ਮਾਂ ਦਾ ਠੀਪਾ

ਮਾਂ ਦਾ ਠੀਪਾ

ਕੁਲਮਿੰਦਰ ਕੌਰ

ਭਾਰਤ ਅੰਦਰ 1995 ਵਿਚ ਮੋਬਾਈਲ ਦੇ ਆਗਮਨ ਤੇ ਸ਼ੁਰੂਆਤੀ ਦਿਨਾਂ ਵਿਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਵਡੇਰੀ ਉਮਰ ਦੇ ਕਈ ਲੋਕ ਇਸ ਵੱਡੀ ਤਬਦੀਲੀ ਦਾ ਸਾਹਮਣਾ ਕਰਨ ਲਈ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਕਈਆਂ ਲਈ ਤਾਂ ਇਹ ਨਿਰਾ ਸਿਰਦਰਦੀ ਸੀ। ਮੇਰੀ ਮਾਂ ਇਹੀ ਕਹਿੰਦੀ ਗਈ, “ਮੈਨੂੰ ਨਹੀਂ ਇਹ ਠੀਪਾ ਜਿਹਾ ਪਸੰਦ, ਉਹੀ (ਲੈਂਡਲਾਈਨ) ਠੀਕ ਸੀ, ਉਸ ਤੇ ਸਾਰੇ ਨੰਬਰ ਤਾਂ ਦਿਸਦੇ ਸਨ।” ਬੜੀ ਮੁਸ਼ਕਿਲ ਨਾਲ ਕੁਝ ਨੰਬਰ ਫੀਡ ਕਰ ਕੇ ਉਸ ਨੂੰ ਉਹੀ ਬਟਨ ਦਬਾਉਣੇ ਸਿਖਾਏ। ਫਿਰ ਤਾਂ ਉਹ ਇਹਨੂੰ ਸਿਰਹਾਣੇ ਰੱਖ ਲੈਂਦੀ, ਜਦੋਂ ਚਾਹੇ ਜਿਥੇ ਮਰਜ਼ੀ ਮੰਜੇ ਤੇ ਬੈਠੀ ਮੌਜ ਨਾਲ ਗੱਲਾਂ ਕਰਦੀ ਰਹਿੰਦੀ। ਹੁਣ ਕੁਝ ਦਿਨ ਪਹਿਲਾਂ ਵੀਰ ਨੇ ਫੇਸਬੁੱਕ ਤੇ ਮਾਂ ਦੀ ਫੋਟੋ ਪਾਈ ਤਾਂ ਦੇਸ਼-ਵਿਦੇਸ਼ ਬੈਠੇ ਹਰ ਜਾਣਕਾਰ ਅਤੇ ਰਿਸ਼ਤੇਦਾਰਾਂ ਨੇ ਉਸ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ ਟਿੱਪਣੀਆਂ ਦੀ ਝੜੀ ਲਗਾ ਦਿੱਤੀ।

