ਪ੍ਰਿੰਸੀਪਲ ਵਿਜੈ ਕੁਮਾਰ
ਆਨਲਾਈਨ ਪੜ੍ਹਾਈ ਦੇ ਇਸ ਦੌਰ ਨੇ ਗਰੀਬ ਪਰਿਵਾਰਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹਨ| ਦਿਹਾੜੀ-ਦੱਪਾ ਕਰ ਕੇ ਪਰਿਵਾਰ ਦਾ ਢਿੱਡ ਭਰਨ ਵਾਲੇ ਮਾਪਿਆਂ ਲਈ ਇਹ ਸੰਕਟ ਖੜ੍ਹਾ ਹੋ ਗਿਆ ਕਿ ਉਹ ਆਪਣੇ ਪਰਿਵਾਰ ਨੂੰ ਰੋਟੀ ਖੁਆਉਣ ਜਾਂ ਬੱਚਿਆਂ ਨੂੰ ਟੱਚ ਵਾਲਾ ਮੋਬਾਇਲ ਲੈ ਕੇ ਦੇਣ| ਬੱਚੇ ਮਾਪਿਆਂ ਦੀ ਆਰਥਿਕ ਮਜਬੂਰੀ ਅਤੇ ਅਧਿਆਪਕਾਂ ਦੇ ਦਿੱਤੇ ਜਾਣ ਵਾਲੇ ਘਰ ਦੇ ਕੰਮ ਨੂੰ ਨਾ ਕਰਨ ਤੇ ਪੈਣ ਵਾਲੀਆਂ ਝਿੜਕਾਂ ਵਿਚਕਾਰ ਪਿਸ ਰਹੇ ਹਨ|
… ਸਕੂਲ ਦੀਆਂਂ ਦੋ ਅਧਿਆਪਕਾਵਾਂ ਚਾਰ ਪੰਜ ਮਹੀਨਿਆਂ ਤੋਂ ਸ਼ਿਕਾਇਤ ਕਰ ਰਹੀਆਂ ਸਨ ਕਿ ਕਈ ਬੱਚੇ ਨਾ ਸਕੂਲ ਦੀ ਫੀਸ ਦੇ ਰਹੇ ਹਨ, ਨਾ ਕਿਸੇ ਵੀ ਵਿਸ਼ੇ ਦਾ ਕੰਮ ਲੈ ਰਹੇ ਹਨ, ਤੇ ਨਾ ਹੀ ਆਨਲਾਈਨ ਪੜ੍ਹਾਈ ਅਧੀਨ ਟੈਸਟ ਦੇ ਰਹੇ ਹਨ| ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਬੱਚੇ ਸਾਡੇ ਕੋਲ ਦਾਖਲ ਹੈ ਵੀ ਜਾਂ ਨਹੀਂ, ਉਹ ਤਾਂ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਦੇ| … ਸੋਚਿਆ, ਬੱਚੇ ਲਾਪ੍ਰਵਾਹ ਹੋਣਗੇ; ਪੜ੍ਹਾਈ ਵਿਚ ਦਿਲਚਸਪੀ ਨਹੀਂ ਲੈਂਦੇ ਹੋਣਗੇ; ਮਾਪੇ ਵੀ ਉਨ੍ਹਾਂ ਵਰਗੇ ਹੀ ਹੋਣਗੇ ਜਾਂ ਫਿਰ ਬੱਚੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ ਹੋਣਗੇ|
ਉਂਜ, ਅਸਲੀਅਤ ਸਾਡੀਆਂ ਕਿਆਸਆਰਾਈਆਂ ਤੋਂ ਉੱਕਾ ਹੀ ਉਲਟ ਨਿਕਲੀ| ਸਤੰਬਰ ਵਾਲੇ ਟੈਸਟ ਖਤਮ ਹੋ ਚੁੱਕੇ ਸਨ| ਪ੍ਰੀਖਿਆ ਆਨਲਾਈਨ ਹੀ ਹੋਈ ਸੀ| ਬੱਚਿਆਂ ਦੇ ਮਾਪੇ ਆਪੋ-ਆਪਣੇ ਬੱਚਿਆਂ ਨੂੰ ਲੈ ਕੇ ਉਨ੍ਹਾਂ ਦੇ ਪਰਚੇ ਜਮ੍ਹਾਂ ਕਰਵਾਉਣ ਆ ਰਹੇ ਸਨ| ਮੈਂ ਦਫਤਰ ਵਿਚ ਬੈਠਾ ਬੱਚਿਆਂ ਦੇ ਮਾਪਿਆਂ ਨੂੰ ਮਿਲ ਰਿਹਾ ਸਾਂ ਕਿ ਇੱਕ ਅਧਿਆਪਕਾ ਇੱਕ ਬੱਚੇ ਦੀ ਮਾਂ ਨੂੰ ਲੈ ਕੇ ਆ ਗਈ| ਪਤਾ ਲੱਗਿਆ ਕਿ ਇਸ ਔਰਤ ਦੇ ਦੋ ਬੱਚੇ ਸਾਡੇ ਸਕੂਲ ਵਿਚ ਪੜ੍ਹਦੇ ਹਨ; ਇੱਕ ਦੀ ਫੀਸ ਤਾਂ ਕੋਈ ਦਾਨੀ ਸੱਜਣ ਦੇ ਰਿਹਾ ਹੈ, ਦੂਜੇ ਦੀ ਫੀਸ ਦਾ ਅਜੇ ਤੱਕ ਨਿੱਕਾ ਪੈਸਾ ਨਹੀਂ ਸੀ ਆਇਆ| ਅਜੇ ਬੱਚਿਆਂ ਬਾਰੇ ਸਵਾਲ ਕਰਨਾ ਹੀ ਸੀ ਕਿ ਉਹ ਨਿੰਮੋਝੂਣੀ ਜਿਹੀ ਹੋਈ ਬੋਲੀ, “ਸਰ, ਤੁਸੀਂ ਪਹਿਲਾਂ ਹੋਰ ਬੱਚਿਆਂ ਦੇ ਮਾਪਿਆਂ ਨਾਲ ਗੱਲ ਕਰ ਲਵੋ, ਮੈਂ ਇਕੱਲਿਆਂ ਗੱਲ ਕਰਨਾ ਚਾਹੁੰਨੀ ਆਂ।” ਵਿਚਦੀ ਗੱਲ ਝੱਟ ਸਮਝ ਆ ਗਈ| ਉਹ ਆਪਣੀ ਆਰਥਿਕ ਮੰਦਹਾਲੀ ਦੀ ਗੱਲ ਦੂਜਿਆਂ ਸਾਹਮਣੇ ਨਹੀਂ ਸੀ ਕਰਨਾ ਚਾਹੁੰਦੀ|
ਦਫਤਰ ਵਿਚ ਮਾਪਿਆਂ ਦਾ ਆਉਣਾ ਜਾਣਾ ਵਧ ਰਿਹਾ ਸੀ ਅਤੇ ਉਸ ਔਰਤ ਦੀ ਵਾਰੀ ਨਹੀਂ ਆ ਰਹੀ ਸੀ| ਉਹ ਔਰਤ ਵਾਰ ਵਾਰ ਕਦੀ ਖੜ੍ਹੀ ਹੁੰਦੀ ਅਤੇ ਬੈਠ ਜਾਂਦੀ। ਬੇਚੈਨੀ ਸਾਫ ਦਿਸ ਰਹੀ ਸੀ| ਆਖ਼ਰ ਉਹਨੂੰ ਸੱਦ ਕੇ ਸੰਖੇਪ ਵਿਚ ਗੱਲ ਕੀਤੀ, “ਹਾਂ ਜੀ, ਹੁਣ ਛੇਤੀ ਨਾਲ ਆਪਣੀ ਗੱਲ ਦੱਸੋ, ਦੂਜੇ ਬੱਚਿਆਂ ਦੇ ਮਾਪਿਆਂ ਨੇ ਬਹੁਤੀ ਦੇਰ ਤੱਕ ਉਡੀਕ ਨਹੀਂ ਕਰਨੀ।” ਉਹ ਬੋਲੀ, “ਸਰ, ਸਾਡੇ ਗਰੀਬਾਂ ਵਿਚ ਟੱਚ ਵਾਲਾ ਮੋਬਾਇਲ ਲੈਣ ਦੀ ਹਿੰਮਤ ਨਹੀਂ ਸੀ; ਇਸੇ ਲਈ ਬੱਚੇ ਨਾ ਕੰਮ ਲੈਂਦੇ ਸੀ, ਤੇ ਨਾ ਹੀ ਟੈਸਟ ਦਿੰਦੇ ਸੀ| ਹੁਣ ਕਰਜ਼ਾ ਚੁੱਕ ਕੇ ਕਿਸ਼ਤਾਂ ਤੇ ਮੋਬਾਇਲ ਲਿਆ ਹੈ, ਹੁਣ ਕਿਤੇ ਜਾ ਕੇ ਦੋਹਾਂ ਬੱਚਿਆਂ ਨੇ ਸਤੰਬਰ ਵਾਲੇ ਪਰਚੇ ਦਿੱਤੇ ਹਨ ਪਰ ਅਧਿਆਪਕਾਵਾਂ ਗੱਲ ਹੀ ਨਹੀਂ ਸੁਣਦੀਆਂ| ਇੱਕ ਬੱਚੇ ਦੀ ਫੀਸ ਰਹਿੰਦੀ ਹੈ, ਬੱਸ ਇੱਕ ਮਹੀਨੇ ਦਾ ਸਮਾਂ ਦੇ ਦਿਓ, ਸਾਰੀ ਫੀਸ ਜਮ੍ਹਾਂ ਕਰਾ ਦਿਆਂਗੀ।” ਔਰਤ ਦਾ ਰੋਣ ਨਿੱਕਲ ਆਇਆ ਸੀ। ਦ੍ਰਿਸ਼ ਹੀ ਬਦਲ ਗਿਆ ਸੀ, ਉਹਦੇ ਲਈ ਪਾਣੀ ਦਾ ਗਿਲਾਸ ਮੰਗਵਾਇਆ| ਰਤਾ ਕੁ ਤਸੱਲੀ ਦੇ ਕੇ ਦੂਜੇ ਦਿਨ ਆਉਣ ਲਈ ਕਿਹਾ|
ਉਹ ਔਰਤ ਤਾਂ ਆਪਣੀ ਗੱਲ ਕਹਿ ਆਪਣੇ ਘਰ ਚਲੀ ਗਈ ਪਰ ਮੇਰੇ ਲਈ ਕਈ ਸਵਾਲ ਖੜ੍ਹੇ ਕਰ ਗਈ| ਪਤਾ ਕਰਵਾਇਆ ਤਾਂ ਇਸ ਔਰਤ ਦੇ ਦੋਵੇਂ ਬੱਚੇ ਪੜ੍ਹਨ ਨੂੰ ਬਹੁਤ ਹੁਸ਼ਿਆਰ ਸਨ| ਗਣਿਤ ਵਿਚੋਂ ਤਾਂ ਉਨ੍ਹਾਂ ਦੇ ਪੂਰੇ ਦੇ ਪੂਰੇ ਅੰਕ ਹੁੰਦੇ| ਮਨ ਅੰਦਰ ਆਰੀ ਜਿਹੀ ਫਿਰਦੀ ਜਾਪੀ: ਸਾਡੀਆਂ ਸਰਕਾਰਾਂ ਨੂੰ ਹੁਣ ਤੱਕ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ! ਮੁਲਕ ਦੀ ਅਹਿਮ ਜ਼ਰੂਰਤ ਰਾਫੇਲ ਨਹੀਂ ਸਗੋਂ ਬੱਚਿਆਂ ਦੀ ਪੜ੍ਹਾਈ ਹੈ!! ਕਿੰਨਾ ਚੰਗਾ ਹੁੰਦਾ, ਜੇਕਰ ਸਰਕਾਰ ਹਰ ਜ਼ਰੂਰਤਮੰਦ ਬੱਚੇ ਦੀ ਪੜ੍ਹਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ!!!
