DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਰੇ ਹਿੱਸੇ ਦੇ ਡੰਡੇ

ਅਧਿਆਪਨ ਕਿੱਤਾ ਸਿਰਫ਼ ਨੌਕਰੀ ਨਹੀਂ, ਸਗੋਂ ਨਿਸਵਾਰਥ ਸੇਵਾ ਭਾਵਨਾ ਦਾ ਪ੍ਰਤੀਕ ਹੈ। ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹਨ। ਮੈਂ ਆਪਣੇ ਪਿੰਡ ਘਰਾਚੋਂ ਦੇ ਹੀ ਸਰਕਾਰੀ ਸਕੂਲ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਮੈਂ ਮਕੈਨੀਕਲ ਇੰਜੀਨੀਅਰਿੰਗ...

  • fb
  • twitter
  • whatsapp
  • whatsapp
Advertisement

ਅਧਿਆਪਨ ਕਿੱਤਾ ਸਿਰਫ਼ ਨੌਕਰੀ ਨਹੀਂ, ਸਗੋਂ ਨਿਸਵਾਰਥ ਸੇਵਾ ਭਾਵਨਾ ਦਾ ਪ੍ਰਤੀਕ ਹੈ। ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹਨ। ਮੈਂ ਆਪਣੇ ਪਿੰਡ ਘਰਾਚੋਂ ਦੇ ਹੀ ਸਰਕਾਰੀ ਸਕੂਲ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਮੈਂ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਪੋਸਟ-ਗ੍ਰੈਜੂਏਸ਼ਨ ਕੀਤੀ। ਅੱਜ ਵੀ ਮੈਨੂੰ ਪ੍ਰਾਇਮਰੀ ਸਕੂਲ ਦੀ ਤੀਜੀ ਜਮਾਤ ਦੀ ਇੱਕ ਘਟਨਾ ਚੰਗੀ ਤਰ੍ਹਾਂ ਯਾਦ ਹੈ। ਇੱਕ ਦਿਨ ਜਮਾਤ ਵਿੱਚ ਮਾਸਟਰ ਜੀ ਨੇ ਸਕੂਲ ਵਿੱਚ ਬੂਟਾ ਲਗਾਉਣ ਲਈ ਪੁੱਛਿਆ, ‘‘ਕਿਸੇ ਦੇ ਘਰ ਨਿੰਮ ਦਾ ਛੋਟਾ ਬੂਟਾ ਹੈ?’’ ਸਾਡੇ ਘਰ ਇੱਕ ਵੱਡੀ ਨਿੰਮ ਸੀ, ਜਿਸ ਦੇ ਹੇਠਾਂ ਡਿੱਗੀਆਂ ਨਿਮੋਲੀਆਂ ਤੋਂ ਕਈ ਨਿੱਕੇ ਬੂਟੇ ਉੱਗ ਆਏ ਸਨ। ਮੈਂ ਤੁਰੰਤ ਹਾਮੀ ਭਰ ਦਿੱਤੀ। ਮਾਸਟਰ ਜੀ ਨੇ ਕਿਹਾ, ‘‘ਬੂਟੇ ਨੂੰ ਚੱਕਲੇ (ਜੜ੍ਹਾਂ ਦੇ ਦੁਆਲੇ ਮਿੱਟੀ ਦੇ ਪਿੰਡੇ) ਸਮੇਤ ਪੁੱਟ ਕੇ ਲਿਆਉਣਾ।’’

