ਮਿੱਟੀ ਦੇ ਉਸ ਟਿੱਲੇ ਨਾਲ ਸਾਡੇ ਰਿਸ਼ਤੇ ਦਾ ਠੀਕ ਇਕ ਸਾਲ ਪੂਰਾ ਹੋ ਗਿਆ ਹੈ। ਪਿਛਲੇ ਇਕ ਸਾਲ ਤੋਂ ਕਸ਼ਮੀਰ ਵਿਚ ਸਾਡੇ ਜੱਦੀ ਘਰ ਤੋਂ ਕੁਝ ਸੌ ਮੀਟਰ ਦੀ ਦੂਰੀ ਤੇ ਧਰਤੀ ਦਾ ਇਹ ਟਿੱਲਾ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਸਥਾਨ ਬਣ ਗਿਆ ਹੈ। ਅਸੀਂ ਖੁਸ਼ਹਾਲੀ ਤੇ ਦੁੱਖ ਦੀ ਪਹਿਲੀ ਚਿਣਗ ਤੇ, ਜਿੱਤ ਤੇ ਹਾਰ ਵਿਚ, ਅਮਨ ਤੇ ਤਕਲੀਫ਼ ਵਿਚ ਉਸ ਵੱਲ ਭੱਜਦੇ ਹਾਂ। ਮਿੱਟੀ ਦਾ ਇਹ ਟਿੱਲਾ ਡਾ. ਸੱਯਦ ਅਬਦੁੱਲ ਰਹਿਮਾਨ ਗਿਲਾਨੀ ਦੀ ਕਬਰ ਹੈ। ਉਨ੍ਹਾਂ ਦੇ ਦੋਸਤਾਂ ਲਈ ਪਿਆਰ ਨਾਲ ਐੱਸਏਆਰ ਅਤੇ ਸਾਡੇ ਲਈ ਸਾਡਾ ਅੱਬੂ ਸੀ।
ਅੱਬੂ ਨੇ 24 ਅਕਤੂਬਰ 2019 ਨੂੰ ਅਚਾਨਕ, ਤੇ ਸ਼ਾਇਦ ਸਮੇਂ ਤੋਂ ਬਹੁਤ ਪਹਿਲਾਂ ਸਾਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਅਚਾਨਕ ਦੇਹਾਂਤ ਦਾ ਸਦਮਾ ਅਜੇ ਵੀ ਤਾਜ਼ਾ ਹੈ। ਸਾਡੇ ਲਈ ਇਹ ਭਾਣਾ ਚਿੱਤ-ਚੇਤੇ ਵੀ ਨਹੀਂ ਸੀ, ਖ਼ਾਸਕਰ ਇਸ ਲਈ ਕਿਉਂ ਜੋ ਅਸੀਂ ਉਨ੍ਹਾਂ ਨੂੰ ਅਜਿੱਤ ਨਾਇਕ ਵਜੋਂ ਜਾਣਦੇ ਸੀ ਜਿਨ੍ਹਾਂ ਨੇ ਆਪਣੀ ਬਾਲਗ਼ ਜ਼ਿੰਦਗੀ ਦੇ ਥੋੜ੍ਹੇ ਸਮੇਂ ਵਿਚ ਹੀ ਮੌਤ ਨੂੰ ਵਾਰ ਵਾਰ ਹਰਾਇਆ ਸੀ। ਇਹ ਜਜ਼ਬਾਤ ਜਿਵੇਂ ਸਾਨੂੰ ਪਰਿਵਾਰ ਨੂੰ ਬਾਅਦ ਵਿਚ ਪਤਾ ਲੱਗਿਆ, ਉਨ੍ਹਾਂ ਦੇ ਬਹੁਤ ਸਾਰੇ ਦੋਸਤਾਂ ਅਤੇ ਸਹਿਕਰਮੀਆਂ ਨੇ, ਜਿਨ੍ਹਾਂ ਨਾਲ ਉਨ੍ਹਾਂ ਸਾਲਾਂ-ਸਾਲ ਇਕੱਠੇ ਕੰਮ ਕੀਤਾ ਅਤੇ ਜਿਨ੍ਹਾਂ ਨੂੰ ਉਨ੍ਹਾਂ ਪ੍ਰੇਰਿਆ ਸੀ, ਨੇ ਸਾਡੇ ਅਤੇ ਲੋਕਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਨੇ ਆਪਣਾ ਜੀਵਨ ਅਧਿਆਪਕ, ਸਿੱਖਿਅਕ ਅਤੇ ਮਨੁੱਖੀ ਅਧਿਕਾਰਾਂ ਦੇ ਅਣਥੱਕ ਘੁਲਾਟੀਏ ਵਜੋਂ ਜੀਵਿਆ ਜਿਸ ਨੇ ਸਭ ਤੋਂ ਵੱਧ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਲੜਾਈ ਵਿੱਢੀ, ਪੈਰਵੀ ਕੀਤੀ ਅਤੇ ਨਿੱਡਰਤਾ ਨਾਲ ਉਨ੍ਹਾਂ ਦੀ ਗੱਲ ਕੀਤੀ। ਜਦੋਂ 1990ਵਿਆਂ ਦੇ ਵਿਗੜੇ ਮਾਹੌਲ ਵਾਲੇ ਸਾਲਾਂ ਦੌਰਾਨ ਪੜ੍ਹਾਈ ਹਿੱਤ ਕਸ਼ਮੀਰ ਤੋਂ ਬਾਹਰ ਗਏ ਤਾਂ ਉਨ੍ਹਾਂ ਦਾ ਸੁਫਨਾ ਰੌਜ਼ੇ-ਰੌਸ਼ਨ ਦੀ ਨਿਆਈ ਸੀ – ਉਨ੍ਹਾਂ ਆਪਣੀ ਧਰਤੀ, ਆਪਣੇ ਲੋਕਾਂ ਦੇ ਕੰਮ ਆਉਣ, ਉਨ੍ਹਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਨੂੰ ਨਿਸ਼ਚੇ ਨਾਲ ਇਨਸਾਫ਼ ਦੀ ਡਗਰ ਤੇ ਡਟੇ ਰਹਿਣਾ ਸਿਖਾਉਣ ਲਈ ਘਰ ਪਰਤਣ ਦਾ ਸੁਫਨਾ ਲਿਆ ਸੀ, ਹਾਲਾਂਕਿ ਮੌਜੂਦਾ ਸਿਆਸੀ ਹਾਲਾਤ ਵਿਚ ਘਰਾਂ ਨੂੰ ਪਰਤਣਾ ਔਖਾ ਜਾਪਦਾ ਸੀ। ਉਨ੍ਹਾਂ ਦਿੱਲੀ ਯੂਨੀਵਰਸਿਟੀ ਵਿਚ ਅਰਬੀ ਦੇ ਪ੍ਰੋਫ਼ੈਸਰ ਵਜੋਂ ਅਧਿਆਪਨ ਸ਼ੁਰੂ ਕੀਤਾ ਅਤੇ ਬਾਅਦ ਵਿਚ ਪਰਿਵਾਰ ਵੀ ਉਨ੍ਹਾਂ ਨਾਲ ਹੀ ਰਹਿਣ ਲੱਗ ਪਿਆ।
ਦਿੱਲੀ ਵਿਚ ਸਾਡੀ ਜ਼ਿੰਦਗੀ 14 ਦਸੰਬਰ 2001 ਤੱਕ ਆਮ ਵਾਂਗ ਗੁਜ਼ਰ ਰਹੀ ਸੀ; ਉਸ ਦਿਨ ਤੱਕ ਜਿਸ ਦਿਨ ਕਿਆਮਤ ਆ ਢੁੱਕੀ। ਅੱਬੂ ਨੂੰ ਭਾਰਤੀ ਸੰਸਦ ਤੇ ਹਮਲੇ ਵਿਚ ਸ਼ਾਮਲ ਹੋਣ ਦੇ ਝੂਠੇ ਦੋਸ਼ ਤੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ। ਇਉਂ ਸਾਡੀ ਜ਼ਿੰਦਗੀ ਦਾ ਸਭ ਤੋਂ ਹਨੇਰਾ ਦੌਰ ਸ਼ੁਰੂ ਹੋਇਆ, ਐਸਾ ਦੌਰ ਜਿਸ ਨੇ ਸਾਨੂੰ ਪਹਿਲਾਂ ਤੋਂ ਵੱਧ ਮਜ਼ਬੂਤ ਬਣਾਇਆ। ਇਸ ਦੌਰ ਨੇ ਸਾਨੂੰ ਬਹੁਤੀ ਛੋਟੀ ਉਮਰੇ ਹੀ ਅਹਿਮ ਸਿਆਸੀ ਸਬਕ ਸਿਖਾਏ।
