ਵਿਜੈ ਬੰਬੇਲੀ
ਮੇਘਾ ਡੰਗਰ ਚਰਾਉਂਦਾ ਹੁੰਦਾ ਸੀ। ਪਸ਼ੂਆਂ ਨਾਲ ਮੂੰਹ ਨ੍ਹੇਰੇ ਨਿੱਕਲ ਜਾਂਦਾ। ਜਦ ਮੁੜਦਾ, ਡੂੰਘੀ ਆਥਣ ਪਸਰ ਗਈ ਹੁੰਦੀ। ਇਹ ਕਿੱਸਾ ਕੋਈ 500 ਵਰ੍ਹੇ ਪੁਰਾਣਾ ਹੈ। ਕਈ ਕੋਹਾਂ ਤੱਕ ਫੈਲਿਆ ਸਪਾਟ ਰੇਗਿਸਤਾਨ। ਮੇਘਾ ਦਿਨ ਭਰ ਦੇ ਗੁਜ਼ਾਰੇ ਜੋਗਾ ਪਾਣੀ ਮਿੱਟੀ ਵਾਲੀ ਸੁਰਾਹੀ ਵਿਚ ਲੈ ਜਾਂਦਾ। ਇਕ ਦਿਨ ਸੁਰਾਹੀ ਵਿਚ ਥੋੜ੍ਹਾ ਜਿਹਾ ਪਾਣੀ ਬਚ ਗਿਆ। ਮੇਘੇ ਨੂੰ ਪਤਾ ਨਹੀਂ ਕੀ ਸੁੱਝਿਆ, ਉਸ ਨੇ ਉੱਥੇ ਹੀ ਛੋਟਾ ਜਿਹਾ ਟੋਆ ਪੁੱਟਿਆ, ਉਸ ਵਿਚ ਬਚਿਆ ਪਾਣੀ ਪਾਇਆ ਅਤੇ ਫਿਰ ਅੱਕ ਦੇ ਪੱਤਿਆਂ ਨਾਲ ਢਕ ਦਿੱਤਾ। ਚਰਵਾਹੇ ਦਾ ਪੱਕਾ ਟਿਕਾਣਾ ਕੋਈ ਨਹੀਂ ਹੁੰਦਾ; ਅੱਜ ਇੱਥੇ, ਕੱਲ੍ਹ ਕਿਤੇ ਹੋਰ। ਮੇਘਾ ਦੋ ਦਿਨ ਉੱਧਰ ਨਾ ਜਾ ਸਕਿਆ। ਤੀਜੇ ਦਿਨ ਜਦੋਂ ਉਹ ਉੱਥੇ ਅੱਪੜਿਆ ਤਾਂ ਬੜੀ ਬੇਸਬਰੀ ਨਾਲ ਪੱਤੇ ਚੁੱਕੇ। ਟੋਏ ਵਿਚ ਪਾਣੀ ਤਾਂ ਨਹੀਂ ਸੀ ਪਰ ਵਿਚੋਂ ਠੰਢੀ ਹਵਾ ਜ਼ਰੂਰ ਰੁਮਕੀ। ਮੇਘੇ ਦੇ ਮੂੰਹੋਂ ਅਚਾਨਕ ਨਿੱਕਲਿਆ- ਭਾਫ਼। ਉਸ ਨੇ ਸੋਚਿਆ, ‘ਜੇ ਜ਼ਰਾ ਜਿੰਨੇ ਪਾਣੀ ਨਾਲ ਸਿੱਲ੍ਹ ਬਚ ਸਕਦੀ ਹੈ ਤਾਂ ਫਿਰ ਇੱਥੇ ਤਾਲਾਬ ਕਿਉਂ ਨਹੀਂ ਬਣ ਸਕਦਾ? ਰੇਗਿਸਤਾਨ ਵੀ ਤਾਂ ਪਾਣੀ ਜਮ੍ਹਾਂ ਕਰ ਸਕਦਾ ਹੈ!…।’
