ਬਰਸੀ ਮੌਕੇ ਯਾਦ ਕਰਦਿਆਂ…
ਡਾ. ਵਨੀਤਾ
‘ਰੁੱਤਾਂ’ ਡਾ. ਮਨਜੀਤ ਪਾਲ ਕੌਰ ਦਾ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਦਾ ਸੱਜਰਾ ਕਾਵਿ-ਸੰਗ੍ਰਹਿ ਹੈ ਜਿਸ ਦਾ ਖਰੜਾ ਮੈਨੂੰ ਪ੍ਰੋ. ਤੇਜਵੰਤ ਸਿੰਘ ਗਿੱਲ ਨੇ ਸੌਂਪਿਆ। ਮਨਜੀਤ ਪਾਲ ਪੰਜਾਬੀ ਸ਼ਾਇਰੀ ਅਤੇ ਕਾਵਿ-ਨਾਟ ਵਿਚ ਚਰਚਿਤ ਹਸਤਾਖ਼ਰ ਹੈ। ‘ਰੁੱਤਾਂ’ ਕਾਵਿ ਪੁਸਤਕ ਤੋਂ ਪਹਿਲਾਂ ਉਸ ਦੀਆਂ ਦਸ ਕਾਵਿ ਅਤੇ ਨਾਟ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਦਾ ਧੁਰਾ ਵਧੇਰੇ ਨਾਰੀਵਾਦੀ ਸਰੋਕਾਰਾਂ ਅਤੇ ਨਾਰੀ ਦੇ ਵੱਖ ਵੱਖ ‘ਮੂਡਜ਼ ਐਂਡ ਸ਼ੇਡਜ਼’ ਦੀ ਤਰਜਮਾਨੀ ਕਰਦਾ ਹੈ। ਉਹ ਕੇਵਲ ਸੰਵੇਦਨਸ਼ੀਲ ਸ਼ਾਇਰਾ ਹੀ ਨਹੀਂ, ਪ੍ਰਬੁੱਧ ਚਿੰਤਕ ਅਤੇ ਅਧਿਆਪਕ ਵੀ ਸੀ।
1948 ਵਿਚ ਜੰਮੀ ਮਨਜੀਤ ਪਾਲ ਕੌਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕਵਿਤਾ ਅਤੇ ਨਾਟਕ ਵਿਸ਼ੇ ਤੇ ਪੰਜਾਬੀ ਵਿਭਾਗ ਵਿਚ ਕਾਰਜਗਤ ਰਹੀ। ਉਸ ਦੀਆਂ ਪੁਸਤਕਾਂ ਤੇ ਵਿਦਿਆਰਥੀਆਂ ਨੇ ਐੱਮਫਿਲ ਦੇ ਨਾਲ ਨਾਲ ਪੀਐੱਚਡੀ ਪੱਧਰ ਦਾ ਖੋਜ ਕਾਰਜ ਕੀਤਾ। ‘ਸੁੰਦਰਾਂ’ ਕਾਵਿ-ਨਾਟ ਬਾਰੇ ਅਕਸਰ ਉਸ ਦਾ ਚਰਚਾ ਹੁੰਦਾ ਰਹਿੰਦਾ। ਇਹ ਕਾਰਜ ਪੰਜਾਬੀ ਕਾਵਿ-ਨਾਟ ਵਿਚ ਸ਼ਲਾਘਯੋਗ ਉਪਰਾਲਾ ਸੀ; ਕੇਵਲ ਪੰਜਾਬੀ ਜਗਤ ਵਿਚ ਹੀ ਨਹੀਂ ਸਗੋਂ ਦੁਭਾਸ਼ੀ (ਪੰਜਾਬੀ/ਅੰਗਰੇਜ਼ੀ) ਹੋਣ ਕਾਰਨ ਮਨਜੀਤ ਪਾਲ ਨੂੰ ਬ੍ਰਿਟਿਸ਼ ਕੌਂਸਲ ਨੇ ਇੰਗਲੈਂਡ ਵਿਚ ਫੈਲੋਸ਼ਿਪ ਵੀ ਦਿੱਤੀ।