ਦੇਖਦਿਆਂ ਹੀ ਮਾਂ ਦਾ ਠੀਪਾ ਜਿਹਾ ਨੋਕੀਆ 3310 ਯਾਦ ਆਇਆ। ਕਾਸ਼! ਜ਼ਿੰਦਗੀ ਦਾ ਵੀ ਕੋਈ ਰਿਮੋਟ ਕੰਟਰੋਲ ਹੁੰਦਾ ਤਾਂ ਪਿਛਲੇ ਸਮੇਂ ਨੂੰ ਰੀਵਾਈਂਡ ਕਰ ਕੇ ਮਾਂ ਨੂੰ ਕਹਿੰਦੀ- ਆਹ ਦੇਖ, ਤੇਰਾ ਠੀਪਾ ਜਿਹਾ ਹੁਣ ਸਮਾਰਟ ਹੋ ਗਿਆ ਈ... ਇਸੇ ਸਮਾਰਟ ਫੋਨ ਤੇ ਤੇਰੀ ਆਈਕੋਨ ਫੋਟੋ ਵਾਲਾ ‘ਦਾਦੀ ਦੇ ਲਾਡਲੇ’ ਵ੍ਹੱਟਸਐਪ ਗਰੁਪ ਬਣਾ ਕੇ ਤੇਰੇ ਪੋਤਰੇ-ਪੋਤਰੀਆਂ ਨਿੱਤ ਦਿਨ ਤੇਰੇ ਘਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਹਨ। ਅੱਜ ਵੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਰਿਸ਼ਤੇ ਨਾਤੇ ਨਿਭਾਉਣ ਵਿਚ ਇਹ ਵਧੀਆ ਭੂਮਿਕਾ ਨਿਭਾ ਰਿਹਾ ਹੈ। ਇਸ ਤੋਂ ਬਗੈਰ ਤਾਂ ਹੁਣ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਕਠਿਨ ਹੈ। ਸਵੇਰੇ ਜਾਗਣ ਤੇ ਅਲਾਰਮ ਤੋਂ ਲੈ ਕੇ ਰਾਤ ਸੌਣ ਤੱਕ ਦੇ ਸਮੇਂ ਨੂੰ ਆਪਣੇ ਕਾਬੂ ਵਿਚ ਕਰ ਲਿਆ ਹੈ। ਕੈਮਰਾ, ਮਨੋਰੰਜਨ, ਇੰਟਰਨੈੱਟ, ਕੰਪਿਊਟਰ ਖਰੀਦੋ-ਫਰੋਖਤ, ਲੋਕੇਸ਼ਨ ਆਦਿ ਸਭ ਕੁਝ ਇਸ ਅੰਦਰ ਸਮਾ ਗਏ ਹਨ। ਅੱਜ ਦੀ ਪੀੜ੍ਹੀ ਦਾ ਹਰ ਸ਼ਖ਼ਸ ਵ੍ਹਟਸਐੱਪ, ਇੰਸਟਾਗਰਾਮ, ਫੇਸਬੁੱਕ ਦੀ ਵਰਤੋਂ ਕਰਦਾ ਹੈ। ਇਨ੍ਹਾਂ ਤੇ ਚਲ ਰਹੀ ਸੁਨੇਹਿਆਂ ਦੀ ਹਨੇਰੀ ਤੋਂ ਇਉਂ ਲੱਗਦਾ ਹੈ, ਜਿਵੇਂ ਜ਼ਿੰਦਗੀ ਹੁਣ ਇਨ੍ਹਾਂ ਅੰਦਰ ਸਿਮਟ ਕੇ ਰਹਿ ਗਈ ਹੈ। ਸਭ ਭੂਗੋਲਿਕ ਹੱਦਾਂ ਸਰਹੱਦਾਂ ਬੰਨੇ ਇਸ ਨੇ ਮਿਟਾਏ ਹਨ, ਤਾਂ ਹੀ ਤਾਂ ਸੱਤ-ਸਮੁੰਦਰੋਂ ਪਾਰ ਬੈਠੀ ਸੰਤਾਨ ਹੁਣ ਵੀਡੀਓ ਕਾਲਿੰਗ ਰਾਹੀਂ ਆਪਣੇ ਮਾਂ-ਬਾਪ ਨਾਲ ਆਹਮੋ-ਸਾਹਮਣੇ ਬੈਠੀ ਗੱਲਾਂ ਕਰਦੀ ਹੈ। ਕਰੋਨਾ ਕਾਲ ਦੌਰਾਨ ਤਾਂ ਸਮਾਰਟ ਫੋਨ ਹੋਰ ਵੀ ਵਧੇਰੇ ਜ਼ਰੂਰਤ ਬਣ ਕੇ ਉਭਰਿਆ।