ਇਸ ਵਾਕਿਆ ਤੋਂ ਬਾਅਦ ਮੇਘੇ ਨੇ ਇਕੱਲਿਆਂ ਹੀ ਤਾਲਾਬ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਇਸ ਕੰਮ ਵਿਚ ਲੱਗੇ ਨੂੰ ਦੇਖ ਦੇਖ ਲੋਕੀਂ ਮੁਸਕੜੀ ਹੱਸਦੇ ਪਰ ਆਪਣੇ ਅਹਿਦ ਨੂੰ ਪਰਖਣ ਲਈ ਉਹ ਕਲਮ-ਕੱਲਾ ਹੀ ਡਟਿਆ ਰਿਹਾ। ਉਹ ਰੋਜ਼ ਆਪਣੇ ਨਾਲ ਕਹੀ ਅਤੇ ਤਸਲਾ ਲੈ ਜਾਂਦਾ, ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਡੰਗਰ ਵੀ ਆਲੇ-ਦੁਆਲੇ ਚਰਦੇ ਰਹਿੰਦੇ। ਉਸ ਅੰਦਰ ਭੀਮ ਜਿਹੀ ਤਾਕਤ ਤਾਂ ਭਾਵੇਂ ਨਹੀਂ ਸੀ ਪਰ ਭੀਮ ਜਿਹਾ ਇਰਾਦਾ ਅਤੇ ਦ੍ਰਿੜਤਾ ਉਸ ਕੋਲ ਜ਼ਰੂਰ ਸੀ। ਮੇਘਾ ਪੁੱਟ-ਪੁਟਾਈ ਦੇ ਇਸ ਕਾਰਜ ਵਿਚ ਲਗਾਤਾਰ ਦੋ ਸਾਲ ਇਕੱਲਾ ਹੀ ਜੁਟਿਆ ਰਿਹਾ। ਇਸ ਤੋਂ ਬਾਅਦ ਦੂਰ ਦੂਰ ਤੱਕ ਸਪਾਟ ਫੈਲੇ ਰੇਗਿਸਤਾਨ ਵਿਚ ਤਾਲਾਬ ਦਾ ਘੇਰਾ ਦੂਰੋਂ ਹੀ ਦਿਸਣ ਲੱਗ ਪਿਆ। ਫਿਰ ਛੇਤੀ ਹੀ ਬੰਨ੍ਹ ਦੀ ਖ਼ਬਰ ਚਾਰ-ਚੁਫੇਰੇ ਫੈਲ ਗਈ।
ਹੁਣ ਪਿੰਡ ਦੇ ਬੱਚੇ ਵੀ ਤੇ ਬਜ਼ੁਰਗ ਵੀ ਮੇਘਾ ਦਾ ਸਾਥ ਦੇਣ ਲੱਗੇ। ਹੋਰ ਵਕਤ ਬੀਤਿਆ ਤਾਂ ਗੱਭਰੂ ਵੀ ਨਾਲ ਰਲਣ ਲੱਗੇ ਅਤੇ ਕਦੇ-ਕਦੰਤ ਤ੍ਰੀਮਤਾਂ ਵੀ। ਇਸੇ ਤਰ੍ਹਾਂ 12 ਸਾਲ ਲੰਘ ਗਏ, ਫਿਰ ਵੀ ਤਾਲਾਬ ਉੱਤੇ ਵੱਖ ਵੱਖ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ। ਫਿਰ ਇਕ ਦੁਖਾਂਤ ਵਾਪਰਿਆ, ਮੇਘਾ ਸਮੇਂ ਤੋਂ ਪਹਿਲਾਂ ਹੀ ਚੱਲ ਵਸਿਆ। ਚਿਤਾ ਉੱਤੇ ਪਤਨੀ ਦਾ ਸਤੀ ਹੋ ਜਾਣਾ ਉਸ ਸਮੇਂ ਦਾ ਰੁਝਾਨ ਸੀ ਪਰ ਉਹਦੀ ਪਤਨੀ ਸਤੀ ਨਾ ਹੋਈ। ਮੇਘੇ ਦਾ ਅਧੂਰਾ ਸੁਫ਼ਨਾ ਪੂਰਾ ਕਰਨ ਲਈ ਉਸ ਨੇ ਸਮਾਜ ਦੀ ਇਸ ‘ਰੀਤ’ ਨੂੰ ਠੋਕਰ ਮਾਰ ਦਿੱਤੀ। ਪਤਨੀ ਨੇ ਮੇਘੇ ਦਾ ਕੰਮ ਚਾਲੂ ਰੱਖਿਆ। ਉਹ ਉਸ ਨੂੰ ਇੰਜ ਹੀ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੀ ਸੀ।
