ਪੰਜਾਬੀਆਂ ਦੀ ਗੁੰਮ-ਗੁਆਚ ਰਹੀ ਹੋਂਦ ਦਾ ਕਹਾਣੀਕਾਰ ਮੋਹਨ ਭੰਡਾਰੀ

ਪੰਜਾਬੀਆਂ ਦੀ ਗੁੰਮ-ਗੁਆਚ ਰਹੀ ਹੋਂਦ ਦਾ ਕਹਾਣੀਕਾਰ ਮੋਹਨ ਭੰਡਾਰੀ

ਡਾ. ਬਲਦੇਵ ਸਿੰਘ ਧਾਲੀਵਾਲ

ਡਾ. ਬਲਦੇਵ ਸਿੰਘ ਧਾਲੀਵਾਲ

ਸੱਤਵੇਂ ਦਹਾਕੇ ਦੇ ਆਰੰਭ ਵਿਚ ਦੂਜੇ ਪੜਾਅ ਦੀ ਪੰਜਾਬੀ ਕਹਾਣੀ ਆਪਣੇ ਸਿਖਰ ਉੱਤੇ ਪਹੁੰਚੀ ਹੋਈ ਸੀ। ਪੰਜਾਬੀ ਕਹਾਣੀ ਦੇ ਇਸ ਅਹਿਮ ਮੋੜ ’ਤੇ ਮੋਹਨ ਭੰਡਾਰੀ ਦਾ ਪ੍ਰਵੇਸ਼ ਹੁੰਦਾ ਹੈ। ਉਸ ਦੇ ਕਹਾਣੀ ਸੰਗ੍ਰਹਿਆਂ ਤਿਲਚੌਲੀ 1965, ਮਨੁੱਖ ਦੀ ਪੈੜ 1967, ਕਾਠ ਦੀ ਲੱਤ 1975, ਪਛਾਣ 1987, ਮੂਨ ਦੀ ਅੱਖ 1995, ਗੋਰਾ ਬਾਸ਼ਾ 2004 ਵਿਚ ਖ਼ੂਬਸੂਰਤ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੁਸਤਕ ਮੂਨ ਦੀ ਅੱਖ ਸਦਕਾ ਸਾਲ 1998 ਲਈ ਸਾਹਿਤ ਅਕਾਦਮੀ, ਦਿੱਲੀ ਦਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਸ ਕੱਦਾਵਰ ਕਹਾਣੀਕਾਰ ਦੀਆਂ ਕਹਾਣੀਆਂ ਦੇ ਦੋ ਚੋਣਵੇਂ ਸੰਗ੍ਰਹਿ ਬਰਫ਼ ਲਤਾੜੇ ਰੁੱਖ 1994 ਅਤੇ ਤਣ-ਪੱਤਣ 1998 ਵੀ ਸਾਹਮਣੇ ਆ ਚੁੱਕੇ ਹਨ।

ਉਸ ਦੀਆਂ ਪਹਿਲੇ ਪੜਾਅ ਦੀਆਂ ਚਰਚਿਤ ਕਹਾਣੀਆਂ ਤਿਲਚੌਲੀ, ਜੈਬੋ, ਘੋਟਨਾ, ਬਾਕੀ ਸਭ ਸੁੱਖ ਸਾਂਦ ਹੈ, ਸੋਮਨਾਥ ਦਾ ਮੰਦਰ, ਕੇੇ.ਵੈਂਕਟ ਰਾਓ, ਮੈਨੂੰ ਟੈਗੋਰ ਬਣਾ ਦੇ ਮਾਂ, ਇਕ ਚੋਰ ਦਾ ਜਨਮ ਆਦਿ ਆਪਣੀ ਇਕਹਿਰੀ ਬਣਤਰ ਅਤੇ ਪਲਟਾ-ਮਾਰੂ ਨਾਟਕੀ ਅੰਤ ਦੀਆਂ ਧਾਰਨੀ ਹੋਣ ਕਰਕੇ ਵਿਰਕ ਦੇ ਕਥਾ-ਮਾਡਲ ਦੇ ਨੇੜੇ-ਤੇੜੇ ਵਿਚਰਦੀਆਂ ਜਾਪਦੀਆਂ ਹਨ। ਡੂੰਘਾਈ ਨਾਲ ਵੇਖਿਆਂ ਮੋਹਨ ਭੰਡਾਰੀ ਦੀ ਵਿਲੱਖਣ ਸੁਰ ਵੀ ਨਜ਼ਰ ਆਉਣ ਲੱਗਦੀ ਹੈ। ਜੇ ਵਿਰਕ ਮਨੁੱਖੀ ਵਿਵਹਾਰ ’ਚ ਆਉਣ ਵਾਲੇ ਪਰਿਵਰਤਨਾਂ ਦੀ ਪਛਾਣ ਤੱਕ ਆਪਣੀ ਸੀਮਾ ਮਿਥਦਾ ਹੈ ਤਾਂ ਭੰਡਾਰੀ ਪਰਿਵਰਤਨ ਦੇ ਸ਼੍ਰੇਣੀਗਤ ਸੰਦਰਭ ਤੱਕ ਪਹੁੰਚਣ ਲਈ ਯਤਨਸ਼ੀਲ ਹੁੰਦਾ ਹੈ। ਇਸੇ ਲਈ ਜੇ ਵਿਰਕ “ਨਿਰੋਲ ਯਥਾਰਥਵਾਦੀ” ਹੈ ਤਾਂ ਮੇਰੀ ਜਾਚੇ ਭੰਡਾਰੀ ਸਹਿਜ ਪ੍ਰਗਤੀਵਾਦੀ ਹੈ। ਸਹਿਜ ਇਸ ਕਰਕੇ ਕਿ ਮੋਹਨ ਭੰਡਾਰੀ ਪਾਰਟੀ ਪ੍ਰਤੀਬੱਧਤਾ ਜਾਂ ਮਾਰਕਸਵਾਦੀ ਸਿਧਾਂਤ ਦਾ ਸੁਚੇਤ ਗਿਆਤਾ ਹੋਣ ਕਾਰਨ ਪ੍ਰਗਤੀਵਾਦੀ ਨਹੀਂ ਸਗੋਂ ਸ਼ੋਸ਼ਿਤ ਵਰਗਾਂ ਨਾਲ ਹਮਦਰਦੀ ਕਰਨ ਅਤੇ ਉਨ੍ਹਾਂ ਦੇ ਦੁੱਖਾਂ-ਦਰਦਾਂ ਨੂੰ ਸ਼੍ਰੇਣੀ-ਸਮਾਜ ਦੀ ਵਿਹਾਰਕ ਸੂਝ ਰਾਹੀਂ ਸਮਝਣ ਸਦਕਾ ਅਚੇਤ ਹੀ ਪ੍ਰਗਤੀਵਾਦੀ ਹੈ।

ਮੋਹਨ ਭੰਡਾਰੀ ਦਾ ਆਸ਼ਾਵਾਦ ਵੀ ਇਸ ਗੱਲੋਂ ਵਿਰਕ ਤੋਂ ਵੱਖਰਾ ਹੈ ਕਿ ਵਿਰਕ ਨਿਰੋਲ ਵਰਤਮਾਨਮੁਖੀ ਹੈ ਅਤੇ ਭੰਡਾਰੀ ਦੀ ਪ੍ਰੇਰਣਾ ਸਿਹਤਮੰਦ ਸਾਮੰਤੀ ਕਦਰਾਂ-ਕੀਮਤਾਂ ਤੇ ਬਰਾਬਰੀ ਵਾਲੇ ਭਵਿੱਖੀ ਸਮਾਜ-ਪ੍ਰਬੰਧ ਦੀਆਂ ਕਲਪਨਾਵਾਂ ਵੀ ਬਣਦੀਆਂ ਹਨ। ਮੋਹਨ ਭੰਡਾਰੀ ਦੀ ਇਸ ਵੱਖਰਤਾ ਨੂੰ ਉਸ ਦੀ ਕਹਾਣੀ ਤਿਲਚੌਲੀ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਕਹਾਣੀ ਦਾ ਕੇਂਦਰੀ ਪਾਤਰ ਸ਼ਾਹੂਕਾਰ ਚੌਧਰੀ ਰੌਣਕ ਮੱਲ ਜਦੋਂ ਲੁੱਟ-ਖਸੁੱਟ ਰਾਹੀਂ ਅਮੀਰ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਵਿਰੁੱਧ ਇਕਮੁੱਠ ਹੋ ਰਹੀ ਲੋਕ-ਸ਼ਕਤੀ ਤੋਂ ਏਨਾ ਡਰ ਲੱਗਣ ਲੱਗਦਾ ਹੈ ਕਿ ਚਾਰੇ ਪਾਸੇ ਆਪਣੀ ਮੌਤ ਦੇ ਅਕਸ ਨਜ਼ਰ ਆਉਣ ਲੱਗ ਪੈਂਦੇ ਹਨ।

ਇਹ ਸਹਿਜ ਪ੍ਰਗਤੀਵਾਦ ਜੀਵਨ ਦੀ ਸਮਝ ਅਤੇ ਵਿਆਖਿਆ ਸਮੇਂ ਮੋਹਨ ਭੰਡਾਰੀ ਦੀ ਸ਼ਕਤੀ ਬਣਦਾ ਹੈ, ਪਰ ਵਸਤੂ-ਯਥਾਰਥ ਦੀ ਕਲਾਤਮਕ ਪੇਸ਼ਕਾਰੀ ਵੇਲੇ ਕਿਤੇ ਕਿਤੇ ਵਿਘਨਕਾਰੀ ਵੀ ਸਾਬਤ ਹੁੰਦਾ ਹੈ। ਆਪਣੀਆਂ ਸ਼ਕਤੀਸ਼ਾਲੀ ਕਥਾ-ਜੁਗਤਾਂ ਦੀ ਅਣਦੇਖੀ ਕਰ ਕੇ ਸੂਤਰਧਾਰੀ ਵਰਣਨ ਉੱਤੇ ਬਲ ਦੇਣ ਨਾਲ ਕਹਾਣੀ ਦੇ ਸਮੁੱਚੇ ਪ੍ਰਭਾਵ ਉੱਤੇ ਵੀ ਅਸਰ ਪੈਂਦਾ ਹੈ। ਇਉਂ ਪਹਿਲੇ ਪੜਾਅ ਦੀਆਂ ਕਹਾਣੀਆਂ ਵਿਚ ਮੋਹਨ ਭੰਡਾਰੀ ਕੁਝ ਕਮੀਆਂ-ਪੇਸ਼ੀਆਂ ਦੇ ਬਾਵਜੂਦ ਸਮਰੱਥ ਹੁਨਰਮੰਦ ਕਹਾਣੀਕਾਰ ਵਜੋਂ ਸਥਾਪਤ ਹੁੰਦਾ ਹੈ।

ਮੋਹਨ ਭੰਡਾਰੀ ਦੀਆਂ ਕਹਾਣੀਆਂ ਦਾ ਦੂਜਾ ਪੜਾਅ ਉਸ ਸਮੇਂ ਆਰੰਭ ਹੁੰਦਾ ਹੈ ਜਦੋਂ ਉਹ ਰੁਜ਼ਗਾਰਵੱਸ ਪਿੰਡ ਛੱਡ ਕੇ ਚੰਡੀਗੜ੍ਹ ਵਰਗੇ ਸ਼ਹਿਰ ਦਾ ਵਸੇਬਾ ਕਰਦਾ ਹੈ ਅਤੇ ਆਪਣੇ ਤਨ-ਹੰਢਾਏ ਅਨੁਭਵ ਦੇ ਆਧਾਰ ’ਤੇ ਦਫ਼ਤਰੀ ਅਮਲੇ ਦੇ ਅਨੁਭਵਾਂ ਨੂੰ ਆਪਣੀਆਂ ਕਹਾਣੀਆਂ ਦਾ ਰਚਨਾ-ਵਸਤੂ ਬਣਾਉਣ ਲੱਗਦਾ ਹੈ। ਆਸ਼ੀਰਵਾਦ, ਮੈਥੋਂ ਮੇਰੇ ਦੁੱਖ ਨਾ ਲਵੋ, ਕਾਠ ਦੀ ਲੱਤ, ਕੁੱਕੜ ਦਾ ਫੰਘ ਅਤੇ ਬਰਫ਼ ਲਤਾੜੇ ਰੁੱਖ ਆਦਿ ਕਹਾਣੀਆਂ ਜ਼ਿਕਰਯੋਗ ਹਨ।

ਇਨ੍ਹਾਂ ਕਹਾਣੀਆਂ ਵਿਚ ਦਫ਼ਤਰ ਆਪਣੇ ਵਿਸ਼ਾਲਤਰ ਅਰਥਾਂ ਵਿਚ ਪੂੰਜੀਵਾਦੀ ਪ੍ਰਬੰਧ ਅਤੇ ਸ਼ਹਿਰੀ ਮੱੱਧਵਰਗੀ ਸਮਾਜ ਦਾ ਚਿੰਨ੍ਹ ਬਣ ਕੇ ਉਭਰਦਾ ਹੈ। ਇਸ ਵਿਚ ਦਰਜੇਬੰਦੀ ਵਾਲੀ ਵਿਵਸਥਾ ਦੀ ਪੌੜੀ ਦੇ ਸਭ ਤੋਂ ਹੇਠਲੇ ਡੰਡਿਆਂ ਉੱਤੇ ਖੜ੍ਹੇ ਪਾਤਰਾਂ ਦੀ ਮਨੁੱਖੀ ਪਛਾਣ ਗੁਆਚਣ ਦਾ ਮਸਲਾ ਕੇਂਦਰੀ ਮਹੱਤਤਾ ਗ੍ਰਹਿਣ ਕਰਦਾ ਹੈ। ਗੁੰਮ ਰਹੀ ਹੋਂਦ ਦਾ ਇਹ ਸੰਕਟ ਅੰਤ ਅਸਤਿੱਤਵੀ ਹੂਕ ਬਣ ਕੇ ਸਾਹਮਣੇ ਆਉਂਦਾ ਹੈ।

