ਸੁਨੇਹਾ
ਯਫ਼ਾਈ ਕਰਨ ਲੱਗਿਆਂ ਪਤਨੀ ਦੇ ਹੱਥੋਂ ਛੁੱਟ ਕੇ ਫਰਸ਼ ’ਤੇ ਡਿੱਗ ਕੇ ਟੁਕੜੇ ਟੁਕੜੇ ਹੋਇਆ ਸ਼ੀਸ਼ਾ ਸਾਹਮਣੇ ਸੋਫੇ ’ਤੇ ਬੈਠਾ ਅੱਖੀਂ ਵੇਖ ਰਿਹਾ ਸਾਂ। ਸਾਡੀਆਂ ਨਜ਼ਰਾਂ ਆਪਸ ਵਿੱਚ ਮਿਲੀਆਂ ਪਰ ਕੁਝ ਬੋਲ ਨਾ ਸਕੇ, ਜਿਵੇਂ ਸਾਡੀ ਦੋਵਾਂ ਦੀ ਜੀਭ ਨੂੰ...
ਯਫ਼ਾਈ ਕਰਨ ਲੱਗਿਆਂ ਪਤਨੀ ਦੇ ਹੱਥੋਂ ਛੁੱਟ ਕੇ ਫਰਸ਼ ’ਤੇ ਡਿੱਗ ਕੇ ਟੁਕੜੇ ਟੁਕੜੇ ਹੋਇਆ ਸ਼ੀਸ਼ਾ ਸਾਹਮਣੇ ਸੋਫੇ ’ਤੇ ਬੈਠਾ ਅੱਖੀਂ ਵੇਖ ਰਿਹਾ ਸਾਂ। ਸਾਡੀਆਂ ਨਜ਼ਰਾਂ ਆਪਸ ਵਿੱਚ ਮਿਲੀਆਂ ਪਰ ਕੁਝ ਬੋਲ ਨਾ ਸਕੇ, ਜਿਵੇਂ ਸਾਡੀ ਦੋਵਾਂ ਦੀ ਜੀਭ ਨੂੰ ਤਾਲਾ ਲੱਗ ਗਿਆ ਹੋਵੇ। ਮੇਰੀ ਇਸ ਸ਼ੀਸ਼ੇ ਨਾਲ ਗੂੜ੍ਹੀ ਸਾਂਝ ਨੂੰ ਉਹ ਬਹੁਤ ਚੰਗੀ ਤਰ੍ਹਾਂ ਜਾਣਦੀ ਤੇ ਸਮਝਦੀ ਸੀ। ਉਹ ਵੀ ਪਿਛਲੇ 33 ਵਰ੍ਹਿਆਂ ਤੋਂ ਆਪਣਾ ਚਿਹਰਾ ਇਸ ਸ਼ੀਸ਼ੇ ਵਿੱਚ ਹੀ ਨਿਹਾਰਦੀ ਆ ਰਹੀ ਸੀ। ਯੂਨੀਵਰਸਿਟੀ ਦੀ ਬੱਸ ਚੜ੍ਹ ਕੇ ਅਠੱਤੀ ਵਰ੍ਹੇ ਪਹਿਲਾਂ ਜਦੋਂ ਧਰਮਪੁਰੇ ਬਾਜ਼ਾਰ ਪਟਿਆਲਾ ਤੋਂ ਪੰਜ ਰੁਪਏ ਵਿੱਚ ਖਰੀਦ ਕੇ ਲਿਆਂਦਾ ਇਹ ਸ਼ੀਸ਼ਾ ਹੋਸਟਲ ਦੀ ਕੰਧ ’ਤੇ ਕਿੱਲ ਗੱਡ ਕੇ ਲਾਇਆ ਤਾਂ ਚਿਹਰੇ ’ਤੇ ਜਵਾਨੀ ਦੀਆਂ ਵੱਜਦੀਆਂ ਛੱਲਾਂ ਇਸੇ ਵਿੱਚੋਂ ਤੱਕੀਆਂ ਸਨ ਅਤੇ ਬਹੁਤ ਸਾਰੇ ਸਹਿਪਾਠੀ ਦੋਸਤਾਂ ਨੇ ਵੀ ਇਸ ਅੱਗੇ ਖੜ੍ਹ ਮੁੜ ਮੁੜ ਵਾਲਾਂ ਵਿੱਚ ਉਂਗਲਾਂ ਫੇਰੀਆਂ, ਕੰਘੀਆਂ ਵਾਹੀਆਂ ਅਤੇ ਗੇੜੀਆਂ ਲਾਉਣ ਲਈ ਪੱਗਾਂ ਦੇ ਪੇਚ ਚਿਣ ਚਿਣ ਕੇ ਤਿਆਰ ਹੋਏ।