ਆਖਿ਼ਰਕਾਰ ਸੁਫ਼ਨਾ ਸਾਕਾਰ ਹੋ ਗਿਆ ਜਿਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਸੀ ਰੋਕ ਸਕਦੀ। ਇਹ ਤਾਲਾਬ ‘ਭਾਫ਼’ ਕਾਰਨ ਬਣਨਾ ਸ਼ੁਰੂ ਹੋਇਆ ਸੀ, ਇਸੇ ਕਰ ਕੇ ਇਸ ਜਗ੍ਹਾ ਦਾ ਨਾਂ ਵੀ ਭਾਫ਼ ਪੈ ਗਿਆ ਜਿਹੜਾ ਬਾਅਦ ਵਿਚ ਵਿਗੜ ਕੇ ‘ਬਾਪ’ ਹੋ ਗਿਆ। ਮੇਘਾ ਚਰਵਾਹੇ ਨੂੰ ਸਮਾਜ ਨੇ ਵੀ ਮੇਘੋ ਜੀ ਦੇ ਨਾਂ ਨਾਲ ਯਾਦ ਰੱਖਿਆ। ਤਾਲਾਬ ਉੱਤੇ ਸੋਹਣੀ ਛਤਰੀ (ਯਾਦਗਾਰ) ਉਸ ਦੇ ਨਾਂ ਤੇ ਅਤੇ ਉਸ ਦੀ ਪਤਨੀ ਦੀ ਯਾਦ ਵਿਚ ਬਾਊਲੀ ਬਣਾਈ ਗਈ।
ਹੁਣ ‘ਬਾਪ’ ਬੀਕਾਨੇਰ ਅਤੇ ਜੈਸਲਮੇਰ ਦੇ ਰਾਹ ਉਤੇ ਛੋਟਾ ਜਿਹਾ ਕਸਬਾ ਹੈ। ਚਾਹ-ਕਚੌਰੀ ਦੀਆਂ ਪੰਜ-ਸੱਤ ਦੁਕਾਨਾਂ ਵਾਲਾ ਛੋਟਾ ਜਿਹਾ ਬੱਸ ਅੱਡਾ। ਬੱਸਾਂ ਤੋਂ ਕਿਤੇ ਉੱਚਾ ਬੰਨ੍ਹ ਅੱਡੇ ਲਾਗੇ ਹਿੱਕ ਤਾਣੀ ਅਜੇ ਵੀ ਖੜ੍ਹਾ ਹੈ। ਭਰ ਗਰਮੀਆਂ ਵਿਚ ਬੰਨ੍ਹ ਦੇ ਇਕ ਪਾਸੇ ਤੱਤੀ-ਲੂ ਵਗਦੀ ਹੈ, ਦੂਜੇ ਪਾਸੇ ਮੇਘੋ ਜੀ ਦੇ ਤਾਲਾਬ ਵਿਚ ਨਮ-ਲਹਿਰਾਂ ਉੱਠਦੀਆਂ ਹਨ। ਬਰਸਾਤ ਦੇ ਦਿਨਾਂ ਵਿਚ ਤਾਂ ਇੱਥੇ ਪਾਣੀ ਦੋ-ਚਾਰ ਮੀਲ ਤੱਕ ਫੈਲ ਜਾਂਦਾ ਹੈ।
ਮੇਘ (ਬੱਦਲ) ਭਾਵੇਂ ਇੱਥੇ ਘੱਟ (ਆਉਂਦੇ) ਹੋਣ ਪਰ ਮੇਘੋ ਜੀ ਜਿਹੇ ਲੋਕਾਂ ਦੀ ਇਸ ਮਰੂ-ਭੂਮੀ ਵਿਚ ਹੁਣ ਕੋਈ ਕਮੀ ਨਹੀਂ। ਮੇਘਾ ਡਾਂਗਰੀ ਉਨ੍ਹਾਂ ਦਾ ਪ੍ਰੇਰਨਾ ਸ੍ਰੋਤ ਹੈ।
ਸੰਪਰਕ: 94634-39075