ਇਸ ਤਰ੍ਹਾਂ ਮੋਹਨ ਭੰਡਾਰੀ ਦੀਆਂ ਇਨ੍ਹਾਂ ਕਹਾਣੀਆਂ ਦਾ ਰਚਨਾ-ਵਿਵੇਕ ਉਸ ਦੇ ਪ੍ਰਗਤੀਵਾਦ ਅਤੇ ਅਸਤਿੱਤਵਵਾਦ ਦੇ ਮਿਸ਼ਰਤ ਸਰੂਪ ਵਾਲੀ ਇਸ ਰਚਨਾ-ਦ੍ਰਿਸ਼ਟੀ ਤੋਂ ਪ੍ਰੇਰਿਤ ਹੋਣ ਲੱਗ ਪੈਂਦਾ ਹੈ। ਫ਼ਲਸਰੂਪ ਉਹ ਦਰਜੇਬੰਦੀ ਵਿਚ ਸਭ ਤੋਂ ਹੇਠਲੇ ਪੱਧਰ ਉੱਤੇ ਵਿਚਰਦੇ ਪਾਤਰਾਂ ਦੀ ਮਾਸੂਮੀਅਤ ਨੂੰ, ਪਿੰਡ ਦੇ ਰੁਮਾਂਚ ਵਾਂਗ ਹੀ, ਉਭਾਰ ਕੇ ਪੇਸ਼ ਕਰਦਾ ਹੈ ਅਤੇ ਉਪਰਲੇ ਵਰਗਾਂ ਨੂੰ ਵਿਅੰਗ ਨਾਲ ਚਿਤਰਦਾ ਹੈ। ਇੱਥੋਂ ਤੱਕ ਕਿ ਮੱਧਲੇ ਕਲਰਕ ਵਰਗ ਦੇ ਦੀਨਤਾ ਵਾਲੇ ਰੂਪ ਨੂੰ ਹਮਦਰਦੀ ਨਾਲ ਅਸਤਿੱਤਵੀ ਸੰਕਟ ਦੇ ਸੰਦਰਭ ਵਿਚ ਪੇਸ਼ ਕਰਦਾ ਹੈ ਅਤੇ ਇਸੇ ਵਰਗ ਦੇ ਲੁੰਪਨ ਸਰੂਪ ਨੂੰ ਵਿਅੰਗ-ਸਹਿਤ ਉਜਾਗਰ ਕਰਦਾ ਹੈ। ਸਪੱਸ਼ਟਤਾ ਹਿਤ ਕਹਾਣੀ ਕੁੱਕੜ ਦਾ ਫੰਘ ਦੇ ਪਾਤਰ ਹੀਰਾ ਲਾਲ ਦੀ ਮਾਸੂਮੀਅਤ ਦੇ ਵੇਰਵੇ ਵੇਖੇ ਜਾ ਸਕਦੇ ਹਨ। “ਅੰਤਾਂ ਦੀ ਸਾਦਗੀ” ਵਾਲੇ ਸਰੂਪ ਵਾਲੇ ਹੀਰਾ ਲਾਲ ਦੀ ਹੋਂਦ ਨੂੰ ਖੁਰਦ-ਬੁਰਦ ਕਰਨ ਵਿਚ ਮੱਧਵਰਗੀ ਕਲਰਕਾਂ ਦਾ ਲੁੰਪਨ ਰੂਪ ਅਤੇ ਵਿਵਸਥਾ ਦੇ ਚਾਲਕ ਸੱਤਾਵਾਨ ਵਰਗਾਂ ਦੀ ਸਪੱਸ਼ਟ ਸਾਜ਼ਿਸ਼ ਹੈ।

