DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਨਕ ਲਾਮਾ...!

ਸਾਲ- 2009 ਦੇ ਅੱਧ ਵਿਚ ਸਾਡੀ ਬਟਾਲੀਅਨ ਨੇ ਭੂਟਾਨ ਵਿਖੇ ਤਿੰਨ ਮਹੀਨੇ ਲਈ ਨਿਯੁਕਤ ਹੋਣਾ ਸੀ। ਇਸ ਲਈ ਪਹਿਲੇ ਦਿਨ ਅਸੀਂ ਬਿੰਨੀਗੁੜ੍ਹੀ (ਪੱਛਮੀ ਬੰਗਾਲ ਦਾ ਇੱਕ ਸ਼ਹਿਰ) ਤੋਂ ਹਾਸੀਮਾਰਾ (ਏਅਰ ਫੋਰਸ ਸਟੇਸ਼ਨ) ਪਹੁੰਚੇ ਅਤੇ ਅਗਲੇ ਦਿਨ ਪੁੰਸਲਿੰਗ (ਭੂਟਾਨ ਦਾ ਇੱਕ...

  • fb
  • twitter
  • whatsapp
  • whatsapp
Advertisement
ਸਾਲ- 2009 ਦੇ ਅੱਧ ਵਿਚ ਸਾਡੀ ਬਟਾਲੀਅਨ ਨੇ ਭੂਟਾਨ ਵਿਖੇ ਤਿੰਨ ਮਹੀਨੇ ਲਈ ਨਿਯੁਕਤ ਹੋਣਾ ਸੀ। ਇਸ ਲਈ ਪਹਿਲੇ ਦਿਨ ਅਸੀਂ ਬਿੰਨੀਗੁੜ੍ਹੀ (ਪੱਛਮੀ ਬੰਗਾਲ ਦਾ ਇੱਕ ਸ਼ਹਿਰ) ਤੋਂ ਹਾਸੀਮਾਰਾ (ਏਅਰ ਫੋਰਸ ਸਟੇਸ਼ਨ) ਪਹੁੰਚੇ ਅਤੇ ਅਗਲੇ ਦਿਨ ਪੁੰਸਲਿੰਗ (ਭੂਟਾਨ ਦਾ ਇੱਕ ਸ਼ਹਿਰ) ਜਿਸਦਾ ਬਾਰਡਰ ਭਾਰਤ ਨਾਲ ਲੱਗਦਾ ਹੈ, ਵਿਖੇ ਪਹੁੰਚ ਗਏ। ਅਗਲੇ ਦਿਨ ਅਸੀਂ ਭੂਟਾਨ ਦੇ ਸ਼ਹਿਰ ‘ਹਾਅ’ ਵਿਖੇ ਰੁਕੇ ਅਤੇ ਤੀਜੇ ਦਿਨ ‘ਪਾਰੋ’ ਸ਼ਹਿਰ ਪਹੁੰਚ ਗਏ ਜਿੱਥੇ ਅਸੀਂ ਅਗਲੇ ਤਿੰਨ ਮਹੀਨਿਆਂ ਲਈ ਰੁਕਣਾ ਸੀ। ‘ਪਾਰੋ’ ਸ਼ਹਿਰ ਵਿੱਚ ਹੀ ਭੂਟਾਨ ਦਾ ਇੱਕੋ- ਇੱਕ ਹਵਾਈ ਅੱਡਾ ਹੈ। ਭੂਟਾਨ ਦੇ 79 ਫੀਸਦੀ ਹਿੱਸੇ ਵਿੱਚ ਜੰਗਲ ਹੈ ਅਤੇ 21 ਫੀਸਦੀ ਹਿੱਸੇ ਵਿੱਚ ਆਬਾਦੀ ਦੀ ਵੱਸੋਂ ਹੈ।

