ਪ੍ਰਸਿੰਨੀ ਭੂਆ ਦੀਆਂ ਯਾਦਾਂ
ਗੱਲ ਅੱਜ ਤੋਂ ਕਰੀਬ 35 ਸਾਲ ਪਹਿਲਾਂ ਦੀ ਹੈ। ਉਦੋਂ ਮੇਰੀ ਪ੍ਰਸਿੰਨੀ ਭੂਆ ਕਰੀਬ 75 ਸਾਲ ਦੀ ਸੀ। ਬੜੀ ਕਾਮੀ ਸੀ ਭੂਆ, ਸਹੁਰਿਆਂ ਦੇ ਘਰ ਵੀ ਉਹਨੇ ਬਹੁਤ ਕੰਮ ਕੀਤਾ। ਮੇਰੇ ਚਾਚੇ-ਤਾਇਆਂ ਦੀਆਂ ਕੁੜੀਆਂ ਦੇ ਵਿਆਹ ਸਮੇਂ ਉਸਨੇ ਮਹੀਨਾ-ਮਹੀਨਾ ਪਹਿਲਾਂ...
ਗੱਲ ਅੱਜ ਤੋਂ ਕਰੀਬ 35 ਸਾਲ ਪਹਿਲਾਂ ਦੀ ਹੈ। ਉਦੋਂ ਮੇਰੀ ਪ੍ਰਸਿੰਨੀ ਭੂਆ ਕਰੀਬ 75 ਸਾਲ ਦੀ ਸੀ। ਬੜੀ ਕਾਮੀ ਸੀ ਭੂਆ, ਸਹੁਰਿਆਂ ਦੇ ਘਰ ਵੀ ਉਹਨੇ ਬਹੁਤ ਕੰਮ ਕੀਤਾ। ਮੇਰੇ ਚਾਚੇ-ਤਾਇਆਂ ਦੀਆਂ ਕੁੜੀਆਂ ਦੇ ਵਿਆਹ ਸਮੇਂ ਉਸਨੇ ਮਹੀਨਾ-ਮਹੀਨਾ ਪਹਿਲਾਂ ਹੀ ਆ ਜਾਣਾ। ਸਾਰੀਆਂ ਰਜਾਈਆਂ, ਗਦੈਲੇ ਹੱਥੀ ਨਗੰਦਣੇ ਅਤੇ ਵਿਆਹ ਵਾਲੀ ਭਾਜੀ ਮਿਠਾਈ ਵਾਸਤੇ ਛਿੱਕੂ (ਬੋਹਟੇ) ਹੱਥੀਂ ਬਣਾਉਣੇ। ਉਹ ਕਾਗਜ਼, ਗੱਤਾ ਅਤੇ ਗਾਚੀ ਭਿਉਂ ਕੇ ਰੱਖ ਦਿੰਦੀ, ਜਦੋਂ ਉਹ ਚੰਗੀ ਤਰ੍ਹਾਂ ਭਿੱਜ ਜਾਂਦੇ ਜਾਂ ਗਲ਼ ਜਾਂਦੇ ਤਾਂ ਭੂਆ ਉਨ੍ਹਾਂ ਨੂੰ ਉੱਖਲੀ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱਟਦੀ, ਫਿਰ ਤੌੜਾ (ਘੜਾ) ਮੂਧਾ ਮਾਰ ਕੇ ਉਸ ਉੱਤੇ ਗੱਟੇ ਵਿਛਾ ਕੇ ਪੱਥਦੀ। ਫਿਰ ਚਾਰ ਪੰਜ ਦਿਨਾਂ ਮਗਰੋਂ ਉਨ੍ਹਾਂ ਨੂੰ ਸਿੱਧੇ ਕਰ ਕੇ ਉਨ੍ਹਾਂ ਉੱਪਰ ਰੰਗ ਬਿਰੰਗੀਆਂ ਵੇਲ ਬੂਟੀਆਂ ਪਾ ਕੇ ਬਹੁਤ ਸੁੰਦਰ ਬਣਾ ਦਿੰਦੀ। ਊਹ ਛਿੱਕੂ ਵਿਆਹ ਵਿੱਚ ਲੱਡੂ, ਜਲੇਬੀਆਂ ਅਤੇ ਹੋਰ ਮਿਠਾਈ ਪਾਉਣ ਦੇ ਕੰਮ ਆਉਂਦੇ।
ਉਹ ਹੋਰ ਵੀ ਕੰਮ ਕਰਦੀ ਰਹਿੰਦੀ ਅਤੇ ਨਾਲੇ ਗੀਤ ਗਾਉਂਦੀ ਰਹਿੰਦੀ। ਭੂਆ ਪ੍ਰਸਿੰਨੀ ਦੇ ਸਹੁਰਿਆਂ ਦੇ ਘਰ ਖੇਤੀਬਾੜੀ ਅਤੇ ਪਸ਼ੂ ਡੰਗਰਾਂ ਦਾ ਵੀ ਖੁੱਲ੍ਹਾ ਡੁੱਲ੍ਹਾ ਕੰਮ ਧੰਦਾ ਸੀ। ਉਨ੍ਹਾਂ ਵੇਲਿਆਂ ਵਿੱਚ ਘਰਾਂ ਅਤੇ ਖੇਤੀ ਦੇ ਕੰਮ ਵੀ ਹੱਥੀ ਹੁੰਦੇ ਸੀ। ਸਾਰੇ ਪ੍ਰਸਿੰਨੀ ਭੂਆ ਨੂੰ ਬੜੀ ਭਾਗਾਂ ਵਾਲੀ ਮੰਨਦੇ ਸੀ ।
