DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀਵਨ ਦਰਪਣ

ਪਿੰਡ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਕਰਕੇ ਆਪਣੀ ਇੱਛਾ ਨਾਲ ਮੈਡੀਕਲ ਦੀ ਪੜ੍ਹਾਈ ਦਾ ਰਾਹ ਚੁਣਿਆ। ਮਾਪਿਆਂ ਤੇ ਅਧਿਆਪਕਾਂ ਦੀ ਪ੍ਰੇਰਨਾ ਅਤੇ ਹੱਲਾਸ਼ੇਰੀ ਨਾਲ ਪ੍ਰੀਖਿਆਵਾਂ ਵੀ ਵਧੀਆ ਅੰਕਾਂ ਨਾਲ ਪਾਸ ਕੀਤੀਆਂ। ਗ੍ਰੈਜੂਏਸ਼ਨ ਲਈ ਸੂਫ਼ੀ ਕਵੀ ਬਾਬਾ ਫਰੀਦ ਦੇ ਸ਼ਹਿਰ ਤੋਂ...

  • fb
  • twitter
  • whatsapp
  • whatsapp
Advertisement

ਪਿੰਡ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਕਰਕੇ ਆਪਣੀ ਇੱਛਾ ਨਾਲ ਮੈਡੀਕਲ ਦੀ ਪੜ੍ਹਾਈ ਦਾ ਰਾਹ ਚੁਣਿਆ। ਮਾਪਿਆਂ ਤੇ ਅਧਿਆਪਕਾਂ ਦੀ ਪ੍ਰੇਰਨਾ ਅਤੇ ਹੱਲਾਸ਼ੇਰੀ ਨਾਲ ਪ੍ਰੀਖਿਆਵਾਂ ਵੀ ਵਧੀਆ ਅੰਕਾਂ ਨਾਲ ਪਾਸ ਕੀਤੀਆਂ। ਗ੍ਰੈਜੂਏਸ਼ਨ ਲਈ ਸੂਫ਼ੀ ਕਵੀ ਬਾਬਾ ਫਰੀਦ ਦੇ ਸ਼ਹਿਰ ਤੋਂ ਡੈਂਟਲ ਸਰਜਨ ਦੀ ਡਿਗਰੀ ਹਾਸਲ ਕੀਤੀ। ਉਚੇਰੀ ਪੜ੍ਹਾਈ ਲਈ ਕੈਨੇਡਾ ਦੀ ਉਡਾਣ ਭਰੀ। ਉੱਥੇ ਨੋਵਾ ਸਕੌਸ਼ੀਆ ਰਾਜ ਦਾ ਇੱਕ ਖੂਬਸੂਰਤ ਕਸਬਾ ਸਿਡਨੀ ਮੇਰਾ ਪਹਿਲਾ ਪੜ੍ਹਾਅ ਬਣਿਆ। ਇੱਥੇ ਹੀ ਮੇਰਾ ਕਾਲਜ ਸੀ। ਹਰੇ ਭਰੇ ਰੁੱਖਾਂ, ਸੁੰਦਰ ਫੁੱਲ ਬੂਟਿਆਂ ਤੇ ਹਰਿਆਵਲ ਵਿੱਚ ਘਿਰੇ ਮੈਡੀਕਲ ਕਾਲਜ ਵਿੱਚ ਪੜ੍ਹਨਾ ਮੇਰੇ ਲਈ ਇੱਕ ਸੁਪਨੇ ਵਾਂਗ ਸੀ। ਚੁਫੇਰੇ ਪੱਸਰੀ ਸ਼ਾਂਤੀ ਵਾਲੇ ਉਸ ਕਾਲਜ ਵਿੱਚ ਦੇਸ਼ ਵਿਦੇਸ਼ ਦੇ ਵਿਦਿਆਰਥੀ ਪੜ੍ਹਾਈ ਕਰਦੇ ਸਨ, ਬੋਲੀ, ਪਹਿਰਾਵੇ ਦੇ ਵਖਰੇਵੇਂ ਪੜ੍ਹਾਈ ਵਿੱਚ ਵਿਘਨ ਨਹੀਂ ਸੀ ਬਣਦੇ। ਆਪਸ ਵਿੱਚ ਮਿਲਦੇ, ਹੱਸਦੇ ਖੇਡਦੇ ਵਿਦਿਆਰਥੀ ਆਪਣਾ ਧਿਆਨ ਪੜ੍ਹਾਈ ’ਤੇ ਕੇਂਦਰਿਤ ਰੱਖਦੇ।

