ਪਲ ਦੀ ਲੋਰ, ਉਮਰ ਭਰ ਦਾ ਸੰਤਾਪ
ਪਿਛਲੇ ਦਿਨੀਂ ਇੱਕ ਸਰਕਾਰੀ ਹੁਕਮ ਦੀ ਪਾਲਣਾ ਕਰਦਿਆਂ ਸੰਗਰੂਰ ਜੇਲ੍ਹ ਵਿੱਚ ਹਵਾਲਾਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਜੇਲ੍ਹ ਵਿੱਚ ਆਉਣ ਦਾ ਕਾਰਨ ਪੁੱਛਣ ਦੇ ਨਾਲ ਨਾਲ ਭਵਿੱਖ ਵਿੱਚ ਸੁਖਾਵੀਂ ਜ਼ਿੰਦਗੀ ਬਤੀਤ ਕਰਨ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਸਾਡੀ ਜ਼ਿੰਮੇਵਾਰੀ...
ਪਿਛਲੇ ਦਿਨੀਂ ਇੱਕ ਸਰਕਾਰੀ ਹੁਕਮ ਦੀ ਪਾਲਣਾ ਕਰਦਿਆਂ ਸੰਗਰੂਰ ਜੇਲ੍ਹ ਵਿੱਚ ਹਵਾਲਾਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਜੇਲ੍ਹ ਵਿੱਚ ਆਉਣ ਦਾ ਕਾਰਨ ਪੁੱਛਣ ਦੇ ਨਾਲ ਨਾਲ ਭਵਿੱਖ ਵਿੱਚ ਸੁਖਾਵੀਂ ਜ਼ਿੰਦਗੀ ਬਤੀਤ ਕਰਨ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਸਾਡੀ ਜ਼ਿੰਮੇਵਾਰੀ ਹਰ ਹਵਾਲਾਤੀ ਨੂੰ ਵੱਖਰੇ ਤੌਰ ’ਤੇ ਮਿਲਣ ਦੀ ਸੀ ਤਾਂ ਜੋ ਉਹ ਆਪਣੀ ਮਾਨਸਿਕ ਸਥਿਤੀ ਦੇ ਨਾਲ ਨਾਲ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਤੇ ਗ਼ਲਤੀਆਂ ਬਾਰੇ ਵੀ ਖੁੱਲ੍ਹ ਕੇ ਦੱਸ ਸਕਣ। ਇਨ੍ਹਾਂ ਮੁਲਾਕਾਤਾਂ ਦੌਰਾਨ ਇੱਕ ਹਵਾਲਾਤੀ ਨੇ ਆਪਣੀ ਕਹਾਣੀ ਦੱਸੀ। ਉਸ ਦੇ ਚਿਹਰੇ ’ਤੇ ਪਛਤਾਵਾ ਸਾਫ਼ ਝਲਕਦਾ ਸੀ, ਪਰ ਜੋ ਗ਼ਲਤੀ ਉਸ ਤੋਂ ਹੋਈ ਸੀ, ਉਹ ਮੁਆਫ਼ੀ ਯੋਗ ਨਹੀਂ ਸੀ।
