ਸੁਪਨਿਆਂ ਦੀ ਦੁਨੀਆ
ਯੂ-ਟਿਊਬ ’ਤੇ ਸਬਸਕ੍ਰਾਈਬ ਕੀਤੇ ਵਿਦੇਸ਼ ਦੇ ਇੱਕ ਚੈਨਲ ਰਾਹੀਂ ਉੱਥੇ ਵਸਦੇ ਬਜ਼ੁਰਗਾਂ ਦੀਆਂ ਗੱਲਾਂ ਮਾਤ ਭੂਮੀ ਪ੍ਰਤੀ ਉਨ੍ਹਾਂ ਦੀ ਖਿੱਚ ਦਾ ਅਹਿਸਾਸ ਕਰਵਾਉਂਦੀਆਂ ਹਨ। ਕੁਝ ਗੱਲਾਂ ਤਾਂ ਮਨ ਨੂੰ ਛੂਹ ਜਾਂਦੀਆਂ ਹਨ। ਇੱਕ ਬਜ਼ੁਰਗ ਕਹਿ ਰਿਹਾ ਸੀ, ‘‘ਇੱਥੇ ਰਹਿੰਦਿਆਂ ਵੀਹ...
ਯੂ-ਟਿਊਬ ’ਤੇ ਸਬਸਕ੍ਰਾਈਬ ਕੀਤੇ ਵਿਦੇਸ਼ ਦੇ ਇੱਕ ਚੈਨਲ ਰਾਹੀਂ ਉੱਥੇ ਵਸਦੇ ਬਜ਼ੁਰਗਾਂ ਦੀਆਂ ਗੱਲਾਂ ਮਾਤ ਭੂਮੀ ਪ੍ਰਤੀ ਉਨ੍ਹਾਂ ਦੀ ਖਿੱਚ ਦਾ ਅਹਿਸਾਸ ਕਰਵਾਉਂਦੀਆਂ ਹਨ। ਕੁਝ ਗੱਲਾਂ ਤਾਂ ਮਨ ਨੂੰ ਛੂਹ ਜਾਂਦੀਆਂ ਹਨ। ਇੱਕ ਬਜ਼ੁਰਗ ਕਹਿ ਰਿਹਾ ਸੀ, ‘‘ਇੱਥੇ ਰਹਿੰਦਿਆਂ ਵੀਹ ਸਾਲ ਹੋ ਗਏ ਹਨ ਪਰ ਸੁਪਨੇ ਪਿੰਡ ਦੇ ਹੀ ਆਉਂਦੇ ਹਨ। ਮੈਂ ਕਦੇ ਖੇਤਾਂ ਵਿੱਚ ਹਲ਼ ਵਾਹ ਰਿਹਾ ਹੁੰਦਾ ਹਾਂ, ਕਦੇ ਫ਼ਸਲਾਂ ਸਿੰਜ ਰਿਹਾ ਹੁੰਦਾ ਹਾਂ। ਕਦੇ ਪਿੰਡ ਦੀ ਹੱਟੀ-ਭੱਠੀ ਤੇ ਚੱਕੀ ’ਤੇ ਗੱਲਾਂ-ਬਾਤਾਂ ਮਾਰ ਰਿਹਾ ਹੁੰਦਾ ਹੈ।’’
ਕੁਝ ਮਹੀਨੇ ਪਹਿਲਾਂ ਬੀਤ ਇਲਾਕੇ ਬਾਰੇ ਮੇਰਾ ਲੇਖ ਪੜ੍ਹ ਕੇ ਅਮਰੀਕਾ ਰਹਿੰਦੇ ਗੁਆਂਢੀ ਪਿੰਡ ਦੇ ਸੱਜਣ ਦਾ ਫੋਨ ਆਇਆ। ਕਹਿਣ ਲੱਗਾ, ‘‘ਮੈਂ ਤਾਂ ਰਾਤ ਨੂੰ ਪਿੰਡ ਗੇੜਾ ਲਾ ਆਉਂਦਾ ਹਾਂ। ਮੈਨੂੰ ਸੁਪਨੇ ਪਿੰਡ ਦੇ ਹੀ ਆਉਂਦੇ ਹਨ।’’ ਕਿੰਨਾ ਮੋਹ ਹੁੰਦਾ ਹੈ ਆਪਣੀ ਜਨਮ ਭੋਂਇ ਨਾਲ਼ ਇਹ ਤਾਂ ਦੂਰ ਜਾ ਕੇ ਵਸਣ ਵਾਲ਼ਾ ਹੀ ਦੱਸ ਸਕਦੈ। ਪੰਜਾਬੀ ਨਾਵਲਕਾਰ ਡਾ. ਧਰਮਪਾਲ ਸਾਹਿਲ ਨੇ ਆਪਣੇ ਨਾਵਲ ‘ਖੋਰਾ’ ਵਿੱਚ ਲਿਖਿਆ ਕਿ ਕਿਸੇ ਵੀ ਵਿਅਕਤੀ ਦਾ ਜਨਮ-ਭੋਂਇ ਨਾਲ਼ ਰਿਸ਼ਤਾ ਅਟੁੱਟ ਹੁੰਦਾ ਹੈ। ਉਸ ਦੇ ਸਰੀਰ ਦਾ ਇੱਕ ਅੰਗ ‘ਨਾੜੂਆ’ ਉਸ ਧਰਤੀ ’ਚ ਦੱਬਿਆ ਹੁੰਦਾ ਹੈ। ਸਰੀਰ ਦਾ ਇਹ ਅੰਗ ‘ਨਾੜੂਆ’ ਪੂਰੀ ਉਮਰ ਉਸ ਨੂੰ ਆਪਣੀ ਜਨਮ ਭੋਂਇ ਵੱਲ ਖਿੱਚ ਪਾਉਂਦਾ ਰਹਿੰਦਾ ਹੈ। ਮਨੋਵਿਗਿਆਨੀਆਂ ਅਨੁਸਾਰ ਜਿੱਥੇ ਜ਼ਿੰਦਗੀ ਦਾ ਮੁੱਢਲਾ ਸਮਾਂ ਗੁਜ਼ਰਿਆ ਹੋਵੇ ਉਸ ਨਾਲ਼ ਲਗਾਅ ਤਾਉਮਰ ਰਹਿੰਦਾ ਹੈ। ਉਸ ਦੇ ਸੁਪਨੇ ਆਉਣੇ ਸੁਭਾਵਿਕ ਹਨ।
ਪਹਿਲਾਂ ਸਾਡਾ ਕੱਚਾ ਘਰ ਪਿੰਡ ਦੇ ਵਿਚਕਾਰ ਹੁੰਦਾ ਸੀ ਅਤੇ ਵਾੜਾ ਫਿਰਨੀ ਉੱਤੇ। ਕੱਚੇ ਘਰ ਦੇ ਨਾਲ਼ ਅੱਧ ਪੱਕਾ ਕੋਠਾ ਵੀ ਹੁੰਦਾ ਸੀ। ਇੱਥੇ ਜ਼ਿੰਦਗੀ ਦੇ ਪਹਿਲੇ ਪੱਚੀ ਸਾਲ ਗੁਜ਼ਾਰੇ। ਘਰ ਤਾਂ ਘਰ ਹੁੰਦਾ ਹੈ। ਉਸਦੀ ਪਛਾਣ ਨੂੰ ਕੱਚੇ ਜਾਂ ਪੱਕੇ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਪ੍ਰਿੰਸੀਪਲ ਤੇਜਾ ਸਿੰਘ ਦੀਆਂ ਲਿਖੀਆਂ ਸਤਰਾਂ ਘਰ ਦੇ ਮਾਅਨਿਆਂ ਨੂੰ ਪਰਿਭਾਸ਼ਿਤ ਕਰਦੀਆਂ ਹਨ। ‘ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ, ਘਰ ਤੋਂ ਭਾਵ ਜਿੱਥੇ ਸੱਧਰਾਂ, ਚਾਅ, ਲਾਡ, ਪਿਆਰ ਇਕੱਠੇ ਪਲ਼ਦੇ ਹਨ, ਦੁਨੀਆ ਗਾਹ ਕੇ, ਲਿਤਾੜ ਕੇ, ਕਮਾਈ ਕਰ ਕੇ ਪਰਤਣ ਨੂੰ ਜੀਅ ਕਰਦਾ ਹੈ।’’ ਸਾਡੇ ਘਰ ਨੇੜਲੀ ਡੂੰਘੀ ਗਲ਼ੀ ਤੋਂ ਪਾਰ ਵਾੜਾ ਹੁੰਦਾ ਸੀ। ਵਾੜੇ ਦੀ ਲੰਮੀ ਛੰਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਹਿੱਸਾ ਪਸ਼ੂ ਬੰਨ੍ਹਣ ਲਈ ਅਤੇ ਦੂਜਾ ਕੱਖ-ਕੰਡਾ ਰੱਖਣ ਲਈ। ਨਾਲ਼ ਹੀ ਹੱਥ ਵਾਲੀ ਟੋਕਾ ਮਸ਼ੀਨ ਵੀ ਸੀ। ਬਾਹਰ ਵਿਹੜੇ ਵਿੱਚ ਪੱਠੇ ਕੁਤਰਨ ਵਾਲੀ ਬਲ਼ਦਾਂ ਨਾਲ਼ ਚੱਲਣ ਵਾਲੀ ਗੇੜੀ ਗੱਡੀ ਹੋਈ ਸੀ। ਵਾੜੇ ਵਾਲ਼ੀ ਛੰਨ ਦੇ ਪਿਛਲੇ ਪਾਸੇ ਵਾਲ਼ਾ ਖੇਤ ਫਿਰਨੀ ਨੂੰ ਜਾ ਲੱਗਦਾ ਸੀ ਜੋ ਉਸ ਵੇਲੇ ਕੱਚੀ ਹੁੰਦੀ ਸੀ।
ਵਾੜੇ ਵਾਲ਼ੀ ਛੰਨ ਦੀ ਦੱਖਣ ਪਾਸੇ ਵੱਲ ਦੀ ਕੰਧ ਹਰ ਬਰਸਾਤ ’ਚ ਡਿੱਗ ਪੈਂਦੀ ਜਿਸ ਨੂੰ ਬੀਬੀ ਛੱਲੀਆਂ ਵੱਢਣ ਤੋਂ ਪਹਿਲਾਂ ਦੁਬਾਰਾ ਚਿਣ ਕੇ ਲਿੱਪ ਦਿੰਦੀ। ਇਹ ਉਹ ਸਮਾਂ ਸੀ ਜਦੋਂ ਬੱਦਲ਼ ਚੜ੍ਹਨ ’ਤੇ ਕੱਚੇ ਘਰਾਂ ਵਾਲ਼ੇ ਫ਼ਿਕਰਮੰਦ ਹੋ ਜਾਂਦੇ ਸਨ ਅਤੇ ਝੜੀ ਮੌਕੇ ਤਾਂ ਜਿਵੇਂ ਜਾਨ ਮੁੱਠੀ ’ਚ ਆਈ ਰਹਿੰਦੀ ਸੀ। ਫਿਰ ਵਾੜੇ ਵਾਲ਼ੀ ਥਾਂ ਪੱਕਾ ਮਕਾਨ ਬਣਾ ਲਿਆ। ਇਸ ਘਰ ਵਿੱਚ ਰਹਿੰਦਿਆਂ ਕਰੀਬ ਅਠਾਈ ਸਾਲ ਹੋ ਗਏ ਹਨ। ਆਲ਼ੇ-ਦੁਆਂਲ਼ੇ ਖੇਤਾਂ ਵਿੱਚ ਪੱਕੇ ਮਕਾਨਾਂ ਦੀ ਉਸਾਰੀ ਹੋ ਗਈ ਹੈ। ਅੱਜ ਤੱਕ ਆਪਣੇ ਪੱਕੇ ਘਰ ਨੂੰ ਸੁਪਨੇ ਵਿੱਚ ਨਹੀਂ ਦੇਖਿਆ। ਸੁਪਨੇ ਹੁਣ ਵੀ ਕੱਚੇ ਘਰ ਦੇ ਆਉਂਦੇ ਹਨ। ਸਾਉਣ ਮਹੀਨੇ ਵਿਹੜੇ ਵਿੱਚ ਲੱਕੜ ਦੇ ਮੋਟੇ-ਮੋਟੇ ਥੰਮ੍ਹ ਗੱਡ ਕੇ ਪਾਈ ਪੀਂਘ ’ਤੇ ਸਾਰਾ ਦਿਨ ਗਲ਼ੀ-ਗੁਆਂਢ ਦੀਆਂ ਕੁੜੀਆਂ ਅਤੇ ਔਰਤਾਂ ਝੂਟਦੀਆਂ ਰਹਿੰਦੀਆਂ ਅਤੇ ਨਾਲ਼ ਹੀ ਗੀਤ ਗਾਉਂਦੀਆਂ। ਵਾੜੇ ਦੇ ਨਾਲ਼ ਵਾਲ਼ੇ ਖੇਤ ਵਿੱਚੋਂ ਫਿਰਨੀ ਤੱਕ ਪਗਡੰਡੀ।
ਖੁਰਲ਼ੀ ’ਤੇ ਬੰਨ੍ਹੇ ਨੀਲੇ ਅਤੇ ਬੱਗੇ ਦੀ ਜੋੜੀ। ਬੀਬੀ ਵੱਲੋਂ ਕੱਚੇ ਕੋਠਿਆਂ ਦੀ ਲਿਪਾਈ ਕਰਨ ਉਪਰੰਤ ਪਰੋਲ਼ਾ ਦੇ ਕੇ ਦੁੱਧ ਚਿੱਟੇ ਰੰਗ ਨਾਲ਼ ਬਣਾਈਆਂ ਚਿੜੀਆਂ ਦੀ ਕਲਾਕਾਰੀ ਦੇਖਣ ਲਈ ਕਦੀ-ਕਦਾਈਂ ਸੁਪਨਮਈ ਗੇੜਾ ਹੁਣ ਵੀ ਲੱਗ ਜਾਂਦਾ ਹੈ। ਸੁਪਨੇ ਅੱਜ ਵੀ ਵਾੜੇ ਵਾਲ਼ੀ ਥਾਂ ’ਤੇ ਬਣੇ ਪੱਕੇ ਮਕਾਨ ਦੀ ਥਾਂ ਇੱਥੇ ਪੁਰਾਣੀ ਛੰਨ ਦੀ ਹੀ ਨਿਸ਼ਾਨਦੇਹੀ ਕਰਦੇ ਹਨ। ਕੱਚੀ ਫਿਰਨੀ ਹੁਣ ਪੱਕੀ ਸੜਕ ’ਚ ਤਬਦੀਲ ਹੋ ਚੁੱਕੀ ਹੈ ਪਰ ਸੁਪਨੇ ਹਾਲੇ ਵੀ ਇਸ ਨੂੰ ਕੱਚੀ ਹੀ ਮੰਨਦੇ ਹਨ। ਇਹ ਸਾਰੀਆਂ ਨਵੀਆਂ ਉਸਾਰੀਆਂ ਅਜੇ ਸੁਪਨਿਆਂ ਦੀ ਪਕੜ ਤੋਂ ਦੂਰ ਹੈ। ਸੁਪਨਿਆਂ ਦਾ ਆਪਣਾ ਵੱਖਰਾ ਹਿਸਾਬ-ਕਿਤਾਬ ਹੈ।
ਸੰਪਰਕ: 94638-51568