ਭੂਟਾਨੀ ਲੋਕ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਜ਼ਿਆਦਾਤਰ ਆਪਣਾ ਰਵਾਇਤੀ ਪਹਿਰਾਵਾ ਪਾਉਣਾ ਹੀ ਪਸੰਦ ਕਰਦੇ ਹਨ। ਇੱਥੇ 90 ਫੀਸਦੀ ਤੋਂ ਵੀ ਵੱਧ ਲੋਕ ‘ਬੁੱਧ ਧਰਮ’ ਨੂੰ ਮੰਨਣ ਵਾਲੇ ਰਹਿੰਦੇ ਹਨ। ਲੋਕਾਂ ਵਿਚ ਆਪਸੀ ਪਿਆਰ- ਮੁਹੱਬਤ ਵੇਖਣ ਨੂੰ ਮਿਲਦਾ ਹੈ। ਭੂਟਾਨ ਵਿੱਚ ਗ਼ਰੀਬ ਤੋਂ ਗ਼ਰੀਬ ਬੰਦੇ ਕੋਲ਼ ਵੀ ਆਪਣੀ ਕਾਰ ਹੈ, ਇੱਥੇ ਸੜਕ ’ਤੇ ਜੇਕਰ ਤੁਹਾਨੂੰ ਕੋਈ ਸਾਈਕਲ- ਸਕੂਟਰ ਚੱਲਦਾ ਦਿੱਸ ਜਾਵੇ ਤਾਂ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਇਨਸਾਨ ਮੰਨੇ ਜਾਂਦੇ ਹੋ, ਕਿਉਂਕਿ ਇੱਥੇ ਕਿਸੇ ਵਿਰਲੇ-ਟਾਵੇਂ ਬੰਦੇ ਕੋਲ਼ ਹੀ ਸਾਈਕਲ-ਸਕੂਟਰ ਹੋਵੇਗਾ। ਇਸਦਾ ਮੁੱਖ ਕਾਰਨ ਇਹ ਹੈ ਕਿ ਭੂਟਾਨ ਵਿਚ ਕਾਰਾਂ-ਗੱਡੀਆਂ 100 ਫੀਸਦੀ ਟੈਕਸ ਤੋਂ ਮੁਕਤ ਹਨ। ਇੱਥੇ ਗੱਡੀਆਂ ਲੈਣੀਆਂ ਆਸਾਨ ਅਤੇ ਸੁਰੱਖਿਅਤ ਹਨ। ਪਹਾੜੀ ਖ਼ੇਤਰ ਹੋਣ ਕਰਕੇ ਸਾਈਕਲ-ਸਕੂਟਰ ਚਲਾਉਣੇ ਵਧੇਰੇ ਜੋਖ਼ਮ ਭਰੇ ਹੁੰਦੇ ਹਨ।

Advertisement

ਖੈਰ, ਅਸੀਂ ਪਾਰੋ ਸ਼ਹਿਰ ਪਹੁੰਚ ਗਏ। ਸਾਡਾ ਕੈਂਪ ਸੈੱਟ ਹੋ ਗਿਆ ਅਤੇ ਦੋ-ਤਿੰਨ ਦਿਨਾਂ ਬਾਅਦ ਹੀ ਟ੍ਰੇਨਿੰਗ ਸ਼ੁਰੂ ਹੋ ਗਈ। ਅਸੀਂ ਸ਼ਾਮ ਨੂੰ ਬਾਹਰ ਘੁੰਮਣ ਨਿਕਲ ਜਾਣਾ; ਹਾਲਾਂਕਿ ਦੂਜੇ ਮੁਲਾਜ਼ਮਾਂ ਨੂੰ ਸਿਵਿਲ ਲੋਕਾਂ ਵਿਚ, ਪਿੰਡਾਂ ਵਿੱਚ ਅਤੇ ਨੇੜੇ- ਤੇੜੇ ਦੀ ਵੱਸੋਂ ਵਿੱਚ ਜਾਣਾ ਮਨ੍ਹਾਂ ਸੀ, ਪਰ ਅਸੀਂ ਇੱਧਰ- ਉੱਧਰ ਨਿਕਲ ਜਾਂਦੇ ਸਾਂ। ਅਫ਼ਸਰ ਸਾਹਿਬਾਨ ਦੇ ਚੰਗੇ ਸੁਭਾਅ ਕਰਕੇ ਸਾਨੂੰ ਕੋਈ ਰੋਕ-ਟੋਕ ਨਹੀਂ ਸੀ। ਅਸੀਂ ਇੱਕ-ਅੱਧਾ ਘੰਟਾ ਬਾਹਰ ਘੁੰਮ ਕੇ ਮੁੜ ਆਉਂਦੇ। ਕਈ ਦਿਨ ਨਿਰੰਤਰ ਘੁੰਮਣ ਕਰ ਕੇ ਪਿੰਡ ਦੇ ਲੋਕ ਸਾਨੂੰ ਪਛਾਣਨ ਲੱਗੇ। ਇੱਕ-ਦੋ ਘਰਾਂ ਦੇ ਬਜ਼ੁਰਗ ਸਾਨੂੰ ਰੋਕ ਕੇ ਗੱਲਾਂ ਕਰਨ ਲੱਗੇ ਅਤੇ ਸਾਡੇ ਪਹਿਰਾਵੇ ਅਤੇ ਧਰਮ ਬਾਰੇ ਪੁੱਛਦੇ।

