DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਾਨਕਿਆਂ ਦੀਆਂ ਯਾਦਾਂ

ਸਮਾਂ ਨਿਰੰਤਰ ਬਦਲਦਾ ਰਹਿੰਦਾ ਹੈ। ਇਸ ਦੇ ਨਾਲ ਹੀ ਮਨੁੱਖੀ ਜੀਵਨ ਦੇ ਤੌਰ-ਤਰੀਕੇ, ਰੁਝਾਨ ਅਤੇ ਜੀਵਨ ਸ਼ੈਲੀ ਵਿੱਚ ਵੀ ਬਦਲਾਅ ਆਉਂਦੇ ਰਹਿੰਦੇ ਹਨ। ਅੱਜ ਦਾ ਦੌਰ ਅਤਿ ਆਧੁਨਿਕ ਅਤੇ ਸਹੂਲਤਾਂ ਨਾਲ ਭਰਪੂਰ ਹੈ। ਤਕਨਾਲੋਜੀ, ਸੰਚਾਰ ਅਤੇ ਆਵਾਜਾਈ ਦੇ ਤੇਜ਼ੀ ਨਾਲ...

  • fb
  • twitter
  • whatsapp
  • whatsapp
Advertisement

ਸਮਾਂ ਨਿਰੰਤਰ ਬਦਲਦਾ ਰਹਿੰਦਾ ਹੈ। ਇਸ ਦੇ ਨਾਲ ਹੀ ਮਨੁੱਖੀ ਜੀਵਨ ਦੇ ਤੌਰ-ਤਰੀਕੇ, ਰੁਝਾਨ ਅਤੇ ਜੀਵਨ ਸ਼ੈਲੀ ਵਿੱਚ ਵੀ ਬਦਲਾਅ ਆਉਂਦੇ ਰਹਿੰਦੇ ਹਨ। ਅੱਜ ਦਾ ਦੌਰ ਅਤਿ ਆਧੁਨਿਕ ਅਤੇ ਸਹੂਲਤਾਂ ਨਾਲ ਭਰਪੂਰ ਹੈ। ਤਕਨਾਲੋਜੀ, ਸੰਚਾਰ ਅਤੇ ਆਵਾਜਾਈ ਦੇ ਤੇਜ਼ੀ ਨਾਲ ਹੋਏ ਵਿਕਾਸ ਨੇ ਸੰਸਾਰ ਨੂੰ ਅਸਲ ਮਾਅਨਿਆਂ ਵਿੱਚ ਬਹੁਤ ਛੋਟਾ ਕਰ ਦਿੱਤਾ ਹੈ। ਪੂਰਾ ਵਿਸ਼ਵ ਇੱਕ ਪਿੰਡ ਬਣ ਗਿਆ ਹੈ। ਇਸ ਤਰੱਕੀ ਦਾ ਨਤੀਜਾ ਇਹ ਹੈ ਕਿ ਦੂਰੀਆਂ ਘਟ ਗਈਆਂ ਹਨ ਅਤੇ ਰਿਸ਼ਤੇਦਾਰਾਂ ਕੋਲ ਜਾਣਾ ਹੁਣ ਪਹਿਲਾਂ ਵਾਂਗ ਲੰਮੇ ਸਮੇਂ ਦੀ ਖੇਡ ਨਹੀਂ ਰਹੀ। ਹੁਣ ਲੋਕ ਨਾਨਕੇ ਜਾਂ ਹੋਰ ਸਕੇ-ਸਬੰਧੀਆਂ ਕੋਲ ਮਹਿਜ਼ ਕੁਝ ਘੰਟਿਆਂ ਲਈ ਹੀ ਠਹਿਰਦੇ ਹਨ, ਪਰ 1990ਵਿਆਂ ਦਾ ਦੌਰ ਸਾਦਗੀ, ਪਿਆਰ ਅਤੇ ਰਿਸ਼ਤਿਆਂ ਦੀ ਮਿੱਠੀ ਯਾਦ ਨਾਲ ਰੰਗਿਆ ਹੋਇਆ ਮਹਿਸੂਸ ਹੁੰਦਾ ਹੈ। ਪੰਜਾਬੀਆਂ ਵਿੱਚ ਨਾਨਕਿਆਂ ਦਾ ਸਥਾਨ ਬੜਾ ਵਿਲੱਖਣ ਅਤੇ ਪਿਆਰਾ ਹੈ। ਪੰਜਾਬੀ ਸੱਭਿਆਚਾਰ ਵਿੱਚ ਨਾਨਕੇ ਸਿਰਫ਼ ਇੱਕ ਘਰ ਨਹੀਂ, ਸਗੋਂ ਮਮਤਾ, ਲਾਡ ਅਤੇ ਅਪਣੱਤ ਦਾ ਕੇਂਦਰ ਹਨ। ਬਚਪਨ ਵਿੱਚ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨਾਨਕੇ ਜਾਣਾ ਸਭ ਤੋਂ ਵੱਡੀ ਖ਼ੁਸ਼ੀ ਮੰਨੀ ਜਾਂਦੀ ਸੀ।

ਜਿਉਂ ਹੀ ਸਕੂਲਾਂ ਵਿੱਚ ਜੂਨ ਮਹੀਨੇ ਦੀਆਂ ਛੁੱਟੀਆਂ ਦਾ ਐਲਾਨ ਹੁੰਦਾ, ਬੱਚਿਆਂ ਦੇ ਮਨ ਵਿੱਚ ਨਵਾਂ ਉਤਸ਼ਾਹ ਜਾਗ ਪੈਂਦਾ ਸੀ। ਸਭ ਤੋਂ ਪਹਿਲਾਂ ਸਕੂਲੋਂ ਮਿਲਿਆ ‘ਹੋਮ ਵਰਕ’ ਮੁਕੰਮਲ ਕੀਤਾ ਜਾਂਦਾ ਅਤੇ ਫਿਰ ਨਾਨਕੇ ਜਾਣ ਦੀ ਤਿਆਰੀ ਖਿੱਚੀ ਜਾਂਦੀ। ਉਦੋਂ ਪਿੰਡਾਂ ਦੀ ਖੁੱਲ੍ਹੀ ਹਵਾ, ਖੇਤਾਂ ਦੀ ਹਰਿਆਲੀ, ਦਰੱਖ਼ਤਾਂ ਦੀ ਠੰਢੀ ਛਾਂ ਅਤੇ ਖੇਡਣ ਲਈ ਖੁੱਲ੍ਹੀਆਂ ਥਾਵਾਂ ਬੱਚਿਆਂ ਲਈ ਇੱਕ ਨਵੀਂ ਦੁਨੀਆ ਸੀ। ਉਹ ਮਾਹੌਲ ਬੱਚਿਆਂ ਨੂੰ ਕੁਦਰਤ ਦੇ ਨੇੜੇ ਲਿਜਾਂਦਾ ਸੀ ਅਤੇ ਜੀਵਨ ਦੀ ਸਾਦਗੀ ਤੇ ਖੁਸ਼ਹਾਲੀ ਨਾਲ ਰੂ-ਬ-ਰੂ ਕਰਵਾਉਂਦਾ ਸੀ। ਉਸ ਦੌਰ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਸਾਧਾਰਨ ਤੇ ਸੁਆਦ ਨਾਲ ਭਰਪੂਰ ਹੁੰਦੀਆਂ ਸਨ। ਬੱਚਿਆਂ ਲਈ ਸਭ ਤੋਂ ਵੱਡੀ ਦਾਤ ਲੱਡੂ, ਜਲੇਬੀ ਅਤੇ ਖੋਏ ਦੀ ਬਰਫ਼ੀ ਵਰਗੀਆਂ ਰਵਾਇਤੀ ਮਠਿਆਈਆਂ ਸਨ। ਇਹ ਮਠਿਆਈਆਂ ਕਈ ਵਾਰ ਘਰ ਵਿੱਚ ਬਣਦੀਆਂ ਜਾਂ ਪਿੰਡ ਦੇ ਹਲਵਾਈ ਤੋਂ ਲਿਆਂਦੀਆਂ ਜਾਂਦੀਆਂ ਸਨ। ਉਨ੍ਹਾਂ ਦਾ ਸਵਾਦ ਸਿਰਫ਼ ਮਿੱਠਾ ਹੀ ਨਹੀਂ ਹੁੰਦਾ ਸੀ, ਸਗੋਂ ਉਸ ਵਿੱਚ ਪਿਆਰ ਦੀ ਖੁਸ਼ਬੂ ਵੀ ਸਮਾਈ ਹੁੰਦੀ ਸੀ। ਇਹ ਸਾਦੇ ਤੇ ਸਵਾਦ ਪਕਵਾਨ ਪੰਜਾਬੀ ਜੀਵਨ ਦੀ ਅਸਲੀ ਰੂਹ ਨੂੰ ਦਰਸਾਉਂਦੇ ਸਨ।