ਅੱਬੂ ਨੂੰ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਗਿਆ ਸੀ, ਮੀਡੀਆ ਦਾ ਰੰਜਿਸ਼ ਭਰਿਆ ਹਿੱਸਾ ਉਹਨੂੰ ਖ਼ਤਰਨਾਕ ਅਤਿਵਾਦੀ ਵਜੋਂ ਬਦਨਾਮ ਕਰ ਰਿਹਾ ਸੀ। ਜਾਪਦਾ ਸੀ, ਭਾਰਤੀ ਲੋਕਤੰਤਰ ਅਸਲ ਮੁਕੱਦਮੇ ਤੋਂ ਪਹਿਲਾਂ ਹੀ ਆਪਣਾ ਫ਼ੈਸਲਾ ਸੁਣਾ ਚੁੱਕਾ ਹੈ। ਹੋਰ ਕੀ ਕਾਰਨ ਹੋ ਸਕਦਾ ਹੈ ਕਿ ਕਿਸੇ ਆਮ ਸਬਜ਼ੀ ਵਿਕਰੇਤਾ ਨੇ ਪੰਜ ਸਾਲ ਦੇ ਬੱਚੇ ਨੂੰ ਇਕ ਸਵੇਰ ਸਬਜ਼ੀ-ਤਰਕਾਰੀ ਵੇਚਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੇ ਉਸ ਦੇ ਆਤੰਕ ਦਾ ਲੇਬਲ-ਲੱਗੇ ਪਿਤਾ ਨੂੰ ਇਕ ਖ਼ਬਰ ਵਿਚ ਦੇਖਿਆ ਸੀ ਤੇ ਉਸ ਨੂੰ ਸੱਚ ਮੰਨ ਲਿਆ। ਹੌਲੀ ਹੌਲੀ ਸਾਡੇ ਲਈ ਇਹ ਆਮ ਹੁੰਦਾ ਗਿਆ। ਇਕ ਦਿਨ ਇਕ ਸਥਾਨਕ ਫ਼ੋਨ ਬੂਥ ਅਪਰੇਟਰ ਨੇ ਸਾਨੂੰ ਕਸ਼ਮੀਰ ਵਿਚ ਆਪਣੇ ਪਰਿਵਾਰ ਨੂੰ ਫ਼ੋਨ ਕਰਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। … ਇਹ ਹੁਣ ਸਾਡੀ ਆਮ ਜ਼ਿੰਦਗੀ ਸੀ; ਅਜਿਹੀਆਂ ਘਟਨਾਵਾਂ ਰੁਟੀਨ ਹੋ ਗਈਆਂ ਸਨ। ਅੰਤ ਸਾਨੂੰ ਇੱਕ ‘ਮੁਸਲਮਾਨ ਇਲਾਕੇ’ ਵਿਚ ਤਬਦੀਲ ਹੋਣ ਲਈ ਮਜਬੂਰ ਕਰ ਦਿੱਤਾ ਗਿਆ ਜਿੱਥੇ ਸਾਡਾ ਪਰਿਵਾਰ ਵਧੇਰੇ ਗੁਮਨਾਮ ਹੋ ਸਕਦਾ ਸੀ।
2003 ਵਿਚ ਦਿੱਲੀ ਦੀ ਇੱਕ ਹੇਠਲੀ ਅਦਾਲਤ ਨੇ ਅੱਬੂ ਨੂੰ ਮੌਤ ਦੀ ਸਜ਼ਾ ਸੁਣਾਈ। ਸਾਡੇ ਦਿਲ ਦਹਿਸ਼ਤ ਅਤੇ ਭਵਿੱਖ ਦੇ ਖ਼ਦਸ਼ਿਆਂ ਵਿਚ ਡੁੱਬ ਗਏ ਪਰ ਅਸੀਂ ਖੁਸ਼ਕਿਸਮਤ ਸਾਂ। ਕਸ਼ਮੀਰ ਅਤੇ ਦਿੱਲੀ, ਦੋਹੀਂ ਥਾਈਂ ਪਰਿਵਾਰ ਅਤੇ ਦੋਸਤਾਂ ਦੇ ਸਹਿਯੋਗ ਨਾਲ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਦੁਆਰਾ ਆਰੰਭੀ ਮੁਹਿੰਮ ਦੀ ਬਦੌਲਤ ਅੱਬੂ ਨੂੰ ਆਖ਼ਿਰਕਾਰ 2004 ਵਿਚ ਦਿੱਲੀ ਹਾਈਕੋਰਟ ਨੇ ਬਰੀ ਕਰ ਦਿੱਤਾ; ਇਹੀ ਫ਼ੈਸਲਾ 2005 ਵਿਚ ਸੁਪਰੀਮ ਕੋਰਟ ਨੇ ਵੀ ਕਾਇਮ ਰੱਖਿਆ।
ਜਦੋਂ 2004 ਵਿਚ ਸਾਡਾ ਅੱਬੂ ਘਰ ਰਹਿਣ ਲਈ ਵਾਪਸ ਆਇਆ ਤਾਂ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਸਾਨੂੰ ਉੱਕਾ ਹੀ ਨਹੀਂ ਸੀ ਪਤਾ ਕਿ ਕੁਝ ਹੋਰ ਬਹੁਤ ਅਸ਼ੁਭ ਅਜੇ ਬਹੁਤੀ ਦੂਰ ਨਹੀਂ ਸੀ। 5 ਫਰਵਰੀ 2005 ਨੂੰ ਅਣਪਛਾਤੇ ਹਮਲਾਵਰ ਨੇ ਅੱਬੂ ਦੇ ਵਕੀਲ ਦੀ ਰਿਹਾਇਸ਼ ਦੇ ਬਾਹਰ ਉਨ੍ਹਾਂ ਦੇ ਸਰੀਰ ਵਿਚ ਸੱਤ ਗੋਲੀਆਂ ਉਤਾਰ ਦਿੱਤੀਆਂ।
ਅਸੀਂ ਬਿਖਰ ਗਏ ਸਾਂ। ਹੈਰਾਨ ਸਾਂ ਕਿ ਕਿਸੇ ਸੁਰੱਖਿਅਤ ਸਥਾਨ ਤੇ ਦੇਸ਼ ਦੀ ਰਾਜਧਾਨੀ ਵਿਚ ਐਸੀ ਘਟਨਾ ਕਿਵੇਂ ਹੋ ਸਕਦੀ ਹੈ? ਇੱਕ ਗੱਲ ਸਾਡੀ ਤਰਬੀਅਤ ਵਿਚ ਅਜੀਬ ਜਿਹੀ ਹੋ ਗਈ ਸੀ- ਤਲਖ਼ ਤਜਰਬਿਆਂ ਨੇ ਸਾਨੂੰ ਬੇਚੈਨ ਕਰਨ ਵਾਲੇ ਸਵਾਲ ਨਾ ਪੁੱਛਣੇ ਸਿਖਾ ਦਿੱਤਾ ਸੀ। ਸਾਡੇ ਦਿਲ ਨੇ ਨਿਸ਼ਚਤ ਤੌਰ ਤੇ ਗਵਾਹੀ ਦਿੱਤੀ ਕਿ ਜੋ ਹੋਇਆ, ਚਮਤਕਾਰ ਸੀ: ਸਾਡਾ ਹੀਰੋ ਜਾਨਲੇਵਾ ਹਮਲੇ ਵਿਚ ਬਚ ਗਿਆ ਸੀ। ਪਹਿਲਾਂ ਫਾਂਸੀ ਵਾਲਾ ਰੱਸਾ, ਫਿਰ ਨਫ਼ਰਤ ਦਾ ਸਮੁੰਦਰ ਤੇ ਹੁਣ ਸੱਤ ਗੋਲੀਆਂ। ਅੱਬੂ ਹਾਲੇ ਵੀ ਜਿਊਂਦਾ।
