DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੂਤਾਂ ਵਾਲਾ ਖੂਹ

ਉਨ੍ਹੀਂ ਦਿਨੀਂ ਮੈਂ ਅੱਠਵੀਂ ਜਮਾਤ ਪਾਸ ਕੀਤੀ ਸੀ। ਨੌਵੀਂ ਜਮਾਤ ਦਾ ਵਿਦਿਆਰਥੀ ਹੋਣ ਦਾ ਆਪਣਾ ਹੀ ਚਾਅ ਸੀ। ਆਥਣ ਵੇਲੇ ਕੰਮ ਤੋਂ ਪਰਤਦਿਆਂ ਪਿਤਾ ਜੀ ਨੇ ਮੈਨੂੰ ਨੌਵੀਂ ਜਮਾਤ ਦੀਆਂ ਨਵੀਆਂ ਪਾਠ-ਪੁਸਤਕਾਂ ਲਿਆ ਦਿੱਤੀਆਂ। ਮੈਂ ਚਾਈਂ-ਚਾਈਂ ਪੁਸਤਕਾਂ ਨੂੰ ਫਰੋਲਣ ਲੱਗਾ।...

  • fb
  • twitter
  • whatsapp
  • whatsapp
Advertisement

ਉਨ੍ਹੀਂ ਦਿਨੀਂ ਮੈਂ ਅੱਠਵੀਂ ਜਮਾਤ ਪਾਸ ਕੀਤੀ ਸੀ। ਨੌਵੀਂ ਜਮਾਤ ਦਾ ਵਿਦਿਆਰਥੀ ਹੋਣ ਦਾ ਆਪਣਾ ਹੀ ਚਾਅ ਸੀ। ਆਥਣ ਵੇਲੇ ਕੰਮ ਤੋਂ ਪਰਤਦਿਆਂ ਪਿਤਾ ਜੀ ਨੇ ਮੈਨੂੰ ਨੌਵੀਂ ਜਮਾਤ ਦੀਆਂ ਨਵੀਆਂ ਪਾਠ-ਪੁਸਤਕਾਂ ਲਿਆ ਦਿੱਤੀਆਂ। ਮੈਂ ਚਾਈਂ-ਚਾਈਂ ਪੁਸਤਕਾਂ ਨੂੰ ਫਰੋਲਣ ਲੱਗਾ। ਹਰ ਪੁਸਤਕ ਨੂੰ ਚਾਅ ਨਾਲ ਚੁੱਕਦਾ, ਵਰਕੇ ਫਰੋਲਦਾ ਅਤੇ ਉੱਡਦੀ ਨਜ਼ਰੇ ਵੇਖ ਕੇ ਇੱਕ ਪਾਸੇ ਰੱਖ ਦਿੰਦਾ। ਪਰ ਅਗਲੀ ਪੁਸਤਕ ਮੇਰੇ ਹੱਥਾਂ ਵਿੱਚ ਹੀ ਫੜੀ ਰਹਿ ਗਈ। ਪੁਸਤਕ ਦਾ ਨਾਂ ਸੀ- ‘ਤੂਤਾਂ ਵਾਲਾ ਖੂਹ’। ਪੀਲੇ ਰੰਗ ਦੇ ਸਰਵਰਕ ਉੱਤੇ ਗੂੜ੍ਹੇ ਲਾਲ ਰੰਗ ਵਿੱਚ ਛਪਿਆ ਪੁਸਤਕ ਦਾ ਇਹ ਨਾਂ ਮਨ ਨੂੰ ਦੇਰ ਤੱਕ ਟੁੰਬਦਾ ਰਿਹਾ। ਐਨ ਵਿਚਕਾਰ ਟਿੰਡਾਂ ਵਾਲੇ ਖੂਹ ਦੀ ਇੱਕ ਕਲਾਤਮਿਕ ਤਸਵੀਰ ਉਲੀਕੀ ਹੋਈ ਸੀ। ਖੂਹ ਦੁਆਲੇ ਤੂਤ ਦੇ ਕੁਝ ਰੁੱਖ ਸਨ ਅਤੇ ਨੇੜੇ ਹੀ ਗੰਭੀਰ ਮੁਦਰਾ ਵਿੱਚ ਮੰਜੇ ’ਤੇ ਬੈਠੇ ਕੁਝ ਵਿਅਕਤੀ ਦਿਖਾਏ ਗਏ ਸਨ। ਆਪਣੀ ਦਿੱਖ ਤੋਂ ਉਹ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਲੱਗਦੇ ਸਨ। ਸਰਵਰਕ ਨੂੰ ਤੱਕਦਿਆਂ ਮਨ ਦੇ ਖੂਹ ’ਚੋਂ ਸੁਭਾਵਿਕ ਹੀ ਆਵਾਜ਼ ਆਈ- ‘ਤੂਤਾਂ ਵਾਲਾ ਖੂਹ’। ਇਹ ਤਿੰਨੇ ਸ਼ਬਦ ਮੇਰੇ ਧੁਰ ਅੰਦਰ ਲਹਿ ਗਏ। ‘ਤੂਤਾਂ ਵਾਲਾ ਖੂਹ’ ਕਿਹੋ ਜਿਹਾ ਨਾਮ ਹੈ ਪੁਸਤਕ ਦਾ? ਕੀ ਖ਼ਾਸੀਅਤ ਹੋਵੇਗੀ ਇਸ ਪੁਸਤਕ ਵਿੱਚ ਤੇ ਇਸ ਦੇ ਅਜਿਹੇ ਨਾਮ ਪਿੱਛੇ? ਅਣਗਿਣਤ ਸਵਾਲ ਮਨ-ਮਸਤਕ ਅੰਦਰ ਗ਼ੁਬਾਰ ਵਾਂਗ ਉੱਭਰੇ। ਸਵਾਲਾਂ ਦਾ ਜਵਾਬ ਲੱਭਣ ਲਈ ਮੈਂ ਪੁਸਤਕ ਦਾ ਪੰਨਾ ਪਲਟਿਆ। ਅੰਦਰਲੇ ਪੰਨੇ ’ਤੇ ਨਾਵਲਕਾਰ ਦਾ ਨਾਂ ‘ਸੋਹਣ ਸਿੰਘ ਸੀਤਲ’ ਛਪਿਆ ਹੋਇਆ ਸੀ। ਢਾਡੀ ਸੋਹਣ ਸਿੰਘ ਸੀਤਲ ਦੀਆਂ ਵਾਰਾਂ ਉਨ੍ਹੀਂ ਦਿਨੀਂ ਅਸੀਂ ਰੇਡੀਓ ’ਤੇ ਬੜੇ ਸ਼ੌਕ ਨਾਲ ਸੁਣਦੇ ਸਾਂ। ਖ਼ੈਰ! ਮੈਂ ਪੁਸਤਕ ਦਾ ਪਹਿਲਾ ਕਾਂਡ ਪੜ੍ਹਨਾ ਸ਼ੁਰੂ ਕੀਤਾ, ਫਿਰ ਦੂਜਾ, ਤੀਜਾ, ਚੌਥਾ...। ਪਤਾ ਹੀ ਨਾ ਲੱਗਾ ਕਿ ਉਸ ਰਾਤ ਕਿਸ ਵੇਲੇ ਮੈਂ ਸਾਰਾ ਨਾਵਲ ਪੜ੍ਹ ਕੇ ਹੀ ਸਾਹ ਲਿਆ। ਮੇਰੀ ਨੀਂਦ ਤਾਂ ਜਿਵੇਂ ਪਰ ਲਗਾ ਕੇ ਉੱਡ ਗਈ ਸੀ। ਨਾਵਲ ਦੀ ਕਹਾਣੀ ਕਈ ਦਿਨਾਂ ਤੱਕ ਮੇਰੇ ਦਿਮਾਗ਼ ਵਿੱਚ ਰੀਲ ਵਾਂਗ ਘੁੰਮਦੀ ਰਹੀ। ਨਾਵਲਕਾਰ ਨੇ ਦੇਸ਼ ਦੀ ਵੰਡ ਦੇ ਦੁਖਾਂਤਕ ਬਿਰਤਾਂਤ ਨੂੰ ਬੜੇ ਸੁਹਜਮਈ ਢੰਗ ਨਾਲ ਪੇਸ਼ ਕੀਤਾ ਸੀ; ਇਹੋ ਨਾਵਲਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ। ਇਸ ਨਾਵਲ ਨੇ ਮੇਰੇ ਮਨ ਅੰਦਰ ਨਵਾਂ ਸੁਹਜ, ਨਵੀਂ ਤੜਪ, ਨਵਾਂ ਦਰਦ ਅਤੇ ਨਵੀਂ ਚੇਤਨਾ ਪੈਦਾ ਕੀਤੀ। ਨਾਵਲ ਪੜ੍ਹ ਕੇ ਪੰਜਾਬ ਦੀ ਵੰਡ ਦਾ ਬਿਰਤਾਂਤ ਅਤੇ ਜਾਗੀਰਦਾਰ ਲੋਟੂਆਂ ਵੱਲੋਂ ਮਜ਼ਲੂਮਾਂ ਦੀ ਕੀਤੀ ਜਾਂਦੀ ਲੁੱਟ ਦੇ ਦ੍ਰਿਸ਼ ਕਈ ਦਿਨਾਂ ਤੱਕ ਮੇਰੀਆਂ ਅੱਖਾਂ ਸਾਹਵੇਂ ਘੁੰਮਦੇ ਰਹੇ। ਨਾਵਲ ਦੇ ਕੁਝ ਪਾਤਰਾਂ ਪ੍ਰਤੀ ਹਮਦਰਦੀ ਅਤੇ ਕੁਝ ਪ੍ਰਤੀ ਨਫ਼ਰਤ ਦੀ ਭਾਵਨਾ ਮੇਰੇ ਅੰਦਰ ਸੁਲਗ਼ਣ ਲੱਗ ਪਈ। ਅਗਲੇ ਦਿਨ ਮੈਂ ਨਾਵਲ ਦੇ ਕੁਝ ਕਾਂਡ ਮੁੜ-ਮੁੜ ਪੜ੍ਹੇ। ਸਮਾਂ ਬੀਤਦਾ ਗਿਆ। ਦਸਵੀਂ ਤੋਂ ਬਾਅਦ ਗਿਆਰ੍ਹਵੀਂ ਸ਼੍ਰੇਣੀ ਦੀ ਪੜ੍ਹਾਈ ਸ਼ੁਰੂ ਹੋਈ ਅਤੇ ਮੈਂ ਸਰਕਾਰੀ ਕਾਲਜ ਵਿੱਚ ਦਾਖ਼ਲਾ ਲੈ ਲਿਆ। ਮੇਰੇ ਲਈ ਇਹ ਅਚੰਭੇ ਵਾਲੀ ਗੱਲ ਸੀ ਕਿ ਉਸ ਨਾਵਲ ਦੇ ਪਾਤਰ ਹੁਣ ਮੇਰੇ ਨਾਲ-ਨਾਲ ਤੁਰਦੇ ਹੋਏ ਕਾਲਜ ਦੇ ਵਿਹੜੇ ਤੱਕ ਪਹੁੰਚ ਗਏ ਸਨ। ਇਹੋ ਪਾਤਰ ਇੱਕ ਦਿਨ ਮੈਨੂੰ ਬਾਂਹੋਂ ਫੜ ਕੇ ਕਾਲਜ ਦੀ ਲਾਇਬਰੇਰੀ ਵੱਲ ਲੈ ਗਏ। ਲਾਇਬਰੇਰੀ ਅੰਦਰ ਪੁਸਤਕਾਂ ਫਰੋਲਦਿਆਂ ਨਾਵਲ ‘ਤੂਤਾਂ ਵਾਲਾ ਖੂਹ’ ਮੁੜ ਮੇਰੀ ਨਜ਼ਰੀਂ ਪੈ ਗਿਆ। ਮੇਰਾ ਧੁਰ ਅੰਦਰ ਇੱਕ ਵਾਰ ਫਿਰ ਕੰਬ ਉੱਠਿਆ। ਹਾਲਾਂਕਿ, ਹੁਣ ਨਾਵਲ ਦੀ ਦਿੱਖ ਪਹਿਲਾਂ ਵਰਗੀ ਨਹੀਂ ਸੀ।

