DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੇਰੇ ਅਧਿਆਪਕ

ਜਿਨ੍ਹਾਂ ਸਕੂਲਾਂ ਵਿੱਚ ਅਸੀਂ ਪੜ੍ਹਦੇ ਰਹੇ ਸਾਂ, ਸਾਡੇ ਚੇਤਿਆਂ ਵਿੱਚੋਂ ਜ਼ਿੰਦਗੀ ਭਰ ਨਹੀਂ ਵਿਸਰਦੇ। ਨਾ ਹੀ ਉਹ ਅਧਿਆਪਕ ਭੁੱਲਦੇ ਹਨ, ਜਿਨ੍ਹਾਂ ਕੋਲ ਅਸੀਂ ਪੜ੍ਹੇ ਸਾਂ। ਬੀਤੇ ਅਧਿਆਪਕ ਦਿਵਸ ਮੌਕੇ ਮਨ ਸੋਚਾਂ ਵਿੱਚ ਡੁੱਬਿਆ ਰਿਹਾ। ਮੈਂ ਤਾਂ ਆਪਣੇ ਸਕੂਲ ਦੇ ਦਿਨਾਂ...

  • fb
  • twitter
  • whatsapp
  • whatsapp
Advertisement

ਜਿਨ੍ਹਾਂ ਸਕੂਲਾਂ ਵਿੱਚ ਅਸੀਂ ਪੜ੍ਹਦੇ ਰਹੇ ਸਾਂ, ਸਾਡੇ ਚੇਤਿਆਂ ਵਿੱਚੋਂ ਜ਼ਿੰਦਗੀ ਭਰ ਨਹੀਂ ਵਿਸਰਦੇ। ਨਾ ਹੀ ਉਹ ਅਧਿਆਪਕ ਭੁੱਲਦੇ ਹਨ, ਜਿਨ੍ਹਾਂ ਕੋਲ ਅਸੀਂ ਪੜ੍ਹੇ ਸਾਂ। ਬੀਤੇ ਅਧਿਆਪਕ ਦਿਵਸ ਮੌਕੇ ਮਨ ਸੋਚਾਂ ਵਿੱਚ ਡੁੱਬਿਆ ਰਿਹਾ। ਮੈਂ ਤਾਂ ਆਪਣੇ ਸਕੂਲ ਦੇ ਦਿਨਾਂ ਵਿੱਚ ਹੀ ਗੁਆਚ ਗਿਆ ਸਾਂ। ਪਤਾ ਹੀ ਨਾ ਲੱਗਾ ਕਿ ਕਦੋਂ ਇਹ ਸਭ ਕੁਝ ਲਿਖਿਆ ਗਿਆ।

ਮੈਂ ਲੁਧਿਆਣੇ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਵਿੱਚ ਪੈਂਦੇ ਪਿੰਡ ਬੜੀ ਬਗਲੀ (ਬਗਲੀ ਕਲਾਂ) ਦੇ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਤੱਕ ਪੜ੍ਹਿਆ ਹਾਂ। ਸਾਡੇ ਵੱਡੇ ਮਾਸਟਰ ਹੁੰਦੇ ਸਨ, ਸ੍ਰੀ ਵਸੰਦਾ ਰਾਮ। ਉਹ ਲੁਧਿਆਣੇ ਦੇ ਰਹਿਣ ਵਾਲੇ ਸਨ। ਦੂਜੇ ਮਾਸਟਰ ਸ੍ਰੀ ਸਾਗਰ ਚੰਦ ਪਿੰਡ ਦਹਿੜੂ ਤੋਂ ਸਾਈਕਲ ’ਤੇ ਸਕੂਲ ਆਉਂਦੇ ਸਨ। ਦੋਵੇਂ ਬੜੇ ਅੜਬ ਸੁਭਾਅ ਦੇ ਸਨ, ਪਰ ਪੜ੍ਹਾਉਣ ਵਿੱਚ ਬੜੇ ਹੀ ਕਾਬਲ ਅਤੇ ਮਿਹਨਤੀ। ਜਦੋਂ ਮੈਂ ਪਹਿਲੀ ਜਮਾਤ ਵਿੱਚ ਦਾਖ਼ਲ ਹੋਇਆ, ਮੇਰੇ ਬਾਈ (ਪਿਤਾ ਜੀ) ਨੇ ਇੱਕ ਲੱਕੜੀ ਦਾ ਪਟੜਾ ਵੀ ਬਣਵਾ ਕੇ ਮਾਸਟਰਾਂ ਨੂੰ ਦਿੱਤਾ ਸੀ।