ਮੈਂ ਆਪਣੇ ਇੱਕ ਜਮਾਤੀ ਨੂੰ ਨਾਲ ਲਿਆ ਅਤੇ ਘਰ ਪਹੁੰਚ ਗਿਆ। ਸਾਨੂੰ ਇਹ ਨਹੀਂ ਸੀ ਪਤਾ ਕਿ ‘ਚੱਕਲਾ’ ਕਿਵੇਂ ਕੱਢੀਦਾ ਹੈ। ਮੈਂ ਬੂਟਾ ਸਿੱਧਾ ਖਿੱਚ ਕੇ ਪੁੱਟ ਲਿਆ ਅਤੇ ਬਾਅਦ ਵਿੱਚ ਜੜ੍ਹਾਂ ਦੁਆਲੇ ਮਿੱਟੀ ਲਪੇਟ ਕੇ ਗੋਲਾ ਜਿਹਾ ਬਣਾ ਦਿੱਤਾ। ਜਦੋਂ ਸਕੂਲ ਜਾ ਕੇ ਮਾਸਟਰ ਜੀ ਨੂੰ ਬੂਟਾ ਸੌਂਪਿਆ ਤਾਂ ਉਨ੍ਹਾਂ ਹੱਸਦਿਆਂ ਕਿਹਾ, ‘‘ਤੁਸੀਂ ਚੱਕਲਾ ਤਾਂ ਲਿਆਂਦਾ ਨਹੀਂ, ਪਰ ਚਲੋ, ਫਿਰ ਵੀ ਲਗਾ ਦਿੰਦੇ ਹਾਂ।’’ ਉਹ ਬੂਟਾ ਚੱਲ ਪਿਆ ਅਤੇ ਹੌਲੀ-ਹੌਲੀ ਇੱਕ ਵੱਡਾ ਰੁੱਖ ਬਣ ਗਿਆ। ਜਦੋਂ ਵੀ ਮੇਰੇ ਹਾਣੀ ਕਹਿੰਦੇ ਕਿ ‘ਇਹ ਨਿੰਮ ਤੂੰ ਲਗਾਈ ਸੀ’ ਤਾਂ ਮੇਰਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ। ਸਾਲਾਂ ਬਾਅਦ ਜਦੋਂ ਸਕੂਲ ਨਵੀਂ ਇਮਾਰਤ ਵਿੱਚ ਤਬਦੀਲ ਹੋ ਗਿਆ ਤਾਂ ਉਸ ਨਿੰਮ ਨੂੰ ਵੱਢ ਦਿੱਤਾ ਗਿਆ। ਉਸ ਦਿਨ ਮੇਰੀ ਰੂਹ ਕੁਰਲਾ ਉੱਠੀ ਸੀ। ਖ਼ੈਰ, ਬਚਪਨ ਵਿੱਚ ਮਿਲੀ ਉਸੇ ਸੇਧ ਸਦਕਾ ਅੱਜ ਮੇਰੇ ਘਰ ਦੀ ਬਗੀਚੀ ਵਿੱਚ 40 ਦੇ ਕਰੀਬ ਫ਼ਲਦਾਰ, ਛਾਂਦਾਰ ਅਤੇ ਜੜ੍ਹੀਆਂ-ਬੂਟੀਆਂ ਵਾਲੇ ਰੁੱਖ ਲਹਿਰਾ ਰਹੇ ਹਨ। ਜਦੋਂ ਛੁੱਟੀਆਂ ਵਿੱਚ ਮੇਰੀ ਸਾਢੇ ਤਿੰਨ ਸਾਲ ਦੀ ਭਤੀਜੀ ਅਤੇ ਭਾਣਜੀਆਂ ਆਉਂਦੀਆਂ ਹਨ ਤਾਂ ਉਹ ਬੜੇ ਚਾਅ ਨਾਲ ਮੇਰੇ ਨਾਲ ਨਵੇਂ ਬੂਟੇ ਲਗਾਉਂਦੀਆਂ ਹਨ।

Advertisement

ਪੰਜਵੀਂ ਪਾਸ ਕਰਨ ਮਗਰੋਂ ਜਦੋਂ ਮੈਂ ਪਿੰਡ ਦੇ ਸਰਕਾਰੀ ਹਾਈ ਸਕੂਲ (ਜਿਸ ਨੂੰ ਸਭ ਵੱਡਾ ਸਕੂਲ ਕਹਿੰਦੇ ਸਨ) ਵਿੱਚ ਛੇਵੀਂ ਜਮਾਤ ਵਿੱਚ ਦਾਖ਼ਲ ਹੋਇਆ ਤਾਂ ਮੈਨੂੰ ਗੋਡੇ-ਗੋਡੇ ਚਾਅ ਚੜ੍ਹਿਆ ਹੋਇਆ ਸੀ ਕਿ ਹੁਣ ਮੈਂ ਵੀ ਵੱਡੇ ਸਕੂਲ ਪੜ੍ਹਨ ਜਾਵਾਂਗਾ। ਹਾਲਾਂਕਿ ਪਿੰਡ ਦਾ ਵੱਡਾ ਸਕੂਲ ਸਾਡੇ ਘਰ ਤੋਂ ਬਹੁਤਾ ਦੂਰ ਨਹੀਂ ਸੀ, ਪਰ ਮੇਰੇ ਮਾਪਿਆਂ ਨੇ ਮੈਨੂੰ ਉੱਥੇ ਜਾਣ ਲਈ ਇੱਕ ਨਵਾਂ ਸਾਈਕਲ ਖ਼ਰੀਦ ਕੇ ਦਿੱਤਾ, ਜਿਸ ਨੂੰ ਮੈਂ ਅੱਜ ਵੀ ਇੱਕ ਅਨਮੋਲ ਯਾਦ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਸਕੂਲ ਦੀ ਸਵੇਰ ਦੀ ਸਭਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਸਾਨੂੰ ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਨਾਲ ਭਰਨ ਦੇ ਨਾਲ-ਨਾਲ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਸੇਧ ਦਿੰਦੀ ਹੈ। ਇਸੇ ਸਭਾ ਨਾਲ ਜੁੜੀ ਇੱਕ ਘਟਨਾ ਮੇਰੇ ਜ਼ਿਹਨ ਵਿੱਚ ਹਮੇਸ਼ਾ ਤਾਜ਼ਾ ਰਹਿੰਦੀ ਹੈ।