ਮੋਹਨ ਭੰਡਾਰੀ ਦੀਆਂ ਕਹਾਣੀਆਂ ਦਾ ਤੀਜਾ ਪੜਾਅ ਪੰਜਾਬ ਸੰਕਟ ਦੇ ਵੇਰਵਿਆਂ ਨੂੰ ਰਚਨਾ-ਵਸਤੂ ਬਣਾਉਣ ਨਾਲ ਸਾਹਮਣੇ ਆਉਂਦਾ ਹੈ। ਕਹਾਣੀ-ਸੰਗ੍ਰਹਿ ਮੂਨ ਦੀ ਅੱਖ ਦੀਆਂ ਕਹਾਣੀਆਂ ਵਿਸ਼ੇਸ਼ ਤੌਰ ’ਤੇ ਪੰਜਾਬ ਸੰਕਟ ਦੀਆਂ ਗੁੰਝਲਾਂ, ਪ੍ਰੇਰਕਾਂ ਅਤੇ ਪ੍ਰਭਾਵਾਂ ਨੂੰ ਪੇਸ਼ ਕਰਦਿਆਂ ਸਾਂਝੀਵਾਲਤਾ ਦੇ ਰਚਨਾ-ਵਿਵੇਕ ਨੂੰ ਉਭਾਰਨ ਦਾ ਯਤਨ ਕਰਦੀਆਂ ਹਨ। ਮੋਹਨ ਭੰਡਾਰੀ ਦਾ ਅਜਿਹਾ ਰਚਨਾ-ਵਿਵੇਕ ਜਿਸ ਧਰਮ-ਨਿਰਪੱਖ ਵਿਸ਼ਵ-ਦ੍ਰਿਸ਼ਟੀ ਤੋਂ ਪ੍ਰੇਰਤ ਹੁੰਦਾ ਹੈ ਉਸ ਦੀਆਂ ਜੜ੍ਹਾਂ ਪ੍ਰਗਤੀਵਾਦੀ ਚੇਤਨਾ ਤੋਂ ਬਲ ਪ੍ਰਾਪਤ ਕਰਦੀ ਧਰਮ-ਨਿਰਪੱਖ ਚੇਤਨਾ ਅਤੇ ਅਸਤਿੱਤਵਵਾਦੀ ਚਿੰਤਨ ਤੋਂ ਹੋਂਦ ਗ੍ਰਹਿਣ ਕਰਦੇ ਮਨੁੱਖੀ ਪਛਾਣ ਦੇ ਵਿਵੇਕ ਵਿਚ ਹਨ। ਇਨ੍ਹਾਂ ਕਹਾਣੀਆਂ ਵਿਚ ਅਤਿਵਾਦ ਤੋਂ ਪੀੜਤ ਪੰਜਾਬ ਦੇ ਹਿੰਦੂ ਵਰਗ ਅਤੇ ਚੁਰਾਸੀ ਦੇ ਦੰਗਿਆਂ ਤੋਂ ਪੀੜਤ ਸਿੱਖ ਵਰਗ ਦੇ ਸਹਿਮ ਨੂੰ ਪ੍ਰਮੁੱਖ ਤੌਰ ’ਤੇ ਰਚਨਾ-ਵਸਤੂ ਬਣਾਇਆ ਗਿਆ ਹੈ। ਪ੍ਰਸੰਗਵੱਸ ਕਿਤੇ ਕਿਤੇ 1947 ਦੀ ਵੰਡ ਸਮੇਂ ਕਤਲੇਆਮ ਦਾ ਸ਼ਿਕਾਰ ਹੋਏ ਮੁਸਲਮਾਨ ਵਰਗ ਦੀ ਪੀੜ ਦੇ ਵੇਰਵੇ ਵੀ ਲੈ ਲਏ ਗਏ ਹਨ। ਬਿਰਤਾਂਤਕਾਰ ਨੇ ਬਹੁਤ ਚੇਤੰਨ ਭਾਂਤ ਸੰਤੁਲਨ ਕਾਇਮ ਰੱਖਦਿਆਂ ਕਿਸੇ ਇਕ ਫ਼ਿਰਕੇ ਉੱਤੇ ਪੰਜਾਬ ਸੰਕਟ ਦਾ ਦੋਸ਼ੀ ਹੋਣ ਦੀ ਤੁਹਮਤ ਥੱਪਣ ਤੋਂ ਗੁਰੇਜ਼ ਕੀਤਾ ਹੈ। ਇਸ ਦੀ ਥਾਂ ਸਥਾਪਤੀ ਦੁਆਰਾ ਆਪਣੀ ਸੱਤਾ ਕਾਇਮ ਰੱਖਣ ਲਈ ਫ਼ਿਰਕੂਵਾਦ ਨੂੰ ਇਕ ਜੁਗਤ ਵਜੋਂ ਵਰਤਣ ਦੀ ਧਾਰਨਾ ਨੂੰ ਬਲਪੂਰਬਕ ਪੇਸ਼ ਕੀਤਾ ਹੈ। ਇਹ ਪ੍ਰਗਤੀਵਾਦੀ ਚਿੰਤਨ ਦਾ ਜਾਣਿਆ-ਪਛਾਣਿਆ ਧਰਮ-ਨਿਰਪੱਖ ਮਾਡਲ ਹੈ। ਕਹਾਣੀ ਕਬੂਤਰ ਇਸ ਮਾਡਲ ਦੀ ਪੇਸ਼ਕਾਰੀ ਆਪਣੇ ਪ੍ਰਤੀਕ-ਪ੍ਰਬੰਧ ਰਾਹੀਂ ਭਲੀਭਾਂਤ ਕਰਨ ਵਾਲੀ ਰਚਨਾ ਹੈ।