ਭੂਆ ਅਕਸਰ ਦੱਸਦੀ ਕਿ ਉਹ ਕੁੱਕੜ ਦੇ ਬਾਂਗ ਦੇਣ ਅਤੇ ਗੁਰੂ ਘਰਾਂ ਵਿੱਚ ਪਾਠੀ ਬੋਲਣ ਦੇ ਨਾਲ ਹੀ ਮੰਜੇ ਤੋਂ ਉੱਠ ਖੜ੍ਹਦੀ ਹੈ ਅਤੇ ਦੁੱਧ ਰਿੜਕਣ ਲਈ ਮਧਾਣੀ ਪਾ ਦਿੰਦੀ ਐ, ਫਿਰ ਚੱਕੀ ਝੋਂਅ ਲੈਣੀ, (ਆਟਾ ਪੀਹਣ ਲੱਗ ਜਾਣਾ)। ਉਨ੍ਹਾਂ ਵੇਲਿਆਂ ਵਿੱਚ ਆਟਾ ਵੀ ਘਰੇ ਹੀ ਪੀਸਿਆ ਜਾਂਦਾ ਸੀ। ਦਿਨ ਚੜ੍ਹਦੇ ਨੂੰ 5-7 ਕਿਲੋ ਆਟਾ ਪੀਹ ਲੈਣਾ, ਫਿਰ ਹੋਰ ਕੰਮ ਧੰਦੇ ਨਿਬੇੜ ਕੇ ਖੇਤ ਰੋਟੀ ਲੈ ਕੇ ਜਾਣੀ। ਸਾਰਾ ਦਿਨ ਚੱਲ ਸੋ ਚੱਲ ਹੀ ਰਹਿੰਦੀ।
ਹੁਣ ਤਾਂ ਸਾਰਾ ਕੰਮ ਮਸ਼ੀਨੀ ਹੋ ਗਿਆ ਹੈ। ਉਨ੍ਹਾਂ ਵੇਲਿਆਂ ਵਿੱਚ ਵਿਸਾਖ ਦੇ ਮਹੀਨੇ ਖੇਤਾਂ ਵਿੱਚ ਰੌਣਕਾਂ ਲੱਗੀਆਂ ਰਹਿਣੀਆਂ, ਕਣਕਾਂ ਹੱਥੀਂ ਵੱਢੀਆਂ ਤੇ ਕੱਢੀਆਂ ਜਾਂਦੀਆਂ ਸੀ। ਤੂੜੀ ਸਾਰੀ ਰਾਤ ਗੱਡਿਆਂ ’ਤੇ ਢੋਈ ਜਾਂਦੀ ਅਤੇ ਖੁਰਾਕਾਂ ਵੀ ਦੇਸੀ ਸ਼ੱਕਰ-ਘਿਓ ਦੀਆਂ ਹੁੰਦੀਆਂ ਸਨ। ਅੱਜਕੱਲ੍ਹ ਤਾਂ ਕੋਈ ਜਾਨ ਔਖੀ ਕਰ ਕੇ ਰਾਜ਼ੀ ਨਹੀ, ਤਾਂ ਹੀ ਤਾਂ ਮਨੁੱਖੀ ਦੇਹ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ।
ਧੰਨ ਸੀ ਪਹਿਲਾਂ ਵਾਲੀਆਂ ਮਾਈਆਂ ਅਤੇ ਉਨ੍ਹਾਂ ਦੇ ਕੰਮ, ਹੁਣ ਨਾ ਉਹ ਮਾਈਆਂ ਰਹੀਆਂ ਅਤੇ ਨਾ ਹੀ ਉਹ ਕੰਮ। ਅੱਜ ਭੂਆ ਦੇ ਜਾਣ ਤੋਂ ਬਾਅਦ ਬੇਸ਼ੱਕ ਭੂਆ ਦੇ ਮੁੰਡਿਆਂ ਵਿੱਚੋਂ ਭੂਆ ਪ੍ਰਸਿੰਨੀ ਦੀ ਝਲਕ ਪੈਂਦੀ ਹੈ ਪਰ ਭੂਆ ਤਾਂ ਭੂਆ ਹੀ ਸੀ। ਹੁਣ ਭੂਆ ਪ੍ਰਸਿੰਨੀ ਜਿਹੇ ਬਜ਼ੁਰਗਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਸਾਡੀ ਵਿਰਾਸਤ ਅਤੇ ਸੱਭਿਆਚਾਰ ਦਾ ਅਨਮੋਲ ਖਜ਼ਾਨਾ ਵੀ ਹੌਲੀ ਹੌਲੀ ਲੋਪ ਹੁੰਦਾ ਜਾ ਰਿਹਾ ਹੈ।
ਸੰਪਰਕ: 94670-95953