Advertisement

ਗਰਮੀਆਂ ਦੀਆਂ ਛੁੱਟੀਆਂ ਦਾ ਇੱਕ ਹੋਰ ਸੁਹਾਵਾ ਪੱਖ ਸੀ ਪਿੰਡਾਂ ’ਚ ਅੰਬਾਂ ਦੇ ਬਾਗ਼। ਜੂਨ ਵਿੱਚ ਮਿੱਠੇ ਦੇਸੀ ਅੰਬ ਬੱਚਿਆਂ ਲਈ ਖ਼ਾਸ ਆਕਰਸ਼ਣ ਹੁੰਦੇ ਸਨ। ਦਰੱਖ਼ਤਾਂ ਦੀ ਛਾਂ ਹੇਠ ਬੈਠ ਕੇ ਤਾਜ਼ੇ ਅੰਬ ਚੂਪਣ ਦਾ ਜੋ ਆਨੰਦ ਸੀ, ਉਹ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਦੋਸਤਾਂ ਨਾਲ ਖੇਡਣਾ, ਬਾਗ਼ਾਂ ਵਿੱਚ ਦੌੜਨਾ ਅਤੇ ਕੁਦਰਤ ਦੇ ਦਰਮਿਆਨ ਬਿਤਾਇਆ ਉਹ ਸਮਾਂ ਬਚਪਨ ਦੀਆਂ ਅਮਿੱਟ ਯਾਦਾਂ ਦਾ ਹਿੱਸਾ ਬਣ ਜਾਂਦਾ ਸੀ। ਨਾਨਕਿਆਂ ਦੀਆਂ ਯਾਦਾਂ ਵਿੱਚ ਸਭ ਤੋਂ ਵੱਡਾ ਸਥਾਨ ਨਾਨੀ ਦੇ ਪਿਆਰ ਦਾ ਹੁੰਦਾ ਹੈ। ਜਦੋਂ ਵੀ ਮੈਂ ਅਤੇ ਮੇਰਾ ਨਿੱਕਾ ਭਰਾ ਨਾਨਕੇ ਜਾਂਦੇ ਤਾਂ ਨਾਨੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਸੀ। ਉਹ ਸਾਨੂੰ ਪਿਆਰ ਨਾਲ ਗਲ ਲਾਉਂਦੇ, ਮੱਥਾ ਚੁੰਮਦੇ ਅਤੇ ਖ਼ੁਸ਼ੀ ਨਾਲ ਕਹਿੰਦੇ,

Advertisement

“ਨੀ ਕੁੜੀਓ, ਮੇਰੇ ਦੋਹਤੇ ਆਏ ਨੇ।”

