ਮਾਂ ਦਾ ਕੋਕਾ : The Tribune India

ਮਾਂ ਦਾ ਕੋਕਾ

ਮਾਂ ਦਾ ਕੋਕਾ

ਗੁਰਨੈਬ ਸਿੰਘ ਮਘਾਣੀਆਂ

ਗੁਰਨੈਬ ਸਿੰਘ ਮਘਾਣੀਆਂ

ਸਮਿਆਂ ਦੇ ਹਿਸਾਬ ਨਾਲ ਵਸਤੂਆਂ ਦੀ ਮਹੱਤਤਾ ਵੀ ਵਧਦੀ ਘਟਦੀ ਰਹਿੰਦੀ ਹੈ। ਜਿਵੇਂ-ਜਿਵੇਂ ਮਨੁੱਖ ਤਰੱਕੀ ਕਰ ਰਿਹਾ ਹੈ ਉਵੇਂ-ਉਵੇਂ ਆਰਥਿਕ, ਸਮਾਜਿਕ, ਸੱਭਿਆਚਾਰਕ ਗੱਲਾਂ ਦੇ ਅਰਥ ਵੀ ਬਦਲ ਰਹੇ ਹਨ। ਕਦੀ ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਵੀ ਮਨੁੱਖ ਨੂੰ ਕਿੰਨੇ ਚਾਅ, ਉਨ੍ਹਾਂ ਪ੍ਰਤੀ ਕਿੰਨੇ ਲਗਾਅ ਹੁੰਦੇ ਸਨ, ਅੱਜ ਪਤਾ ਨਹੀਂ ਕੁਝ ਕੁ ਪਲ ਦੇ ਸੰਸਿਆਂ ਨਾਲ ਮਨੁੱਖ ਦੇ ਹੱਥੋਂ ਕਿੰਨੀਆਂ ਹੀ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਰੇਤੇ ਦੀ ਮੁੱਠ ਵਾਂਗ ਪਲਾਂ-ਛਿਣਾਂ ਵਿੱਚ ਹੱਥੋਂ ਕਿਰ ਜਾਂਦੀਆਂ ਹਨ।

ਇਹ ਗੱਲ 90 ਜਾਂ 91 ਦੀ ਹੋਣੀ। ਮੈਂ ਸ਼ਾਇਦ ਉਦੋਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਸਵੇਰੇ ਜਦੋਂ ਸਕੂਲ ਗਏ ਤਾਂ ਮਾਂ ਘਰ ਵਿੱਚ ਸੂਤ ਨੂੰ ਰੱਛ ਕੇ ਤਿਆਰ ਕਰਨ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਸਮਿਆਂ ਵਿੱਚ ਪਿੰਡ ਦੀ ਗਲ਼ੀ ਵਿੱਚ ਹੀ ਮੰਜੇ ਟੇਢੇ ਖੜ੍ਹੇ ਕਰ ਕੇ ਅਤੇ ਉਨ੍ਹਾਂ ਉੱਪਰ ਸੂਤ ਨੂੰ ਲੰਬਾ ਵਿਛਾ ਕੇ, ਇਸ ਨੂੰ ਰੱਛਣ ਦਾ ਕੰਮ ਪਿੰਡਾਂ ਦੀਆਂ ਸੁਆਣੀਆਂ ਆਮ ਹੀ ਕਰ ਲੈਂਦੀਆਂ ਸਨ।

ਜਦੋਂ ਅਸੀਂ ਸਕੂਲ ਤੋਂ ਵਾਪਿਸ ਆਏ ਤਾਂ ਮਾਂ ਨੇ ਸੂਤ ਨੂੰ ਤਿਆਰ ਕਰਨ ਦਾ ਕੰਮ ਤਾਂ ਸ਼ਾਇਦ ਨਿਬੇੜ ਲਿਆ ਸੀ ਪਰ ਉਹ ਕਿਸੇ ਡੂੰਘੀ ਚਿੰਤਾ ਵਿੱਚ ਗ੍ਰਸੀ ਘਰ ਮੂਹਰੇ ਕਿਸੇ ਚੀਜ਼ ਨੂੰ ਲੱਭਣ ਦਾ ਯਤਨ ਕਰ ਰਹੀ ਸੀ। ਅਸੀਂ ਵੀ ਮਾਂ ਦੇ ਚਿਹਰੇ ਦੀ ਚਿੰਤਾ ਦੇਖਦਿਆਂ ਪੁੱਛਿਆ ਸੀ ਕਿ ਬੀਬੀ ਕੀ ਗੱਲ ਹੋ ਗੀ? ਕੀ ਲੱਭ ਰਹੇ ਹੋ?

ਇਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਸੂਤ ਤਿਆਰ ਕਰਦਿਆਂ ਬੀਬੀ ਦੇ ਨੱਕ ਦਾ ਕੋਕਾ ਨਿਕਲ਼ ਕੇ ਕਿਤੇ ਡਿੱਗ ਗਿਆ ਸੀ। ਘਰ ਮੂਹਰੋਂ ਲੰਘਦਾ ਇਹ ਰਾਹ ਕਾਫੀ ਚੌੜਾ ਪਰ ਕੱਚਾ ਸੀ। ਇੰਨੇ ਰੇਤੇ ਵਿੱਚੋਂ ਹੁਣ ਨਿੱਕੇ ਜਿਹੇ ਕੋਕੇ ਦੇ ਲੱਭਣ ਦੀ ਕੀ ਸੰਭਾਵਨਾ ਹੋ ਸਕਦੀ ਸੀ। ਪਰ ਅਸੀਂ ਵੀ ਆਪਣੇ ਵਿੱਤ ਮੁਤਾਬਿਕ ਮਾਂ ਦਾ ਕੋਕਾ ਲੱਭਣ ਲਈ ਉਸ ਰਸਤੇ ਵਿੱਚ ਆਲ਼ੇ-ਦੁਆਲ਼ੇ ਗੇੜੇ ਦੇਣ ਲੱਗ ਪਏ ਸਾਂ।

ਕੁਝ ਸਮਾਂ ਅਸੀਂ ਸਾਰਿਆਂ ਨੇ ਰਲ਼ ਕੇ ਇੱਧਰ ਉੱਧਰ ਦੇਖਿਆ, ਪਰ ਕੋਕਾ ਲੱਭ ਨਹੀਂ ਸੀ ਰਿਹਾ। ਦੂਜੇ ਪਾਸੇ ਮਾਂ ਨੇ ਵੀ ਕੋਕਾ ਨਾ ਮਿਲਣ ’ਤੇ ਮਨ ਵਿੱਚ ਪੱਕਾ ਠਾਣ ਲਿਆ ਸੀ ਕਿ ਜਿੰਨੇ ਰਾਹ ਵਿੱਚ ਉਸ ਨੇ ਸੂਤ ਵਿਛਾਇਆ ਹੋਇਆ ਸੀ, ਇਸ ਸਾਰੇ ਰਾਹ ਦੇ ਰੇਤੇ ਨੂੰ ਉਹ ਛਾਣਨੇ ਨਾਲ ਛਾਣੇਗੀ ਅਤੇ ਕੋਕਾ ਜ਼ਰੂਰ ਲੱਭ ਕੇ ਹਟੇਗੀ।

ਮਾਂ ਇਕੱਲੀ ਹੀ ਘਰੋਂ ਬਰੀਕ ਛਾਣਨਾ ਲੈ ਕੇ ਸਾਰੇ ਰਾਹ ਦੇ ਰੇਤੇ ਨੂੰ ਇੱਕ ਸਿਰੇ ਤੋਂ ਛਾਣਨ ਬਹਿ ਗਈ ਸੀ। ਅਸੀਂ ਸਾਰੇ ਦੋਸਤ-ਮਿੱਤਰ ਵੀ ਨਾਲ਼-ਨਾਲ਼ ਉਸ ਦੀ ਇਸ ਮੁਹਿੰਮ ਵਿੱਚ ਜ਼ੋਰ-ਸ਼ੋਰ ਨਾਲ ਸ਼ਾਮਿਲ ਹੋ ਗਏ ਸਾਂ। ਫਿਰ ਜਿਵੇਂ-ਜਿਵੇਂ ਆਉਂਦੇ ਜਾਂਦੇ ਰਾਹਗੀਰਾਂ ਨੂੰ ਗਲੀ ਵਿੱਚੋਂ ਲੰਘਦਿਆਂ ਇਸ ਗੱਲ ਦਾ ਪਤਾ ਲੱਗਦਾ ਗਿਆ ਉਹ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੁੰਦੇ ਗਏ। ਹੁਣ ਕਿੰਨੇ ਹੀ ਜਣੇ ਇਕੱਠੇ ਹੋ ਕੇ ਕੋਈ ਕਿਧਰੇ, ਕੋਈ ਕਿਧਰੇ ਮਾਂ ਦੇ ਕੋਕੇ ਨੂੰ ਲੱਭ ਰਹੇ ਸਨ।

