ਕੂੜੇ ਦਾ ਪਹਾੜ
ਕੁਝ ਦਿਨ ਪਹਿਲਾਂ ਗੱਡੀ ਵਿੱਚ ਦੋਸਤ ਨਾਲ ਜਾ ਰਿਹਾ ਸੀ। ਇੱਕ ਪਿੰਡ ਵਿੱਚੋਂ ਲੰਘਦਿਆਂ ਪਿੰਡ ਦੇ ਬਾਹਰਵਾਰ ਬਣੇ ਇੱਕ ਕੂੜਾ-ਘਰ ’ਤੇ ਨਜ਼ਰ ਪਈ। ਕੂੜਾ ਘਰ ਦੀ ਸਮਰੱਥਾ ਤੋਂ ਵੱਧ ਉੱਥੇ ਕੂੜਾ-ਕਰਕਟ ਖਿੱਲਰਿਆ ਪਿਆ ਸੀ। ਤਿੰਨ-ਚਾਰ ਪਸ਼ੂ ਕੂੜੇ ਵਿੱਚ ਮੂੰਹ ਮਾਰ...
ਕੁਝ ਦਿਨ ਪਹਿਲਾਂ ਗੱਡੀ ਵਿੱਚ ਦੋਸਤ ਨਾਲ ਜਾ ਰਿਹਾ ਸੀ। ਇੱਕ ਪਿੰਡ ਵਿੱਚੋਂ ਲੰਘਦਿਆਂ ਪਿੰਡ ਦੇ ਬਾਹਰਵਾਰ ਬਣੇ ਇੱਕ ਕੂੜਾ-ਘਰ ’ਤੇ ਨਜ਼ਰ ਪਈ। ਕੂੜਾ ਘਰ ਦੀ ਸਮਰੱਥਾ ਤੋਂ ਵੱਧ ਉੱਥੇ ਕੂੜਾ-ਕਰਕਟ ਖਿੱਲਰਿਆ ਪਿਆ ਸੀ। ਤਿੰਨ-ਚਾਰ ਪਸ਼ੂ ਕੂੜੇ ਵਿੱਚ ਮੂੰਹ ਮਾਰ ਰਹੇ ਸਨ। ਰੰਗ-ਬਿਰੰਗੇ ਮੋਮੀ ਲਿਫ਼ਾਫਿਆਂ ਦਾ ਖਿਲਾਰਾ ਪਿਆ ਹੋਇਆ ਸੀ। ਚੇਤਾ ਆਇਆ ਕਿ ਅੱਜ ਤੋਂ 30-35 ਸਾਲ ਪਹਿਲਾਂ ਇਹ ਦ੍ਰਿਸ਼ ਸਿਰਫ਼ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦੇ ਸਨ। ਮੈਨੂੰ ਯਾਦ ਹੈ ਕਿ ਲੋਕ ਆਪਣੇ ਪਿੰਡ ਦੀਆਂ ਹੱਟੀਆਂ, ਲਾਗਲੇ ਪਿੰਡ, ਕਸਬੇ ਜਾਂ ਸ਼ਹਿਰ ਤੋਂ ਸੌਦਾ-ਪੱਤਾ ਲਿਆਉਣ ਲਈ ਕੱਪੜੇ ਦਾ ਝੋਲ਼ਾ ਲੈ ਕੇ ਜਾਣਾ ਨਹੀਂ ਸਨ ਭੁੱਲਦੇ। ਸੁਆਣੀਆਂ ਵੀ ਪਿੰਡ ਵਿੱਚ ਵਿਕਣ ਆਈ ਸਬਜ਼ੀ-ਭਾਜੀ ਖਰੀਦਣ ਲਈ ਟੋਕਰੀ ਆਦਿ ਲੈ ਕੇ ਜਾਂਦੀਆਂ। ਉਸ ਵਕਤ ਮੋਮੀ ਲਿਫ਼ਾਫਿਆਂ ਦੀ ਵਰਤੋਂ ਦਾ ਚਲਨ ਨਹੀਂ ਸੀ। ਤੇਲ ਲੈਣ ਲਈ ਕੱਚ ਦੀ ਬੋਤਲ ਅਤੇ ਘਿਓ ਲਈ ਖਾਲੀ ਡੱਬਾ ਲਿਜਾਇਆ ਜਾਂਦਾ ਸੀ। ਹੱਟੀ ਵਾਲਾ ਪਹਿਲਾਂ ਖਾਲੀ ਬੋਤਲ ਜਾਂ ਡੱਬੇ ਦਾ ਵਜ਼ਨ ਕਰਦਾ ਅਤੇ ਫਿਰ ਉਸ ਵਿੱਚ ਪਾ ਕੇ ਮੰਗੀ ਹੋਈ ਵਸਤ ਤੋਲਦਾ। ਸੁੱਕੇ ਸੌਦੇ ਲਈ ਝੋਲਾ ਵਰਤਿਆ ਜਾਂਦਾ। ਇਸ ਮਕਸਦ ਲਈ ਝੋਲੇ ਬੀਬੀਆਂ ਘਰ ਵਿੱਚ ਹੀ ਪੁਰਾਣੇ ਕੱਪੜਿਆਂ ਤੋਂ ਤਿਆਰ ਕਰ ਲੈਂਦੀਆਂ ਸਨ। ਦੁਕਾਨਾਂ ਦਾ ਸਾਮਾਨ ਜ਼ਿਆਦਾਤਰ ਪਟਸਨ ਤੋਂ ਬਣੀਆਂ ਬੋਰੀਆਂ ਵਿੱਚ ਹੀ ਆਉਂਦਾ ਹੁੰਦਾ ਸੀ।
ਮੈਨੂੰ ਯਾਦ ਹੈ ਕਿ ਬਜਾਜੀ ਦੀਆਂ ਦੁਕਾਨਾਂ ਤੋਂ ਵਿਆਹਾਂ ਮੌਕੇ ਖਰੀਦੇ ਸੂਟਾਂ ਨੂੰ ਦੁਕਾਨਦਾਰ ਨਵੀਂ ਚਾਦਰ ਵਿੱਚ ਬੰਨ੍ਹ ਕੇ ਦਿੰਦਾ ਹੁੰਦਾ ਸੀ। ਸਕੂਲੀ ਬੱਚਿਆਂ ਜਾਂ ਘਰੋਂ ਬਾਹਰ ਰੋਟੀ ਗੱਠੀ ਬੰਨ੍ਹ ਕੇ ਲੈ ਜਾਣ ਵਾਲਿਆਂ ਦੀਆਂ ਰੋਟੀਆਂ ਪੌਣੇ ਵਿੱਚ ਲਪੇਟੀਆਂ ਜਾਂਦੀਆਂ। ਘਰਾਂ ਵਿੱਚ ਸੁੱਟਣਯੋਗ ਕੂੜਾ ਬਣਦਾ ਹੀ ਨਹੀਂ ਸੀ। ਜੋ ਘਰ ਵਿੱਚ ਕੂੜਾ-ਕਰਕਟ ਇਕੱਠਾ ਹੁੰਦਾ, ਉਹ ਗਲ਼ਣਯੋਗ ਹੁੰਦਾ ਸੀ। ਉਹ ਪਸ਼ੂਆਂ ਦੇ ਗੋਹੇ ਨਾਲ ਹੀ ਰੂੜੀਆਂ ’ਤੇ ਪੁੱਜ ਜਾਂਦਾ ਅਤੇ ਖੇਤਾਂ ਵਿੱਚ ਰਚ-ਮਿਚ ਜਾਂਦਾ। ਪਿੰਡਾਂ ਵਿੱਚ ਕੂੜਾ ਸੁੱਟਣ ਵਾਲੀਆਂ ਥਾਵਾਂ ਹਾਲੇ ਮੁਕੱਰਰ ਨਹੀਂ ਸਨ ਹੋਈਆਂ।
ਫਿਰ ਮੈਨੂੰ ਯਾਦ ਆਇਆ ਕਿ ਕੁੱਝ ਵਰ੍ਹੇ ਪਹਿਲਾਂ ਸਾਡੇ ਇੱਕ ਸਾਂਝੇ ਦੋਸਤ ਨੇ ਵਿਦੇਸ਼ ਤੋੋਂ ਆਉਣਾ ਸੀ। ਉਸਨੂੰ ਏਅਰਪੋਰਟ ਤੋਂ ਪਿੰਡ ਤੱਕ ਲੈ ਕੇ ਆਉਣ ਦੀ ਜ਼ਿੰਮੇਵਾਰੀ ਮੇਰੀ ਸੀ। ਉਸ ਨੇ ਸਵੇਰੇ ਪਹੁੰਚਣਾ ਸੀ, ਸੋ ਅਸੀਂ ਰਾਤ ਹੋਣ ਤੋਂ ਪਹਿਲਾਂ ਹੀ ਦਿੱਲੀ ਲਈ ਤੁਰ ਪਏ ਸਾਂ। ਤੜਕਸਾਰ ਇੱਕ ਢਾਬੇ ’ਤੇ ਚਾਹ ਪੀਣ ਲਈ ਰੁਕੇ। ਚਾਹ ਪੀ ਕੇ ਗੱਡੀ ਤੋਰੀ ਤਾਂ ਹਾਲੇ ਹਨੇਰਾ ਹੀ ਸੀ। ਕੁੱਝ ਸਮੇਂ ਬਾਅਦ ਘੁਸਮੁਸੇ ਜਿਹੇ ਵਿੱਚ ਇੱਕ ਪਹਾੜੀ ਦਾ ਝਾਉਲਾ ਪਿਆ। ਮੈਂ ਬੜੇ ਧਿਆਨ ਨਾਲ ਦੇਖਿਆ। ਹੈਰਾਨੀ ਹੋਈ ਕਿ ਇਸ ਮੈਦਾਨੀ ਇਲਾਕੇ ਵਿੱਚ ਪਹਾੜ ਕਿੱਥੋਂ ਆ ਗਏ। ਮੇਰੇ ਮੂੰਹੋਂ ਆਪ-ਮੁਹਾਰੇ ਨਿਕਲਿਆ, ‘‘ਹੈਂ! ਪਹਾੜ? ਇਸ ਰੂਟ ’ਤੇ ਆਮ ਚੱਲਣ ਵਾਲੇ ਸਾਡੇ ਡਰਾਈਵਰ ਨੇ ਸਹਿਜ-ਸੁਭਾਅ ਦੱਸਿਆ ਕਿ ਇਹ ਕੂੜੇ ਦਾ ਡੰਪ ਹੈ ਜੋ ਪਹਾੜ ਦਾ ਰੂਪ ਧਾਰਨ ਕਰ ਗਿਆ ਹੈ। ਸਾਰੇ ਸ਼ਹਿਰ ਦਾ ਕੂੜਾ ਇੱਥੇ ਇਕੱਠਾ ਹੁੰਦਾ ਹੈ।’’ ਸੱਚਮੁੱਚ ਮੈਂ ਕੂੜੇ ਦਾ ਐਨਾ ਵੱਡਾ ਪਹਾੜ ਪਹਿਲੀ ਵਾਰ ਦੇਖਿਆ ਸੀ।
ਖੁੱਲ੍ਹੀਆਂ ਥਾਵਾਂ ’ਤੇ ਕੂੜਾ ਸੁੱਟੇ ਜਾਣ ਦੇ ਜੋ ਦ੍ਰਿਸ਼ ਕਈ ਦਹਾਕੇ ਪਹਿਲਾਂ ਸ਼ਹਿਰਾਂ ਵਿੱਚ ਦਿਖਦੇ ਸਨ, ਉਹ ਹੁਣ ਪਿੰਡਾਂ ਵਿੱਚ ਵੀ ਰੂਪਮਾਨ ਹੋਣ ਲੱਗ ਪਏ ਹਨ। ਹਰ ਵਸਤ ਲਿਫ਼ਾਫ਼ਾਬੰਦ ਆਉਣ ਲੱਗ ਪਈ ਹੈ। ਨਾਲ ਕੋਈ ਭਾਂਡਾ ਜਾਂ ਝੋਲਾ ਚੁੱਕਣ ਦੀ ਲੋੜ ਨਹੀਂ। ਬੱਸ, ਖਾਤੇ ’ਚ ਪੈਸੇ ਹੋਣੇ ਚਾਹੀਦੇ ਹਨ। ਖਾਲੀ ਬਾਹਾਂ ਮਾਰਦੇ ਜਾਓ, ਵੱਖ-ਵੱਖ ਲਿਫਾਫਿਆਂ ਵਿੱਚ ਚੀਜ਼ਾਂ ਲੈ ਕੇ ਘਰ ਆ ਜਾਓ। ਪੈਕਿੰਗ ਦਾ ਜ਼ਮਾਨਾ ਹੈ। ਤਰਲ ਪਦਾਰਥ ਵੀ ਹੁਣ ਪੈਕੇਟਾਂ ਦੇ ਰੂਪ ਵਿੱਚ ਮਿਲਦੇ ਹਨ। ਤੱਕੜੀ-ਵੱਟਿਆਂ ਦੀਆਂ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਹਨ। ਰੇਟ ਲਈ ਵੀ ਮਗਜ਼ ਖਪਾਈ ਕਰਨ ਦੀ ਲੋੜ ਨਹੀਂ। ਸਭ ਲਿਖਿਆ ਮਿਲ ਜਾਂਦਾ ਹੈ। ਜੇ ਬਾਜ਼ਾਰ ਨਹੀਂ ਜਾ ਸਕਦੇ ਤਾਂ ਔਨਲਾਈਨ ਮੰਗਵਾ ਲਓ। ਬਾਜ਼ਾਰ ਤੁਹਾਡੇ ਘਰ ਚੱਲ ਕੇ ਆ ਰਿਹਾ ਹੈ।
ਪਿੰਡਾਂ ਦੇ ਵਸੀਵੇਂ ਤੋਂ ਸ਼ੁਰੂ ਹੋ ਕੇ ਕਈ ਥਾਂ ਰੰਗ-ਬਿਰੰਗੇ ਲਿਫ਼ਾਫ਼ਿਆਂ ਦੇ ਢੇਰ ਤੁਹਾਡਾ ਸਵਾਗਤ ਕਰਦੇ ਮਿਲਣਗੇ। ਪੈਕੇਟਬੰਦ ਚੀਜ਼ ਖਾ ਕੇ ਲਿਫ਼ਾਫ਼ਾ ਜਿੱਥੇ ਮਰਜ਼ੀ ਸੁੱਟ ਦਿਓ। ਠੰਢੇ ਦੀ ਬੋਤਲ ਪੀ ਕੇ ਚੱਲਦੀ ਗੱਡੀ ’ਚੋਂ ਵਗਾਹ ਮਾਰੋ। ਇਨ੍ਹਾਂ ਨੂੰ ਸਹੀ ਥਾਂ ’ਤੇ ਪੁੱਜਦਾ ਕਰਨਾ ਹਾਲੇ ਸਾਡੇ ਚਰਿੱਤਰ ਦਾ ਹਿੱਸਾ ਨਹੀਂ ਬਣਿਆ। ਇਸ ਲਈ ਅਸੀਂ ਸਾਰੇ ਹੀ ਕਸੂਰਵਾਰ ਹਾਂ। ਆਪਣੇ-ਆਪ ਨੂੰ ਇਸ ਤੋਂ ਵੱਖਰਾ ਰੱਖ ਕੇ ਨਹੀਂ ਦੇਖਿਆ ਜਾ ਸਕਦਾ। ਇਹ ਮੋਮੀ ਲਿਫਾਫੇ ਘਰਾਂ ’ਚੋਂ ਨਿਕਲ ਕੇ ਰੂੜੀਆਂ ’ਤੇ ਪਹੁੰਚ ਜਾਂਦੇ ਹਨ। ਮਾਨਸੂਨ ਤੋਂ ਪਹਿਲਾਂ ਜਦੋਂ ਲੋਕ ਜਦੋਂ ਖੇਤਾਂ ਵਿੱਚ ਰੂੜੀ ਪਾਉਣ ਲਗਦੇ ਹਨ ਤਾਂ ਇਹ ਜਿਉਂ ਦੇ ਤਿਉਂ ਕੂੜੇ ਵਿੱਚ ਪਏ ਹੁੰਦੇ ਹਨ। ਹੁਣ ਤਾਂ ਹਰ ਪਿੰਡ ਵਿੱਚ ਕੂੜੇ ਦੀਆਂ ਪਹਾੜੀਆਂ ਉਸਰ ਰਹੀਆਂ ਹਨ। ਇਸ ਦੇ ਯੋਗ ਨਿਪਟਾਰੇ ਲਈ ਜਾਗਰੂਕਤਾ ਦੇ ਨਾਲ ਨਾਲ ਢੁੱਕਵੇਂ ਪ੍ਰਬੰਧ ਵੀ ਸਮੇਂ ਦੀ ਲੋੜ ਹਨ। ਮੈਂ ਹਾਲੇ ਇਨ੍ਹਾਂ ਸੋਚਾਂ ਵਿੱਚ ਹੀ ਸੀ ਕਿ ਮੂਹਰੇ ਜਾ ਰਹੀ ਗੱਡੀ ਵਿੱਚ ਬੈਠੀਆਂ ਸਵਾਰੀਆਂ ਨੇ ਖਾ-ਪੀ ਕੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਅਤੇ ਲਿਫ਼ਾਫ਼ੇ ਬਾਹਰ ਵਗਾਹ ਮਾਰੇ।
ਸੰਪਰਕ: 94638-51568

