ਚੋਰਾਂ ਤੋਂ ਬਣੇ ਖਰਬੂਜ਼ਿਆਂ ਦੇ ਰਖਵਾਲੇ
ਸੰਨ 1967-68 ਦੀ ਗੱਲ ਹੈ। ਉਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ। ਮੇਰੇ ਚਾਚਾ ਜੀ ਦਾ ਪੁੱਤਰ ਕੁਲਵੰਤ, ਤਾਇਆ ਜੀ ਦਾ ਦੋਹਤਾ ਉਪਿੰਦਰ ਅਤੇ ਮੈਂ ਅਸੀਂ ਸਾਰੇ ਹਾਣੀ ਸਾਂ। ਬਚਪਨ ਦੀ ਇਹ ਘਟਨਾ ਅੱਜ ਵੀ ਸਾਡੇ ਤਿੰਨਾਂ ਦੇ ਦਿਮਾਗ਼ ਵਿੱਚ...
ਸੰਨ 1967-68 ਦੀ ਗੱਲ ਹੈ। ਉਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ। ਮੇਰੇ ਚਾਚਾ ਜੀ ਦਾ ਪੁੱਤਰ ਕੁਲਵੰਤ, ਤਾਇਆ ਜੀ ਦਾ ਦੋਹਤਾ ਉਪਿੰਦਰ ਅਤੇ ਮੈਂ ਅਸੀਂ ਸਾਰੇ ਹਾਣੀ ਸਾਂ। ਬਚਪਨ ਦੀ ਇਹ ਘਟਨਾ ਅੱਜ ਵੀ ਸਾਡੇ ਤਿੰਨਾਂ ਦੇ ਦਿਮਾਗ਼ ਵਿੱਚ ਜਿਉਂ ਦੀ ਤਿਉਂ ਵਸੀ ਹੋਈ ਹੈ। ਸਾਡੇ ਪਿੰਡ ਦੇ ਘਰਾਂ ਦੇ ਗੁਆਂਢੀਆਂ ਨੇ ਆਪਣੇ ਘਰਾਂ ਦੇ ਨੇੜਲੇ ਖੇਤਾਂ ਵਿੱਚ ਖਰਬੂਜ਼ੇ ਬੀਜੇ ਹੋਏ ਸਨ। ਉਨ੍ਹਾਂ ਦਾ ਲੜਕਾ ਗੁਰਮੀਤ ਸਾਡੇ ਤੋਂ ਦੋ-ਤਿੰਨ ਸਾਲ ਵੱਡਾ ਸੀ। ਉਹ ਸਾਡਾ ਪੱਕਾ ਆੜੀ ਸੀ। ਉਹ ਕਦੇ-ਕਦੇ ਸਾਨੂੰ ਖਰਬੂਜ਼ੇ ਖੁਆ ਵੀ ਦਿੰਦਾ ਸੀ, ਜੋ ਬਹੁਤ ਹੀ ਮਿੱਠੇ ਹੁੰਦੇ ਸਨ।
ਇੱਕ ਦਿਨ ਤੇਜ਼ ਹਨੇਰੀ ਵਗ ਰਹੀ ਸੀ। ਹਨੇਰੀ ਇੰਨੀ ਜ਼ਿਆਦਾ ਤੇਜ਼ ਸੀ ਕਿ ਉੱਡਦੀ ਧੂੜ ਤੇ ਰੇਤੇ ਕਾਰਨ ਥੋੜ੍ਹੀ ਦੂਰ ਤੱਕ ਵੇਖਣਾ ਵੀ ਮੁਸ਼ਕਿਲ ਹੋਇਆ ਪਿਆ ਸੀ। ਇਸ ਹਨੇਰੀ ਦਾ ਫ਼ਾਇਦਾ ਉਠਾਉਂਦਿਆਂ ਅਸੀਂ ਤਿੰਨਾਂ ਨੇ ਸਲਾਹ ਬਣਾਈ ਕਿ ਕਿਉਂ ਨਾ ਅੱਜ ਗੁਰਮੀਤ ਹੋਰਾਂ ਦੇ ਖਰਬੂਜ਼ੇ ਤੋੜੇ ਜਾਣ। ਲਾਲਚਵੱਸ ਅਸੀਂ ਖਰਬੂਜ਼ਿਆਂ ਦੇ ਖੇਤ ਵਿੱਚ ਜਾ ਵੜੇ। ਅਜੇ ਅਸੀਂ ਪੱਕੇ-ਪੱਕੇ ਖਰਬੂਜ਼ੇ ਲੱਭ ਕੇ ਦੋ-ਦੋ, ਤਿੰਨ-ਤਿੰਨ ਹੀ ਤੋੜੇ ਸਨ ਕਿ ਅਚਾਨਕ ਸਾਨੂੰ ਕੋਈ ‘ਚੋਰ... ਚੋਰ...’ ਦਾ ਰੌਲਾ ਪਾਉਂਦਾ ਹੋਇਆ ਸਾਡੇ ਵੱਲ ਭੱਜਾ ਆਉਂਦਾ ਦਿਸਿਆ। ਜਦੋਂ ਅਸੀਂ ਧਿਆਨ ਨਾਲ ਵੇਖਿਆ ਤਾਂ ਉਹ ਕੋਈ ਹੋਰ ਨਹੀਂ ਸਗੋਂ ਸਾਡਾ ਆੜੀ ਗੁਰਮੀਤ ਹੀ ਸੀ। ਫਿਰ ਕੀ ਸੀ, ਅਸੀਂ ਤਿੰਨੇ ਜਣੇ ਤੋੜੇ ਹੋਏ ਖਰਬੂਜ਼ੇ ਉੱਥੇ ਹੀ ਸੁੱਟ ਕੇ ਅਲੀਪੁਰ ਪਿੰਡ ਵੱਲ ਨੂੰ ਦੌੜ ਪਏ। ਗੁਰਮੀਤ ਵੀ ਪੂਰੀ ਰਫ਼ਤਾਰ ਨਾਲ ਸਾਡੇ ਪਿੱਛੇ ਆ ਰਿਹਾ ਸੀ। ਅਸੀਂ ਰੇਤਲੇ ਰਾਹਾਂ ਵਿੱਚ ਪੂਰਾ ਜ਼ੋਰ ਲਾ ਕੇ ਭੱਜੇ, ਪਰ ਗੁਰਮੀਤ ਸਾਡੇ ਤੋਂ ਵੱਡਾ ਤੇ ਤਕੜਾ ਹੋਣ ਕਰਕੇ ਤੇਜ਼ ਦੌੜ ਰਿਹਾ ਸੀ। ਆਖ਼ਰ ਚਾਰ-ਪੰਜ ਕਿੱਲਿਆਂ ਦੀ ਵਿੱਥ ’ਤੇ ਜਾ ਕੇ ਉਸ ਨੇ ਸਾਨੂੰ ਤਿੰਨਾਂ ਨੂੰ ਦਬੋਚ ਹੀ ਲਿਆ। ਸਾਨੂੰ ਸਾਹਮਣੇ ਵੇਖ ਕੇ ਉਹ ਬਹੁਤ ਹੈਰਾਨ ਹੋਇਆ। ਉਸ ਨੇ ਹੱਕਾ-ਬੱਕਾ ਰਹਿ ਕੇ ਕਿਹਾ, “ਓਏ ਤੁਸੀਂ ਚੋਰ? ਤੁਹਾਨੂੰ ਤਾਂ ਮੈਂ ਆਪ ਖਰਬੂਜ਼ੇ ਖੁਆਉਂਦਾ ਹੁੰਦਾ ਸਾਂ, ਫਿਰ ਤੁਸੀਂ ਚੋਰੀ ਕਿਉਂ ਕੀਤੀ? ਮੇਰੇ ਤੋਂ ਹੋਰ ਮੰਗ ਲੈਂਦੇ।” ਹੁਣ ਅਸੀਂ ਅਪਰਾਧੀ ਵਾਂਗ ਸਿਰ ਸੁੱਟੀ ਖੜ੍ਹੇ ਸਾਂ। ਅਸੀਂ ਝੇਂਪਦੇ ਹੋਏ ਗੁਰਮੀਤ ਨੂੰ ਕਿਹਾ, “ਤੁਹਾਡੇ ਖਰਬੂਜ਼ੇ ਬਹੁਤ ਮਿੱਠੇ ਨੇ, ਬੱਸ ਲਾਲਚ ਵਿੱਚ ਆ ਗਏ ਕਿ ਅੱਜ ਰੱਜ ਕੇ ਖਾਵਾਂਗੇ।” ਗੁਰਮੀਤ ਨੇ ਖਿਝ ਕੇ ਪਰ ਪਿਆਰ ਨਾਲ ਕਿਹਾ “ਚੱਲੋ, ਲੱਗੋ ਅੱਗੇ... ਅੱਜ ਮੈਂ ਤੁਹਾਨੂੰ ਰੱਜ ਕੇ ਖਰਬੂਜ਼ੇ ਖਵਾਉਂਦਾ ਹਾਂ।” ਅਸੀਂ ਡਰ ਕੇ ਗੁਰਮੀਤ ਦੀਆਂ ਮਿੰਨਤਾਂ ਕਰਨ ਲੱਗੇ, “ਵੀਰੇ, ਅੱਜ ਸਾਨੂੰ ਬਚਾ ਲੈ, ਅੱਗੇ ਤੋਂ ਕਦੇ ਅਜਿਹੀ ਹਰਕਤ ਨਹੀਂ ਕਰਦੇ।” ਅਸੀਂ ਉਸ ਨੂੰ ਪੁਰਾਣੀ ਆੜੀ ਦਾ ਵਾਸਤਾ ਵੀ ਪਾਇਆ। ਸਾਡੇ ਤਿੰਨਾਂ ਦੇ ਦਿਲ ਧੱਕ-ਧੱਕ ਕਰ ਰਹੇ ਸਨ ਅਤੇ ਦਿਮਾਗ਼ ਵਿੱਚ ਇਹੀ ਡਰ ਘੁੰਮ ਰਿਹਾ ਸੀ ਕਿ ਅੱਜ ਗੁਰਮੀਤ ਦੇ ਘਰਦਿਆਂ ਤੋਂ ਤਾਂ ਛਿੱਤਰ ਪੈਣਗੇ ਹੀ, ਨਾਲੇ ਆਪਣੇ ਮਾਪਿਆਂ ਤੋਂ ਕੁੱਟ ਵੱਖਰੀ ਪਵੇਗੀ। ਜਦੋਂ ਅਸੀਂ ਗੁਰਮੀਤ ਦੇ ਘਰ ਦੇ ਕੋਲ ਪਹੁੰਚੇ ਤਾਂ ਅਸੀਂ ਵੇਖਿਆ ਕਿ ਗੁਰਮੀਤ ਦੇ ਪਰਿਵਾਰ ਦੇ ਕਾਫ਼ੀ ਜੀਅ ਚੋਰਾਂ ਨੂੰ ਵੇਖਣ ਲਈ ਪਹਿਲਾਂ ਹੀ ਉੱਥੇ ਖੜ੍ਹੇ ਸਨ। ਗੁਰਮੀਤ ਦੇ ਚਾਚਾ ਜੀ ਨੇ ਕਿਹਾ, “ਓਏ ਇਹ ਚੋਰ ਤਾਂ ਲਾਹੌਰੀਆਂ ਦੇ ਮੁੰਡੇ ਨੇ (ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਤੋਂ ਆਉਣ ਕਰਕੇ ਲੋਕ ਸਾਨੂੰ ਲਾਹੌਰੀਏ ਸੱਦਦੇ ਸਨ)। ਓਏ ਗੁਰਮੀਤ, ਇਹ ਤਾਂ ਤੇਰੇ ਆੜੀ ਨੇ ਤੇ ਤੂੰ ਤਾਂ ਇਨ੍ਹਾਂ ਨੂੰ ਖਰਬੂਜ਼ੇ ਵੀ ਖੁਆਉਂਦਾ ਰਿਹਾ ਏਂ, ਇਹ ਮੁੰਡੇ ਫਿਰ ਵੀ ਖਰਬੂਜ਼ੇ ਚੋਰੀ ਕਰਨ ਆ ਗਏ।” ਉਸ ਨੇ ਫਿਰ ਕਿਹਾ, “ਬੰਨ੍ਹੋ ਇਨ੍ਹਾਂ ਨੂੰ ਤੇ ਬੁਲਾਓ ਇਨ੍ਹਾਂ ਦੇ ਘਰਦਿਆਂ ਨੂੰ, ਵਿਖਾਈਏ ਇਨ੍ਹਾਂ ਦੀ ਕਰਤੂਤ।” ਅੱਗੋਂ ਜੋ ਗੁਰਮੀਤ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਤਿੰਨਾਂ ਨੂੰ ਹੈਰਾਨ ਕਰ ਦਿੱਤਾ, ਜਿਸ ਲਈ ਅੱਜ ਵੀ ਅਸੀਂ ਗੁਰਮੀਤ ਦੇ ਅਹਿਸਾਨਮੰਦ ਹਾਂ। ਗੁਰਮੀਤ ਨੇ ਆਪਣੇ ਚਾਚੇ ਨੂੰ ਕਿਹਾ, “ਚਾਚਾ ਜੀ ਇਹ ਚੋਰ ਨਹੀਂ ਹਨ। ਇਹ ਤਿੰਨੇ ਤਾਂ ਚੋਰਾਂ ਨੂੰ ਫੜਨ ਲਈ ਮੇਰੇ ਨਾਲ ਦੌੜੇ ਸਨ, ਪਰ ਚੋਰ ਮੁੰਡੇ ਸਾਡੇ ਤੋਂ ਫੜੇ ਨਹੀਂ ਗਏ। ਉਹ ਮੁੰਡੇ ਦੇਖ ਤਾਂ ਲਏ ਸਨ, ਪਰ ਸਾਡੇ ਤੋਂ ਪਛਾਣੇ ਨਹੀਂ ਗਏ।”
ਗੁਰਮੀਤ ਦੀ ਇਹ ਗੱਲ ਸੁਣ ਕੇ ਸਾਡੀ ਜਾਨ ਵਿੱਚ ਜਾਨ ਆਈ। ਸਾਡੇ ਤਿੰਨਾਂ ਦੇ ਚਿਹਰਿਆਂ ਉੱਤੇ ਅਚਾਨਕ ਮੁਸਕਾਨ ਆ ਗਈ। ਅਸੀਂ ਚੋਰਾਂ ਤੋਂ ਅਚਾਨਕ ਖਰਬੂਜ਼ਿਆਂ ਦੇ ਖੇਤ ਦੇ ਰਾਖੇ ਬਣ ਗਏ ਸਾਂ। ਗੁਰਮੀਤ ਨੇ ਸਾਡੇ ਨਾਲ ਆਪਣੀ ਯਾਰੀ ਨਿਭਾ ਦਿੱਤੀ ਸੀ। ਗੁਰਮੀਤ ਦੀ ਗੱਲ ਸੁਣ ਕੇ ਉਸ ਦੇ ਚਾਚੇ ਨੇ ਸਾਨੂੰ ਸ਼ਾਬਾਸ਼ੀ ਦਿੱਤੀ ਕਿ ਚੋਰਾਂ ਨੂੰ ਫੜਨ ਲਈ ਅਸੀਂ ਵੀ ਉਸ ਨਾਲ ਭੱਜੇ ਸਾਂ। ਉਸ ਨੇ ਗੁਰਮੀਤ ਨੂੰ ਕਿਹਾ ਕਿ ਉਹ ਘਰ ਅੰਦਰੋਂ ਟੋਕਰੇ ਵਿੱਚ ਪਏ ਖਰਬੂਜ਼ਿਆਂ ਵਿੱਚੋਂ ਇੱਕ-ਇੱਕ ਖਰਬੂਜ਼ਾ ਲਿਆ ਕੇ ਸਾਨੂੰ ਇਨਾਮ ਵਜੋਂ ਦੇਵੇ। ਗੁਰਮੀਤ ਖ਼ੁਸ਼ ਹੋ ਕੇ ਅੰਦਰੋਂ ਤਿੰਨ ਪੱਕੇ ਖਰਬੂਜ਼ੇ ਲੈ ਕੇ ਆਇਆ ਤੇ ਸਾਨੂੰ ਦਿੱਤੇ। ਅਸੀਂ ਗੁਰਮੀਤ ਵੱਲੋਂ ਖੇਡੀ ਗਈ ਜੁਗਤ ਉੱਤੇ ਹੈਰਾਨ ਹੋ ਰਹੇ ਸਾਂ, ਜਿਸ ਨੇ ਚੋਰੀ ਦੀ ਸਜ਼ਾ ਦੀ ਬਜਾਏ ਸਾਨੂੰ ਸ਼ਾਬਾਸ਼ੀ ਦੁਆਈ ਸੀ। ਅਸੀਂ ਤਿੰਨੇ ਆਪੋ-ਆਪਣਾ ਖਰਬੂਜ਼ਾ ਲੈ ਕੇ ਆਪਣੇ ਘਰਾਂ ਦੇ ਨੇੜੇ ਬੋਹੜ ਦੀ ਛਾਂ ਹੇਠਾਂ ਬੈਠ ਕੇ ਖਾਣ ਲੱਗੇ। ਖਰਬੂਜ਼ਿਆਂ ਦੇ ਖੇਤ ਵਿੱਚ ਸਾਡੇ ਵੱਲੋਂ ਤੋੜੇ ਗਏ ਖਰਬੂਜ਼ੇ, ਜੋ ਅਸੀਂ ਉੱਥੇ ਹੀ ਸੁੱਟ ਕੇ ਭੱਜੇ ਸਾਂ, ਉਨ੍ਹਾਂ ਦਾ ਤਾਂ ਪਤਾ ਨਹੀਂ ਕਿ ਉਹ ਮਿੱਠੇ ਸਨ ਜਾਂ ਨਹੀਂ, ਪਰ ਗੁਰਮੀਤ ਦੀ ਜੁਗਤ ਨਾਲ ਸ਼ਾਬਾਸ਼ੀ ਦੇ ਰੂਪ ਵਿੱਚ ਮਿਲੇ ਖਰਬੂਜ਼ੇ ਬਹੁਤ ਮਿੱਠੇ ਸਨ ਕਿਉਂਕਿ ਇਨ੍ਹਾਂ ਵਿੱਚ ਗੁਰਮੀਤ ਵੱਲੋਂ ਨਿਭਾਈ ਗਈ ਦੋਸਤੀ ਦੀ ਮਿਠਾਸ ਵੀ ਰਲੀ ਹੋਈ ਸੀ। ਅਸੀਂ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਹੱਸਦੇ ਹਾਂ ਅਤੇ ਗੁਰਮੀਤ ਨੂੰ ਯਾਦ ਕਰਦੇ ਹਾਂ।
ਸੰਪਰਕ: 98721-35264