Advertisement

ਇੱਕ ਦਿਨ ਸਵੇਰ ਦੀ ਸਭਾ ਵਿੱਚ ਅਧਿਆਪਕਾਂ ਵੱਲੋਂ ਸਰੀਰਕ ਸਫ਼ਾਈ ਦੀ ਚੈਕਿੰਗ ਕੀਤੀ ਜਾ ਰਹੀ ਸੀ। ਵਰਦੀ, ਬੂਟ ਅਤੇ ਨਹੁੰ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਪੁੱਛਿਆ, ‘‘ਜਿਹੜੇ ਬੱਚੇ ਅੱਜ ਨਹਾ ਕੇ ਨਹੀਂ ਆਏ, ਉਹ ਖੜ੍ਹੇ ਹੋ ਜਾਣ।’’ ਮੈਂ ਇਮਾਨਦਾਰੀ ਨਾਲ ਖੜ੍ਹਾ ਹੋ ਗਿਆ। ਜਦੋਂ ਅਧਿਆਪਕ ਨੇ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਕੁਝ ਦਿਨਾਂ ਤੋਂ ਬੁਖ਼ਾਰ ਹੋਣ ਕਰਕੇ ਮੈਂ ਨਹਾ ਨਹੀਂ ਸਕਿਆ। ਉਨ੍ਹਾਂ ਪਿਆਰ ਪਰ ਦ੍ਰਿੜ੍ਹਤਾ ਨਾਲ ਕਿਹਾ, ‘‘ਬਿਨਾਂ ਨਹਾਏ ਸਕੂਲ ਨਹੀਂ ਆਉਣਾ।’’ ਅਧਿਆਪਕ ਦੇ ਉਨ੍ਹਾਂ ਬੋਲਾਂ ਦਾ ਅਜਿਹਾ ਅਸਰ ਹੋਇਆ ਕਿ ਉਸ ਦਿਨ ਤੋਂ ਹਰ ਰੋਜ਼ ਨਹਾਉਣ ਦੀ ਪਈ ਆਦਤ ਅੱਜ ਵੀ ਮੇਰੀ ਜੀਵਨ-ਸ਼ੈਲੀ ਦਾ ਹਿੱਸਾ ਹੈ। ਸੱਤਵੀਂ ਜਮਾਤ ਵਿੱਚ ਸੰਗਰੂਰ ਤੋਂ ਬਦਲ ਕੇ ਆਏ ਅਧਿਆਪਕ ਸ੍ਰੀ ਵੇਦ ਪ੍ਰਕਾਸ਼ ਸਾਡੀ ਜਮਾਤ ਦੇ ਇੰਚਾਰਜ ਬਣੇ। ਉਹ ਸਾਨੂੰ ਅੰਗਰੇਜ਼ੀ ਅਤੇ ਇਤਿਹਾਸ ਪੜ੍ਹਾਉਂਦੇ ਸਨ। ਕੜਾਕੇ ਦੀ ਸਰਦੀ ਵਿੱਚ ਉਹ ਰੋਜ਼ਾਨਾ ਸੰਗਰੂਰ ਤੋਂ 12-13 ਕਿਲੋਮੀਟਰ ਦਾ ਸਫ਼ਰ ਸਾਈਕਲ ’ਤੇ ਤੈਅ ਕਰਕੇ ਸਕੂਲ ਸਮੇਂ ਤੋਂ ਇੱਕ ਘੰਟਾ ਪਹਿਲਾਂ ਪਹੁੰਚਦੇ ਅਤੇ ਛੁੱਟੀ ਤੋਂ ਬਾਅਦ ਵੀ ਇੱਕ ਘੰਟਾ ਵਾਧੂ ਪੜ੍ਹਾਉਂਦੇ। ਉਹ ਹੱਸ ਕੇ ਕਹਿੰਦੇ, ‘‘ਸਾਈਕਲ ਚਲਾਉਣ ਨਾਲ ਮੇਰੀ ਕਸਰਤ ਹੋ ਜਾਂਦੀ ਹੈ ਤੇ ਤੁਹਾਡੀ ਪੜ੍ਹਾਈ।’’ ਉਨ੍ਹਾਂ ਦੀ ਹਦਾਇਤ ਸੀ ਕਿ ਹਰ ਬੱਚਾ ਘਰੋਂ ਰੋਟੀ ਬੰਨ੍ਹ ਕੇ ਲਿਆਵੇਗਾ ਅਤੇ ਕੋਈ ਵੀ ਬਿਨਾਂ ਠੋਸ ਕਾਰਨ ਦੇ ਜਮਾਤ ਤੋਂ ਗ਼ੈਰਹਾਜ਼ਰ ਨਹੀਂ ਹੋਵੇਗਾ। ਉਨ੍ਹਾਂ ਨੇ ਸਾਨੂੰ ਅੰਗਰੇਜ਼ੀ ਵਿਆਕਰਨ ਲਈ ਇੱਕ ਵਿਸ਼ੇਸ਼ ਕਾਪੀ ਲਗਵਾਈ ਸੀ, ਜਿਸ ਵਿੱਚ ਉਹ ਆਪਣੇ ਕੋਲੋਂ ਬਣਾਏ ਪੰਜਾਬੀ ਦੇ ਵਾਕ ਬੋਲਦੇ ਅਤੇ ਅਸੀਂ ਉਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਕਰਦੇ। ਸਾਲ 1987 ਦੀ ਅੱਠਵੀਂ ਜਮਾਤ ਦੀ ਉਹ ਕਾਪੀ ਅੱਜ ਵੀ ਮੇਰੇ ਕੋਲ ਸੁਰੱਖਿਅਤ ਹੈ, ਜਿਸ ਵਿੱਚ 300 ਦੇ ਕਰੀਬ ਅਨੁਵਾਦ ਕੀਤੇ ਵਾਕ ਦਰਜ ਹਨ। ਅੰਗਰੇਜ਼ੀ ਵਾਲੇ ਮਾਸਟਰ ਜੀ ਦਾ ਕਹਿਣਾ ਸੀ, ‘ਜਿੰਨੀਆਂ ਗ਼ਲਤੀਆਂ, ਓਨੇ ਡੰਡੇ।’