Advertisement

ਦਰਅਸਲ, ਮਾਸਟਰ ਨੇ ਸਾਫ਼ ਕਹਿ ਦਿੱਤਾ ਸੀ, “ਸਾਡੇ ਕੋਲ ਬੈਠਣ ਲਈ ਕੋਈ ਫਰਨੀਚਰ ਨਹੀਂ, ਆਪ ਪ੍ਰਬੰਧ ਕਰਕੇ ਦਾਖ਼ਲ ਕਰਾਇਓ ਬੱਚੇ ਨੂੰ।” ਸੋ ਮੈਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਸ ਤਰ੍ਹਾਂ ਦਾਖ਼ਲ ਹੋਇਆ ਸਾਂ। ਮੇਰੇ ਦਾਖ਼ਲੇ ’ਤੇ ਮੇਰੇ ਬਾਈ ਨੇ ਕਲਾਸ ਨੂੰ ਪਤਾਸੇ ਵੰਡੇ ਸਨ। ਮੈਨੂੰ ਯਾਦ ਹੈ ਕਿ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੈਂ ਉਪਰੋਕਤ ਅਧਿਆਪਕਾਂ ਤੋਂ ਇਲਾਵਾ ਇੱਕ ਅਧਿਆਪਕ ਹੁਸ਼ਿਆਰ ਸਿੰਘ ਤੋਂ ਬੜਾ ਪ੍ਰਭਾਵਿਤ ਹੋਇਆ ਸਾਂ। ਉਹ ਸਾਨੂੰ ਪੰਜਵੀਂ ਵਿੱਚ ਪੰਜਾਬੀ ਪੜ੍ਹਾਉਂਦੇ ਸਨ। ਹਸਮੁਖ, ਮਿਲਾਪੜੇ ਅਤੇ ਬੱਚਿਆਂ ਵਿੱਚ ਘੁਲ-ਮਿਲ ਜਾਣ ਵਾਲੇ ਹੁਸ਼ਿਆਰ ਸਿੰਘ ਲੋਹਟਬੱਦੀ ਪਿੰਡ ਤੋਂ ਸਾਈਕਲ ’ਤੇ ਸਾਡੇ ਪਿੰਡ ਪੜ੍ਹਾਉਣ ਆਉਂਦੇ ਸਨ। ਉਨ੍ਹਾਂ ਵਿੱਚ ਕਈ ਗੁਣ ਸਨ, ਪਰ ਉਹ ਲੇਖ ਲਿਖਣ, ਚਿੱਠੀ-ਪੱਤਰ ਲਿਖਣ ਵੇਲੇ ਕਹਿੰਦੇ ਸਨ, “ਮੁੰਡਿਓ! ਰੱਟਾ ਨਹੀਂ ਲਾਉਣਾ, ਨਾ ਹੀ ਕਿਤੋਂ ਨਕਲ ਕਰਨੀ ਹੈ।

Advertisement

ਪਹਿਲਾਂ ਸੋਚ ਲਓ ਕਿ ਲੇਖ ਵਿੱਚ ਕੀ-ਕੀ ਲਿਖਣਾ ਹੈ, ਬੱਸ ਆਪਣੇ ਕੋਲੋਂ ਬਣਾ ਕੇ ਕਈ ਸਫ਼ੇ ਭਰ ਦਿਓ। ਤੁਹਾਡਾ ਲੇਖ ਮੌਲਿਕ ਹੋਊ, ਨੰਬਰ ਵੱਧ ਮਿਲਣਗੇ।” ਉਨ੍ਹਾਂ ਦੀ ਸਾਧਾਰਨ ਜਿਹੀ ਰਾਇ ਨੇ ਮੈਨੂੰ ਲਿਖਣ ਦੀ ਚੇਟਕ ਲਾ ਦਿੱਤੀ। ਸਾਡੇ ਮਨ ਤੋਂ ਰੱਟਾ ਲਾਉਣ ਦਾ ਬੋਝ ਉਤਰ ਗਿਆ ਸੀ। ਹੋ ਸਕਦਾ ਹੈ ਮੈਂ ਇਸ ਕਾਰਨ ਹੀ ਅੱਜ ਪੰਜਾਬੀ ਦਾ ਲੇਖਕ ਬਣਿਆ ਹੋਵਾਂ। ਮਾਸਟਰ ਵਸੰਦਾ ਰਾਮ ਸ਼ਨਿੱਚਰਵਾਰ ਨੂੰ ਚਾਵਾ ਪਾਇਲ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਚੜ੍ਹ ਕੇ ਲੁਧਿਆਣੇ ਜਾਂਦੇ। ਉਨ੍ਹਾਂ ਦੇ ਪੜ੍ਹਾਉਣ ਦਾ ਢੰਗ ਬੜਾ ਵਧੀਆ ਸੀ। ਗਣਿਤ ਪੜ੍ਹਾ ਰਹੇ ਹੁੰਦੇ ਤਾਂ ਸਾਨੂੰ ਖੇਤਾਂ ਵਿੱਚ ਲੈ ਜਾਂਦੇ, ਉੱਥੇ ‘ਵਰਗਾਕਾਰ’ ਅਤੇ ‘ਆਇਤਾਕਾਰ’ ਕਿਆਰੀਆਂ ਦਿਖਾਉਂਦੇ।

