ਯਾਦਾਂ ਮੇਰੇ ਪਿੰਡ ਦੀਆਂ
ਯਾਦਾਂ ਭਾਵ ਬੀਤ ਚੁੱਕਾ ਵੇਲਾ, ਸਾਡਾ ਅਤੀਤ ਜੋ ਸਾਡੇ ਅਵਚੇਤਨ ਮਨ ਦੇ ਬੂਹੇ ’ਤੇ ਕਦੇ-ਕਦੇ ਆਪ ਹੀ ਆ ਦਸਤਕ ਦਿੰਦਾ ਹੈ। ਜਿਹੜੀ ਜ਼ਿੰਦਗੀ ਅਸੀਂ ਜੀਅ ਚੁੱਕੇ, ਵੇਖ ਚੁੱਕੇ ਅਤੇ ਹੰਢਾਅ ਚੁੱਕੇ ਹਾਂ ਉਹੀ ਤਾਂ ਅੱਗੇ ਚੱਲ ਕੇ ਸਾਡੀਆਂ ਯਾਦਾਂ ਦਾ...
ਯਾਦਾਂ ਭਾਵ ਬੀਤ ਚੁੱਕਾ ਵੇਲਾ, ਸਾਡਾ ਅਤੀਤ ਜੋ ਸਾਡੇ ਅਵਚੇਤਨ ਮਨ ਦੇ ਬੂਹੇ ’ਤੇ ਕਦੇ-ਕਦੇ ਆਪ ਹੀ ਆ ਦਸਤਕ ਦਿੰਦਾ ਹੈ। ਜਿਹੜੀ ਜ਼ਿੰਦਗੀ ਅਸੀਂ ਜੀਅ ਚੁੱਕੇ, ਵੇਖ ਚੁੱਕੇ ਅਤੇ ਹੰਢਾਅ ਚੁੱਕੇ ਹਾਂ ਉਹੀ ਤਾਂ ਅੱਗੇ ਚੱਲ ਕੇ ਸਾਡੀਆਂ ਯਾਦਾਂ ਦਾ ਸਰਮਾਇਆ ਬਣਦੀ ਹੈ। ਹਰ ਇਨਸਾਨ ਦੀਆਂ ਆਪਣੀਆਂ ਯਾਦਾਂ ਹੁੰਦੀਆਂ ਹਨ; ਕੁਝ ਚੰਗੀਆਂ ਅਤੇ ਕੁਝ ਮਾੜੀਆਂ। ਚੰਗੀਆਂ ਯਾਦਾਂ ਮਨ ਨੂੰ ਸਕੂਨ ਬਖ਼ਸ਼ਦੀਆਂ ਹਨ, ਜਦੋਂਕਿ ਮੰਦੀਆਂ ਯਾਦਾਂ ਬੇਚੈਨ ਕਰ ਜਾਂਦੀਆਂ ਹਨ।
ਮੈਨੂੰ ਆਪਣੇ ਬਚਪਨ ਦੇ ਉਹ ਦਿਨ ਸਭ ਤੋਂ ਪਿਆਰੇ ਲੱਗਦੇ ਹਨ ਜੋ ਮੈਂ ਆਪਣੇ ਪਿੰਡ ਬਿਤਾਏ ਸਨ। ਹਿੰਦ-ਪਾਕਿ ਸਰਹੱਦ ਦੇ ਨੇੜੇ ਵੱਸਿਆ ਮੇਰਾ ਨਿੱਕਾ ਜਿਹਾ ਪਿੰਡ ‘ਬੈਂਕਾ’ ਜ਼ਿਲ੍ਹਾ ਤਰਨਤਾਰਨ ਦਾ ਹਿੱਸਾ ਹੈ। ਇਹ ਅੰਮ੍ਰਿਤਸਰ ਤੋਂ ਤਕਰੀਬਨ 40 ਕਿਲੋਮੀਟਰ ਅਤੇ ਕਸਬਾ ਭਿੱਖੀਵਿੰਡ ਤੋਂ ਚੜ੍ਹਦੇ ਪਾਸੇ ਕੋਈ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦੇ ਗੁਆਂਢ ਵਿੱਚ ਬਲ੍ਹੇਰ, ਸੁੱਗਾ, ਸੁਰਸਿੰਘ, ਗਲਾਲੀਪੁਰ, ਸ਼ਾਹਬਾਜ਼ਪੁਰ, ਘੁਰਕਵਿੰਡ ਅਤੇ ਲਖਨਾ ਤਪਾ ਵਰਗੇ ਪਿੰਡ ਲੱਗਦੇ ਹਨ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਦੀ ਚਰਨ-ਛੋਹ ਪ੍ਰਾਪਤ ਇਸ ਪਿੰਡ ਵਿੱਚ ਗੁਰੂ ਸਾਹਿਬ ਦੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਸੁੰਦਰ ਗੁਰਦੁਆਰਾ ਸਾਹਿਬ ਹੈ। ਮੇਰੇ ਬਚਪਨ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਕਾਫ਼ੀ ਪੁਰਾਣੀ ਹੋਇਆ ਕਰਦੀ ਸੀ। ਉਸ ਦੋ-ਮੰਜ਼ਿਲਾ ਪੁਰਾਤਨ ਇਮਾਰਤ ਦੀ ਮਨਮੋਹਣੀ ਦਿੱਖ ਅੱਜ ਵੀ ਮੇਰੇ ਚੇਤਿਆਂ ਵਿੱਚ ਵਸੀ ਹੋਈ ਹੈ। ਮੈਨੂੰ ਅੱਜ ਵੀ ਉਹ ਪੁਰਾਣਾ ਗੁਰਦੁਆਰਾ ਸਾਹਿਬ ਅਤੇ ਉਸ ਦੇ ਪਿਛਲੇ ਪਾਸੇ ਖੁੱਲ੍ਹੀ ਥਾਂ ’ਤੇ ਬਣਿਆ ਟਿੰਡਾਂ ਵਾਲਾ ਵੱਡਾ ਖੂਹ ਚੇਤੇ ਆਉਂਦਾ ਹੈ, ਜਿਸ ਨੂੰ ਅਸੀਂ ਬਚਪਨ ਵਿੱਚ ਬੜੇ ਚਾਅ ਨਾਲ ਗੇੜਿਆ ਕਰਦੇ ਸਾਂ। ਇਹ ਟਿੰਡਾਂ ਮਾਹਲ ਨਾਲ ਬੱਝੀਆਂ ਹੋਈਆਂ ਬੈੜ ਉੱਪਰ ਟਿਕੀਆਂ ਹੁੰਦੀਆਂ ਸਨ। ਢੋਲ ਨਾਲ ਚਰਖੜੀ ਘੁੰਮਦੀ ਅਤੇ ਚਰਖੜੀ ਦੀ ਲੱਠ ਨਾਲ ਬੈੜ ਉੱਤੇ ਟਿੰਡਾਂ ਦੀ ਮਾਲਾ ਗੇੜੇ ਖਾਂਦੀ। ਟਿੰਡਾਂ ਦਾ ਪਾਣੀ ਪਾੜਛੇ ਤੇ ਔਲੂ ਵਿੱਚੋਂ ਦੀ ਹੁੰਦਾ ਹੋਇਆ ਸੀਮਿੰਟ ਦੀ ਇੱਕ ਵੱਡੀ ਟੈਂਕੀ ਵਿੱਚ ਇਕੱਠਾ ਹੋ ਜਾਂਦਾ ਸੀ ਜਿੱਥੇ ਲੱਗੀਆਂ ਟੂਟੀਆਂ ਰਾਹੀਂ ਸੰਗਤ ਪੀਣ ਅਤੇ ਹੱਥ-ਮੂੰਹ ਧੋਣ ਲਈ ਪਾਣੀ ਵਰਤਦੀ ਸੀ। ਜਦੋਂ ਇਹ ਖੂਹ ਚੱਲਦਾ ਤਾਂ ਇਸ ਦੇ ਲੋਹੇ ਦੇ ‘ਕੁੱਤੇ’ (ਖੂਹ ਦਾ ਇੱਕ ਹਿੱਸਾ) ਦੀ ਟਿਕ-ਟਿਕ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੰਦੀ ਸੀ। ਇਸੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਇੱਕ ਬਹੁਤ ਵੱਡਾ ਬੋਹੜ ਦਾ ਰੁੱਖ ਹੁੰਦਾ ਸੀ, ਜੋ ਅੱਜ ਵੀ ਉੱਥੇ ਮੌਜੂਦ ਹੈ। ਇਸੇ ਬੋਹੜ ਦੀ ਸੰਘਣੀ ਛਾਂ ਹੇਠ ਬੈਠ ਕੇ ਮੈਂ ਆਪਣੀ ਮਾਂ-ਬੋਲੀ ਪੰਜਾਬੀ ਦਾ ਪਹਿਲਾ ਸਬਕ ਸਿੱਖਿਆ ਅਤੇ ਗੁਰਮੁਖੀ ਦੇ ਅੱਖਰਾਂ ਦਾ ਗਿਆਨ ਹਾਸਿਲ ਕੀਤਾ। ਉੱਥੇ ਪਿੰਡ ਦੀ ਹੀ ਇੱਕ ਪੜ੍ਹੀ-ਲਿਖੀ ਧੀ ਵੱਲੋਂ ਸ਼ੁਰੂ ਕੀਤੇ ਛੋਟੇ ਜਿਹੇ ਸਕੂਲ ਵਿੱਚ ਪਿੰਡ ਦੇ ਬਾਕੀ ਨਿਆਣਿਆਂ ਵਾਂਗ ਮੈਂ ਅਤੇ ਮੇਰੀ ਵੱਡੀ ਭੈਣ ਪੜ੍ਹਨ ਜਾਇਆ ਕਰਦੇ ਸਾਂ।ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਸਾਡਾ ਘਰ ਸੀ, ਜਿੱਥੇ ਮੇਰਾ ਜਨਮ ਹੋਇਆ। ਦਾਦਾ-ਦਾਦੀ ਦੀ ਨਿੱਘੀ ਗੋਦ ਵਿੱਚ ਮੇਰੇ ਬਚਪਨ ਦੇ ਪਹਿਲੇ ਪੰਜ ਸਾਲ ਪਿੰਡ ਵਿੱਚ ਹੀ ਬੀਤੇ। ਮਗਰੋਂ ਅਸੀਂ ਸ਼ਹਿਰ ਆ ਵੱਸੇ ਅਤੇ ਫਿਰ ਜੂਨ ਤੇ ਦਸੰਬਰ ਦੀਆਂ ਛੁੱਟੀਆਂ ਜਾਂ ਕਦੇ-ਕਦਾਈਂ ਕਿਸੇ ਤਿਉਹਾਰ ’ਤੇ ਹੀ ਪਿੰਡ ਜਾਣਾ ਹੁੰਦਾ ਸੀ। ਉਨ੍ਹਾਂ ਛੁੱਟੀਆਂ ਦੌਰਾਨ ਪਿੰਡ ਦੀਆਂ ਗਲੀਆਂ ਵਿੱਚ ਖੇਡਣਾ-ਮੱਲਣਾ ਅਤੇ ਛਾਲਾਂ ਮਾਰਨੀਆਂ, ਬੇਫ਼ਿਕਰੀ ਦਾ ਆਲਮ ਹੁੰਦਾ ਸੀ, ਨਾ ਕੋਈ ਚਿੰਤਾ, ਨਾ ਕੋਈ ਰੋਕ-ਟੋਕ। ਜਦੋਂ ਸਕੂਲੋਂ ਛੁੱਟੀਆਂ ਹੋਣੀਆਂ ਤਾਂ ਸਾਡੇ ਚਾਅ ਸਾਂਭੇ ਨਹੀਂ ਸਨ ਜਾਂਦੇ। ਅਸੀਂ ਸਾਰੇ ਭੈਣ-ਭਰਾਵਾਂ ਨੇ ਮਾਂ ਦੇ ਦੁਆਲੇ ਹੋ ਜਾਣਾ ਕਿ ਸਾਨੂੰ ਪਿੰਡ ਛੱਡ ਕੇ ਆਵੇ। ਮੇਰੀ ਮਾਂ ਨੇ ਸਾਨੂੰ ਚਾਰਾਂ ਭੈਣ-ਭਰਾਵਾਂ ਨੂੰ ਨਾਲ ਲੈ ਕੇ ਪਹਿਲਾਂ ਅੰਮ੍ਰਿਤਸਰ ਤੋਂ ਬੱਸ ਰਾਹੀਂ ਭਿੱਖੀਵਿੰਡ ਪਹੁੰਚਣਾ ਅਤੇ ਫਿਰ ਉੱਥੋਂ ਪਿੰਡ ਨੂੰ ਚੱਲਣ ਵਾਲੇ ਟਾਂਗੇ ਵਿੱਚ ਬੈਠ ਕੇ ਪਿੰਡ ਅੱਪੜਨਾ। ਅੰਮ੍ਰਿਤਸਰ ਤੋਂ ਪਿੰਡ ਤੱਕ ਦਾ ਉਹ ਸਫ਼ਰ ਵੀ ਸਾਡੀ ਜ਼ਿੰਦਗੀ ਦਾ ਇੱਕ ਬੇਹੱਦ ਯਾਦਗਾਰੀ ਸਫ਼ਰ ਹੁੰਦਾ ਸੀ।