ਇਸ ਕਹਾਣੀ ਦੀ ਕੇਂਦਰੀ ਪਾਤਰ ਸ਼ਕਤੀ ਦੇਵੀ ਠਾਕੁਰਦੁਆਰੇ ਵਿਚ ਆਪਣੀ ਸਥਾਪਤੀ ਬਣਾਈ ਰੱਖਣ ਲਈ ਕਤਲ, ਚਲਿੱਤਰ, ਸਾਜ਼ਿਸ਼, ਧਰਮ, ਮਾਇਆ, ਲਾਲਚ, ਸੈਕਸ ਅਤੇ ਸੰਮੋਹਨ ਸ਼ਕਤੀ ਆਦਿ ਸਮੂਹ ਜੁਗਤਾਂ ਦਾ ਢੁਕਵਾਂ ਇਸਤੇਮਾਲ ਕਰਦੀ ਹੈ ਅਤੇ ਨਾਲ ਹੀ ਆਪਣੀ ਮਾਸੂਮੀਅਤ (ਕਬੂਤਰ) ਨੂੰ ਬਚਾਈ ਤੇ ਪ੍ਰਚਾਰੀ ਰੱਖਣ ਲਈ ਹੰਭਲੇ ਮਾਰਦੀ ਹੈ। ਉੱਤਮ-ਪੁਰਖੀ ਪਾਤਰ ਅੰਤ ਨੂੰ ਇਹ ਸਮਝਣ ਵਿਚ ਸਫ਼ਲ ਹੋ ਜਾਂਦਾ ਹੈ ਕਿ “ਸ਼ਕਤੀ ਦੇਵੀ” ਦੀ ਜਾਨ “ਕਬੂਤਰ” ਵਿਚ ਹੈ ਅਤੇ ਉਹ ਕਬੂਤਰ ਨੂੰ ਮਾਰ ਦਿੰਦਾ ਹੈ।

ਇਨ੍ਹਾਂ ਕਹਾਣੀਆਂ ਦਾ ਮੂਲ ਪੈਟਰਨ ਇਹ ਬਣਦਾ ਹੈ ਕਿ ਕਹਾਣੀ ਸੰਪਰਦਾਇਕ ਤਣਾਅ ਦੀ ਸੂਚਕ ਕਿਸੇ ਘਟਨਾ ਨਾਲ ਆਰੰਭ ਹੁੰਦੀ ਹੈ। ਫਿਰ ਸਿਮਰਤੀ ਦੀ ਕਥਾ-ਜੁਗਤ ਰਾਹੀਂ ਉਸ ਸਥਿਤੀ ਦੀਆਂ ਵਿਭਿੰਨ ਤੰਦਾਂ ਅਤੇ ਪ੍ਰਸੰਗਾਂ ਨੂੰ ਚਿਤਵਿਆ ਜਾਂਦਾ ਹੈ ਅਤੇ ਅੰਤ ਨੂੰ ਕਹਾਣੀ ਕਿਸੇ ਸੁਲਝਾਵਪੂਰਨ ਬੰਦ ਅੰਤ ਰਾਹੀਂ ਸਿਖਰ ਉੱਤੇ ਪਹੁੰਚਦੀ ਹੈ। ਮਿਸਾਲ ਵਜੋਂ ਕਹਾਣੀ ਪਾੜ ਦਾ ਆਰੰਭ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖ-ਵਿਰੋਧੀ ਦੰਗਿਆਂ ਤੋਂ ਡਰ ਕੇ, ਕਲਕੱਤੇ ਤੋਂ ਪੰਜਾਬ ਵਿਚਲੇ ਆਪਣੇ ਪਿੰਡ ਵੱਲ ਪਰਤੇ ਟਰੱਕ ਡਰਾਈਵਰ ਹਰਚੰਦ ਦੇ ਤਣਾਅ ਦੇ ਬਿਰਤਾਂਤ ਨਾਲ ਹੁੰਦਾ ਹੈ। ਉਸ ਦਾ ਪੁਰਾਣਾ ਮਿੱਤਰ ਪੰਡਤ ਆਤਮਾ ਪਹਿਲਾਂ ਹੀ ਅਤਿਵਾਦ ਤੋਂ ਡਰ ਕੇ ਆਪਣਾ ਟੱਬਰ ਸ਼ਹਿਰ ਭੇਜ ਚੁੱਕਿਆ ਹੈ। ਫਿਰ ਕਹਾਣੀ ਸਿਮਰਤੀ ਦੀ ਕਥਾ-ਜੁਗਤ ਰਾਹੀਂ ਦੱਸਦੀ ਹੈ ਕਿ ਹਰਚੰਦ ਉਹੀ ਮੁੰਡਾ ਹੈ ਜਿਹੜਾ 1947 ਵੇਲੇ ਵੱਢੇ ਗਏ ਮੁਸਲਮਾਨਾਂ ਦੇ ਕਾਫ਼ਲੇ ਵਿਚੋਂ ਸਬੱਬੀਂ ਹੀ ਬਚ ਗਿਆ ਸੀ ਅਤੇ ਉਸ ਨੂੰ ‘ਪੂਰਬਣੀ’ ਤੋਂ ਸਿੰਘਣੀ ਸਜੀ ਇੰਦਰ ਕੌਰ ਨੇ ਪੁੱਤ ਬਣਾ ਕੇ ਪਾਲਿਆ ਸੀ। ਇਸ ਕਿਸਮ ਦੇ ਹੋਰ ਪ੍ਰਸੰਗਾਂ ਤੋਂ ਪਿੱਛੋਂ ਅੰਤ ਉੱਤੇ ਉਹ ਦੋਵੇਂ ਦੋਸਤ ਰਾਤ ਨੂੰ ਦਹਿਸ਼ਤ ਦੇ “ਹਨੇਰੇ” ਦੀ “ਸੁੰਨਸਾਨ ਤੋੜਨ” ਲਈ ਨਹਿਰ ਦੇ ਉਸੇ ਪੁਲ ਉੱਤੇ ਜਾਂਦੇ ਹਨ ਜਿੱਥੇ ਮੁਸਲਮਾਨਾਂ ਦਾ ਕਾਫ਼ਲਾ ਵੱਢਿਆ ਗਿਆ ਸੀ। ਕਹਾਣੀ ਦਾ ਇਹ ਪੈਟਰਨ ਨਿਸ਼ਚੇ ਹੀ ਮੋਹਨ ਭੰਡਾਰੀ ਦੇ ਪ੍ਰਗਤੀਵਾਦੀ ਸੈਕੂਲਰਵਾਦ ਦੇ ਐਨ ਅਨੁਕੂਲ ਹੋਂਦ ਗ੍ਰਹਿਣ ਕਰਦਾ ਹੈ। ਇਸੇ ਕਰਕੇ “ਪਾੜ” ਨਾਲੋਂ “ਸਾਂਝ” ਦੇ ਸੂਤਰ ਨੂੰ ਦ੍ਰਿੜ੍ਹਾਉਂਦਾ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ।