ਫਿਰ ਇੱਕ-ਇੱਕ ਕਿਆਰੀ ਦੁਆਲੇ ਆਪ ਘੁੰਮਦੇ। ਕਹਿੰਦੇ, ਕਿਆਰੀ ਦੁਆਲੇ ਇੱਕ ਚੱਕਰ ਕੱਢਣ ’ਤੇ ਉਸ ਦਾ ਘੇਰਾ ਪਤਾ ਚੱਲ ਜਾਂਦਾ ਹੈ। ਚੱਕਰ ਕੱਢਦੇ ਸਮੇਂ ਸਾਨੂੰ ਦੋ ਲੰਬਾਈਆਂ ਅਤੇ ਦੋ ਚੌੜਾਈਆਂ ਤੁਰਨੀਆਂ ਪੈਂਦੀਆਂ ਹਨ। ਇਸ ਲਈ ਘੇਰਾ = 2 (ਲੰਬਾਈ + ਚੌੜਾਈ) ਇਹ ਸੂਤਰ ਭਲਾ ਕਿਸੇ ਬੱਚੇ ਨੂੰ ਕਿਵੇਂ ਭੁੱਲ ਸਕਦਾ ਹੈ? ਜਦੋਂ ਸਮਾਜਿਕ ਅਧਿਐਨ ਪੜ੍ਹਾਉਂਦੇ ਤਾਂ ਗਰਮੀ-ਸਰਦੀ ਦੇ ਮੌਸਮ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦਿਖਾਉਣ ਲਈ ਸਾਨੂੰ ਖੇਤਾਂ ਵਿੱਚ ਲੈ ਜਾਂਦੇ। ਸਵੇਰ ਦੀ ਸਭਾ ਵਿੱਚ ਰਾਸ਼ਟਰੀ ਗੀਤ ਆਪ ਬੱਚਿਆਂ ਨਾਲ ਗਾਉਂਦੇ ਸਨ। ਫਿਰ ਸਰੀਰਕ ਕਸਰਤ ਲਈ ਥੋੜ੍ਹਾ ਸਮਾਂ ਲਗਾਇਆ ਜਾਂਦਾ ਸੀ। ਕਦੇ-ਕਦੇ ਕੱਬ ਬੁਲਬੁਲ, ਪਿੱਠੂ ਗਰਮ, ਖੋ-ਖੋ ਵੀ ਖਿਡਾਉਂਦੇ ਸਨ।

ਸ਼ਨਿੱਚਰਵਾਰ ਨੂੰ ਬਾਲ ਦਰਬਾਰ ਲੱਗਦਾ। ਬੱਚੇ ਇੱਧਰੋਂ-ਉੱਧਰੋਂ ਸੁਣੇ ਧਾਰਮਿਕ ਤੇ ਲਾਊਡ ਸਪੀਕਰਾਂ ਦੇ ਗੀਤ ਸੁਣਾਉਂਦੇ। ਮੈਂ ਅੱਧੀ ਛੁੱਟੀ ਤੋਂ ਹੀ ਸਾਰੀਆਂ ਕਲਾਸਾਂ ਵਿੱਚ ਬੋਲਣ ਵਾਲਿਆਂ ਦੇ ਨਾਂ ਇਕੱਠੇ ਕਰਦਾ ਹੁੰਦਾ ਸੀ। ਮੈਨੂੰ ਵੱਡੇ ਮਾਸਟਰਾਂ ਨੇ ਸਕੱਤਰ ਬਣਾ ਦਿੱਤਾ ਸੀ। ਬੱਚੇ ਫ਼ਰਸ਼ ’ਤੇ ਦਰੀ ਉੱਪਰ ਬੈਠਦੇ ਅਤੇ ਮੈਂ ਸਟੂਲ ’ਤੇ। ਬੱਸ ਉਨ੍ਹਾਂ ਪਲਾਂ ਵਿੱਚ ਹੀ ਕਿਤੇ ਮੇਰੇ ਜ਼ਿਹਨ ਦੀ ਜ਼ਮੀਨ ਵਿੱਚ ਲਿਖਣ ਦਾ ਬੀਜ ਬੀਜਿਆ ਗਿਆ।

ਮੈਂ ਆਪਣੇ ਸਾਰੇ ਉਨ੍ਹਾਂ ਅਧਿਆਪਕਾਂ ਨੂੰ ਦਿਲੋਂ ਨਤਮਸਤਕ ਹੁੰਦਾ ਹਾਂ, ਜਿਨ੍ਹਾਂ ਨੇ ਮੇਰੇ ਵਰਗੇ ਸਿੱਧੇ-ਸਾਦੇ ਪੇਂਡੂ ਮੁੰਡੇ ਦੀ ਸ਼ਖ਼ਸੀਅਤ ਨੂੰ ਇੰਨਾ ਤਰਾਸ਼ਿਆ ਅਤੇ ਸੰਵਾਰਿਆ।

ਸੰਪਰਕ: mayer_hk@yahoo.com

Advertisement
×