ਮੇਰਾ ਨਾਮਕਰਨ
ਮੇਰੇ ਤੋਂ ਪਹਿਲਾਂ ਘਰ ’ਚ ਤਿੰਨ ਵੱਡੀਆਂ ਭੈਣਾਂ ਸਨ। ਇੱਕ ਭੈਣ ਨੂੰ ਗੁੱਡੀ ਕਹਿੰਦੇ ਸਨ। ਉਦੋਂ ਅਕਸਰ ਅਜਿਹੇ ਨਾਮ ਹੁੰਦੇ ਸਨ। ਦੂਜੀ ਭੈਣ ਦਾ ਨਾਂ ਗੁਰਮੇਲ ਅਤੇ ਤੀਜੀ ਭੈਣ ਦਾ ਨਾਂ ਛਿੰਦਰ ਸੀ। ਬੇਬੇ ਆਖਦੀ ਹੁੰਦੀ ਸੀ ਕਿ ਭੈਣ ਗੁਰਮੇਲ...
ਮੇਰੇ ਤੋਂ ਪਹਿਲਾਂ ਘਰ ’ਚ ਤਿੰਨ ਵੱਡੀਆਂ ਭੈਣਾਂ ਸਨ। ਇੱਕ ਭੈਣ ਨੂੰ ਗੁੱਡੀ ਕਹਿੰਦੇ ਸਨ। ਉਦੋਂ ਅਕਸਰ ਅਜਿਹੇ ਨਾਮ ਹੁੰਦੇ ਸਨ। ਦੂਜੀ ਭੈਣ ਦਾ ਨਾਂ ਗੁਰਮੇਲ ਅਤੇ ਤੀਜੀ ਭੈਣ ਦਾ ਨਾਂ ਛਿੰਦਰ ਸੀ। ਬੇਬੇ ਆਖਦੀ ਹੁੰਦੀ ਸੀ ਕਿ ਭੈਣ ਗੁਰਮੇਲ ਤੋਂ ਵੱਡਾ ਇੱਕ ਭਰਾ ਸੀ, ਜੋ ਲੀਲੇ ਮਾਸਟਰ ਦੇ ਹਾਣ ਦਾ ਸੀ ਪਰ ਉਹ ਜਲਦੀ ਹੀ ਰੱਬ ਨੂੰ ਪਿਆਰਾ ਹੋ ਗਿਆ। ਤਿੰਨ ਭੈਣਾਂ ਤੋਂ ਬਾਅਦ ਮੇਰਾ ਜਨਮ ਰਤੀਆ ਨੇੜਲੇ ਆਪਣੇ ਨਾਨਕੇ ਪਿੰਡ ਭੂੰਦੜਵਾਸ (ਹਰਿਆਣਾ) ਵਿੱਚ ਹੋਇਆ। ਪੰਜੇ ਮਾਮੇ ਨੱਚਣ ਲੱਗੇ। ਘਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ। ਨਾਨਕਿਆਂ ਨੇ ਪਿੰਡ ਸੇਖੂਵਾਸ ਸੁਨੇਹਾ ਭਿਜਵਾ ਦਿੱਤਾ ਕਿ ਮੱਘਰ ਸਿੰਹੁ ਦੇ ਘਰ ਮੁੰਡਾ ਪੈਦਾ ਹੋਇਆ ਹੈ। ਉਦੋਂ ਟੈਲੀਫੋਨ ਨਹੀਂ ਹੁੰਦੇ ਸਨ। ਪਰਿਵਾਰ ਦੇ ਕਿਸੇ ਮੈਂਬਰ ਨੂੰ ਖ਼ੁਦ ਜਾ ਕੇ ਸੁਖ ਸੁਨੇਹਾ ਲਾਉਣਾ ਪੈਂਦਾ ਸੀ। ਮੇਰੇ ਪਿੰਡ ਸੇਖੂਵਾਸ ਵੀ ਮਾਮੇ ਹੋਰਾਂ ਨੇ ਸੁਨੇਹਾ ਦਿੱਤਾ ਸੀ। ਮੇਰੀ ਨਾਨੀ ਨੂੰ ਵਹਿਮ ਹੋ ਗਿਆ ਕਿ ਮੁੰਡੇ ਨੂੰ ਨਜ਼ਰ ਨਾ ਲੱਗ ਜਾਵੇ। ਫਿਰ ਰੋਜ਼ ਮੇਰੇ ਮੱਥੇ ’ਤੇ ਕਾਲਾ ਟਿੱਕਾ ਲਾਇਆ ਜਾਂਦਾ। ਨਾਨਕਿਆਂ ਦੇ ਮੁਹੱਲੇ ’ਚੋਂ ਰੋਜ਼ ਕੋਈ ਨਾ ਕੋਈ ਦੇਖਣ ਆ ਜਾਂਦਾ। ‘‘ਕੁੜੇ, ਜੱਲੋ ਦੇ ਮੁੰਡਾ ਹੋਇਐ, ਚਲੋ ਦੇਖ ਕੇ ਆਈਏ!’’ ਉਦੋਂ ਕੁੜੀਆਂ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਰਾਤਾਂ ਨੂੰ ਇਕੱਠੀਆਂ ਚਰਖਾ ਕੱਤਦੀਆਂ। ਦਰੀਆਂ ਅਤੇ ਖੇਸ ਬੁਣਦੀਆਂ। ਜਦੋਂ ਮਾਂ ਨੂੰ ਦਾਈ ਨੇ ਬਾਹਰ ਵਧਾਇਆ ਤਾਂ ਫਿਰ ਮੇਰੇ ਨਾਮਕਰਨ ਦੀ ਗੱਲ ਚੱਲੀ। ਮਾਮੀਆਂ ਕਹਿਣ ਲੱਗੀਆਂ, ‘‘ਕੁੜੇ ਇਹ ਤਾਂ ‘ਸੈਂਸੀ ਗਧੀਂਲਿਆਂ’ ਵਰਗਾ ਹੈ। ਇਸ ਦਾ ਨਾਮ ਸੈਂਸੀ ਰੱਖ ਦਿਓ।’’ ਨਾਨਕਿਆਂ ਦੇ ਸਾਰੇ ਪਰਿਵਾਰ ਨੇ ਸੈਂਸੀ ਨਾਂ ’ਤੇ ਰਜ਼ਾਮੰਦੀ ਦੇ ਦਿੱਤੀ। ਉਨ੍ਹਾਂ ਦਿਨਾਂ ’ਚ ਜਦੋਂ ਕਈ ਕੁੜੀਆਂ ਤੋਂ ਬਾਅਦ ਮੁੰਡਾ ਹੁੰਦਾ ਸੀ, ਉਦੋਂ ਬੇਢੰਗੇ ਨਾਮ ਰੱਖੇ ਜਾਂਦੇ ਸਨ ਤਾਂ ਕਿ ਮੁੰਡੇ ਨੂੰ ਨਜ਼ਰ ਨਾ ਲੱਗੇ। ਮੇਰਾ ਸੈਂਸੀ ਨਾਂ ਵੀ ਨਜ਼ਰ ਤੋਂ ਬਚਾਉਣ ਲਈ ਹੀ ਰੱਖਿਆ ਗਿਆ ਸੀ।
ਛੋਟੇ ਹੁੰਦਿਆਂ ਮਿੱਟੀ ਦੇ ਘਰ ਬਣਾ ਕੇ ਖੇਡਦੇ ਰਹੇ। ਜੇ ਕਿਸੇ ਦੇ ਭਰਤ ਪੈਣੀ ਤਾਂ ਮਿੱਟੀ ਦੇ ਢੇਰ ’ਤੇ ਲੋਟਣੀਆਂ ਖਾਂਦੇ ਰਹਿਣਾ। ਸਾਰਾ ਦਿਨ ਸਾਈਕਲ ਦੇ ਚੱੱਕੇ (ਪਹੀਆ) ’ਚ ਡੰਡਾ ਫਸਾ ਕੇ ਦੌੜਾਉਂਦੇ ਰਹਿਣਾ। ਸਾਈਕਲ ਦਾ ਚੱਕਾ ਨਾ ਹੁੰਦਾ ਤਾਂ ਸਾਈਕਲ ਦੇ ਟਾਇਰ ਨੂੰ ਚਲਾਉਂਦੇ ਰਹਿਣਾ। ਸ਼ਾਮ ਹੋਣ ’ਤੇ ਘਰ ਪਰਤਣਾ। ਸ਼ਾਮ ਨੂੰ ਮਾਂ ਨੇ ਦਿਹਾੜੀ ਤੋਂ ਘਰ ਪਰਤਣਾ, ਕੁੱਟਮਾਰ ਕਰਕੇ ਨਹਾ ਦੇਣਾ। ਬਾਪੂ ਨੇ ਤਾਂ ਕਦੇ ਘੂਰਿਆ ਵੀ ਨਹੀਂ, ਪਰ ਮਾਂ ਦਾ ਬਹੁਤ ਡਰ ਹੁੰਦਾ ਸੀ। ਦਰਅਸਲ, ਮਾਂ ਬਹੁਤ ਦੂਰਅੰਦੇਸ਼ੀ ਸੀ। ਉਹ ਮੈਨੂੰ ਪੜ੍ਹਾਉਣਾ ਚਾਹੁੰਦੀ ਸੀ। ਉਹ ਹਮੇਸ਼ਾ ਸੋਚਦੀ ਸੀ ਕਿ ਅਸੀਂ ਤਾਂ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ ਹਾਂ, ਸਾਡਾ ਬੱਚਾ ਇਸ ਤਰ੍ਹਾਂ ਨਾ ਰੁਲੇ। ਉਸ ਨੇ ਮੇਰਾ ਨਾਂ ਸਕੂਲ ਵਿੱਚ ਦਾਖ਼ਲ ਕਰਵਾਉਣ ਬਾਰੇ ਸੋਚਿਆ।
ਕੁਦਰਤੀ ਇੱਕ ਦਿਨ ਮਾਸਟਰ ਜੀ ਗਲੀ ਵਿੱਚ ਬੱਚਿਆਂ ਦੇ ਨਾਂ ਲਿਖਦੇ ਫਿਰ ਰਹੇ ਸਨ। ਉਦੋਂ ਅਧਿਆਪਕਾਂ ਨੂੰ ਘਰ-ਘਰ ਜਾ ਕੇ ਬੱਚਿਆਂ ਦੇ ਨਾਂ ਦਾਖ਼ਲ ਕਰਨ ਦੀਆਂ ਹਦਾਇਤਾਂ ਹੁੰਦੀਆਂ ਸਨ। ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹਰਨੇਕ ਸਿੰਘ ਭਾਈ ਕੀ ਪਸ਼ੌਰ ਪੜ੍ਹਾਉਂਦੇ ਸਨ। ਉਹ ਸਾਡੇ ਘਰ ਵੀ ਆ ਗਏ। ਉਨ੍ਹਾਂ ਆ ਕੇ ਮੇਰੀ ਮਾਂ ਤੋਂ ਪੁੱਛਿਆ ਕਿ ਇਸ ਬੱਚੇ ਦਾ ਕੀ ਨਾਮ ਹੈ। ਮੇਰੀ ਮਾਂ ਨੇ ਕਿਹਾ, ‘‘ਅਸੀਂ ਤਾਂ ਘਰ ’ਚ ਇਸ ਨੂੰ ‘ਸੈਂਸੀ’ ਕਹਿੰਦੇ ਹਾਂ।’’ ਮਾਸਟਰ ਹਰਨੇਕ ਜੀ ਨੇ ਕਿਹਾ ਕਿ ਇਹ ਨਾਂ ਤਾਂ ਵਧੀਆ ਨਹੀਂ ਹੈ। ਉਨ੍ਹਾਂ ਆਪਣੇ ਕੋਲੋਂ ਗੁਰਮੇਲ ਸਿੰਘ ਨਾਮ ਲਿਖ ਲਿਆ। ਮੇਰੀ ਮਾਂ ਕਹਿਣ ਲੱਗੀ ਕਿ ਗੁਰਮੇਲ ਤਾਂ ਇਸ ਦੀ ਵੱਡੀ ਭੈਣ ਦਾ ਨਾਂ ਹੈ। ਅੱਗੋਂ ਮਾਸਟਰ ਜੀ ਕਹਿਣ ਲੱਗੇ, ‘‘ਕੋਈ ਨਹੀਂ। ਬਸ ਹੁਣ ਤਾਂ ਅਸੀਂ ਗੁਰਮੇਲ ਸਿੰਘ ਦੇ ਨਾਮ ’ਤੇ ਇਸ ਦਾ ਦਾਖ਼ਲਾ ਕਰ ਲਿਆ।’’ ਇੰਝ ਮੇਰਾ ਨਾਮ ਗੁਰਮੇਲ ਸਿੰਘ ਪਿਆ।
ਸੰਪਰਕ: 98967-23031