ਇੱਕ ਹੋਰ ਯਾਦ ਹਿਸਾਬ ਦੇ ਵਿਸ਼ੇ ਨਾਲ ਜੁੜੀ ਹੋਈ ਹੈ। ਥਿਊਰਮ ਦੇ ਦਸ ਨੰਬਰਾਂ ਦੇ ਟੈਸਟ ਵਿੱਚੋਂ ਮੇਰੇ ਅੱਠ ਨੰਬਰ ਆਏ ਸਨ। ਫਿਰ ਵੀ ਮਾਸਟਰ ਜੀ ਨੇ ਮੇਰੇ ਹੱਥ ’ਤੇ ਤੂਤ ਦੀ ਛਟੀ ਨਾਲ ਇੱਕ ਡੰਡਾ ਮਾਰਿਆ, ਜੋ ਮੈਨੂੰ ਅੱਜ ਵੀ ਯਾਦ ਹੈ। ਮੈਂ ਹੈਰਾਨ ਸਾਂ ਕਿ ਪੰਜ-ਛੇ ਨੰਬਰ ਲੈਣ ਵਾਲੇ ਕੁੱਟ ਤੋਂ ਬਚ ਗਏ, ਪਰ ਮੈਨੂੰ ਸਜ਼ਾ ਮਿਲੀ। ਜਦੋਂ ਮੈਂ ਡਰਦਿਆਂ ਕਾਰਨ ਪੁੱਛਿਆ ਤਾਂ ਉਨ੍ਹਾਂ ਪਿਆਰ ਨਾਲ ਕਿਹਾ, ‘‘ਤੂੰ ਪੂਰੇ ਨੰਬਰ ਲੈ ਸਕਦਾ ਸੀ, ਇਹ ਡੰਡਾ ਤੇਰੀ ਲਾਪਰਵਾਹੀ ਦਾ ਹੈ।’’ ਅੱਜ ਮੈਂ ਖ਼ੁਦ ਆਪਣੇ ਵਿਦਿਆਰਥੀਆਂ ਨਾਲ ਇਹ ਕਿੱਸਾ ਸਾਂਝਾ ਕਰਦਾ ਹਾਂ ਕਿ ਅਧਿਆਪਕਾਂ ਦੀ ਮਾਰ ਪਿੱਛੇ ਵੀ ਸਾਡੀ ਬਿਹਤਰੀ ਲੁਕੀ ਹੁੰਦੀ ਹੈ।

ਸੰਪਰਕ: 91159-17355

Advertisement
×