ਇਸ ਦੇ ਨਾਲ ਨਾਲ ਉਸ ਦੀਆਂ ਕਾਵਿ ਰਚਨਾਵਾਂ ਵਿਚੋਂ ਉਸ ਦੀ ਚਿੱਤਰਕਲਾ ਅਤੇ ਸ਼ਾਸਤਰੀ ਸੰਗੀਤ ਕਲਾ ਪ੍ਰਤੀ ਸ਼ੌਕ ਅਤੇ ਦਿਲਚਸਪੀ ਦਾ ਅੰਦਾਜ਼ਾ ਵੀ ਲਗਦਾ ਹੈ। ‘ਮਿਜ਼ਰਾਬ’ ਅਤੇ ‘ਆਸਾਵਰੀ’ ਕਾਵਿ-ਸੰਗ੍ਰਹਿਆਂ ਦੇ ਨਾਮ ਹੀ ਉਸ ਦੇ ਕਲਾਸਕੀ ਸੰਗੀਤ ਪ੍ਰਤੀ ਰੁਝਾਨ ਵੱਲ ਸੰਕੇਤ ਕਰਦੇ ਹਨ। ਇਵੇਂ ਹੀ ਕਵਿਤਾ ਵਿਚਲੇ ਸ਼ਬਦਾਂ ਵਿਚੋਂ ਉਘੜਦੇ ਬਿੰਬ ਵੀ ਉਸ ਦੀ ਚਿੱਤਰਕਲਾ ਪ੍ਰਤੀ ਮੁਹੱਬਤ ਦੀ ਗਵਾਹੀ ਹਨ। ਉਸ ਦੇ ਗੀਤ-ਪ੍ਰਗੀਤ ਵਿਚਲੀ ਲੈਅ, ਰਵਾਨੀ ਅਤੇ ਵਹਾਅ, ਪਾਠਕ ਨੂੰ ਟੁੰਬਦਾ ਹੈ।
‘ਰੁੱਤਾਂ’ ਕਾਵਿ-ਸੰਗ੍ਰਹਿ ਉਸ ਦੀ ਪਿਛਲੀ ਕਵਿਤਾ ਤੋਂ ਵਿਲੱਖਣ ਅਤੇ ਬਹੁਪਰਤੀ ਹੈ ਜਿਸ ਵਿਚ ਕੁੱਲ ਮਿਲਾ ਕੇ 109 ਛੋਟੀਆਂ ਛੋਟੀਆਂ ਕਵਿਤਾਵਾਂ ਸ਼ਾਮਲ ਹਨ ਜਿਨ੍ਹਾਂ ਵਿਚੋਂ ਕੁਝ ਕਵਿਤਾਵਾਂ ਦੇ ਹੇਠਾਂ (ਸਮਾਂ) ਦਿਨ/ਵਾਰ/ਤਰੀਕ ਤੇ ਵਰ੍ਹਾ ਵੀ ਸ਼ਾਮਲ ਹਨ। ਕਾਵਿ ਪੁਸਤਕ ਦੀ ਪਹਿਲੀ ਕਵਿਤਾ ‘ਰੁੱਤਾਂ’ ਸਿਰਲੇਖ ਵਾਲੀ ਹੀ ਹੈ। ਇਹ ਕੇਵਲ ਇਕ ਕਵਿਤਾ ‘ਰੁੱਤਾਂ’ ਹੀ ਨਹੀਂ ਹੈ ਸਗੋਂ ਇਹ ਰੁੱਤਾਂ ਇਕ ਮੈਟਾਫਰ ਬਣ ਕੇ ਜੀਵਨ ਦੀ ਹਰ ਸਥਿਤੀ, ਮੌਸਮ, ਭਾਵ-ਅਨੁਭਾਵ, ਉਸ ਦੀਆਂ ਕਾਮਨਾਵਾਂ, ਨਾਰੀ ਮਨ ਦੇ ਚਾਅ-ਮਲ੍ਹਾਰਾਂ, ਇੱਛਾਵਾਂ, ਸੱਧਰਾਂ ਦੇ ਨਾਲ ਨਾਲ ਪੱਤਝੜ ਦੀ ਰੁੱਤ ਵਿਚਲੀ ਬੇਚਾਰਗੀ, ਉਦਾਸੀ ਬੇਵਸੀ ਤੇ ਆਰ-ਪਾਰ ਵੀ ਫੈਲਿਆ ਹੋਇਆ ਹੈ। ਇਹ ਰੁੱਤਾਂ ਕੇਵਲ ਨਾਰੀਵਾਦ, ਨਾਰੀਤਵ, ਮਾਤ੍ਰਿਤਵ ਜਾਂ ਨਾਰੀ ਨਾਲ ਜੁੜੀ ਡਿਜ਼ਾਇਰ/ਦਮਨ, ਸੈਲੀਬ੍ਰੇਸ਼ਨ/ਉਦਾਸੀ ਤੱਕ ਹੀ ਸੀਮਤ ਨਹੀਂ ਸਗੋਂ ਜੀਵਨ ਦੇ ਲੰਮੇ ਸਫ਼ਰ ਵਿਚਲੇ ਪੰਜਾਬੀ ਰਹਿਤਲ ਦੇ ਅਮੀਰ ਵਿਰਸੇ, ਉਸ ਦਾ ਲੋਕਯਾਨ, ਕਿੱਸਾ ਪ੍ਰੰਪਰਾ, ਸੂਫ਼ੀ ਮਸਤੀ-ਬਿਰਹਾ ਤੇ ਗੁਰਮਤਿ ਕਾਵਿ ਦੀ ਰੰਗਤ ਇਸ ਕਾਵਿ ਨੂੰ ਬਹੁ-ਅਰਥਕ ਅਤੇ ਬਹੁ-ਪਰਤਕ ਬਣਾਉਂਦੀ ਹੈ। ਇਹ ਕਾਵਿ ਇਸ਼ਕ-ਮਿਜ਼ਾਜੀ ਦੇ ਲੰਮੇ ਪੈਂਡੇ ਝਾਗਦਿਆਂ ਇਸ਼ਕ-ਹਕੀਕੀ ਦੀ ਸਰਦਲ ਤੇ ਅਰਦਾਸ ਕਰਦਾ ਹੈ, ਮਿੰਨਤ ਤੇ ਜੋਦੜੀ ਕਰਦਾ ਹੈ, ਜੋ ਰੁੱਤਾਂ ਵਿਚਲੇ ਬਚਪਨ ਤੋਂ ਜਵਾਨੀ, ਘਰ, ਮੁਹੱਬਤ, ਖ਼ੁਆਬ ਜਾਂ ਸੁਪਨਿਆਂ, ਤਲਾਸ਼, ਉਡੀਕ, ਬੰਦਗੀ ਤੇ ਬਿਰਹਾ ਦੇ ਮੁਕਾਮਾਂ ਨੂੰ ਗੂੜ੍ਹੇ ਅਰਥ ਦਿੰਦਾ ਹੈ।
ਜਦੋਂ ਮੈਂ ਗੂੜ੍ਹੇ ਅਰਥਾਂ ਦੀ ਗੱਲ ਕਰ ਰਹੀ ਹਾਂ ਤਾਂ ਇਸ ਕਾਵਿ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਮਨਜੀਤ ਪਾਲ ਦੀ ਇਸ ਕਾਵਿ ਰਚਨਾ ਨੂੰ ਕੇਵਲ ਬਾਹਰਲੇ ਇਤਿਹਾਸਕ ਕਾਲ ਨਾਲ ਸਮਝ ਕੇ ਨਾਰੀ-ਕਾਵਿ ਨਾਲ ਵਧੀਕੀ ਕਰ ਰਹੇ ਹੋਵਾਂਗੇ, ਕਿਉਂਕਿ ਨਾਰੀ ਦਾ ਕਾਲ ਜਟਿਲ ਹੈ। ਇਸ ਲਈ ਔਰਤ ਦੇ ਅੰਦਰਲੇ ਇਤਿਹਾਸ ਨੂੰ ਸਮਝਣਾ ਜ਼ਰੂਰੀ ਹੈ। ਉਸ ਦੀ ਕਾਵਿ ਸਿਰਜਣਾ ਪਿਛਲੇ ਵਿਭਿੰਨ ਕਾਲਾਂ ਦੀਆਂ ਕਾਵਿ ਪ੍ਰਵਿਰਤੀਆਂ ਪਿੱਛੇ ਪਏ ਦਰਸ਼ਨ/ਫ਼ਲਸਫੇ ਨੂੰ ਸਮਝਣ ਦੇ ਨਾਲ ਨਾਲ ਉਸ ਦੀ ਸਮਾਜਿਕ-ਸੱਭਿਆਚਾਰਕ ਪੁਜ਼ੀਸ਼ਨ ਨੂੰ ਵੀ ਸਮਝਣਾ ਪਵੇਗਾ। ਉਸ ਦੇ ਚਿੰਨ੍ਹਾਂ, ਪ੍ਰਤੀਕਾਂ, ਬਿੰਬਾਂ, ਚੁੱਪ-ਅਚੁੱਪਾਂ, ਸ਼ਬਦਾਂ ਦੀ ਤਰਤੀਬ, ਉਸ ਦੀ ਭਾਸ਼ਾ, ਸ਼ੈਲੀ, ਵਿਸ਼ਾ, ਸਥਿਤੀ, ਸੰਗੀਤ, ਲੈਅ, ਰਿਦਮ ਅਤੇ ਦ੍ਰਿਸ਼ਾਂ ਨੂੰ ਵਿਰੇਚਿਤ ਕਰਕੇ ਸਮਝਣਾ ਪਵੇਗਾ। ਉਸ ਪਿੱਛੇ ਪਈਆਂ ਅੰਤਰ-ਦ੍ਰਿਸ਼ਟੀਆਂ ਦੀ ਸੰਵੇਦਨਾ ਨੂੰ ਸਮਝ ਕੇ ਹੀ ਅਸੀਂ ਕਿਸੇ ਟੈਕਸਟ ਦਾ ਸਹੀ ਮੁਲੰਕਣ ਕਰਨ ਦੇ ਸਮਰੱਥ ਹੋ ਸਕਦੇ ਹਾਂ। ਟੁਕੜੇ ਟੁਕੜੇ (Fragmented) ਪਾਠ ਰਾਹੀਂ ਕੇਵਲ ਕਿਸੇ ਇਕ ਅੱਧੀ ਰੁੱਤ ਦਾ ਜਾਇਜ਼ਾ ਹੀ ਲਗਾਇਆ ਜਾ ਸਕਦਾ ਹੈ।
ਕਿਤਾਬ ਰੁੱਤਾਂ ਵਿਚ ਸੁਪਨਿਆਂ ਦੀ ਤਾਬੀਰ ਨੂੰ ਬਹੁ-ਜ਼ਾਵੀਏ ਨਾਲ ਵੇਖਦਿਆਂ-ਸਮਝਦਿਆਂ ਸ਼ਾਇਰਾ ਮਨਜੀਤ ਪਾਲ ਖ਼ੁਆਬਾਂ ਬਾਰੇ ਇਉਂ ਕਹਿੰਦੀ ਹੈ:
ਖ਼ੁਆਬ ਨਾ ਉਧੇੜੀਏ ਜੀ
ਖ਼ੁਆਬ ਨਹੀਂ ਉਧੜਦੇ ਬੀਬਾ
ਉਹ ਤਾਂ ਉਨੀਂਦਰਿਆਂ ਚੋਂ ਉੱਗ ਪੈਂਦੇ
ਖ਼ੁਆਬ ਤਾਂ ਸਰਕੰਢਿਆਂ ਚ ਨਿੱਸਰ ਆਉਂਦੇ
ਆਉਂਦੇ ਤੇ ਚੇਤਿਆਂ ਚ ਵਸ ਜਾਂਦੇ
ਇਕ ਵਾਰ ਵਸ ਕੇ ਫੇਰ ਨਹੀਓਂ ਜਾਂਦੇ
ਜਾਂ
ਖ਼ੁਆਬ ਉਡਾਰੀਆਂ ਭਲੀਆਂ
ਬੇਸ਼ੱਕ ਹੋਵਨ ਬਿਨ ਖੰਭੀਆਂ
ਖ਼ੁਆਬ ਅਤੇ ਨੀਂਦ ਦੇ ਰਿਸ਼ਤੇ ਬਾਰੇ ਸ਼ਾਇਰਾ ਦਾ ਕਥਨ ਹੈ:
ਰਾਤ ਸਾਰੀ ਨੈਣ ਨੀਂਦ ਦਾ ਪਤਾ ਪੁੱਛਦੇ ਰਹੇ
ਪਹਿਰੇਦਾਰ ਪਲਕਾਂ ਚ ਖ਼ੁਆਬ ਉਡੀਕਦੇ ਰਹੇ।
ਜਾਂ
ਨੀਂਦਰੇ ਗਵਾਂਢਣੇ ਫੇਰਾ ਪਾਉਂਦੀ ਰਹੀਂ
ਸ਼ਗਨਾਂ ਨਾਲ ਸੁਪਨਿਆਂ ਨੂੰ ਰਿਝਾਉਂਦੀ ਰਹੀਂ।
ਜਾਂ
ਨੈਣਾਂ ਨੂੰ ਨੀਂਦਰ ਕੇਹੀ ਦਮਦਮ ਮੰਗਦੇ ਸੁੱਖ ਤੇਰੀ