ਹਜ਼ੂਰ ਸਾਹਿਬ ਗਏ ਸ਼ਰਧਾਲੂਆਂ ਦੀ ਸੰਗਤ ਵਿਚ ਸਾਡੀ ਇੱਕ ਰਿਸ਼ਤੇਦਾਰ ਵੀ ਸੀ। ਉਥੇ ਲੌਕਡਾਊਨ ’ਚ ਘਿਰ ਗਏ ਤਾਂ ਉਹ ਪਲ ਪਲ ਦੀ ਖ਼ਬਰ ਦਿੰਦੀ ਤੇ ਸਲਾਹ ਵੀ ਲੈਂਦੀ। ਕੁਆਰੰਟਾਈਨ ਸਮੇਂ ਸਿਹਤ ਦੇ ਹਵਾਲੇ ਨਾਲ ਵੀਡੀਓ ਕਾਲਿੰਗ ਰਾਹੀਂ ਨਿਜ਼ਾਮ ਦੇ ਮਾੜੇ ਪ੍ਰਬੰਧਾਂ ਬਾਰੇ ਵੀ ਰੋਣਾ ਰੋਂਦੀ ਰਹਿੰਦੀ। ਇਸੇ ਦੌਰਾਨ ਹਜ਼ਾਰਾਂ ਮੀਲ ਦੂਰ ਨਿਕਲ ਚੁੱਕੇ ਪਰਵਾਸੀ ਮਜ਼ਦੂਰਾਂ ਦੀ ਮੰਦਹਾਲੀ ਬਾਰੇ ਜਦੋਂ ਹਾਹਾਕਾਰ ਮੱਚ ਗਈ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਟਿਕਾਣਿਆਂ ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪਈ। ਮੀਟਿੰਗਾਂ, ਕਾਨਫਰੰਸਾਂ, ਸੈਮੀਨਾਰਾਂ, ਸਾਹਿਤਕ ਵਿਚਾਰ-ਚਰਚਾ ਤੇ ਹੋਰ ਅਜਿਹੀਆਂ ਸਰਗਰਮੀਆਂ ਲਈ ਜ਼ੂਮ, ਸਕਾਈਪ, ਫਸ-ਟਾਈਮ ਤੇ ਵ੍ਹੱਟਸਐਪ ਦੀ ਵਰਤੋਂ ਹੋ ਰਹੀ ਹੈ। ਵਿਦਿਅਕ ਅਦਾਰੇ ਬੰਦ ਹੋ ਜਾਣ ਤੇ ਲਰਨਿੰਗ ਪਲੇਟ ਫਾਰਮ ਮਿਲਿਆ। ਹਾਲ ਵਿਚ ਹੀ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਬਾਰਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਹਨ ਜੋ ਆਨਲਾਈਨ ਪੜ੍ਹਾਈ ਕਰਨ ਤੋਂ ਬੇਵੱਸ, ਅਸਮਰਥ ਸਨ।

ਰਿਟਾਇਰ ਹੋਣ ਵਾਲੇ ਕਰਮਚਾਰੀਆ ਦੀ ਆਨਲਾਈਨ ਵਿਦਾਇਗੀ ’ਚ ਸਟਾਫ ਮੈਂਬਰਾਂ ਨੇ ਵੀਡੀਓ ਜ਼ਰੀਏ ਸ਼ੁਭ ਕਾਮਨਾਵਾਂ ਵ੍ਹੱਟਸਐਪ ਤੇ ਭੇਜ ਦਿੱਤੀਆ। ਮਨੋਰੰਜਨ ਖੇਤਰ ਵਿਚ ਟੈਕ ਗਿਆਨ ਤੋਂ ਲੈ ਕੇ ਬ੍ਰੇਕ-ਡਾਂਸ ਤੇ ਕਾਮੇਡੀ ਤੱਕ ਦੇ ਜਲਵੇ ਤੇ ਹੁਨਰ ਦਿਖਾ ਕੇ ਸੁਪਰ ਸਟਾਰ ਕਰੋੜਾਂ ਦਿਲਾਂ ਤੇ ਰਾਜ ਕਰ ਰਹੇ ਹਨ। ਟਿੱਕ ਟਾਕ ਸਟਾਰ ਬਣੀ ਨੂਰਪ੍ਰੀਤ ਨੂੰ ਕੌਣ ਨਹੀਂ ਜਾਣਦਾ? ਆਪਣੀ ਕਲਾ ਰਾਹੀਂ ਇਹ ਵੀ ਸੁਨੇਹਾ ਦਿੱਤਾ ਕਿ ਧੀਆਂ ਕਿਸੇ ਪੱਖੋਂ ਲੜਕਿਆਂ ਤੋਂ ਘੱਟ ਨਹੀਂ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਮੇਰੇ ਗੁਆਂਢੀ ਪਰਿਵਾਰ ਵਿਚ ਕੰਮ-ਕਾਜੀ ਪਤੀ-ਪਤਨੀ ਤੇ ਧੀ ਕਰੋਨਾ ਦੀ ਗ੍ਰਿਫਤ ਵਿਚ ਆ ਗਏ ਤਾਂ ਕੁਆਰੰਟਾਈਨ ਦੌਰਾਨ ਮੈਸਿਜਾਂ ਤੇ ਕਾਲਾਂ ਰਾਹੀਂ ਆਪਣੇ ਜਾਣਕਾਰਾਂ ਤੇ ਗੁਆਂਢੀਆਂ ਨਾਲ ਸੰਪਰਕ ਕਾਇਮ ਰੱਖ ਕੇ ਜ਼ਰੂਰਤਾਂ ਪੂਰੀਆਂ ਕਰਦੇ ਰਹੇ ਤੇ ਉਨ੍ਹਾਂ ਨੇ ਘਰ ਦੀ ਦਹਿਲੀਜ਼ ਨਹੀਂ ਟੱਪੀ।

