ਮਾਂ ਦੀ ਮੁਕਤੀ
ਮੈਂ ਜਦੋਂ ਵੀ ਸਆਦਤ ਹਸਨ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਪੜ੍ਹਦਾ ਹਾਂ ਤਾਂ ਮੈਨੂੰ ਬੈਂਕ ਦੀ ਨੌਕਰੀ ਵਿਚ ਦਹਾਕਾ ਪਹਿਲਾਂ ਮਿਲਿਆ ਬੜ੍ਹਕ ਸਿੰਘ ਯਾਦ ਆ ਜਾਂਦਾ ਹੈ। ਉਦੋਂ ਮੇਰੀ ਉਮਰ ਲਗਪਗ ਤੇਈ-ਚੌਵੀ ਸਾਲ ਸੀ ਤੇ ਬੜਕ ਸਿੰਘ ਸੱਤਰ-ਪਝੱਤਰ ਸਾਲਾਂ...
ਮੈਂ ਜਦੋਂ ਵੀ ਸਆਦਤ ਹਸਨ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਪੜ੍ਹਦਾ ਹਾਂ ਤਾਂ ਮੈਨੂੰ ਬੈਂਕ ਦੀ ਨੌਕਰੀ ਵਿਚ ਦਹਾਕਾ ਪਹਿਲਾਂ ਮਿਲਿਆ ਬੜ੍ਹਕ ਸਿੰਘ ਯਾਦ ਆ ਜਾਂਦਾ ਹੈ। ਉਦੋਂ ਮੇਰੀ ਉਮਰ ਲਗਪਗ ਤੇਈ-ਚੌਵੀ ਸਾਲ ਸੀ ਤੇ ਬੜਕ ਸਿੰਘ ਸੱਤਰ-ਪਝੱਤਰ ਸਾਲਾਂ ਨੂੰ ਢੁੱਕਿਆ ਮਾੜਚੂ ਜਿਹਾ ਦਰਮਿਆਨੇ ਕੱਦ ਵਾਲਾ ਗੁਰਸਿੱਖ ਬਜ਼ੁਰਗ ਸੀ। ਉਸ ਨੇ ਅਕਸਰ ਨੀਲੀ ਪੱਗ ਬੰਨ੍ਹੀ ਹੁੰਦੀ ਤੇ ਘਸਮੈਲ਼ਾ ਜਿਹਾ ਚਿੱਟਾ ਕੁੜਤਾ ਪਜਾਮਾ ਪਾਇਆ ਹੁੰਦਾ। ਹੱਥ ਵਿੱਚ ਸੋਟੀ ਤੇ ਅੱਖਾਂ ’ਤੇ ਮੋਟਾ ਚਸ਼ਮਾ ਉਮਰਾਂ ਦੀ ਬਾਤ ਪਾਉਂਦੇ। ਉਹ ਜਦ ਵੀ ਬੈਂਕ ਵਿੱਚ ਪੈਰ ਧਰਦਾ ਤਾਂ ਹਮੇਸ਼ਾ ਉੱਚੀ ਆਵਾਜ਼ ਵਿੱਚ ਫ਼ਤਿਹ ਬੁਲਾਉਂਦਾ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ”। ਇਉਂ ਜਾਪਦਾ ਜਿਵੇਂ ਉਸ ਨੂੰ ਖ਼ੁਦ ਸੁਣਾਈ ਨਹੀਂ ਦਿੰਦਾ। ਪੈਨਸ਼ਨ ਲੈਣ ਆਏ ਦੂਜੇ ਬਜ਼ੁਰਗਾਂ ’ਚੋਂ ਕੋਈ ਉਸ ਨੂੰ ਕਮਲਾ ਆਖਦਾ, ਕੋਈ ਕਹਿੰਦਾ ਭੁਚਾਲ ਆ ਗਿਆ। ਬੈਂਕ ਦਾ ਸਟਾਫ਼ ਵੀ ਉਸ ਦੀ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਆਦਤ ਕਰਕੇ ਪਹਿਲਾਂ ਓਸੇ ਨੂੰ ਹੀ ਵਿਹਲਾ ਕਰਕੇ ਤੋਰਨ ਦੀ ਕਰਦੇ। ਸ਼ਾਇਦ ਉੱਚੀ ਆਵਾਜ਼ ਵਿੱਚ ਬੋਲਣ ਦੀ ਆਦਤ ਕਰ ਕੇ ਹੀ ਉਸ ਦਾ ਨਾਮ ਬੜ੍ਹਕ ਸਿੰਘ ਪੈ ਗਿਆ। ਆਪਣੀ ਆਦਤ ਤੋਂ ਮਜਬੂਰ ਉਹ ਕੁੱਝ ਨਾ ਕੁੱਝ ਲਗਾਤਾਰ ਉਚਾਰਦਾ ਰਹਿੰਦਾ। “ਵਾਹਗੁਰੂ ਵਾਹਗੁਰੂ”, “ਭਲੀ ਕਰੂ ਕਰਤਾਰ”, “ਮਿਹਰ ਰੱਖੀਂ ਰੱਬਾ”, “ਖ਼ੈਰ ਹੋਵੇ” ਵਰਗੇ ਸ਼ਬਦ ਅਕਸਰ ਹੀ ਉਸ ਦੇ ਮੂੰਹੋਂ ਕਿਰਦੇ ਰਹਿੰਦੇ। ਉਸ ਨੂੰ ਦੇਖ ਮਨ ਵਿੱਚ ਸਵਾਲ ਉੱਠਦਾ ਕਿ ਇਸ ਦੇ ਅਜੀਬ ਵਿਹਾਰ ਪਿੱਛੇ ਕੀ ਕਾਰਨ ਹੋ ਸਕਦੈ? ਟੋਭਾ ਟੇਕ ਸਿੰਘ ਕਹਾਣੀ ਵਾਲੇ ਬਿਸ਼ਨ ਸਿੰਘ ਵੱਲੋਂ ਬੋਲਿਆ ਜਾਂਦਾ ਉੱਘੜ-ਦੁਘੜ ਫਿਕਰਾ ‘ਔਪੜ ਦਿ ਗੜ ਗੜ ਅਨੈਕਸ ਦੀ ਬੇਧਿਆਨਾ ਦਿ ਮੂੰਗ ਕਿ ਦਾਲ ਆਫ ਦੀ ਲਾਲਟੈਨ’ ਯਾਦ ਆਉਂਦਾ ਹੈ। ਕਦੇ ਕਦੇ ਮੈਨੂੰ ਜਾਪਦਾ ਕਿ ਬੜ੍ਹਕ ਸਿੰਘ ਕਿਸੇ ਅਕਹਿ ਮਾਨਸਿਕ ਪੀੜਾ ਦਾ ਸ਼ਿਕਾਰ ਹੈ। ਜਦ ਬੈਂਕ ਆਉਂਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਆਨੇ ਬਹਾਨੇ ਉਸ ਨੂੰ ਬੁਲਾਇਆ ਜਾਵੇ। ਮੇਰਾ ‘ਬਾਪੂ ਜੀ’ ਆਖ ਕੇ ਬੁਲਾਉਣਾ ਸ਼ਾਇਦ ਉਸ ਨੂੰ ਚੰਗਾ ਲਗਦਾ ਜਿਸ ਕਰਕੇ ਉਹ ਖ਼ੁਦ ਮੇਰੇ ਕੋਲ ਆ ਜਾਂਦਾ। ਮੇਰੇ ਨਾਲ ਗੱਲ ਕਰਦੇ ਸਮੇਂ ਉਸ ਦੀ ਸੁਰ ਵੀ ਥੋੜ੍ਹੀ ਧੀਮੀ ਹੋਣ ਲੱਗ ਪਈ ਸੀ। ਹਫ਼ਤੇ-ਦਸ ਦਿਨ ਬਾਅਦ ਉਹ ਚੱਕਰ ਮਾਰਨ ਲੱਗ ਗਿਆ। ਇੱਕ ਨਿਗੂਣੀ ਜਿਹੀ ਰਕਮ ਦੀ ਐੱਫ ਡੀ ਵੀ ਬਣਵਾਈ। ਐੱਫ ਡੀ ਦਾ ਵਾਰਿਸ ਕਿਸ ਨੂੰ ਰੱਖਣਾ ਹੈ? ਪੁੱਛਣ ’ਤੇ ਮੈਨੂੰ ਪਤਾ ਲੱਗਿਆ ਕਿ ਉਸ ਦਾ ਵਿਆਹ ਨਹੀਂ ਹੋਇਆ। ਮੈਂ ਤਸੱਲੀ ਮਹਿਸੂਸ ਕਰਦਾ ਕਿ ਉਹ ਹੁਣ ਕੁੱਝ ਧੀਮੀ ਆਵਾਜ਼ ਵਿੱਚ ਬੋਲਦਾ ਹੈ। ਥੋੜ੍ਹੇ ਅਰਸੇ ਬਾਅਦ ਤਿਉਹਾਰ ਵਾਲੇ ਦਿਨ ਉਹ ਬੈਂਕ ਆਇਆ। ਪਰ ਇਸ ਵਾਰ ਉਸ ਨੇ ਫ਼ਤਹਿ ਨਹੀਂ ਬੁਲਾਈ ਤੇ ਮੈਨੂੰ ਧੀਮੀ ਸੁਰ ਵਿੱਚ ਕਿਹਾ, “ਪੁੱਤ ਦਫ਼ਤਰ ਤੋਂ ਬਾਹਰ ਆਈਂ, ਤੇਰੇ ਨਾਲ ਗੱਲ ਕਰਨੀ ਐ ਇਕ ਪਰਦੇ ਆਲੀ”। ਉਸ ਦੇ ਜ਼ੋਰ ਦੇਣ ’ਤੇ ਮੈਂ ਬੈਂਕ ਸ਼ਾਖਾ ਤੋਂ ਬਾਹਰ ਚਲਾ ਗਿਆ। ਬਾਹਰ ਆ ਕੇ ਉਹ ਬੋਲਿਆ ਕਿ “ਪੁੱਤ ਮੇਰੇ ਮਨ ’ਤੇ ਭਾਰ ਆ ਇੱਕ, ਲੋਕ ਮੈਨੂੰ ਕਮਲਾ ਕਹਿੰਦੇ ਨੇ ਪਰ ਮੈਂ ਕਮਲਾ ਨੀ ਹੈਗਾ, ਅੱਠੇ ਪਹਿਰ ਰੱਬ ਨੂੰ ਧਿਆਉਨਾ ਮੈਂ, ਪਰ ਇੱਕ ਗੱਲ ਗ਼ਲਤ ਹੋਗੀ ਤੀ ਮੇਰੇ ਨਾਲ”। ਇਹ ਕਹਿੰਦੇ ਬੜ੍ਹਕ ਸਿੰਘ ਦਾ ਗੱਚ ਭਰ ਆਇਆ। ਮੇਰੇ ਕੁੱਝ ਢਾਰਸ ਦੇਣ ਤੋਂ ਬਾਅਦ ਦੁਬਾਰਾ ਬੋਲਿਆ, “ਸਾਡੀ ਕੁਲ ਨੂੰ ਦਾਗ ਲੱਗ ਗਿਆ, ਮੈਂ ਨਿਆਣਾ ਈ ਸੀ ਹਲੇ ਜਦ ਮੇਰੀ ਮਾਂ ਚਲੀ ਗਈ ਤੀ ਕਿਸੇ ਨਾਲ, ਸੱਤਰ ਸਾਲ ਹੋਗੇ ਇਨ੍ਹਾਂ ਗੱਲਾਂ ਨੂੰ, ਚਾਚੀਆਂ ਤਾਈਆਂ ਨੇ ਹੀ ਪਾਲਿਆ ਮੈਨੂੰ।” ਉਸ ਦੀਆਂ ਗੱਲਾਂ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ ਕਿ ਸੱਤਰ ਸਾਲਾਂ ਦਾ ਮਨ ’ਤੇ ਪਿਆ ਬੋਝ ਕਿਵੇਂ ਵੰਡਾਵਾਂ, ਕੀ ਆਖਾਂ ਮੈਨੂੰ ਕੁੱਝ ਸਮਝ ਨਹੀਂ ਲੱਗ ਰਹੀ ਸੀ। ਥੋੜ੍ਹੇ ਸਮੇਂ ਬਾਅਦ ਆਸਮਾਨ ਵੱਲ ਦੇਖ ਕੇ ਉਹਨੇ ਹੱਥ ਜੋੜੇ ਤੇ ਬੋਲਿਆ, “ਮਾਂ ਤਾਂ ਅੱਜ ਵੀ ਯਾਦ ਐ ਮੈਨੂੰ, ਰੋਜ਼ ਅਰਦਾਸ ਕਰਦਾਂ ਉਹਦੇ ਲਈ, ਉਹਦੀ ਮੁਕਤੀ ਲਈ”। ਆਪਣਾ ਮਨ ਹੌਲਾ ਕਰ ਕੇ ਉਹ ਘਰ ਨੂੰ ਮੁੜ ਗਿਆ। ਮੈਨੂੰ ਜਾਪਿਆ ਕਿ ਜਿਵੇਂ ਮਾਂ ਦੇ ਪਿਆਰ ਦੀ ਅਣਹੋਂਦ ਨੇ ਹੀ ਉਸ ਨੂੰ ‘ਬੜ੍ਹਕ ਸਿੰਘ’ ਬਣਾ ਦਿੱਤਾ ਹੋਵੇ। ਜੋ ਸੋਹਣ ਸਿੰਘ ਮੀਸ਼ਾ ਦੀ ਕਵਿਤਾ ‘ਚੀਕ ਬੁਲਬੁਲੀ’ ਦੇ ਨੰਦੂ ਛੜੇ ਵਾਂਗ ਆਪਣਾ ਮਨ ਹਲਕਾ ਕਰਨ ਲਈ ਉੱਚੀ ਉੱਚੀ ਬੋਲਦਾ ਰਹਿੰਦਾ ਹੈ।
ਸੰਪਰਕ: 80547-22260