ਇਸ ਮਗਰੋਂ ਪੁਲੀਸ ਵਿੱਚ ਭਰਤੀ ਹੋਣ ’ਤੇ ਪਹਿਲੀ ਵਾਰ ਵਰਦੀ ਪਾ ਕੇ ਖਾਕੀ ਪੱਗ ਇਸ ਸ਼ੀਸ਼ੇ ਵਿੱਚ ਤੱਕਦਿਆਂ ਹੀ ਬੰਨ੍ਹੀ ਸੀ। ਫਿਰ ਜਿੱਥੇ ਵੀ ਕਿਤੇ ਤਾਇਨਾਤੀ ਹੁੰਦੀ ਇਹ ਸ਼ੀਸ਼ਾ ਮੇਰੇ ਰੈਣ ਬਸੇਰੇ ਦੀ ਢੁਕਵੀਂ ਥਾਂ ’ਤੇ ਜਾ ਟਿਕਦਾ। ਪੁਲੀਸ ਮਹਿਕਮੇ ਦੇ ਬਹੁਤ ਸਾਰੇ ਉਤਰਾਅ ਚੜ੍ਹਾਅ, ਖੁਸ਼ੀਆਂ ਗ਼ਮੀਆਂ, ਹਾਸੇ-ਠੱਠੇ, ਅਕੇਵੇਂ-ਥਕੇਵੇਂ, ਗੰਭੀਰ ਸੰਜੀਦਾ ਹਾਲਾਤ ਤੇ ਮਜਬੂਰੀਆਂ, ਸਭ ਕੁਝ ਮੈਂ ਇੱਸ ਸ਼ੀਸ਼ੇ ਵਿੱਚੋਂ ਅਤੇ ਸ਼ੀਸ਼ੇ ਨੇ ਮੇਰੇ ਵਿੱਚੋਂ ਤੱਕਿਆ। ਇਹ ਸ਼ੀਸਾ ਮੇਰੀ ਛਾਤੀ ’ਤੇ ਸਨਮਾਨ ਦੇ ਲੱਗੇ ਤਗ਼ਮਿਆਂ ਅਤੇ ਮੋਢਿਆਂ ’ਤੇ ਵਧਦੇ ਹੋਏ ਅਹੁਦਿਆਂ ਦੇ ਸਟਾਰਾਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਕੌੜੇ ਕੁਸੈਲੇ ਤਜਰਬਿਆਂ ਦੀਆਂ ਯਾਦਾਂ ਦਾ ਇਤਿਹਾਸ ਵੀ ਸਮੋਈ ਬੈਠਾ ਸੀ। ਤੰਗੀਆਂ ਤੁਰਸ਼ੀਆਂ, ਸਾਦਾ ਜੀਵਨ, ਜ਼ਿੰਦਗੀ ਦੇ ਬਦਲਦੇ ਰੰਗ, ਪੈਦਲ ਤੋਂ ਹਵਾਈ ਜਹਾਜ਼ ਤੱਕ ਦਾ ਸਫ਼ਰ, ਘੁੱਟ ਘੁੱਟ ਜੱਫੀਆਂ ਪਾਉਣ ਵਾਲੇ ਗੂੜ੍ਹੇ ਪਿਆਰ ਦੇ ਨਿੱਘ ਦਾ ਗਵਾਹ ਵੀ ਬਣਿਆ।