ਇਸ ਵਾਰ ਨਾਵਲ ਦਾ ਸਰਵਰਕ ਹਰੇ ਰੰਗ ਦਾ ਸੀ ਅਤੇ ਖੂਹ ਵਾਲੀ ਤਸਵੀਰ ਵੀ ਪਹਿਲਾਂ ਨਾਲੋਂ ਵੱਖਰੀ ਸੀ। ਪਰ ਸਾਰੇ ਕਾਂਡ ਉਸੇ ਤਰਤੀਬ ਵਿੱਚ ਸਨ ਅਤੇ ਕਹਾਣੀ ਵੀ ਉਹੀ ਸੀ। ਮੈਂ ਇਹ ਨਾਵਲ ਲਾਇਬਰੇਰੀ ਵਿੱਚੋਂ ਜਾਰੀ ਕਰਵਾ ਕੇ ਮੁੜ ਪੜ੍ਹਿਆ। ਪੁਸਤਕ ਪੜ੍ਹਦਿਆਂ ਨਾਵਲ ਵਿਚਲੇ ਪਾਤਰਾਂ- ਬਾਬਾ ਅਕਾਲੀ, ਸੱਜਣ ਸਿੰਘ, ਨੱਥਾ ਸਿੰਘ, ਧੰਨੇ ਸ਼ਾਹ, ਇਲਮ ਦੀਨ, ਭਜਨ ਕੌਰ ਅਤੇ ਜੈਨਾ ਆਦਿ ਨਾਲ ਮੁੜ ਨਵੇਂ ਸਿਰਿਓਂ ਸੰਵਾਦ ਰਚਾਇਆ। ਨਾਵਲ ਦੇ ਘਟਨਾਕ੍ਰਮ ਨੂੰ ਵਧੇਰੇ ਗੰਭੀਰਤਾ ਨਾਲ ਸਮਝਣ ਦਾ ਮੌਕਾ ਮਿਲਿਆ। ਇਹ ਪਾਤਰ ਮੈਨੂੰ ਆਪਣੇ ਆਲੇ-ਦੁਆਲੇ ਦੇ ਸਮਾਜ ਵਿੱਚੋਂ ਹੀ ਪ੍ਰਤੀਬਿੰਬਤ ਹੁੰਦੇ ਪ੍ਰਤੀਤ ਹੋਣ ਲੱਗੇ। ਇਸ ਨਾਲ ਮੇਰੇ ਮਨ ਅੰਦਰ ਪੰਜਾਬੀ ਸਾਹਿਤ ਪੜ੍ਹਨ ਪ੍ਰਤੀ ਨਵੀਆਂ ਉਮੰਗਾਂ ਤੇ ਸੰਭਾਵਨਾਵਾਂ ਨੇ ਜਨਮ ਲਿਆ। ਕਾਲਜ ਪੜ੍ਹਦਿਆਂ ਮੈਂ ਲਾਇਬਰੇਰੀ ਵਿੱਚੋਂ ਅਨੇਕਾਂ ਸਾਹਿਤਕ ਪੁਸਤਕਾਂ ਜਾਰੀ ਕਰਵਾ ਕੇ ਲਗਾਤਾਰ ਪੜ੍ਹਦਾ ਰਿਹਾ। ਸ਼ਾਇਦ ਇਹ ਮੇਰੇ ਸਾਹਿਤਕ ਸਫ਼ਰ ਦੀ ਪਹਿਲੀ ਉਡਾਰੀ ਸੀ।

Advertisement

ਹੁਣ ਮਹਿਸੂਸ ਹੁੰਦਾ ਹੈ ਕਿ ‘ਤੂਤਾਂ ਵਾਲਾ ਖੂਹ’ ਮੈਨੂੰ ਸਾਹਿਤ ਜਗਤ ਵੱਲ ਤੋਰਨ ਵਾਲਾ ਪਹਿਲਾ ਰਾਹ-ਦਸੇਰਾ ਨਾਵਲ ਹੈ। ਅੱਜ ਜਦੋਂ ਵੀ ਮੈਂ ਕੋਈ ਪੁਸਤਕ ਖੋਲ੍ਹਦਾ ਹਾਂ, ਅੱਖਰਾਂ ਦੀ ਦੁਨੀਆ ਵੱਲ ਅਹੁਲਦਾ ਹਾਂ, ਪੁਸਤਕ ਮੇਲਿਆਂ ਵੱਲ ਪੁਲਾਂਘਾਂ ਪੁੱਟਦਾ ਹਾਂ, ਸਾਹਿਤਕ ਸਮਾਗਮਾਂ ਵਿੱਚ ਸ਼ਿਰਕਤ ਕਰਦਾ ਹਾਂ ਜਾਂ ਜਥੇਬੰਦਕ ਪ੍ਰੋਗਰਾਮਾਂ ਦਾ ਹਿੱਸਾ ਬਣਦਾ ਹਾਂ, ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਏਸੇ ਨਾਵਲ ਦੇ ਪਾਤਰ ਮੇਰੀ ਬਾਂਹ ਫੜ ਕੇ ਮੈਨੂੰ ਇਸ ਸੁਚੱਜੇ ਕਾਰਜ ਦੇ ਲੇਖੇ ਲਾਉਣ ਲਈ ਨਾਲ ਲੈ ਕੇ ਆਏ ਹੋਣ। ਆਲੇ-ਦੁਆਲੇ ਦੇ ਸਮਾਜ ਵਿੱਚ ਅੱਜ ਵੀ ਵੱਖ-ਵੱਖ ਰੂਪਾਂ ਵਿੱਚ ਵਿਚਰ ਰਹੇ ‘ਤੂਤਾਂ ਵਾਲੇ ਖੂਹ’ ਦੇ ਅਜਿਹੇ ਪਾਤਰਾਂ ਨੂੰ ਮੇਰਾ ਦਿਲੋਂ ਸਲਾਮ!

Advertisement

ਸੰਪਰਕ: 98762-24461

Advertisement
×