DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੱਜ ਹੀ ਐੱਮ ਐੱਮ ਸੀ ਭੇਜੋ

ਛੁੱਟੀ ਹੋਣ ਤੋਂ ਪੰਦਰਾਂ ਕੁ ਮਿੰਟ ਪਹਿਲਾਂ ਸੀਨੀਅਰ ਮੈਨੇਜਰ ਨੇ ਸਟਾਫ ਮੀਟਿੰਗ ਸੱਦ ਲਈ। ਹੁਣੇ-ਹੁਣੇ ਜੁਆਇਨ ਕੀਤੇ ਅਫ਼ਸਰ ਦੀ ਸਟਾਫ ਨਾਲ ਜਾਣ-ਪਛਾਣ ਕਰਵਾਉਣੀ ਸੀ। ਦੱਸਿਆ ਗਿਆ ਕਿ ਉਨ੍ਹਾਂ ਦਾ ਅਹੁਦਾ ਮੈਨੇਜਰ ਹੈ ਅਤੇ ਗਿਆਰਾਂ ਮਹੀਨੇ ਬਾਅਦ ਉਨ੍ਹਾਂ ਨੇ ਸੇਵਾ-ਮੁਕਤ ਹੋ...

  • fb
  • twitter
  • whatsapp
  • whatsapp
Advertisement

ਛੁੱਟੀ ਹੋਣ ਤੋਂ ਪੰਦਰਾਂ ਕੁ ਮਿੰਟ ਪਹਿਲਾਂ ਸੀਨੀਅਰ ਮੈਨੇਜਰ ਨੇ ਸਟਾਫ ਮੀਟਿੰਗ ਸੱਦ ਲਈ। ਹੁਣੇ-ਹੁਣੇ ਜੁਆਇਨ ਕੀਤੇ ਅਫ਼ਸਰ ਦੀ ਸਟਾਫ ਨਾਲ ਜਾਣ-ਪਛਾਣ ਕਰਵਾਉਣੀ ਸੀ। ਦੱਸਿਆ ਗਿਆ ਕਿ ਉਨ੍ਹਾਂ ਦਾ ਅਹੁਦਾ ਮੈਨੇਜਰ ਹੈ ਅਤੇ ਗਿਆਰਾਂ ਮਹੀਨੇ ਬਾਅਦ ਉਨ੍ਹਾਂ ਨੇ ਸੇਵਾ-ਮੁਕਤ ਹੋ ਜਾਣਾ ਹੈ। ਨਵੇਂ ਆਏ ਮੈਨੇਜਰ ਸਾਹਿਬ ਨੇ ਖ਼ੁਦ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘‘ਨਾਂ ਤਾਂ ਮੇਰਾ ਮਦਨ ਮੋਹਨ ਚਾਵਲਾ ਹੈ ਪਰ ਸਾਰੇ ਮੈਨੂੰ ਐੱਮ ਐੱਮ ਸੀ ਕਹਿ ਕੇ ਬੁਲਾਉਂਦੇ ਨੇ। ਮੈਂ ਜ਼ਰਾ ਵੱਖਰੀ ਕਿਸਮ ਦਾ ਬੰਦਾ ਹਾਂ। ਥੋੜ੍ਹਾ ਬੋਲਣਾ, ਵਧੀਆ ਖਾਣਾ-ਪੀਣਾ, ਸਹਿਜੇ-ਤੁਰਨਾ ਅਤੇ ਨਿੱਠ ਕੇ ਕੰਮ ਕਰਨਾ ਮੇਰੀ ਆਦਤ ਹੈ ਤੇ ਅਨੁਸਾਸ਼ਨਹੀਣਤਾ ਮੈਨੂੰ ਉੱਕਾ ਹੀ ਪਸੰਦ ਨਹੀਂ।’’

ਅਗਲੇ ਦਿਨ ਆਉਂਦਿਆ ਹੀ ਚਾਵਲਾ ਜੀ ਨੇ ਬੈਗ ਵਿੱਚੋਂ ਟਿਫਨ ਕੱਢ ਕੇ ਸੇਵਾਦਾਰ ਨੂੰ ਹੌਟਕੇਸ ਵਿਚ ਰੱਖਣ ਲਈ ਦਿੱਤਾ ਤਾਂ ਉਹ ਹਾਲ ਵਿੱਚ ਸਾਰੇ ਕਰਮਚਾਰੀਆਂ ਨੂੰ ਦਿਖਾ ਕੇ ਮੁਸਕਰਾਉਂਦਾ ਹੋਇਆ ਲੰਘ ਗਿਆ। ਦੁਪਹਿਰ ਦਾ ਖਾਣਾ ਸਾਰੇ ਕਰਮਚਾਰੀ ਇੱਕੋ ਟੇਬਲ ’ਤੇ ਬੈਠ ਕੇ ਖਾਂਦੇ ਸਨ। ਖਾਣ ਬੈਠੇ ਤਾਂ ਦੇਖਿਆ ਕਿ ਸਾਰਿਆਂ ਦੇ ਟਿਫਨ ਚਾਵਲਾ ਜੀ ਦੇ ਟਿਫਨ ਪਿੱਛੇ ਲੁਕੇ ਹੋਏ ਸਨ। ਇੰਜ ਲੱਗਿਆ ਜਿਵੇਂ ਚਾਵਲਾ ਜੀ ਚਾਰ ਖਾਨਿਆਂ ਵਾਲੇ ਡੂਢ ਫੁੱਟ ਉੱਚੇ ਟਿਫਨ ਵਿੱਚ ਸਾਰੀ ਬਰਾਂਚ ਲਈ ਖਾਣਾ ਲੈ ਕੇ ਆਏ ਹੋਣ, ਪਰ ਉਹ ਤਾਂ ਸਿਰਫ ਉਨ੍ਹਾਂ ਜੋਗਾ ਹੀ ਸੀ। ਪਿੰਡ ਦੀ ਬ੍ਰਾਂਚ ਸੀ, ਨੇੜੇ-ਤੇੜੇ ਕੋਈ ਚਾਹ-ਪਾਣੀ ਦੀ ਦੁਕਾਨ ਨਹੀਂ ਸੀ। ਦੋ ਕੁ ਸੌ ਗਜ਼ ਦੂਰ ਬੱਸ-ਸਟਾਪ ਦੇ ਸਾਹਮਣੇ ਇੱਕ ਹਲਵਾਈ ਦੀ ਦੁਕਾਨ ਤੋਂ ਮਿੱਥੇ ਸਮੇਂ ’ਤੇ ਦਿਨ ਵਿੱਚ ਦੋ ਵਾਰੀ ਚਾਹ ਆ ਜਾਂਦੀ।

Advertisement

ਪੇਂਡੂ ਬਰਾਂਚਾਂ ਵਿੱਚ ਉਨ੍ਹੀਂ ਦਿਨੀਂ ਵੀਰਵਾਰ ਨੂੰ ਗ੍ਰਾਹਕ-ਸੇਵਾ ਬੰਦ ਸੀ, ਉਸ ਦਿਨ ਬੈਂਕ ਦੇ ਪੈਂਡਿੰਗ ਕੰਮ ਮੁਕਾਏ ਜਾਂਦੇ ਸਨ। ਵੀਰਵਾਰ ਵਾਲੇ ਦਿਨ ਚਾਵਲਾ ਜੀ ਕਹਿੰਦੇ, ‘‘ਬਈ ਮੁੰਡਿਓ, ਬਾਕੀ ਦਿਨ ਤਾਂ ਖਾਲੀ ਚਾਹ ਨਾਲ ਢਿੱਡ ਫੂਕਦੇ ਓਂ, ਵੀਰਵਾਰ ਨੂੰ ਚਾਹ ਨਾਲ ਪਕੌੜੇ-ਸ਼ਕੌੜੇ ਮੰਗਵਾ ਲਿਆ ਕਰੋ।’’ ਸਾਰਿਆਂ ਨੇ ਮੁਸਕਰਾ ਕੇ ਹਾਮੀ ਭਰੀ ਤਾਂ ਚਾਵਲਾ ਜੀ ਨੇ ਸੇਵਾਦਾਰ ਰਾਹੀਂ ਪਕੌੜਿਆਂ ਦਾ ਆਰਡਰ ਭੇਜ ਦਿੱਤਾ। ਸਿਲਸਿਲਾ ਚੱਲਦਾ ਰਿਹਾ, ਹਰ ਵੀਰਵਾਰ ਚਾਹ ਨਾਲ ਕੁੱਝ ਨਾ ਕੁੱਝ ਖਾਣ ਨੂੰ ਜ਼ਰੂਰ ਮੰਗਵਾਉਂਦੇ। ਜੂਨ ਮਹੀਨੇ ਦੇ ਇੱਕ ਵੀਰਵਾਰ ਮੁੰਡਾ ਸਵੇਰ ਦੀ ਚਾਹ ਦੇਣ ਆਇਆ ਤਾਂ ਚਾਵਲਾ ਜੀ ਨੇ ਦੁਪਹਿਰ ਦੀ ਚਾਹ ਨਾਲ ਪਾਲਕ ਦੇ ਪਕੌੜੇ ਲਿਆਉਣ ਦਾ ਹੁਕਮ ਚਾੜ੍ਹ ਦਿੱਤਾ। ਹਲਵਾਈ ਨੇ ਬਥੇਰਾ ਕਿਹਾ ਕਿ ਏਨੀ ਗਰਮੀ ਵਿੱਚ ਪਾਲਕ ਨਹੀਂ ਮਿਲਣੀ ਪਰ ਚਾਵਲਾ ਜੀ ਕਹਿੰਦੇ “ਜਿੱਥੋਂ ਮਰਜ਼ੀ ਲਿਆ, ਅਸੀਂ ਤਾਂ ਅੱਜ ਪਾਲਕ ਦੇ ਪਕੌੜੇ ਹੀ ਖਾਵਾਂਗੇ।” ਦੁਪਹਿਰੋਂ ਬਾਅਦ ਮੁੰਡਾ ਚਾਹ ਨਾਲ ਪਕੌੜੇ ਲੈ ਕੇ ਆਇਆ ਤਾਂ ਚਾਵਲਾ ਜੀ ਖਿੜ ਗਏ। ਇਮਲੀ ਦੀ ਖੱਟੀ-ਮਿੱਠੀ ਚਟਣੀ ਨਾਲ ਚਾਵਲਾ ਜੀ ਨੇ ਕਰਾਰੇ ਪਕੌੜੇ ਚਟਕਾਰੇ ਲੈ ਲੈ ਕੇ ਖਾਧੇ। ਬਾਕੀਆਂ ਨੇ ਇੱਕ-ਇੱਕ ਦੋ-ਦੋ ਖਾ ਲਏ ਪਰ ਅਜੀਬ ਜਿਹੇ ਸੁਆਦ ਬਾਰੇ ਖੁਸਰ-ਫੁਸਰ ਹੋਣ ਲੱਗ ਪਈ।

Advertisement

ਦੂਸਰੇ ਦਿਨ ਹਲਵਾਈ ਸਵੇਰੇ ਚਾਹ ਲੈ ਕੇ ਆਇਆ ਤਾਂ ਮੈਂ ਪੁੱਛ ਲਿਆ, “ਤੂੰ ਤਾਂ ਕੱਲ੍ਹ ਕਹਿੰਦਾ ਸੀ ਪਾਲਕ ਨਹੀਂ ਮਿਲਣੀ, ਫੇਰ ਪਾਲਕ ਦੇ ਪਕੌੜੇ ਕਿੱਥੋਂ ਲੈ ਆਇਆ?” ਉਹ ਕਹਿੰਦਾ “ਕੱਲ੍ਹ ਸਵੇਰੇ ਜਦੋਂ ਮੈਂ ਚਾਹ ਦੇ ਕੇ ਵਾਪਸ ਗਿਆ ਤਾਂ ਦੁਕਾਨ ਦੇ ਬਾਹਰ ਇੱਕ ਬੰਦਾ ਬੈਠਾ ਸੀ। ਮੈਂ ਆਪਣੇ ਮੁੰਡੇ ਨਾਲ ਪਾਲਕ ਬਾਰੇ ਗੱਲ ਕਰ ਰਿਹਾ ਸੀ ਤਾਂ ਉਸ ਬੰਦੇ ਨੇ ਸਾਹਮਣੇ ਤੂਤ ਦੇ ਦਰੱਖ਼ਤ ਵਲ ਇਸ਼ਾਰਾ ਕੀਤਾ। ਤੂਤ ਦੇ ਨਰਮ ਪੱਤੇ ਦੇਖ ਕੇ ਮੈਂ ਜੁਗਤ ਲੜਾਈ। ਮੈਂ ਟਾਹਣੀਆਂ ਨਾਲੋਂ ਪੱਤੇ ਭਰੂਅ ਲਏ ਤੇ ਕੁੜੱਤਣ ਹਟਾਉਣ ਲਈ ਚੰਗੀ ਤਰ੍ਹਾਂ ਉਬਾਲ ਕੇ ਚਾਵਲਾ ਜੀ ਲਈ ‘ਪਾਲਕ ਦੇ ਕਰਾਰੇ ਪਕੌੜੇ’ ਬਣਾ ਦਿੱਤੇ।” ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਰਾਂਚ ਦੇ ਮੁਲਾਜ਼ਮ ਬਾਹਰ ਲੱਤਾਂ ਸਿੱਧੀਆਂ ਕਰਨ ਜ਼ਰੂਰ ਜਾਂਦੇ ਸਨ, ਸਿਰਫ ਸਕਿਓਰਿਟੀ ਗਾਰਡ ਅਤੇ ਸੀਨੀਅਰ ਮੈਨੇਜਰ ਹੀ ਅੰਦਰ ਰਹਿ ਜਾਂਦੇ। ਇੱਕ ਦਿਨ ਸੀਨੀਅਰ ਮੈਨੇਜਰ ਛੁੱਟੀ ’ਤੇ ਸੀ। ਲੰਚ ਵੇਲੇ ਬੈਂਕ ਦੇ ਸਰਕਲ ਦਫ਼ਤਰ ਤੋਂ ਫੋਨ ਆਇਆ ਤਾਂ ਗਾਰਡ ਨੇ ਚੁੱਕਿਆ। ਫੋਨ ਕਰਨ ਵਾਲੇ ਨੇ ਸੁਨੇਹਾ ਦੇ ਦਿੱਤਾ ਕਿ ਅੱਜ ਹੀ ਐੱਮ ਐੱਮ ਸੀ ਭੇਜੋ। ਚਾਵਲਾ ਜੀ ਆਏ ਤਾਂ ਗਾਰਡ ਨੇ ਦੱਸਿਆ ਕਿ ਤੁਹਾਨੂੰ ਹੁਣੇ ਸਰਕਲ ਦਫ਼ਤਰ ਬੁਲਾਇਆ ਹੈ। ਚਾਵਲਾ ਜੀ ਉਸੇ ਵੇਲੇ ਚਲੇ ਗਏ। ਸਰਕਲ ਦਫ਼ਤਰ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਤਾਂ ‘ਮੈਨੇਜਰ ਮੰਥਲੀ ਸਰਟੀਫੀਕੇਟ’ ਭੇਜਣ ਲਈ ਕਿਹਾ ਸੀ। ਗਾਰਡ ਨੇ ਐੱਮ ਐੱਮ ਸੀ ਭਾਵ ਮਦਨ ਮੋਹਨ ਚਾਵਲਾ ਨੂੰ ਭੇਜ ਦਿੱਤਾ।

ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਚਾਵਲਾ ਜੀ ਨੇ ਇੱਕ ਕਿਸਾਨ ਨੂੰ ਮੱਝਾਂ ਲੈਣ ਲਈ ਲੋਨ ਪਾਸ ਕੀਤਾ। ਕਿਸਾਨ ਨੂੰ ਕਹਿੰਦੇ “ਚੈੱਕ ਤੈਨੂੰ ਫੇਰ ਦਿਆਂਗਾ, ਪਹਿਲਾਂ ਮੈਨੂੰ ਸਰ੍ਹੋਂ ਦਾ ਸਾਗ ਲਿਆ ਕੇ ਦੇ।” ਉਨ੍ਹੀਂ ਦਿਨੀਂ ਬਰਸੀਮ ਅਜੇ ਫੁੱਟਿਆ ਹੀ ਸੀ, ਵਿੱਚ ਕਿਤੇ-ਕਿਤੇ ਸਰ੍ਹੋਂ ਦੇ ਪੱਤੇ ਵੀ ਦਿਸਦੇ ਸਨ। ਕਿਸਾਨ ਨੇ ਦੂਸਰੇ ਦਿਨ ਸਾਗ ਰਿੰਨ੍ਹ ਕੇ ਬਾਲਟਾ ਭਰ ਕੇ ਲਿਆ ਦਿੱਤਾ। ਅਗਲੇ ਦਿਨ ਚਾਵਲਾ ਜੀ ਸਾਗ ਦੀਆਂ ਸਿਫਤਾਂ ਕਰਨੋਂ ਨਾ ਹਟਣ। ਪਿੱਛੋਂ ਪਤਾ ਲੱਗਾ ਕਿ ਕਿਸਾਨ ਥੋੜ੍ਹੇ ਜਿਹੇ ਸਰ੍ਹੋਂ ਦੇ ਪੱਤਿਆਂ ਵਿੱਚ ਨਰਮ-ਨਰਮ ਬਰਸੀਮ ਰਿੰਨ੍ਹ ਕੇ ਦੇ ਗਿਆ ਸੀ।

ਪਹਿਲੇ ਦਿਨ ਜਾਣ-ਪਛਾਣ ਵੇਲੇ ਚਾਵਲਾ ਜੀ ਦੇ ਕਹੇ ਵਚਨ ਹੌਲੀ ਹੌਲੀ ਸਾਹਮਣੇ ਆ ਰਹੇ ਸਨ। ਸਹਿਜੇ ਤੁਰਨਾ ਤਾਂ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਉਨ੍ਹਾਂ ਦੀ ਇੱਕ ਲੱਤ ਛੋਟੀ ਸੀ। ਨਿੱਠ ਕੇ ਕੰਮ ਤਾਂ ਨਹੀਂ, ਨਿੱਠ ਕੇ ਸੌਂਦੇ ਜ਼ਰੂਰ ਸਨ। ਸਰਦੀਆਂ ਦੇ ਦਿਨਾਂ ਵਿੱਚ ਸਵੇਰੇ ਆਉਣ ਸਾਰ ਦੋ ਡਿਸਪ੍ਰਿਨ ਦੀਆਂ ਗੋਲੀਆਂ ਪਾਣੀ ਵਿੱਚ ਘੋਲ ਕੇ ਪੀਂਦੇ ਅਤੇ ਬੈਂਕ ਦੇ ਪਿਛਲੇ ਪਾਸੇ ਧੁੱਪ ਵਿੱਚ ਰੱਖੇ ਬੈਂਚ ਉੱਪਰ ਸੌਂ ਜਾਂਦੇ। ਸੇਵਾਦਾਰ ਦਸਤਖ਼ਤ ਕਰਵਾਉਣ ਲਈ ਦਸਤਾਵੇਜ਼ ਲੈ ਕੇ ਆਉਂਦਾ ਅਤੇ ਘੁਰਾੜਿਆਂ ਦੇ ਸ਼ੋਰ ਵਿੱਚ ਉਨ੍ਹਾਂ ਦੇ ਸਿਰਹਾਣੇ ਰੱਖ ਕੇ ਪਰਤ ਜਾਂਦਾ। ਸੀਨੀਅਰ ਮੈਨੇਜਰ ਵਰਮਾ ਜੀ ਰਿਟਾਇਰਮੈਂਟ ਦੇ ਨੇੜੇ ਸਨ। ਉਨ੍ਹਾਂ ਅਕਸਰ ਵਿਅੰਗ ਕਰਦਿਆਂ ਕਹਿਣਾ, “ਸਾਰੀਆਂ ਬਰਾਂਚਾਂ ਵਿੱਚ ਇਹੋ ਜਿਹੇ ਭਗਤ ਬੰਦੇ ਨਹੀਂ ਹੁੰਦੇ। ਅਸੀਂ ਕਰਮਾਂ ਵਾਲੇ ਆਂ ਜੋ ਇਨ੍ਹਾਂ ਦੇ ਦਰਸ਼ਨ ਨਸੀਬ ਹੋਏ ਨੇ।’’

ਸੰਪਰਕ: 98728-30235

Advertisement
×