ਸਜਦਾ ਹਰਦਮ ਸਜਦਾ, ਦੋ ਨੈਣਾਂ ਦਾ ਸਜਦਾ
ਸੁੱਖ ਮੰਗਦੇ ਨੈਣਾਂ ਦਾ ਸਜਦਾ।
ਮਨਜੀਤ ਪਾਲ ਕੌਰ ਦੀ ਕਵਿਤਾ ਵਿਚ ਨਾਰੀ ਦੀ ਪ੍ਰੰਪਰਕ ਘੁਟਣ, ਉਸ ਦੇ ਸੁਪਨੇ ਅਤੇ ਖ਼ੁਆਬਾਂ ਉਪਰ ਲੇਜ਼ਰ ਬੀਮ ਵਰਗੇ ਪਹਿਰੇ, ਰਿਸ਼ਤਿਆਂ ਦੀ ਸੱਤਾ ਤੇ ਨਾਰੀ ਦੀ ਸੁਤੰਤਰ ਹੋਂਦ ਉਪਰ ਵਰਜਨਾਵਾਂ ਨੂੰ ਬੜੀ ਕਾਵਿਕ ਸੰਵੇਦਨਾ ਵਿਚ ਪੇਸ਼ ਕੀਤਾ ਗਿਆ ਹੈ ਜਿਸ ਵਿਚੋਂ ਸਾਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਅਤੇ ਜਗੀਰੂ ਜਾਂ ਪੈਤ੍ਰਿਕ ਸੱਤਾ ਵਿਚ ਦੱਬੀ ਔਰਤ ਦੇ ਦੋ ਚਿਹਰੇ ਦ੍ਰਿਸ਼ਟੀਮਾਨ ਹੁੰਦੇ ਹਨ। ਇਕ ਉਹ ਜੀਵਨ ਜਿਹੜਾ ਉਹ ਜਿਊਣਾ ਚਾਹੁੰਦੀ ਹੈ ਤੇ ਦੂਜਾ ਜਿਹੜਾ ਉਸ ਦਾ ਯਥਾਰਥ ਹੈ, ਹਾਸਿਲ ਹੈ।
ਇੰਜ ਕਹੇ ਤੇ ਅਣਕਹੇ ਵਿਚਾਲੇ ਜਿਹੜੀ ਸਪੇਸ ਹੈ, ਫ਼ਾਸਲਾ ਹੈ, ਗੈਪ ਹੈ ਜਿਸ ਵਿਚ ਖ਼ੁਆਬਾਂ ਦਾ ਮਰ ਮੁੱਕ ਜਾਣਾ ਹੈ, ਉਦਾਸੀ ਹੈ, ਉਸ ਨੂੰ ਜਿਊਣ ਲਈ ਉਸ ਅਣਕਹੇ ਸਫ਼ਰ ਨੂੰ ਪਿਆਰ ਤੇ ਸੁਪਨਿਆਂ ਦੇ ਕਾਇਮ-ਦਾਇਮ ਰੱਖਣ ਦੀ ਹਾਕ ਹੈ ਜਿਸ ਲਈ ਅਧਿਆਤਮ ਅਤੇ ਸੂਫ਼ੀ ਇਸ਼ਕ, ਰੱਬੀ ਬੰਦਗੀ ਜਿਹੇ ਪੰਧ ਸਹਾਈ ਹੁੰਦੇ ਹਨ। ਇਸ ਕਹੇ ਪਿਛਲੇ ਅਣਕਹੇ ਦੇ ਅਹਿਸਾਸ ਨਾਲ ਉਹ ਅਨੇਕਾਂ ਪ੍ਰਸ਼ਨ ਸੁਪਨੇ/ਖ਼ੁਆਬ ਦੇ ਚਿਹਨਿਕਾਂ ਵਾਂਗ ਪਾਠਕ ਦੀਆਂ ਅੱਖਾਂ, ਦਿਲ-ਦਿਮਾਗ਼ ਤੇ ਟਿਮ ਟਿਮ ਕਰਦੇ ਛੱਡਦੀ ਹੈ।
ਸੁੱਕੀਆਂ ਵੇ ਲੰਘੀਆਂ ਰੁੱਤਾਂ ਪਿਆਰ ਦੀਆਂ
ਨਾ ਅਸੀਂ ਹੱਸੇ ਤੇ ਨਾ ਅਸੀਂ ਰੋਏ।
ਸੰਪਰਕ: 98113-23640