਦੀ ਪਕੜ ਵਿਚ ਆ ਹੀ ਜਾਂਦਾ ਹੈ।” ਇਹ ਆਖਦਿਆਂ ਬੀਬੀ ਨੇ ਲੰਮਾ ਹੌਕਾ ਲਿਆ।
“ਬੀਜੀ, ਤੁਹਾਡੀ ਵਧੀਆ ਨੌਕਰੀ ਹੈ। ਚੰਗਾ ਖਾਣ ਪੀਣ ਤੇ ਰਹਿਣ ਸਹਿਣ ਵੀ ਹੋਵੇਗਾ। ਇੰਨੀ ਸੌਖੀ ਜਿ਼ੰਦਗੀ ਵਾਲਿਆਂ ਦੇ ਮਨੋਰੋਗੀ ਹੋਣ ਦੀ ਗੱਲ ਸਾਡੀ ਸਮਝ ਤੋਂ ਬਾਹਰ ਹੈ?” ਮੈਂ ਮੁੜ ਆਖਿਆ। ਬੀਬੀ ਥੋੜ੍ਹਾ ਮੁਸਕਰਾਈ, “ਪੁੱਤਰ, ਅਧਿਆਪਕਾਂ ਬਾਰੇ ਬਹੁਤੇ ਲੋਕ ਤੁਹਾਡੇ ਵਾਂਗ ਹੀ ਸੋਚਦੇ ਨੇ। ਉਂਝ ਮੇਰੀ ਆਪਣੀ ਪੜ੍ਹਾਈ ਤੋਂ ਲੈ ਕੇ ਅਧਿਆਪਕਾਂ ਬਾਰੇ ਆਪਣੀ ਪਹੁੰਚ ਹੈ। ਮੈਂ ਖੁਦ ਅਧਿਆਪਨ ਦਾ ਕਿੱਤਾ ਤਾਂ ਹੀ ਚੁਣਿਆ ਸੀ ਕਿ ਭਵਿੱਖ ਦੇ ਨਕਸ਼ ਸੰਵਾਰ ਸਕਾਂ। ਸਾਡੇ ਅਧਿਆਪਕਾਂ ਨੇ ਸਿਖਾਇਆ ਸੀ, ਕਿਸੇ ਉਦੇਸ਼ ਲਈ ਜਿਉਣਾ, ਦੂਸਰਿਆਂ ਦੇ ਕੰਮ ਆਉਣਾ। ਸੇਵਾ, ਸਹਿਯੋਗ ਤੇ ਸਾਥ ਨਾਲ ਅੱਗੇ ਵਧਦੇ ਰਹਿਣਾ। ਆਪਣਾ ਫਰਜ਼ ਸਮਰਪਣ ਭਾਵਨਾ ਨਾਲ ਨਿਭਾਉਣਾ। ਘਰ ਪਰਿਵਾਰ ਪਾਲਦਿਆਂ ਤੇ ਨੌਕਰੀ ਕਰਦਿਆਂ ਉਹ ਉਦੇਸ਼ ਬਿਖ਼ਰ ਗਿਆ। ਜ਼ਿੰਦਗੀ ਦਾ ਦਾਇਰਾ ਸੀਮਤ ਹੋਇਆ ਤਾਂ ਜਿਊਣਾ ਜੰਜਾਲ ਬਣਨ ਲੱਗਾ। ਜਦੋਂ ਬੰਦੇ ਦਾ ਜਿਊਣ ਆਪਣੇ ਤੱਕ ਰਹਿ ਜਾਵੇ ਤਾਂ ਆਫਤ ਆਉਣ ’ਤੇ ਉਸ ਦੀ ਕੋਈ ਬਾਂਹ ਨਹੀਂ ਫੜਦਾ।…
ਅਜਿਹਾ ਮੇਰੇ ਨਾਲ ਵੀ ਵਾਪਰਿਆ। ਕਾਫ਼ੀ ਸਾਲ ਹੋ ਗਏ, ਸਰਕਾਰ ਨੇ ਸਿੱਖਿਆ ਵਿਚ ਸੁਧਾਰ ਦੇ ਨਾਂ ਤੇ ‘ਨਵਾਂ ਅਫਸਰ’ ਲਿਆਂਦਾ ਜਿਸ ਦੀ ਮਿਥੀ ਹੋਈ ਨੀਤੀ ਤੇ ਉਦੇਸ਼ ਸੀ, ਜਿਸ ਦੀ ਪੂਰਤੀ ਲਈ ਉਸ ਕੰਮ ਸ਼ੁਰੂ ਕੀਤਾ। ਸਾਡੇ ਵਿਚੋਂ ਹੀ ਆਪਣੇ ਕੰਮ ਦੇ ਅਧਿਆਪਕ ਲੈ ਕੇ ਆਪਣੀ ਟੀਮ ਬਣਾਈ। ਉਸ ਦੇ ਕਾਰਜਾਂ ਤੇ ਫਰਮਾਨਾਂ ਦਾ ਰੰਗ ਉਘੜਨਾ ਸ਼ੁਰੂ ਹੋਇਆ। ਲਿਖਾਉਣ, ਪੜ੍ਹਾਉਣ ਦੀ ਥਾਂ ਸਾਡੇ ਹੱਥ ਅੰਕੜਿਆਂ ਦੀ ਡਾਇਰੀ ਫੜਾਈ ਗਈ। ਨੰਨ੍ਹੇ ਮੁੰਨੇ ਬੱਚਿਆਂ ਦੇ ਹਾਸੇ ਖੁੱਸ ਗਏ। ਸਾਡੀ ਪੜ੍ਹਾਉਣ ਦੀ ਕਲਾ ਰੁਲ ਗਈ।…