“ਕਿਉਂ ਐਵੇਂ ਭਕਾਈ ਕੀਤੀ ਐ! ਹੁਣ ਐਨੇ ਰੇਤੇ ਵਿੱਚੋਂ ਐਨੀ ਨਿੱਕੀ ਜਿਹੀ ਚੀਜ਼ ਕਿੱਥੇ ਲੱਭਣੀ ਹੈ ਯਾਰ”, ਕੋਕਾ ਲੱਭਦਿਆਂ ਵਿੱਚੋਂ ਹੀ ਕਿਸੇ ਨੇ ਗੱਲ ਕਹੀ ਸੀ।

“ਲੈ ਲੱਭਣੀ ਕਿਉਂ ਨੀ! ਐਨੇ ਜਣਿਆਂ ਨੂੰ ਕੀ ਲੱਗਦਾ ਏ, ਤੁਸੀਂ ਜ਼ਰਾ ਧਿਆਨ ਨਾਲ਼ ਲੱਭੋ ਤਾਂ ਸਹੀ, ਜ਼ਰੂਰ ਲੱਭ ਜਾਣੇ”, ਕਿਸੇ ਦੂਜੇ ਨੇ ਉਸ ਦੀ ਗੱਲ ਕੱਟਦਿਆਂ ਕੋਕਾ ਲੱਭਣ ਲਈ ਸਭ ਨੂੰ ਹੱਲਸ਼ੇਰੀ ਦਿੱਤੀ ਸੀ।

ਇਸ ਮੌਕੇ ਆਲ਼ੇ-ਦੁਆਲ਼ੇ ਦਾ ਮਾਹੌਲ ਸੱਚਮੁੱਚ ਹੀ ਸੰਵੇਦਨਸ਼ੀਲ ਬਣਿਆ ਹੋਇਆ ਸੀ। ਕੋਈ ਰੇਤੇ ਵਿੱਚ ਹੱਥ ਮਾਰ-ਮਾਰ, ਕੋਈ ਡੱਕੇ ਨਾਲ, ਕੋਈ ਤੁਰ ਫਿਰ ਕੇ, ਬੱਚੇ, ਵੱਡੇ, ਆਂਢ-ਗੁਆਂਢ ਦੀਆਂ ਬੁੜ੍ਹੀਆਂ ਸਾਰੇ ਕੋਕਾ ਲੱਭਣ ਦੀ ਮੁਹਿੰਮ ਵਿੱਚ ਸਿਰ ਸੁੱਟ ਕੇ ਜੁਟੇ ਹੋਏ ਸਨ।

ਮਾਂ ਦਾ ਕੋਕਾ ਤਾਂ ਸ਼ਾਇਦ ਨਹੀਂ ਲੱਭਿਆ ਸੀ। ਪਰ ਅੱਜ ਵੀ ਯਾਦ ਆਉਂਦਾ ਹੈ ਕਿ ਉੱਥੇ ਲਗਾਅ, ਪਿਆਰ, ਸਾਂਝੀਵਾਲਤਾ, ਸੰਵੇਦਨਸ਼ੀਲਤਾ, ਮੱਦਦ ਦੀ ਭਾਵਨਾ, ਸਾਂਝੇ ਸੰਸੇ, ਗੱਲ ਕੀ ਹੋਰ ਬੜਾ ਕੁਝ ਲੱਭ ਰਿਹਾ ਸੀ। ਅੱਜ ਦਾ ਸਮਾਂ ਹੁੰਦਾ ਤਾਂ ਬਹੁਤੇ ਲੋਕ ਮੱਦਦ ਕਰਨ ਦੀ ਬਜਾਏ ਸ਼ਾਇਦ ਵੀਡਿਓ ਬਣਾਉਣ ਜਾਂ ਘਟਨਾਂ ਨੂੰ ਲਾਈਵ ਕਰਨ ਵਿੱਚ ਰੁੱਝੇ ਹੁੰਦੇ।
ਸੰਪਰਕ: 98158-45405

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All