ਸਾਡਾ ਪਿੰਡ ਵਾਲਾ ਘਰ ਖੁੱਲ੍ਹੇ ਵਿਹੜੇ ਵਾਲਾ ਸੀ, ਜਿਸ ਦੇ ਅਗਲੇ ਹਿੱਸੇ ਵਿੱਚ ਪਸ਼ੂਆਂ ਦੇ ਕੋਠੇ ਅਤੇ ਵੱਡੇ ਲੱਕੜ ਦੇ ਬੂਹੇ ਵਾਲੀ ਡਿਊਢੀ ਹੁੰਦੀ ਸੀ। ਉਸ ਜ਼ਮਾਨੇ ਵਿੱਚ ਪਿੰਡ ਵਿੱਚ ਆਟਾ ਪੀਹਣ ਵਾਲੀਆਂ ਦੋ ਚੱਕੀਆਂ ਸਨ, ਇੱਕ ਮਿਸਤਰੀ ਜੈਮਲ ਸਿੰਘ ਦੀ ਤੇ ਦੂਸਰੀ ਸਾਡੀ, ਯਾਨੀ ਮੇਰੇ ਦਾਦੇ ਸਰਦਾਰ ਹਰੀ ਸਿੰਘ ਦੀ। ਮੁੱਖ ਸੜਕ ’ਤੇ ਬਣੀ ਸਾਡੀ ਖੁੱਲ੍ਹੇ ਬਾਪੂ-ਦਾਦੇ ਦੀ ਹਵੇਲੀ ਵਿੱਚ ਚੱਕੀ ਦੇ ਨਾਲ-ਨਾਲ ਗੰਨਾ ਪੀੜਨ ਵਾਲਾ ਵੇਲਣਾ, ਕਪਾਹ ਪਿੰਜਣ ਵਾਲੀ ਮਸ਼ੀਨ, ਕਣਕ ਕੱਢਣ ਵਾਲਾ ਹੜੰਬਾ ਅਤੇ ਗੁੜ ਤਿਆਰ ਕਰਨ ਵਾਲੀ ਭੱਠੀ-ਕੜਾਹਿਆ ਵੀ ਹੁੰਦਾ ਸੀ। ਜਦੋਂ ਪਿੰਡ ਦੇ ਕਿਸੇ ਜ਼ਿਮੀਂਦਾਰ ਨੇ ਗੁੜ ਬਣਾਉਣ ਲਈ ਕਮਾਦ ਲਿਆ ਕੇ ਸਾਡੀ ਹਵੇਲੀ ਸੁੱਟਣਾ ਤਾਂ ਸਾਡੀ ਮੌਜ ਲੱਗ ਜਾਣੀ। ਗੰਨੇ ਚੂਪਣੇ, ਰੋਹ ਪੀਣੀ ਅਤੇ ਤੱਤਾ-ਤੱਤਾ ਗੁੜ ਖਾਣਾ। ਉਸ ਜ਼ਮਾਨੇ ਵਿੱਚ ਲੋਕ ਬੜੇ ਖੁੱਲ੍ਹੇ-ਦਿਲ ਵਾਲੇ ਹੁੰਦੇ ਸਨ। ਉਹ ਸਾਨੂੰ ਕਦੇ ਨਾ ਝਿੜਕਦੇ, ਸਗੋਂ ਹੱਸ ਕੇ ਆਖਦੇ “ਲਓ ਸ਼ਹਿਰੀਓ, ਜਿੰਨੀ ਮਰਜ਼ੀ ਰੋਹ ਪੀਓ ਤੇ ਤਾਜ਼ਾ ਗੁੜ ਖਾਓ।” ਪਰ ਹੁਣ ਉਹ ਵੇਲੇ ਕਿੱਥੇ! ਵਕਤ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ। ਨਾ ਉਹ ਲੋਕ ਰਹੇ ਤੇ ਨਾ ਹੀ ਉਹ ਨੀਤਾਂ। ਹੁਣ ਤਾਂ ਚਾਰ-ਚੁਫ਼ੇਰੇ ਆਪੋ-ਧਾਪੀ ਮਚੀ ਹੋਈ ਹੈ ਅਤੇ ਜ਼ਿੰਦਗੀ ਦੀ ਤੇਜ਼ ਰਫ਼ਤਾਰ ਨੇ ਲੋਕਾਂ ਨੂੰ ਇੱਕ ਦੂਜੇ ਤੋਂ ਬਹੁਤ ਦੂਰ ਕਰ ਦਿੱਤਾ ਹੈ।
ਸੰਪਰਕ: 94646-28857