ਇਸ ਸੰਦੇਸ਼ ਅਨੁਸਾਰ ਸਿਰਜੇ ਗਏ ਬਹੁਤ ਸਾਰੇ ਮਨ-ਇੱਛਤ ਵਸਤੂ-ਵੇਰਵੇ ਇਨ੍ਹਾਂ ਕਹਾਣੀਆਂ ਵਿਚ ਥਾਂ-ਪਰ-ਥਾਂ ਮਿਲਦੇ ਹਨ। ਵਸਤੂ-ਯਥਾਰਥ ਨੂੰ ਆਪਣੇ ਪ੍ਰਗਤੀਵਾਦੀ ਸੈਕੂਲਰਵਾਦ ਅਨੁਕੂਲ ਢਾਲਣ ਦੀ ਪ੍ਰਵਿਰਤੀ ਨੇ ਮੋਹਨ ਭੰਡਾਰੀ ਦੀਆਂ ਕਹਾਣੀਆਂ ਦੀ ਸੰਰਚਨਾ ਉੱਤੇ ਵੀ ਵਿਆਪਕ ਪ੍ਰਭਾਵ ਪਾਏ ਹਨ। ਯਥਾਰਥਕ ਸਰੂਪ ਵਾਲੀਆਂ ਕਥਾ-ਜੁਗਤਾਂ ਦੀ ਥਾਂ ਉਹ ਅਤਿਕਥਨੀ, ਮੌਕਾ-ਮੇਲ ਅਤੇ ਪ੍ਰਗੀਤਕ ਅਮੂਰਤੀਕਰਨ ਆਦਿ ਕਥਾ-ਜੁਗਤਾਂ ਨੂੰ ਪਹਿਲ ਦੇਣ ਲੱਗਦਾ ਹੈ। ਮਿਸਾਲ ਵਜੋਂ ਕਹਾਣੀ ਪਾੜ ਵਿਚ ਜਦੋਂ ਨਹਿਰ ਦੇ ਪੁਲ ਉੱਤੇ ਮੁਸਲਮਾਨਾਂ ਦਾ ਕਾਫ਼ਲਾ ਵੱਢਿਆ ਜਾਂਦਾ ਹੈ ਤਾਂ ਸਿਰਫ਼ ਇਕ ਹੀ ਬੱਚਾ ਬਚਦਾ ਹੈ। ਉਸ ਨੂੰ ਸੰਭਾਲਣ ਵਾਲੀ ਇੰਦਰ ਕੌਰ ‘ਪੂਰਬਣੀ’ ਤੋਂ ਸਿੱਖ ਸਜੀ ਹੈ। ਉਸ ਦਾ ਪਾਲਿਆ ਮੁਸਲਮਾਨ ਤੋਂ ਸਿੱਖ ਬਣਿਆ ਮੁੰਡਾ ਕਲੱਕਤੇ ਜਾ ਕੇ ਸਿੱਖ-ਵਿਰੋਧੀ ਦੰਗਿਆਂ ਤੋਂ ਪੀੜਤ ਹੁੰਦਾ ਹੈ। ਅੰਤ ਉਹੀ ਆਪਣੇ ਕਾਮਰੇਡੀ ਵਿਚਾਰਾਂ ਅਨੁਸਾਰ ਪੰਜਾਬ ਦੇ ਅਤਿਵਾਦ ਨਾਲ ਪੈਦਾ ਹੋਏ “ਹਨੇਰੇ” ਅਤੇ “ਸੁੰਨਸਾਨ” ਨੂੰ ਭੰਗ ਕਰਨ ਦਾ ਉੱਦਮ ਕਰਦਾ ਹੈ। ਇਹ ਯਥਾਰਥ ਵੀ ਕਿਉਂ ਨਾ ਹੋਵੇ, ਪਰ ਕਹਾਣੀ ਵਿਚ ਅਸੁਭਾਵਕ ਅਤੇ ਗੈਰਯਥਾਰਥਕ ਜਾਪਣ ਲੱਗ ਪੈਂਦਾ ਹੈ।