ਅੱਜ ਜਦੋਂ ਇਹ ਸ਼ੀਸ਼ਾ ਟੁਕੜਿਆਂ ਵਿੱਚ ਖਿੰਡਿਆ ਦੇਖਿਆ ਤਾਂ ਇੰਜ ਜਾਪਿਆ ਜਿਵੇਂ ਸਭ ਯਾਦਾਂ ਟੁਕੜੇ-ਟੁਕੜੇ ਹੋ ਗਈਆਂ ਸਨ। ਜੋ ਭਾਵਨਾਤਮਕ ਰਿਸ਼ਤੇ ਮੈਂ ਇਸ ਸ਼ੀਸ਼ੇ ਨਾਲ ਜੁੜੀਆਂ ਯਾਦਾਂ ਆਸਰੇ ਬੁੱਕਲ ਵਿੱਚ ਬੰਨ੍ਹ ਕੇ ਨਾਲ ਲਈ ਫਿਰਦਾ ਸਾਂ, ਉਹ ਅੱਜ ਸਾਹਮਣੇ ਖਿੰਡੇ ਪਏ ਸਨ। ਜਿਵੇਂ ਇਹ ਸ਼ੀਸ਼ਾ ਨਹੀਂ ਪਿਛਲੇ ਚਾਰ ਦਹਾਕਿਆਂ ਦੀਆਂ ਭਾਵਨਾਵਾਂ ਅਤੇ ਰਿਸ਼ਤਿਆਂ ਨਾਲ ਭਰਿਆ ਇਕ ਸੰਸਾਰ ਸੀ, ਜੋ ਭਾਵੇਂ ਕੰਧ ’ਤੇ ਲਟਕਿਆ ਹੁੰਦਾ ਸੀ, ਪਰ ਇਸ ਦੀ ਅਸਲ ਥਾਂ ਮੇਰੇ ਦਿਲ ਵਿੱਚ ਕਿਧਰੇ ਡੂੰਘੀ ਥਾਵੇਂ ਸੀ। ਗੱਲ ਕੀ ਜੀਵਨ ਦੇ ਚਾਰ ਦਹਾਕਿਆਂ ਦੇ ਹਰ ਰੰਗ ਤੇ ਹਰ ਪਲ ਦਾ ਗਵਾਹ ਸੀ ਇਹ ਸ਼ੀਸ਼ਾ।
ਮਹਿਕਮੇ ਵਿੱਚੋਂ ਸੇਵਾ ਮੁਕਤੀ ਵਾਲੇ ਦਿਨ ਵਿਦਾਈ ਲੈ ਕੇ ਘਰ ਪੁੱਜਿਆ ਤਾਂ ਮੈਂ ਬੜਾ ਚਿਰ ਖੜੋਤਾ ਇਸ ਵਿੱਚੋਂ ਖ਼ੁਦ ਨੂੰ ਤੱਕਦਾ ਹੋਇਆ ਆਪਣੀ ਬਦਲੀ ਹੋਈ ਸ਼ਖ਼ਸੀਅਤ ਵੇਖ ਰਿਹਾ ਸਾਂ। ਅੱਜ ਇਹ ਸ਼ੀਸ਼ਾ ਟੁੱਟ ਗਿਆ। ਮੈਂ ਖਾਮੋਸ਼ ਸਾਂ ਤੇ ਸ਼ੀਸ਼ੇ ਦੇ ਟੁਕੜਿਆਂ ਵੱਲ ਤੱਕ ਰਿਹਾ ਸਾਂ। ਮੇਰੇ ਚਿਹਰੇ ’ਤੇ ਉੱਕਰਿਆ ਦਰਦ ਘਰਵਾਲੀ ਨੇ ਸਾਫ ਪੜ੍ਹ ਲਿਆ ਸੀ। ਉਹ ਦੋਸ਼ੀਆਂ ਵਾਂਗ ਮੇਰੇ ਵੱਲ ਵੇਖ ਰਹੀ ਸੀ। ਮੈਂ ਸਹਿਜ ਨਾਲ ਸੋਫੇ ਤੋਂ ਉੱਠਿਆ ਤੇ ਘਰਵਾਲੀ ਦਾ ਹੱਥ ਫੜ ਕੇ ਬੋਲਿਆ, ‘‘ਭਲੀਏ ਮਾਯੂਸ ਨਾ ਹੋ। ਇਹ ਤਾਂ ਟੁੱਟ ਕੇ ਇੱਕ ਵੱਡੇ ਸੱਚ, ‘ਜੋ ਘੜਿਆ ਸੋ ਭੱਜਨਾ’ ਦਾ ਸੁਨੇਹਾ ਦੇ ਗਿਐ। ਕਿਸੇ ਵੀ ਚੀਜ਼ ਨੂੰ ਜਿੰਨਾ ਮਰਜ਼ੀ ਸਾਂਭ ਲਵੋ, ਇੱਕ ਨਾ ਇੱਕ ਦਿਨ ਉਸ ਦਾ ਅੰਤ ਤੈਅ ਹੈ।
ਸੰਪਰਕ: 98158-97878