ਸਮਾਰਟ ਫੋਨ ਦੀ ਅਹਿਮੀਅਤ ਜਾਣਦੇ ਹੋਏ ਇਸ ਦੀ ਸੁਚੱਜੀ ਵਰਤੋਂ ਬਾਰੇ ਸਮਝਣਾ ਜ਼ਰੂਰੀ ਹੈ। ਇਸ ਦੀ ਬੇਲੋੜੀ ਤੇ ਦੁਰਵਰਤੋਂ ਕਰਦਾ ਮਨੁੱਖ ਇਸ ਦਾ ਸੰਗੀ-ਸਾਥੀ ਬਣਿਆ, ਦਰਅਸਲ ਬਹੁਤ ਇਕੱਲਾ ਹੋ ਗਿਆ ਹੈ। ਆਪਣਿਆਂ ਨਾਲ ਮਿਲ ਕੇ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਫੇਸਬੁੱਕ ’ਤੇ ਨਸ਼ਰ ਕਰ ਰਿਹਾ ਹੈ। ਪਬਜੀ ਵਰਗੀ ਗੇਮ ਨਾਲ ਵਾਪਰਦੇ ਤਬਾਹੀ ਦੇ ਮੰਜ਼ਰ ਤੋਂ ਹਰ ਕੋਈ ਵਾਕਿਫ ਹੈ ਜਿਸ ’ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀਆਂ ਦੇ ਬੋਝ ਥੱਲੇ ਦੱਬੇ ਨੌਜਵਾਨ ਵਿਚ ਖੁਦ ਸੋਚਣ-ਸਮਝਣ ਤੇ ਮੌਲਿਕਤਾ ਦੀ ਕਮੀ ਸਾਫ ਨਜ਼ਰ ਆ ਰਹੀ ਹੈ। ਸਾਈਬਰ ਅਪਰਾਧ ਅਫਵਾਹਾਂ, ਜਾਅਲੀ ਖਬਰਾਂ, ਪੋਸਟਾਂ ਰਾਹੀਂ ਸਮਾਜ ਵਿਚ ਫੈਲਦੀ ਅਰਾਜਕਤਾ ਰਫ਼ਤਾਰ ਫੜਦੀਆਂ ਜਾਪਦੀਆਂ ਹਨ। ਸਾਨੂੰ ਵੀ ਇਹ ਸਮਝਣਾ ਪਵੇਗਾ ਕਿ ਇਹ ਮੀਡੀਆ ਜ਼ਿੰਦਗੀ ਦਾ ਇੱਕ ਪਹਿਲੂ ਜ਼ਰੂਰ ਹੈ ਪਰ ਜਿਊਣ ਦਾ ਆਧਾਰ ਨਹੀਂ। ਇਸ ਦੀ ਸੀਮਤ, ਨਿਸ਼ਚਤ ਸਮੇਂ ਅਤੇ ਲਾਹੇਵੰਦ ਮਕਸਦ ਲਈ ਹੀ ਵਰਤੋਂ ਕੀਤੀ ਜਾਵੇ ਤਾਂ ਹੀ ਇਸ ਦੀ ਭਰੋਸੇਯੋਗਤਾ ਕਾਇਮ ਰਹਿ ਸਕੇਗੀ।

ਸੰਪਰਕ: 98156-52272

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All