ਪੰਜਾਬ ਸੰਕਟ ਦੀਆਂ ਕਹਾਣੀਆਂ ਦੇ ਸੰਗ੍ਰਹਿ ਮੂਨ ਦੀ ਅੱਖ, ਜਿਸ ਲਈ ਮੋਹਨ ਭੰਡਾਰੀ ਨੂੰ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ, ਤੋਂ ਬਾਅਦ ਵੀ ਉਸ ਨੇ ਦਰਜਨ ਕਹਾਣੀਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਰਾਹੀਂ ਉਹ ਕਿਸੇ ਨਵੇਂ ਪੜਾਅ ਦਾ ਸੂਚਕ ਨਹੀਂ ਬਣਦਾ। ਔਰਤ-ਮਰਦ ਦੇ ਰਿਸ਼ਤੇ ਨੂੰ ਕੇਂਦਰ ’ਚ ਰੱਖ ਕੇ ਸਿਰਜੀਆਂ ਗਈਆਂ ਇਨ੍ਹਾਂ ਕਹਾਣੀਆਂ ਦਾ ਥੀਮ ਮੋਹਨ ਭੰਡਾਰੀ ਲਈ ਕੋਈ ਨਵਾਂ ਨਹੀਂ। ਧਿਆਨਯੋਗ ਗੱਲ ਹੈ ਕਿ ਇਨ੍ਹਾਂ ਰਾਹੀਂ ਉਹ ਔਰਤ-ਮਰਦ ਦੇ ਰਿਸ਼ਤੇ ਨੂੰ ਉਪਭੋਗਤਾਵਾਦ ਦੇ ਸੰਦਰਭ ਵਿਚ ਚਿਤਰਦਾ ਹੈ।

ਇਨ੍ਹਾਂ ਕਹਾਣੀਆਂ ਨਾਲ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਮੋਹਨ ਭੰਡਾਰੀ ਨਿਰੰਤਰ ਸਰਗਰਮ ਰਿਹਾ ਅਤੇ ਉਸ ਦੀਆਂ ਸਮੁੱਚੀਆਂ ਕਹਾਣੀਆਂ ਪਾਠਕੀ-ਚੇਤਨਾ ਨੂੰ ਟੁੰਬਣ ਵਾਲੀਆਂ ਹਨ। ਇਨ੍ਹਾਂ ਦੀ ਸੰਵਾਦ ਭਖਾਉਣ ਦੀ ਸਮਰੱਥਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ। ਅਜਿਹੀਆਂ ਕਹਾਣੀਆਂ ਦੇ ਸਿਰਜਕ ਵਜੋਂ ਮੋਹਨ ਭੰਡਾਰੀ ਦਾ ਨਾਂ ਸਨਮਾਨਯੋਗ ਰਹੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

ਭਗਵੰਤ ਮਾਨ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ

* ਕੇਜਰੀਵਾਲ ਨੇ ਮੁਹਾਲੀ ਵਿੱਚ ਕੀਤਾ ਰਸਮੀ ਐਲਾਨ * ਲੋਕ ਰਾਏ ਵਿੱਚ 93.3...

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਚੰਨੀ ਦੇ ਕਰੀਬੀ ਅਤੇ ਕਈ ਹੋਰਾਂ ’ਤੇ ਛਾਪੇ

ਈਡੀ ਵੱਲੋਂ 6 ਕਰੋੜ ਦੀ ਨਗ਼ਦੀ ਕਬਜ਼ੇ ਵਿੱਚ ਲੈਣ ਦਾ ਦਾਅਵਾ

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਕਰੋਨਾ: ਰਾਜਾਂ ਤੇ ਸੂਬਿਆਂ ਨੂੰ ਟੈਸਟਿੰਗ ਵਧਾਉਣ ਦੇ ਨਿਰਦੇਸ਼

ਟੈਸਟਿੰਗ ਨੂੰ ਕਰੋਨਾ ਨਾਲ ਨਜਿੱਠਣ ਲਈ ਸਭ ਤੋਂ ਅਹਿਮ ਤੱਤ ਦੱਸਿਆ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਸੀਤ ਲਹਿਰ ਨੇ ਪੰਜਾਬ ਨੂੰ ਬਣਾਇਆ ਸ਼ਿਮਲਾ

ਲੁਧਿਆਣਾ ਤੇ ਗੁਰਦਾਸਪੁਰ ਰਹੇ ਸਭ ਤੋਂ ਵੱਧ ਠੰਢੇ

ਸ਼ਹਿਰ

View All