ਜਦੋਂ ਉਸ ਤੋਂ ਹਵਾਲਾਤ ਵਿੱਚ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ, ‘‘ਮੈਂ ਜੀ, ਲੱਕੜ ਦਾ ਕਹਿੰਦਾ ਕਹਾਉਂਦਾ ਮਿਸਤਰੀ ਰਿਹਾਂ। ਕੋਠੀਆਂ ਵਿੱਚ ਠੇਕੇ ’ਤੇ ਲੱਕੜ ਦਾ ਸਾਰਾ ਕੰਮ ਕਰਿਆ ਕਰਦਾ ਸੀ। ਤਿੰਨ-ਚਾਰ ਮਿਸਤਰੀ ਮੇਰੇ ਹੇਠ ਕੰਮ ਕਰਦੇ ਸਨ ਪਰ ਮੇਰੀ ਸ਼ਰਾਬ ਪੀਣ ਦੀ ਆਦਤ ਮੈਨੂੰ ਲੈ ਬੈਠੀ।’’ ਕੁਝ ਪਲ ਖ਼ਾਮੋਸ਼ ਰਹਿਣ ਮਗਰੋਂ ਉਸ ਨੇ ਮੁੜ ਗੱਲ ਤੋਰੀ, ‘‘ਜੀ, ਦੋ ਕੁ ਮਹੀਨੇ ਪਹਿਲਾਂ ਮੈਂ ਇੱਕ ਕੋਠੀ ਵਿੱਚੋਂ ਕੰਮ ਨਿਬੇੜ ਕੇ ਸ਼ਾਮ ਵੇਲੇ ਘਰ ਜਾ ਰਿਹਾ ਸੀ। ਰਾਹ ’ਚ ਠੇਕੇ ’ਤੇ ਬੈਠ ਕੇ ਮੈਂ ਅਧੀਆ ਸ਼ਰਾਬ ਦਾ ਪੀਤਾ ਤੇ ਘਰ ਵੱਲ ਤੁਰ ਪਿਆ। ਮੇਰੀ ਸੁਰਤ ਟਿਕਾਣੇ ਨਹੀਂ ਸੀ ਤੇ ਸਾਹਮਣਿਉਂ ਮੇਰੇ ਵਰਗਾ ਹੀ ਇੱਕ ਹੋਰ ਸ਼ਰਾਬੀ ਤੁਰਿਆ ਆ ਰਿਹਾ ਸੀ। ਸਾਡੇ ਦੋਵਾਂ ਦੇ ਪੈਰ ਥਿੜਕ ਰਹੇ ਸਨ ਤੇ ਅਸੀਂ ਆਪਸ ਵਿੱਚ ਟਕਰਾ ਗਏ। ਇੱਕ ਦੂਜੇ ਦਾ ਮੋਢਾ ਵੱਜਣ ਕਾਰਨ ਅਸੀਂ ਦੋਵੇਂ ਹੀ ਡਿੱਗ ਪਏ। ਬਸ ਜੀ, ਦੋਵਾਂ ਨੇ ਇੱਕ ਦੂਜੇ ਦੇ ਗਲਾਮੇ ਨੂੰ ਹੱਥ ਪਾ ਲਿਆ ਤੇ ਗੁਥਮ ਗੁੱਥਾ ਹੋ ਗਏ। ਸਾਡੇ ਦੋਵਾਂ ’ਤੇ ਹੀ ਨਸ਼ੇ ਦਾ ਸਰੂਰ ਸੀ। ਉਸ ਨੇ ਮੈਨੂੰ ਗਾਲ਼ਾਂ ਕੱਢਦਿਆਂ ਮੇਰੇ ਵਾਲਾਂ ਨੂੰ ਹੱਥ ਪਾ ਲਿਆ ਤੇ ਪਤਾ ਨਹੀਂ ਕਦੋਂ ਮੈਂ ਆਪਣੀ ਜੇਬ ਵਿੱਚੋਂ ਚੌਰਸਾ (ਲੱਕੜ ਤਰਾਸ਼ਣ ਅਤੇ ਗੋਲ ਸੁਰਾਖ਼ ਕਰਨ ਵਾਲਾ ਛੋਟਾ ਜਿਹਾ ਸੰਦ) ਕੱਢਿਆ ਅਤੇ ਉਸ ਦੀ ਗਰਦਨ ’ਤੇ ਮਾਰ ਦਿੱਤਾ। ਉਹ ਹੇਠਾਂ ਡਿੱਗ ਪਿਆ। ਮੈਂ ਨਸ਼ੇ ਵਿੱਚ ਲੜਖੜਾਉਂਦਾ ਘਰ ਪਹੁੰਚ ਗਿਆ। ਰਾਤ ਨੂੰ ਰੋਟੀ ਖਾਧੀ ਤੇ ਸੌਂ ਗਿਆ। ਸਵੇਰੇ ਚਾਰ ਕੁ ਵਜੇ ਸਾਡਾ ਬੂਹਾ ਖੜਕਿਆ। ਜਦੋਂ ਬੂਹਾ ਖੋਲ੍ਹਿਆ ਤਾਂ ਸਾਹਮਣੇ ਚਾਰ ਸਿਪਾਹੀ ਖੜ੍ਹੇ ਸਨ। ਮੇਰੇ ਚੇਤੇ ਵਿੱਚ ਬੀਤੀ ਰਾਤ ਵਾਪਰੀ ਘਟਨਾ ਦਾ ਉੱਕਾ ਹੀ ਕੋਈ ਖ਼ਿਆਲ ਨਹੀਂ ਸੀ। ਮੈਂ ਥੋੜ੍ਹਾ ਘਬਰਾ ਕੇ ਪੁੱਛਿਆ, ‘‘ਕੀ ਹੋਇਆ ਜਨਾਬ?’’ ਉਨ੍ਹਾਂ’ ਚੋਂ ਇੱਕ ਸਿਪਾਹੀ ਨੇ ਬੇਰੁਖ਼ੀ ਨਾਲ ਕਿਹਾ, ‘‘ਕਤਲ ਕਰਕੇ ਪੁੱਛਦੈਂ ਕੀ ਕਰਨ ਆਏ ਹਾਂ। ਚੱਲ ਥਾਣੇ।’’ ਉਹ ਮੈਨੂੰ ਥਾਣੇ ਲੈ ਆਏ ਤੇ ਤਿੰਨ ਕੁ ਦਿਨਾਂ ਬਾਅਦ ਮੈਨੂੰ ਇੱਥੇ ਜੇਲ੍ਹ ਭੇਜ ਦਿੱਤਾ।’’ ਉਸ ਦੀਆਂ ਅੱਖਾਂ ’ਚੋਂ ਹੰਝੂ ਵਗ ਰਹੇ ਸਨ। ਉਸ ਆਖਿਆ, ‘‘ਸੱਚ ਤਾਂ ਇਹ ਹੈ ਜੀ, ਮਰਨ ਵਾਲੇ ਨਾਲ ਦੁਸ਼ਮਣੀ ਤਾਂ ਕਿੱਥੋਂ ਹੋਣੀ, ਮੈਨੂੰ ਤਾਂ ਉਸ ਦੀ ਸ਼ਕਲ ਦਾ ਵੀ ਨ੍ਹੀਂ ਪਤਾ। ਬਸ ਕੁਝ ਸਮੇਂ ਲਈ ਚੜ੍ਹੀ ਸ਼ਰਾਬ ਦੀ ਖੁਮਾਰੀ ਨੇ ਮੈਨੂੰ ਕਾਤਲ ਬਣਾ ਦਿੱਤਾ ਤੇ ਇਹ ਨਰਕ ਮੇਰੇ ਕਰਮਾਂ ’ਚ ਲਿਖਿਆ ਗਿਆ।’’
ਉਸ ਹਵਾਲਾਤੀ ਦੀ ਗੱਲ ਸੁਣ ਕੇ ਮੈਂ ਸੋਚ ਰਿਹਾ ਸੀ ਕਿ ਸ਼ਰਾਬ ਕੁਝ ਪਲਾਂ ਲਈ ਕਿਸੇ ਨੂੰ ਆਸਮਾਨ ’ਤੇ ਉੱਡਣ ਦਾ ਭੁਲੇਖਾ ਪਾ ਸਕਦੀ ਹੈ, ਪਰ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਇਨਸਾਨ ਡੂੰਘੇ ਨਰਕ ਵਿੱਚ ਜਾ ਲਹਿੰਦਾ ਹੈ।
ਸੰਪਰਕ: 94171-48866

