ਮਾਂ ਬੋਲੀ ਬਨਾਮ ਅਫ਼ਸਰਸ਼ਾਹੀ
ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਸਬੰਧਿਤ ਵਿਭਾਗ ਦੀ ਸਕੱਤਰ ਦਰਮਿਆਨ ਖਿੱਚੋਤਾਣ ਦਾ ਮਸਲਾ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਹੈ। ਇਹ ਤੁਰੰਤ ਪੈਦਾ ਨਹੀਂ ਹੋਇਆ ਕਿਉਂਕਿ ਇਸ ਦੀਆਂ ਜੜ੍ਹਾਂ ਪੰਜਾਬੀ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਨਾਪਾਕ...
ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਸਬੰਧਿਤ ਵਿਭਾਗ ਦੀ ਸਕੱਤਰ ਦਰਮਿਆਨ ਖਿੱਚੋਤਾਣ ਦਾ ਮਸਲਾ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਹੈ। ਇਹ ਤੁਰੰਤ ਪੈਦਾ ਨਹੀਂ ਹੋਇਆ ਕਿਉਂਕਿ ਇਸ ਦੀਆਂ ਜੜ੍ਹਾਂ ਪੰਜਾਬੀ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਨਾਪਾਕ ਗੱਠਜੋੜ ਵਿੱਚ ਪਈਆਂ ਹਨ। ਇਸ ਨੂੰ ਇੱਕ ਵਾਰ ਸ. ਲਛਮਣ ਸਿੰਘ ਗਿੱਲ ਨੇ ਤੋੜ ਕੇ ਦਿਖਾ ਦਿੱਤਾ ਸੀ ਅਤੇ ਉਸ ਤੋਂ ਦਹਾਕਿਆਂ ਪਿੱਛੋਂ ਮਾਨ ਸਰਕਾਰ ਨੇ ਜਸਵੰਤ ਸਿੰਘ ਜ਼ਫ਼ਰ ਦੀ ਨਿਯੁਕਤੀ ਕਰਕੇ ਮਾਂ ਬੋਲੀ ਨਾਲ ਜੁੜੀਆਂ ਹੋਈਆਂ ਦਰਪੇਸ਼ ਜ਼ਿੰਮੇਵਾਰੀਆਂ ਨਾਲ ਨਿਪਟਣ ਵਾਲੇ ਪਾਸੇ ਵਿਭਾਗ ਨੂੰ ਤੋਰ ਦਿੱਤਾ ਸੀ। ਸੌਂਪੀ ਹੋਈ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਜ਼ਫ਼ਰ ਹੋਰਾਂ ਨੇ ਦਫ਼ਤਰੀ ਕੰਮ ਪੰਜਾਬੀ ਵਿੱਚ ਕਰਨ ਬਾਰੇ ਕਾਨੂੰਨੀ ਜ਼ਿੰਮੇਵਾਰੀ ਨਿਭਾਉਂਦਿਆਂ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਸੀ ਕਿ ਦਫ਼ਤਰੀ ਕੰਮ ਪੰਜਾਬੀ ਵਿੱਚ ਕਿਉਂ ਨਹੀਂ ਹੋ ਰਿਹਾ? ਅਫ਼ਸਰਸ਼ਾਹੀ ਅੱਗੇ ਚੁੱਪ ਰਿਹਾ ਵਿਭਾਗ ਜਦੋਂ ਸ੍ਰੀ ਜ਼ਫ਼ਰ ਦੀ ਅਗਵਾਈ ਹੇਠ ਸਵਾਲ ਕਰਦਾ ਨਜ਼ਰ ਆਇਆ ਤਾਂ ਭਾਸ਼ਾ ਵਿਭਾਗ ਦਾ ਡਾਇਰੈਕਟਰ ਨਿਸ਼ਾਨੇ ’ਤੇ ਆ ਗਿਆ।