ਦੂਜੇ ਦਿਨ ਉਹ ਔਰਤ ਦਫਤਰ ਆਣ ਪਹੁੰਚੀ| ਮੈਂ ਸਵਾਲ ਕੀਤਾ, “ਘਰਵਾਲਾ ਕੀ ਕੰਮ ਕਰਦਾ?” ਉਹਦੀਆਂ ਅੱਖਾਂ ਵਿਚੋਂ ਨਮੋਸ਼ੀ ਨੇ ਝਾਤੀ ਮਾਰੀ, “ਸਰ, ਡੁੱਬੀ ਤਾਂ, ਜੇ ਸਾਹ ਨਹੀਂ ਆਇਆ| ਜੇਕਰ ਉਹ ਕੁਝ ਕਰਦਾ ਹੁੰਦਾ ਤਾਂ ਜਹਾਨ ਦੀਆਂ ਗੱਲਾਂ ਕਾਹਨੂੰ ਸੁਣਨੀਆਂ ਪੈਂਦੀਆਂ। ਜਿੰਨੇ ਕਮਾਉਂਦਾ, ਅੱਧੇ ਸ਼ਰਾਬ ਚ ਉੜਾ ਦਿੰਦਾ| ਮਾਪਿਆਂ ਨੇ ਧੀਆਂ ਜ਼ਿਆਦਾ ਹੋਣ ਕਾਰਨ ਬੱਸ ਵਿਆਹੁਣ ਦੀ ਕੀਤੀ| ਜ਼ਿੰਦਗੀ ਬਰਬਾਦ ਹੋ ਗਈ, ਬੱਸ!” ਮੈਂ ਵਿਹਾਰ ਵਾਲੀ ਗੱਲ ਕੀਤੀ, “ਤੁਹਾਡੇ ਬੱਚਿਆਂ ਨੇ ਪਿਛਲਾ ਕੰਮ ਨਹੀਂ ਕੀਤਾ, ਉਹਦਾ ਕੀ ਬਣੂ?” ਉਹ ਕਾਹਲੀ ਪੈਂਦਿਆਂ ਬੋਲੀ, “ਮੈਂ ਤਾਂ ਜੀ ਪਿਛਲਾ ਸਾਰਾ ਕੰਮ ਕਰਵਾ ਦਿੱਤਾ|” ਔਰਤ ਪੜ੍ਹੀ-ਲਿਖੀ ਸੀ, ਮੈਂ ਸਮਝਾਉਣਾ ਚਾਹਿਆ, “ਤੁਸੀਂ ਬੱਚਿਆਂ ਨੂੰ ਖ਼ੁਦ ਦਿਲਚਸਪੀ ਲੈ ਕੇ ਪੜ੍ਹਾਓ, ਫੀਸ ਦੀ ਕੋਈ ਗੱਲ ਨਹੀਂ, ਮੈਂ ਆਪੇ ਈ ਦੇਖ ਲਵਾਂਗਾ।” ਫਿਰ ਉਹਦੇ ਸ਼ਬਦ ਮੇਰੇ ਕੰਨੀਂ ਪਏ, “ਸ਼ੁਕਰ ਐ ਸਰ, ਸਾਡੇ ਗਰੀਬਾਂ ਦੇ ਬੱਚੇ ਵੀ ਚੰਗੇ ਸਕੂਲਾਂ ਵਿਚ ਪੜ੍ਹ ਜਾਣਗੇ|”
ਉਸ ਦੇ ਜਾਣ ਤੋਂ ਬਾਅਦ ਮਨ ਅੰਦਰ ਬੜੀ ਉਥਲ-ਪੁਥਲ ਹੋਈ: ਜਿਹੜੇ ਪੈਸੇ ਮੈਂ ਹਰ ਸਾਲ ਧਾਰਮਿਕ ਸਥਾਨ ਵਿਚ ਲੰਗਰ ਲਗਾਉਣ ਲਈ ਦਿੰਦਾ ਹਾਂ, ਜੇ ਉਹ ਪੈਸੇ ਇਸ ਔਰਤ ਨੂੰ ਮੋਬਾਇਲ ਖਰੀਦਣ ਲਈ ਦਿੱਤੇ ਹੁੰਦੇ? … ਮੋਬਾਇਲ ਅਤੇ ਫੀਸ ਤੋਂ ਬਿਨਾ ਪਤਾ ਨਹੀਂ ਕਿੰਨੇ ਬੱਚਿਆਂ ਦੀ ਪੜ੍ਹਾਈ ਛੁੱਟ ਗਈ ਹੋਵੇਗੀ?… ਫਿਰ ਅਧਿਆਪਕਾ ਨੂੰ ਬੁਲਾਇਆ, ਬਹੁਤ ਸੰਖੇਪ ਗੱਲ ਆਖੀ, “ਉਸ ਬੱਚੇ ਦੀ ਫੀਸ ਮੈਂ ਦੇ ਦਿਆ ਕਰਾਂਗਾ।”
ਸੰਪਰਕ: 98726-27136