ਚਾਹ-ਪਾਣੀ ਦੀ ਵਿਹਲ ਮਿਲਣ ’ਤੇ ਆਪਸ ਵਿੱਚ ਮਿਲ ਬੈਠ ਆਪੋ ਆਪਣੇ ਦੇਸ਼ਾਂ ਤੇ ਸੱਭਿਆਚਾਰ ਬਾਰੇ ਗੱਲਾਂ ਕਰਦੇ। ਮੁਸਕਾਨਾਂ, ਹਾਸੇ ਤੇ ਖੁਸ਼ੀ ਦੇ ਠਹਾਕੇ ਸੁਣਨ ਨੂੰ ਮਿਲਦੇ। ਕਾਲਜ ਤੋਂ ਥੋੜ੍ਹੀ ਦੂਰੀ ’ਤੇ ਹੀ ਮੇਰਾ ਰੈਣ ਬਸੇਰਾ ਸੀ, ਜਿੱਥੇ ਮੇਰੇ ਨਾਲ ਪੜ੍ਹਦੀਆਂ ਨੋਇਡਾ ਦੀਆਂ ਦੋ ਭੈਣਾਂ ਤੇ ਮਹਾਰਾਸ਼ਟਰ ਤੋਂ ਰੁਜ਼ਗਾਰ ਲਈ ਆਇਆ ਇੱਕ ਜੋੜਾ ਵੀ ਰਹਿੰਦਾ ਸੀ। ਉਸ ਕਸਬੇ ਵਿੱਚ ਜ਼ਿਆਦਾਤਰ ਨੌਕਰੀ ਤੋਂ ਸੇਵਾ ਮੁਕਤ ਹੋਏ ਕੁਦਰਤ ਦੀ ਗੋਦ ਵਿੱਚ ਰਹਿਣ ਦੇ ਇਛੁੱਕ ਨਾਗਰਿਕ ਹੀ ਰਹਿੰਦੇ ਸਨ। ਸਵੇਰ ਸਾਰ ਉੱਠਦਿਆਂ ਸੈਰ ਨੂੰ ਆਉਂਦੇ-ਜਾਂਦੇ ਬਜ਼ੁਰਗ ਜੋੜੇ ਹੱਸ ਕੇ ਮਿਲਦੇ। ਕਦੇ ਕਦਾਈਂ ਕੁਝ ਪਲ ਮੁਲਾਕਾਤ ਹੁੰਦੀ ਤਾਂ ਪੜ੍ਹਾਈ ਬਾਰੇ ਪੁੱਛਦੇ। ਸਾਦ ਮੁਰਾਦੇ ਪਹਿਰਾਵੇ ਵਾਲੇ ਗੋਰੇ ਬਜ਼ੁਰਗ ਜੋੜਿਆਂ ਦੇ ਚਿਹਰਿਆਂ ’ਤੇ ਖੁਸ਼ੀ ਤੇ ਸਕੂਨ ਦੀ ਝਲਕ ਨਜ਼ਰ ਆਉਂਦੀ। ਉਨ੍ਹਾਂ ਦੇ ਵਰਤ ਵਤੀਰੇ ਵਿੱਚੋਂ ਖੁਸ਼ੀ ਨਾਲ ਜਿਊਣ ਦੀ ਤਾਂਘ ਦਾ ਅਹਿਸਾਸ ਹੁੰਦਾ।