ਹੁਣ ਇਹ ਮਸਲਾ ਇੱਕ ਪਾਸੇ ਡਾਇਰੈਕਟਰ ਬਨਾਮ ਵਿਭਾਗੀ ਸਕੱਤਰ ਹੈ, ਦੂਜੇ ਪਾਸੇ ਪੰਜਾਬੀਅਤ ਬਨਾਮ ਗ਼ੈਰ-ਪੰਜਾਬੀਅਤ ਹੈ ਅਤੇ ਤੀਜੇ ਪਾਸੇ ਕੇਂਦਰ ਬਨਾਮ ਸੂਬਾ ਹੋ ਗਿਆ ਹੈ। ਇਸ ਨਾਲ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਜਿਸ ਨੂੰ ਅਫ਼ਸਰਸ਼ਾਹੀ ਕਿਹਾ ਜਾ ਰਿਹਾ ਹੈ, ਉਹ ਮੂਲ ਰੂਪ ਵਿੱਚ ਕੇਂਦਰ ਅਧੀਨ ਹੈ ਅਤੇ ਸੂਬਾਈ ਕਾਰਜ ਉਹ ਸੌਂਪੀ ਹੋਈ ਆਰਜ਼ੀ ਜ਼ਿੰਮੇਵਾਰੀ ਵਾਂਗ ਨਿਭਾਅ ਰਹੀ ਹੈ। ਪੰਜਾਬ ਦੀ ਅਫ਼ਸਰਸ਼ਾਹੀ ਵਿੱਚ ਪੰਜਾਬੀ ਮੂਲ ਦੇ ਨੌਕਰਸ਼ਾਹਾਂ ਦਾ ਜੋ ਅਨੁਪਾਤ ਇਸ ਵੇਲੇ ਹੈ, ਇਉਂ ਪਹਿਲਾਂ ਕਦੇ ਵੀ ਨਹੀਂ ਸੀ। ਇਹ ਵੀ ਜ਼ਿਕਰਯੋਗ ਹੈ ਕਿ ਇਸ ਮਸਲੇ ਦਾ ਫ਼ਿਕਰ ਪੰਜਾਬੀ ਸਿਆਸਤਦਾਨਾਂ ਨੂੰ ਵੀ ਨਹੀਂ ਜਾਪਦਾ।
ਅਸਲ ਵਿੱਚ ਪੰਜਾਬ ਵਿਰੋਧੀ ਅਫ਼ਸਰਸ਼ਾਹੀ ਦੀ ਵਜੂਦ ਸਮੋਈ ਬੇਪਰਵਾਹੀ ਨੂੰ ਮੈਂ ਹੱਡੀਂ ਹੰਢਾਇਆ ਹੈ ਅਤੇ ਉਸ ਨੂੰ ਇਸ ਮਸਲੇ ਦੇ ਹਵਾਲੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੈਨੂੰ ਜਸਵੰਤ ਸਿੰਘ ਜ਼ਫ਼ਰ ਵਾਂਗ ਵਰਲਡ ਪੰਜਾਬੀ ਸੈਂਟਰ ਦਾ ਡਾਇਰੈਕਟਰ ਲਾਇਆ ਸੀ ਅਤੇ ਉਸ ਵੇਲੇ ਦੇ ਪੰਜਾਬ ਦੇ ਸਿੱਖਿਆ ਮੰਤਰੀ ਬਾਜਵਾ ਹੋਰੀਂ ਵੀ ਮੇਰੇ ਹਮਾਇਤੀ ਸਨ। ਬਾਜਵਾ ਹੋਰੀਂ ਮਰਹੂਮ ਡਾ. ਜਗਤਾਰ ਸਿੰਘ ਗਰੇਵਾਲ ਦਾ ਵਿਭਾਗ ਦੇ ਬਾਨੀ ਡਾਇਰੈਕਟਰ ਵਜੋਂ ਰਹਿੰਦਾ ਬਕਾਇਆ ਇਸ ਕਰਕੇ ਆਪਣੇ ਮਹਿਕਮੇ ਵੱਲੋਂ ਦੇਣਾ ਚਾਹੁੰਦੇ ਸਨ ਕਿਉਂਕਿ ਸਾਡੇ ਸੈਂਟਰ ਕੋਲ ਤਾਂ ਪੈਸੇ ਨਹੀਂ ਸਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ, ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਮੇਰੇ ਸਮੇਤ ਬਾਜਵਾ ਹੋਰਾਂ ਨੇ ਮੀਟਿੰਗ ਬੁਲਾ ਕੇ ਆਪਣੇ ਵਿਭਾਗ ਵੱਲੋਂ ਅਦਾਇਗੀ ਕਰਨ ਦਾ ਫ਼ੈਸਲਾ ਕਰ ਦਿੱਤਾ ਸੀ। ਸਾਰੀ ਕਾਰਵਾਈ ਵਿੱਚ ਮੇਰੀ ਸ਼ਮੂਲੀਅਤ ਡਾਇਰੈਕਟਰ ਭਾਸ਼ਾ ਵਿਭਾਗ ਰਾਹੀਂ ਹੀ ਹੁੰਦੀ ਰਹੀ ਸੀ ਕਿਉਂਕਿ ਮੇਰੇ ਵਿਭਾਗ ਦਾ ਬਜਟ ਹੈੱਡ ਭਾਸ਼ਾ ਵਿਭਾਗ ਨਾਲ ਸਾਂਝਾ ਸੀ। ਮੇਰਾ ਵਿਭਾਗ ਦੋ ਕਰੋੜ ਦੇ ਫਿਕਸਡ ਡਿਪਾਜ਼ਿਟ ਦੇ ਵਿਆਜ ਨਾਲ ਚੱਲਦਾ ਸੀ ਅਤੇ ਹੁਣ ਵੀ ਇਹੋ ਹਾਲ ਹੈ।
ਸਬੰਧਿਤ ਸਕੱਤਰ ਨੇ ਮੇਰੀ ਪੇਸ਼ੀ ਪਾਈ ਸੀ ਅਤੇ ਅਹੁਦੇ ਦੇ ਹੰਕਾਰ ਵਿੱਚ ਕਿਹਾ ਸੀ: ‘ਇਹ ਅਦਾਇਗੀ ਤੁਸੀਂ ਆਪਣੇ ਸੈਂਟਰ ਵੱਲੋਂ ਕਰ ਦਿਓ।’ ਮੇਰੇ ਕਹਿਣ ’ਤੇ ਕਿ ਅਜਿਹਾ ਤਕਨੀਕੀ ਤੌਰ ’ਤੇ ਨਹੀਂ ਕੀਤਾ ਜਾ ਸਕਦਾ, ਉਨ੍ਹਾਂ ਨੇ ਕਿਹਾ, ‘‘ਮੈਂ ਹੁਕਮ ਕਰ ਰਿਹਾ ਹਾਂ।’’ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਕਰਨਾ ਗ਼ੈਰ-ਕਾਨੂੰਨੀ ਵੀ ਹੈ ਅਤੇ ਵਿਭਾਗ ਦੇ ਹਿੱਤ ਵਿੱਚ ਵੀ ਨਹੀਂ ਹੈ। ਸਕੱਤਰ ਨੇ ਮੇਰਾ ਅਸਤੀਫ਼ਾ ਮੰਗ ਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਇਹ ਕਹਿ ਕੇ ਬਾਹਰ ਆ ਗਿਆ ਸੀ:‘ਅਸਤੀਫ਼ਾ ਤਾਂ ਜਿਸ ਨੇ ਲਾਇਆ ਹੈ, ਉਸੇ ਨੂੰ ਦਿਆਂਗਾ।’ ਮੈਨੂੰ ਪਤਾ ਲੱਗਿਆ ਕਿ ਸਕੱਤਰ ਨੇ ਸ੍ਰੀ ਬਾਜਵਾ ਨੂੰ ਲਿਖ ਕੇ ਭੇਜ ਦਿੱਤਾ ਸੀ ਕਿ ਇਸ ਡਾਇਰੈਕਟਰ ਦੀ ਸੈਂਟਰ ਨੂੰ ਚਲਾਉਣ ਵਿੱਚ ਕੋਈ ਰੁਚੀ ਨਹੀਂ ਹੈ ਅਤੇ ਨਾ ਹੀ ਇਸ ਨੇ ਕੋਈ ਕੰਮ ਕੀਤਾ ਹੈ, ਇਸ ਲਈ ਇਸ ਨੂੰ ਹਟਾ ਦਿੱਤਾ ਜਾਵੇ। ਹਾਲਾਂਕਿ ਮੈਂ ਆਪਣੇ ਕੰਮ ਬਾਰੇ ਪੁੱਛੇ ਜਾਣ ’ਤੇ ਕੀਤੇ ਗਏ ਕੰਮ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਸੈਂਟਰ ਦੀ ਵੈੱਬਸਾਈਟ ’ਤੇ ਜਾ ਕੇ ਕੀਤੇ ਗਏ ਕੰਮ ਦਾ ਮੁਲਾਂਕਣ ਕੀਤੇ ਜਾਂ ਕਰਵਾਏ ਜਾਣ ਲਈ ਵੀ ਕਿਹਾ ਸੀ। ਨਤੀਜਾ ਇਹ ਨਿਕਲਿਆ ਕਿ ਨਾ ਡਾ. ਜਗਤਾਰ ਸਿੰਘ ਗਰੇਵਾਲ ਨੂੰ ਬਕਾਇਆ ਮਿਲਿਆ ਅਤੇ ਨਾ ਮੈਨੂੰ ਹਟਾਇਆ ਜਾ ਸਕਿਆ, ਪਰ ਵਿਭਾਗ ਦੀ ਫਾਈਲ ’ਤੇ ਜੋ ਕੁਝ ਲਿਖਿਆ ਜਾਂਦਾ ਰਿਹਾ, ਉਸ ਦਾ ਨਿਬੇੜਾ ਅਗਲੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੇਰੇ ਨਾਲ ਫੋਨ ’ਤੇ ਹੋਈ ਗੱਲਬਾਤ ਮਗਰੋਂ ਫਾਈਲ ਬੰਦ ਕਰਕੇ ਕਰ ਦਿੱਤਾ ਸੀ। ਅਫ਼ਸਰਸ਼ਾਹੀ ਦੀ ਬਹੁਸੰਮਤੀ ਵਿੱਚ ਕ੍ਰਿਸ਼ਨ ਕੁਮਾਰ ਵਰਗੇ ਕਿੰਨੇ ਕੁ ਅਫ਼ਸਰ ਸ਼ਾਮਿਲ ਹਨ, ਇਹ ਕੌਣ ਮੰਨਦਾ ਹੈ?
ਇਸ ਨਾਲ ਮੈਂ ਇਹ ਕਹਿ ਕੇ ਮਸਲੇ ਦੇ ਹਵਾਲੇ ਨਾਲ ਗੱਲ ਨਿਬੇੜਨਾ ਚਾਹੁੰਦਾ ਹਾਂ ਕਿ ਅਫ਼ਸਰਸ਼ਾਹੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਾਂਗ ਮੈਨੂੰ ਚਲਾਉਣਾ ਚਾਹੁੰਦੀ ਸੀ ਤੇ ਸ੍ਰੀ ਜ਼ਫ਼ਰ ਨੂੰ ਅਫ਼ਸਰਸ਼ਾਹੀ ਮੁਤਾਬਿਕ ਹੁਣ ਤੱਕ ਚੱਲਦੇ ਆ ਰਹੇ ਡਾਇਰੈਕਟਰਾਂ ਵਾਂਗ ਚੱਲਣ ਲਈ ਕਿਹਾ ਜਾ ਰਿਹਾ ਹੈ। ਜੋ ਕੁਝ ਦਿਸ ਰਿਹਾ ਹੈ, ਉਸ ਨਾਲੋਂ ਕਿਤੇ ਵੱਧ ਨਹੀਂ ਦਿਸ ਰਿਹਾ। ਪੰਜਾਬ ਨੂੰ ਪੰਜਾਬ ਬਣਾਉਣ ਲਈ ਨਹੀਂ ਜਾਗਾਂਗੇ ਤਾਂ ਆਪਣੇ ਪੈਰੀਂ ਕੁਹਾੜੀ ਆਪ ਹੀ ਮਾਰ ਰਹੇ ਹੋਵਾਂਗੇ।