ਡਾਕਟਰਾਂ ਨੇ ਅੱਬੂ ਦੇ ਸਰੀਰ ਵਿਚੋਂ ਚਾਰ ਗੋਲੀਆਂ ਕਾਮਯਾਬੀ ਨਾਲ ਕੱਢ ਦਿੱਤੀਆਂ, ਬਾਕੀ ਤਿੰਨਾਂ ਨੂੰ ਸਰੀਰ ਵਿਚ ਹੀ ਰਹਿਣ ਦਿੱਤਾ ਗਿਆ, ਇਨ੍ਹਾਂ ਨੂੰ ਬਾਹਰ ਕੱਢਣ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਸ਼ਾਇਦ ਨਫ਼ਰਤੀ ਸਮਿਆਂ ਵਿਚ ਲੋਹੇ ਦਾ ਇੰਨਾ ਕੁ ਬੋਝ ਉਨ੍ਹਾਂ ਦੇ ਹਿੱਸੇ ਅਜ਼ਲੋਂ ਲਿਖਿਆ ਗਿਆ ਸੀ। ਇਸ ਹਮਲੇ ਤੋਂ ਬਾਅਦ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੁਰੱਖਿਆ ਮੁਹੱਈਆ ਕਰਵਾਈ। ਇਸ ਨੇ ਸਾਡੇ ਡਰ ਨੂੰ ਜ਼ਰੂਰ ਕੁਝ ਘਟਾ ਦਿੱਤਾ ਪਰ ਨਾਲ ਹੀ ਇਸ ਦਾ ਅਰਥ ਇਹ ਵੀ ਸੀ ਕਿ ਉਹ ਲਗਾਤਾਰ ਵਰਦੀ ਵਾਲੀਆਂ ਹਕੂਮਤੀ ਅੱਖੀਆਂ ਦੀ ਨਿਗਰਾਨੀ ਹੇਠ ਰਹਿਣਗੇ। ਕਿਸੇ ਅਣਚਾਹੇ ਧਿਆਨ ਨੂੰ ਆਕਰਸ਼ਤ ਕਰਨ ਦੇ ਡਰੋਂ ਅਸੀਂ ਪਰਿਵਾਰ ਦੇ ਤੌਰ ਤੇ ਕਿਸੇ ਜਨਤਕ ਥਾਂ ਉੱਤੇ ਬਹੁਤ ਘੱਟ ਜਾ ਸਕਦੇ ਸੀ। ਸਾਡੇ ਘਰ ਆਉਣ ਵਾਲੇ ਲੋਕਾਂ ਨੂੰ ਸੁਰੱਖਿਆ ਵੇਰਵਿਆਂ ਵਾਲੀ ਨੋਟਬੁੱਕ ਵਿਚ ਆਪਣਾ ਵੇਰਵਾ ਦਰਜ ਕਰਨਾ ਪੈਂਦਾ ਸੀ। ਕਈਆਂ ਨੇ ਸਾਡੇ ਨਾਲ ਮਿਲਣਾ ਬਿਲਕੁਲ ਬੰਦ ਕਰ ਦਿੱਤਾ। ਸੁਰੱਖਿਆ ਜਵਾਨ ਬਦਲਦੇ ਰਹਿੰਦੇ ਸਨ ਪਰ ਅੱਬੂ ਸਾਰਿਆਂ ਨਾਲ ਸੁਹਿਰਦ ਸਲੀਕਾ ਰੱਖਦੇ।
ਉਨ੍ਹਾਂ ਦੀ ਗਤੀਸ਼ੀਲਤਾ ਤੇ ਪਾਬੰਦੀਆਂ ਅੱਬੂ ਨੂੰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਕੰਮ ਤੋਂ ਨਾ ਰੋਕ ਸਕੀਆਂ। ਤਿਹਾੜ ਜੇਲ੍ਹ ਦੀ ਨਵੀਂ ਜੋਖ਼ਮ ਭਰੀ ਕੋਠੜੀ ਵਿਚ ਦੋ ਸਾਲਾਂ ਦੀ ਕੈਦ ਵਾਲੇ ਸਮੇਂ ਦੌਰਾਨ ਜਿਹੜੇ ਜ਼ਮੀਰ ਦੇ ਕੈਦੀਆਂ (prisoners of conscience) ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਅੱਬੂ ਨੇ ਜਾਣਿਆ ਸੀ, ਉਨ੍ਹਾਂ ਦੀ ਪੱਕੀ ਰਿਹਾਈ ਲਈ ਉਨ੍ਹਾਂ ਇਕੱਲੇ ਹੀ ਸੰਘਰਸ਼ ਵਿੱਢੀ ਰੱਖਿਆ। ਆਪਣੀ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਬਿਨਾ ਸਮਾਂ ਗਵਾਇਆਂ ਇਨ੍ਹਾਂ ਉਦੇਸ਼ਾਂ ਲਈ ਕਾਰਕੁਨਾਂ ਨੂੰ ਜਥੇਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਸਿਆਸੀ ਕੈਦੀਆਂ ਤੱਕ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਖ਼ਤ ਮਿਹਨਤ ਕੀਤੀ।
ਆਪਣੀਆਂ ਕੋਸ਼ਿਸ਼ਾਂ ਸਦਕਾ ਅੱਬੂ ਨੇ ਨਾ ਸਿਰਫ ਵੱਖ ਵੱਖ ਭਾਰਤੀ ਜੇਲ੍ਹਾਂ ਵਿਚ ਬੰਦ ਕਸ਼ਮੀਰੀ ਸਿਆਸੀ ਕੈਦੀਆਂ, ਬਲਕਿ ਬਹੁਤ ਸਾਰੇ ਹੋਰ ਅਜਿਹੇ ਲੋਕਾਂ ਦੀ, ਜੋ ਦੇਸ਼ ਭਰ ਵਿਚ ਨਿਆਂ ਅਤੇ ਮਨੁੱਖੀ ਸ਼ਾਨ (human dignity) ਲਈ ਵੱਖ ਵੱਖ ਸੰਘਰਸ਼ਾਂ ਨਾਲ ਸਬੰਧਤ ਸਨ, ਦੀ ਸਹਾਇਤਾ ਕੀਤੀ। ਉਨ੍ਹਾਂ ਇਸ ਦੁਨੀਆ ਨੂੰ ਬਿਹਤਰ ਅਤੇ ਸਭਨਾਂ ਲਈ ਇਕੋ ਜਿਹਾ ਖ਼ੂਬਸੂਰਤ ਬਣਾਉਣ ਲਈ ਅਣਥੱਕ ਮਿਹਨਤ ਕੀਤੀ।
ਅੱਜ ਉਹ ਸਾਡੇ ਨਾਲ ਵਿਅਕਤੀਗਤ ਰੂਪ ’ਚ ਨਹੀਂ ਪਰ ਅਸੀਂ ਉਨ੍ਹਾਂ ਦੇ ਸਬਕ ਨਹੀਂ ਭੁੱਲਾਂਗੇ। ਉਨ੍ਹਾਂ ਸਾਨੂੰ ਸਿਖਾਇਆ ਕਿ ਮੁਸੀਬਤਾਂ ਸਾਹਵੇਂ ਮੁਸਕਰਾਉਣਾ ਅਤੇ ਹਿੰਮਤ ਨਾਲ ਸੱਚ ਦੇ ਮਾਰਗ ਤੇ ਚੱਲਣਾ ਹੈ, ਭਾਵੇਂ ਪੈਂਡਾ ਇਕੱਲਿਆਂ ਹੀ ਤੈਅ ਕਰਨਾ ਪਏ। ਜਦੋਂ ਕਦੀ ਹਨ੍ਹੇਰੇ ਆਲੇ ਦੁਆਲੇ ਘਿਰਦੇ ਆਉਂਦੇ ਜਾਪਦੇ ਹਨ ਤਾਂ ਮਿੱਟੀ ਦੇ ਉਸ ਟਿੱਲੇ ਤੋਂ ਇਹ ਰੌਸ਼ਨੀ ਸਾਡੀ ਮਦਦ ਕਰਦੀ ਹੈ, ਪੰਧ ਸਾਫ਼ ਨਜ਼ਰ ਆਉਂਦਾ ਹੈ ਭਾਵੇਂ ਪੈਂਡਾ ਕਿੱਡਾ ਵੀ ਬਿਖੜਾ ਹੀ ਕਿਉਂ ਨਾ ਜਾਪੇ।
*ਲੇਖ਼ਕ ਦਿੱਲੀ ਹਾਈ ਕੋਰਟ ਵਿਚ ਵਕੀਲ ਹਨ।