Advertisement

ਮੈਂ ਸ਼ਾਮ ਦੇ ਵਕਤ ਅਕਸਰ ਹੀ ਚਿੱਟੇ ਰੰਗ ਦਾ ਪਜਾਮਾ-ਕੁੜਤਾ ਪਾਇਆ ਹੁੰਦਾ ਸੀ। ਇਸ ਲਈ ਬਹੁਤੇ ਲੋਕ ਮੈਨੂੰ ਦੂਰੋਂ ਹੀ ਝੁਕ- ਝੁਕ ਕੇ ਨਮਸਕਾਰ ਕਰਦੇ। ਕੁਝ ਵੱਡੀ ਉਮਰ ਦੀਆਂ ਬੀਬੀਆਂ ਮੇਰੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਵੀ ਕਰਦੀਆਂ, ਪਰ ਮੈਂ ਉਨ੍ਹਾਂ ਨੂੰ ਦੂਰੋਂ ਹੀ ਮਨ੍ਹਾਂ ਕਰ ਦਿੰਦਾ। ਕਈ ਦਿਨ ਇੰਜ ਹੀ ਚੱਲਦਾ ਰਿਹਾ ਤਾਂ ਮੈਂ ਕੁਝ ਬਜ਼ੁਰਗ ਬੰਦਿਆਂ ਕੋਲੋਂ ਇਸਦਾ ਕਾਰਨ ਪੁੱਛਿਆ ਕਿ ਬਹੁਤੇ ਲੋਕ ਮੇਰੇ ਪੈਰਾਂ ਨੂੰ ਛੂਹਣ ਦਾ ਯਤਨ ਕਿਉਂ ਕਰਦੇ ਹਨ? ਉਹ ਅੱਗਿਓਂ ਕਹਿੰਦੇ, ‘ਅਸੀਂ ਤਾਂ ਖ਼ੁਦ ਤੁਹਾਡੇ ਪੈਰ ਛੂਹਣਾ ਚਾਹੁੰਦੇ ਹਾਂ।’ ਮੈਂ ਹੈਰਾਨੀ ਨਾਲ ਪੁੱਛਿਆ, ‘ਅਜਿਹਾ ਕਿਉਂ?’

ਅਖੇ, ‘ਤੁਸੀਂ ਨਾਨਕ ਲਾਮਾ ਦੇ ਵੰਸ਼ਜ ਹੋ (ਭਾਵ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਖ਼ਾਨਦਾਨ ਵਿੱਚੋਂ ਹੋ) ਇਸ ਲਈ ਸਾਡੇ ਲੋਕ ਤੁਹਾਡਾ ਇੰਨਾ ਸਤਿਕਾਰ ਕਰਦੇ ਹਨ।’

ਮੈਂ ਹੈਰਾਨ ਹੋਇਆ ਕਿ ਇਨ੍ਹਾਂ ਭੂਟਾਨੀ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਕਿੰਜ ਪਤਾ ਹੈ? ਮੈਂ ਦੱਸਿਆ, ‘ਮੈਂ ਗੁਰੂ ਨਾਨਕ ਦੇਵ ਜੀ ਦੇ ਖ਼ਾਨਦਾਨ ਵਿੱਚੋਂ ਨਹੀਂ ਹਾਂ, ਪਰ ਉਨ੍ਹਾਂ ਦਾ ਸਿੱਖ ਜ਼ਰੂਰ ਹਾਂ। ਗੁਰੂ ਸਾਹਿਬ ਦੇ ਚਲਾਏ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦਾ ਹਾਂ ਅਤੇ ਉਨ੍ਹਾਂ ਦੇ ਅਸੂਲਾਂ ’ਤੇ ਚੱਲਣ ਦਾ ਯਤਨ ਕਰਦਾ ਹਾਂ।’

ਉਹ ਕਹਿੰਦੇ, ‘ਇਸੇ ਲਈ ਸਾਡੇ ਲੋਕ ਤੁਹਾਡਾ ਸਤਿਕਾਰ ਕਰਦੇ ਹਨ ਕਿ ਤੁਸੀਂ ਨਾਨਕ ਲਾਮਾ ਦੇ ਪੈਰੋਕਾਰ ਹੋ।’ (ਅਸਲ ਵਿਚ ਭੂਟਾਨੀ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਨਾਨਕ ਲਾਮਾ’ ਦੇ ਨਾਮ ਨਾਲ ਸੰਬੋਧਨ ਕਰਦੇ ਹਨ। ਉਹ ਆਪਣੇ ਪੁਜਾਰੀਆਂ ਨੂੰ ਵੀ ‘ਲਾਮਾ ਜੀ’ ਕਹਿੰਦੇ ਹਨ। ਇਸ ਲਈ ਗੁਰੂ ਨਾਨਕ ਸਾਹਿਬ ਲਈ ਅਮੂਮਨ ‘ਨਾਨਕ ਲਾਮਾ’ ਸ਼ਬਦ ਵਰਤਦੇ ਹਨ।