ਇਹ ਸ਼ਬਦ ਦਰਅਸਲ ਪੰਜਾਬੀ ਪਰਿਵਾਰਕ ਸੰਸਕਾਰਾਂ ਵਿੱਚ ਵੱਸਦੇ ਪਿਆਰ ਅਤੇ ਮਮਤਾ ਦੇ ਪ੍ਰਤੀਕ ਸਨ। ਇਨ੍ਹਾਂ ਬੋਲਾਂ ਦੀ ਮਿਠਾਸ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਤਾਜ਼ਾ ਹੈ। ਨਾਨਕੇ ਪਿੰਡ ਵਿੱਚ ਬਿਤਾਏ ਦਿਨ ਸਾਡੇ ਲਈ ਤਿਉਹਾਰਾਂ ਵਰਗੇ ਸਨ। ਹਰ ਦਿਨ ਨਵੀਆਂ ਮਸਤੀਆਂ ਅਤੇ ਖ਼ੁਸ਼ੀਆਂ ਨਾਲ ਭਰਿਆ ਹੁੰਦਾ ਸੀ। ਸਵੇਰੇ ਤੋਂ ਸ਼ਾਮ ਤੱਕ ਖੇਡਣਾ, ਨਾਨੀ ਤੋਂ ਲੋਕ-ਕਥਾਵਾਂ ਅਤੇ ਪੁਰਾਣੀਆਂ ਕਹਾਣੀਆਂ ਸੁਣਨਾ, ਦਰੱਖ਼ਤਾਂ ਦੀ ਛਾਂ ਹੇਠ ਬੈਠ ਕੇ ਗੱਲਾਂ ਕਰਨੀਆਂ ਅਤੇ ਮਨਪਸੰਦ ਖਾਣੇ ਖਾਣਾ- ਇਹ ਸਭ ਕੁਝ ਬਚਪਨ ਦੀ ਦੁਨੀਆ ਨੂੰ ਹੋਰ ਵੀ ਰੰਗੀਨ ਬਣਾ ਦਿੰਦਾ ਸੀ। ਨਾਨਕੇ ਘਰ ਸਾਡੀ ਖ਼ਾਸ ਖ਼ਾਤਿਰਦਾਰੀ ਕੀਤੀ ਜਾਂਦੀ ਸੀ। ਸਾਡੀ ਹਰ ਛੋਟੀ-ਵੱਡੀ ਮੰਗ ਪੂਰੀ ਕੀਤੀ ਜਾਂਦੀ ਹੈ। ਮਾਮੇ, ਮਾਮੀਆਂ ਅਤੇ ਨਾਨਾ-ਨਾਨੀ ਦਾ ਲਾਡ ਤੇ ਸਨੇਹ ਸਾਨੂੰ ਇੱਕ ਅਨਮੋਲ ਅਨੁਭਵ ਦਿੰਦਾ ਸੀ। ਇਸ ਪਿਆਰ ਭਰੇ ਮਾਹੌਲ ਵਿੱਚ ਛੁੱਟੀਆਂ ਦੇ ਦਿਨ ਕਿਵੇਂ ਲੰਘ ਜਾਂਦੇ, ਪਤਾ ਹੀ ਨਹੀਂ ਲੱਗਦਾ ਸੀ। ਜਦੋਂ ਛੁੱਟੀਆਂ ਦੇ ਖ਼ਤਮ ਹੋਣ ਦਾ ਸਮਾਂ ਨੇੜੇ ਆਉਂਦਾ ਸੀ ਤਾਂ ਦਿਲ ਵਿੱਚ ਹਲਕੀ ਉਦਾਸੀ ਵੀ ਪੈਦਾ ਹੋ ਜਾਂਦੀ। ਨਾਨਕੇ ਘਰ ਕੀਤੀਆਂ ਮਸਤੀਆਂ, ਉੱਥੋਂ ਮਿਲਿਆ ਪਿਆਰ ਛੱਡ ਕੇ ਵਾਪਸ ਘਰ ਜਾਣਾ ਆਸਾਨ ਨਹੀਂ ਹੁੰਦਾ ਸੀ। ਕਈ ਵਾਰ ਤਾਂ ਦਿਲ ਕਰਦਾ ਸੀ ਕਿ ਇਹ ਛੁੱਟੀਆਂ ਕਦੇ ਖ਼ਤਮ ਹੀ ਨਾ ਹੋਣ। ਅੱਜ ਭਾਵੇਂ ਸਮਾਂ ਬਦਲ ਗਿਆ ਹੈ ਅਤੇ ਜੀਵਨ ਦੀ ਰਫ਼ਤਾਰ ਕਾਫ਼ੀ ਤੇਜ਼ ਹੋ ਗਈ ਹੈ, ਪਰ ਨੱਬੇਵਿਆਂ ਦੇ ਉਹ ਦਿਨ ਅਤੇ ਨਾਨਕਿਆਂ ਦੀਆਂ ਉਹ ਯਾਦਾਂ ਅੱਜ ਵੀ ਦਿਲ ਦੇ ਕੋਨੇ ਵਿੱਚ ਤਾਜ਼ਾ ਹਨ। ਉਹ ਸਾਦਗੀ, ਉਹ ਮਮਤਾ ਅਤੇ ਉਹ ਰਿਸ਼ਤਿਆਂ ਦੀ ਮਿਠਾਸ ਸਾਡੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਧਰੋਹਰ ਬਣ ਕੇ ਰਹਿ ਜਾਂਦੀ ਹੈ। ਜਦੋਂ ਵੀ ਉਹ ਪੁਰਾਣੇ ਦਿਨ ਯਾਦ ਆਉਂਦੇ ਹਨ ਤਾਂ ਨਾਨੀ ਦੀ ਪਿਆਰ ਭਰੀ ਆਵਾਜ਼ ਅੱਜ ਵੀ ਮਨ ਵਿੱਚ ਗੂੰਜਦੀ ਹੈ।

ਸੰਪਰਕ: 97800-36224

Advertisement
×