Advertisement

ਸਾਡੇ ਰਿਹਾਇਸ਼ੀ ਘਰ ਦੀ ਮਾਲਕਣ ਸ੍ਰੀਮਤੀ ਜੇਮਜ਼ ਕਦੇ ਕਦੇ ਛੁੱਟੀ ਵਾਲੇ ਦਿਨ ਗੇੜਾ ਮਾਰਦੀ ਸੀ। ਪਤੀ ਤੇ ਬੱਚਿਆਂ ਤੋਂ ਅਲੱਗ ਰਹਿਣ ਵਾਲੀ ਉਹ ਬੀਬੀ ਸਾਰਿਆਂ ਦਾ ਹਾਲ ਚਾਲ ਪੁੱਛਦੀ। ਉਸ ਦਾ ਅਪਣੱਤ ਵਾਲਾ ਵਿਵਹਾਰ ਮੈਨੂੰ ਨਾਨਕੇ ਪਿੰਡ ਦੀਆਂ ਬਰੂਹਾਂ ’ਤੇ ਲੈ ਜਾਂਦਾ। ਨਾਨੀ ਦੇ ਹੱਥਾਂ ਦੀ ਬਣੀ ਰੋਟੀ ਖਾਂਦਿਆਂ ਰੂਹ ਰੱਜਦੀ ਸੀ। ਅਕਸਰ ਆਖਦੀ, ‘‘ਧੀਆਂ ਪੁੱਤ ਤਾਂ ਘਰਾਂ ਦੀ ਰੌਣਕ ਹੁੰਦੇ ਨੇ। ਮਾਂ ਬਾਪ ਦੀ ਜ਼ਿੰਦਗੀ ਦਾ ਇਹੋ ਸਰਮਾਇਆ ਹੁੰਦਾ ਹੈ, ਜਿਸ ਆਸਰੇ ਉਨ੍ਹਾਂ ਦੀਆਂ ਆਸਾਂ ਉਮੀਦਾਂ ਜਿਊਂਦੀਆਂ ਹਨ।’’

Advertisement

ਕਾਲਜ ਵਿੱਚ ਅਕਸਰ ਪੰਜਾਬ ਤੋਂ ਆਏ ਵਿਦਿਆਰਥੀ ਆਪਣੇ ਮਾਪਿਆਂ ਵੱਲੋਂ ਮਿਲੀਆਂ ਨਸੀਹਤਾਂ ਬਾਰੇ ਗੱਲਾਂ ਕਰਦੇ। ਪਰਿਵਾਰ ਦੇ ਮਾਣ-ਸਨਮਾਨ ਦੀ ਗੱਲ ਨਾ ਭੁੱਲਣ ਦੀ ਨਸੀਹਤ। ਪਿੱਛੇ ਪਰਿਵਾਰ ਦੀ ਜ਼ਿੰਦਗੀ ਸੰਵਾਰਨ ਦੀ ਨਸੀਹਤ। ਕਿਸੇ ਨੇ ਜ਼ਮੀਨ ਵੇਚੀ, ਕਿਸੇ ਨੇ ਗਹਿਣੇ ਤੇ ਕਿਸੇ ਨੇ ਘਰ ਗਿਰਵੀ ਰੱਖ ਕੇ ਉਨ੍ਹਾਂ ਨੂੰ ਭਵਿੱਖ ਸੰਵਾਰਨ ਲਈ ਬਗਾਨੇ ਮੁਲਕ ਘੱਲਿਆ ਸੀ।

ਮੈਂ ਅਕਸਰ ਸੋਚਣ ਲੱਗ ਜਾਂਦਾ ਸਾਂ ਕਿ ਮਾਂ ਬਾਪ ਤਾਂ ਆਪਣੇ ਬੱਚਿਆਂ ਦੇ ਜਨਮ ਤੋਂ ਹੀ ਉਨ੍ਹਾਂ ਦੇ ਸੁਨਿਹਰੀ ਭਵਿੱਖ ਦਾ ਸੁਪਨਾ ਵੇਖਦੇ ਹਨ ਤੇ ਉਸ ਨੂੰ ਸਾਕਾਰ ਕਰਨ ਲਈ ਉਹ ਸੌ ਤਰ੍ਹਾਂ ਦੇ ਪਾਪੜ ਵੀ ਵੇਲਦੇ ਹਨ। ਕਈ ਵਾਰ ਵਕਤ ਦੀ ਐਸੀ ਮਾਰ ਪੈਂਦੀ ਹੈ ਕਿ ਵਿਦੇਸ਼ੀ ਧਰਤੀ ’ਤੇ ਬੇਲਗਾਮ ਹੋਈ ਜਵਾਨੀ ਪੁੱਠੇ ਰਾਹ ਤੁਰ ਪੈਂਦੀ ਹੈ ਤੇ ਪਿੱਛੇ ਇੱਕ ਇੱਕ ਕਰਕੇ ਦਿਨ ਕੱਟ ਰਿਹਾ ਪਰਿਵਾਰ ਜਿਊਂਦਿਆਂ ਹੀ ਮੋਇਆਂ ਵਰਗਾ ਹੋ ਜਾਂਦਾ ਹੈ।