ਇਹ ਸਭ ਸੁਣ ਕੇ ਮੈਨੂੰ ਬਹੁਤ ਫ਼ਖ਼ਰ ਹੋਇਆ ਕਿ ਸਾਡੇ ਗੁਰੂ ਸਾਹਿਬਾਨ ਕਰਕੇ (ਉਨ੍ਹਾਂ ਦੁਆਰਾ ਹੱਕ ਅਤੇ ਸੱਚ ਦੀ ਕੀਤੀ ਕਮਾਈ ਕਰਕੇ) ਮੈਨੂੰ ਅੱਜ ਤਕਰੀਬਨ- 500 ਸਾਲਾਂ ਬਾਅਦ ਵੀ ਇੰਨਾ ਮਾਣ- ਸਤਿਕਾਰ ਮਿਲ ਰਿਹਾ ਹੈ। ਸੱਚਮੁਚ! ਦਿਲ ਦੇ ਕੋਨੇ ’ਚੋਂ ਇੱਕੋ ਹੀ ਆਵਾਜ਼ ਆਉਂਦੀ ਮਹਿਸੂਸ ਹੋਈ... ਧੰਨ ਨਾਨਕ ਤੇਰੀ ਵੱਡੀ ਕਮਾਈ।

ਖ਼ੈਰ, ਇੰਡੋ- ਭੂਟਾਨ ਦੋਸਤਾਨਾ ਟ੍ਰੇਨਿੰਗ ਖ਼ਤਮ ਹੋਈ ਤਾਂ ਬਹੁਤ ਸਾਰੇ ਭੂਟਾਨੀ ਲੋਕਾਂ ਨੇ ਸਾਨੂੰ ਆਪਣੇ ਘਰਾਂ ’ਚ ਸੱਦਾ ਦਿੱਤਾ ਅਤੇ ਚਾਹ- ਪਾਣੀ ਪਿਆਇਆ। ਭੂਟਾਨ ਦੇ ਲੋਕਾਂ ਦੀ ਇੱਕ ਖ਼ਾਸ ਪਰੰਪਰਾ ਇਹ ਹੈ ਕਿ ਉਹ ਆਪਣੇ ਘਰ ਆਏ ਕਿਸੇ ‘ਵਿਸ਼ੇਸ਼ ਮਹਿਮਾਨ’ ਨੂੰ ਹੀ ਚਾਹ (ਇੱਕ ਕਿਸਮ ਦੇ ਕਾੜ੍ਹੇ) ਵਿੱਚ ਦੇਸੀ ਘਿਓ ਪਾ ਕੇ ਪਿਆਉਂਦੇ ਹਨ। ਅਸੀਂ ਜਿਸ ਵੀ ਘਰ ’ਚ ਗਏ ਉਨ੍ਹਾਂ ਸਾਨੂੰ ਚਾਹ ਵਿਚ ਦੇਸੀ ਘਿਓ ਪਾ ਕੇ ਦਿੱਤਾ ਤਾਂ ਕਿ ਸਾਨੂੰ ਅਹਿਸਾਸ ਹੋ ਸਕੇ ਕਿ ਅਸੀਂ ਉਨ੍ਹਾਂ ਲਈ ਕਿੰਨੇ ਖ਼ਾਸ ਮਹਿਮਾਨ ਹਾਂ।

ਭੂਟਾਨ ਦੇ ਨੇਕ ਲੋਕਾਂ ਦੀ ਮਹਿਮਾਨ-ਨਿਵਾਜ਼ੀ ਦੀਆਂ ਬਹੁਤ ਸਾਰੀਆਂ ਸੁਨਹਿਰੀ ਯਾਦਾਂ ਲੈ ਕੇ ਅਸੀਂ ਤਿੰਨ ਮਹੀਨਿਆਂ ਬਾਅਦ ਭਾਰਤ ਮੁੜ ਆਏ, ਪਰ ਉਨ੍ਹਾਂ ਲੋਕਾਂ ਦੀ ਅਪੱਣਤ ਅਤੇ ਮੋਹ- ਮੁਹੱਬਤ ਸਦਾ ਲਈ ਸਾਡੇ ਜ਼ਿਹਨ ਵਿਚ ਘਰ ਕਰ ਗਈ।

ਸੰਪਰਕ: 90414-98009.

Advertisement
×