ਨਿੱਤ ਚੈਕਿੰਗ। ਅੰਕੜੇ ਤਿਆਰ ਕਰਨ ਦੇ ਹੁਕਮ। ਅੰਕੜਿਆਂ ਦਾ ਘਰ ਪੂਰਾ ਕਰਨ ਲਈ ਸਕੂਲਾਂ ਵਿਚ ਡਾਕ ਤਿਆਰ ਹੋਣ ਲੱਗੀ। ਨਵੇਂ ‘ਅਧਿਆਪਕ ਅਫਸਰ’ ਸਕੂਲਾਂ ਵਿਚ ਗੇੜੇ ’ਤੇ ਗੇੜਾ ਮਾਰਨ ਲੱਗੇ। ਨਾਲ ਸ਼ਰਤਾਂ ਵੀ ਮੜ੍ਹਨ ਲੱਗੇ। ਭੇਜੀ ਗਈ ਡਾਕ ਵਿਭਾਗ ਨੂੰ ਉਤਸ਼ਾਹਿਤ ਕਰਨ ਵਾਲੀ ਹੋਵੇ। ਨਾਂਹ-ਪੱਖੀ ਰਿਪੋਰਟ ਨਹੀਂ ਭੇਜਣੀ। ਸਕੂਲਾਂ ਵਿਚ ਡਰ ਦਾ ਮਾਹੌਲ ਬਣਨ ਲੱਗਾ। ਕੋਈ ਬੋਲਦਾ, ਉਸ ਦੀ ਪੇਸ਼ੀ ਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਡਰਾਵੇ। ਸਕੂਲਾਂ ਦੀ ਪੜ੍ਹਾਈ ਠੱਪ ਹੋਈ ਤਾਂ ਸਾਰੇ ਬੱਚਿਆਂ ਨੂੰ ਪਾਸ ਕਰਨ ਦੇ ਫ਼ਰਮਾਨ ਆ ਗਏ। ਇਸ ਹਾਲਤ ਨੇ ਹਤਾਸ਼ ਕੀਤਾ। ਗੁੱਸਾ ਤੇ ਉਦਾਸੀ ਪੱਲੇ ਪਾਈ। ਮਨ ਦਾ ਸੁਖ, ਚੈਨ ਖੁੱਸ ਗਿਆ ਜਿਸ ਦਾ ਅਸਰ ਘਰ ਪਰਿਵਾਰ ’ਤੇ ਵੀ ਪਿਆ। ਸੋਚਦੀ, ਕਲਪਦੀ, ਕੁੜ੍ਹਦੀ ਇਥੋਂ ਤੱਕ ਪਹੁੰਚ ਗਈ। ਚੰਗ਼ਾ ਇਹ ਹੋਇਆ ਕਿ ਡਾਕਟਰ ਕੋਲ ਆ ਗਏ।… ਇਥੇ ਰਹਿ ਕੇ ਸਮਝ ਲਿਆ ਹੈ ਕਿ ਚੰਗੇ ਲਈ, ਹਾਲਤਾਂ ਦਾ ਮੁਕਾਬਲਾ ਕਰਨਾ ਪੈਂਦਾ। ਇਕੱਲਿਆਂ ਨੂੰ, ਡਰਦਿਆਂ ਨੂੰ ਹਰ ਕੋਈ ਦਬਾ ਲੈਂਦਾ। ਬੰਦਾ ਚਾਹਵੇ ਤਾਂ ਕੀ ਨਹੀਂ ਕਰ ਸਕਦਾ? ਆਪਣੇ ਅਧਿਆਪਕਾਂ ਦੀ ਸਿੱਖਿਆ ਮਨ ਚ ਵਸਾ ਹੁਣ ਚੰਗੇ ਉਦੇਸ਼ ਲਈ ਜਿਊਣ ਦਾ ਫੈਸਲਾ ਕਰ ਲਿਆ ਹੈ। ਅਗਲੀ ਜ਼ਿੰਦਗੀ ਮੈਂ ਇਸ ਸਫ਼ਰ ਤੇ ਤੁਰਾਂਗੀ”
ਅਗਲੇ ਦਿਨ ਸਵੇਰੇ ਬਗੀਚੀ ਵਿਚ ਬੈਠਿਆਂ ਕਲੀਨਿਕ ਤੋਂ ਘਰ ਜਾਂਦੇ ਬੀਜੀ ਸਾਨੂੰ ਮਿਲ ਕੇ ਗਏ। ਉਨ੍ਹਾਂ ਦੇ ਚਿਹਰੇ ’ਤੇ ਸੰਤੁਸ਼ਟੀ ਦੇ ਭਾਵ ਸਨ ਜਿਸ ਵਿਚੋਂ ਮੈਨੂੰ ਸਾਵੇਂ, ਸੁਖਾਵੇਂ ਨਵੇਂ ਸਫ਼ਰ ਦੀ ਝਲਕ ਦਿਖਾਈ ਦੇ ਰਹੀ ਸੀ।
ਸੰਪਰਕ: salamzindgi88@gmail.com