ਕਈ ਅਜਿਹੇ ਵੀ ਸਨ ਜੋ ਪੜ੍ਹਾਈ ਦੇ ਨਾਲ ਨਾਲ ਮਾਪਿਆਂ ਦੇ ਸੁਫ਼ਨੇ ਪੂਰੇ ਕਰਨ ਦੀ ਤਾਂਘ ਵਿੱਚ ਦਿਨ ਰਾਤ ਇੱਕ ਕਰ ਦਿੰਦੇ ਸਨ। ਆਪਣਾ ਖਰਚਾ, ਪੜ੍ਹਾਈ ਦਾ ਖਰਚਾ ਤੇ ਪਿੱਛੇ ਘਰਦਿਆਂ ਦਾ ਕੁਝ ਸੰਵਾਰਨ ਦੀ ਇੱਛਾ। ਵਕਤ ਦਾ ਚੱਕਰਵਿਊਹ ਉਨ੍ਹਾਂ ਦੀ ਜ਼ਿੰਦਗੀ ਦਾ ਸਬਰ ਤੇ ਇਰਾਦਾ ਪਰਖਦਾ ਨਜ਼ਰ ਆਉਂਦਾ। ਛੁੱਟੀ ਵਾਲੇ ਦਿਨ ਜਨਤਕ ਪਾਰਕਾਂ ਵਿੱਚ ਆਪਣੇ ਪੋਤੇ, ਦੋਹਤਿਆਂ ਨਾਲ ਮਿਲਦੇ ਪੰਜਾਬੀ ਮਾਪੇ ਰਾਹ ਪਾਉਂਦੇ ਪ੍ਰਤੀਤ ਹੁੰਦੇ। ਉਹ ਆਪਣੇ ਜੀਵਨ ਤਜਰਬੇ ਦਾ ਸਬਕ ਸਾਂਝਾ ਕਰਦਿਆਂ ਆਖਦੇ, ‘‘ਬੇਟਾ! ਜ਼ਿੰਦਗੀ ਦਾ ਸਫ਼ਰ ਸੌਖਾ ਨ੍ਹੀਂ ਹੁੰਦਾ। ਔਕੜਾਂ ਨਾਲ ਵਾਹ ਪਿਆਂ ਹੀ ਜਿਊਣ ਦੀ ਜਾਚ ਆਉਂਦੀ ਹੈ। ਸਫ਼ਲਤਾ ਦਾ ਸੁਖ ਪਾਉਣ ਲਈ ਮਿਹਨਤ, ਲਗਨ ਦਾ ਪੱਲਾ ਫੜਨਾ ਪੈਂਦਾ ਹੈ।’’

ਪੰਜਾਬੀ ਮਾਪਿਆਂ ਦੇ ਇਹ ਸਬਕ ਮੈਨੂੰ ਜੀਵਨ ਦਰਪਣ ਜਾਪਦੇ ਹਨ, ਜਿਨ੍ਹਾਂ ਵਿੱਚ ਮਾਂ ਬਾਪ ਦੀਆਂ ਆਸਾਂ-ਉਮੀਦਾਂ ਦੀ ਲੋਅ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੇ ਸਫ਼ਲਤਾ ਦੀ ਮੰਜ਼ਿਲ ਵੱਲ ਜਾਂਦੇ ਰਾਹ ਦਾ ਚਾਨਣ ਸਮੋਇਆ ਹੁੰਦਾ ਹੈ।

ਸੰਪਰਕ: drashmeet98@gmail.com

Advertisement
×