DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੰਗਾਂ ਦੀ ਇਬਾਰਤ

ਵਿਰੋਧ ਕਰਨਾ, ਨੁਕਤਾਚੀਨੀ ਕਰਨੀ ਤੇ ਆਲੋਚਨਾ ਕਰਦਿਆਂ ਕਿਸੇ ਦੀਆਂ ਧੱਜੀਆਂ ਉਡਾਉਣੀਆਂ, ਗੁਣਾਂ-ਔਗੁਣਾਂ ਦੀ ਪਰਖ਼ ਕਰਨ ਵੇਲੇ ਨਾਂਹ-ਪੱਖੀ ਵਤੀਰਾ ਅਪਣਾਉਣਾ ਹਰੇਕ ਵਿਅਕਤੀ ਦਾ ਇੱਕ ਕਿਸਮ ਦਾ ਜਨਮ ਸਿੱਧ ਅਧਿਕਾਰ ਹੁੰਦਾ ਹੈ। ਸਾਧਾਰਨ ਬੰਦਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਗੁਆਂਢੀ...

  • fb
  • twitter
  • whatsapp
  • whatsapp
Advertisement

ਵਿਰੋਧ ਕਰਨਾ, ਨੁਕਤਾਚੀਨੀ ਕਰਨੀ ਤੇ ਆਲੋਚਨਾ ਕਰਦਿਆਂ ਕਿਸੇ ਦੀਆਂ ਧੱਜੀਆਂ ਉਡਾਉਣੀਆਂ, ਗੁਣਾਂ-ਔਗੁਣਾਂ ਦੀ ਪਰਖ਼ ਕਰਨ ਵੇਲੇ ਨਾਂਹ-ਪੱਖੀ ਵਤੀਰਾ ਅਪਣਾਉਣਾ ਹਰੇਕ ਵਿਅਕਤੀ ਦਾ ਇੱਕ ਕਿਸਮ ਦਾ ਜਨਮ ਸਿੱਧ ਅਧਿਕਾਰ ਹੁੰਦਾ ਹੈ। ਸਾਧਾਰਨ ਬੰਦਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਗੁਆਂਢੀ ਦੀ ਹਰੇਕ ਗੱਲ ਨੂੰ ਛੁਟਿਆ ਕੇ ਦੇਖਦਾ ਅਤੇ ਬਿਆਨਦਾ ਦੇਖਿਆ ਜਾ ਸਕਦਾ ਹੈ। ਸਹਿਕਰਮੀ ਦੁਆਰਾ ਆਪਣੇ ਨਾਲ ਕੰਮ ਕਰਦੇ ਦੂਸਰਿਆਂ ਦੇ ਕੰਮਾਂ ਦੀ ਨੁਕਤਾਚੀਨੀ ਕਰਨੀ ਸੁਭਾਵਿਕ ਮਨੁੱਖੀ ਵਿਹਾਰ ਹੈ। ਇਸ ਨੁਕਤਾਚੀਨੀ ਵਿੱਚ ਜ਼ਿਆਦਾ ਨਾਂਹ-ਪੱਖੀ ਸ਼ਬਦਾਂ ਦਾ ਪ੍ਰਯੋਗ ਹੀ ਸੁਣਨ ਨੂੰ ਮਿਲ ਸਕਦਾ ਹੈ। ਸਾਹਿਤ ਵਿੱਚ ਆਲੋਚਨਾ ਕਰਨ ਵਾਲੇ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੀ ਕਿਸਮ ਦੇ ਆਲੋਚਕ ਸੁਚਾਰੂ ਸੁਝਾਅ ਦੇ ਕੇ ਲੇਖਕ ਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕਰਦੇ ਹਨ ਜਦਕਿ ਦੂਸਰੀ ਕਿਸਮ ਦੇ ਆਲੋਚਕ ਕਿਸੇ ਸਾਹਿਤਕ ਕ੍ਰਿਤ ਵਿੱਚੋਂ ਕੇਵਲ ਖਾਮੀਆਂ ਜਾਂ ਘਾਟਾਂ ਹੀ ਫੜਦੇ ਅਤੇ ਬਿਆਨਦੇ ਹਨ। ਹੋਰ ਨਹੀਂ ਤਾਂ ਉਹ ਸਾਹਿਤਕ ਕ੍ਰਿਤ ਵਿਚਲੇ ਕਿਸੇ ਸ਼ਬਦ ਜਾਂ ਵਾਕ ਨੂੰ ਲੈ ਕੇ ਲੇਖਕ ’ਤੇ ਸਾਹਿਤਕ ਚੋਰੀ ਦਾ ਹੀ ਇਲਜ਼ਾਮ ਲਾ ਦਿੰਦੇ ਹਨ। ਜਾਂ ਫਿਰ ਕਿਸੇ ਵੱਡੇ ਸਾਹਿਤਕਾਰ ਦੀ ਮਿਸਾਲ ਦੇ ਕੇ ਸਾਹਿਤਕ ਕ੍ਰਿਤ ਦੇ ਕੱਦ ਨੂੰ ਹੀ ਨੀਵਾਂ ਗਰਦਾਨ ਦਿੰਦੇ ਹਨ। ਇਕ ਵਾਰੀ ਮਹਾਨ ਚਿੱਤਰਕਾਰ ਪਿਕਾਸੋ ਨੇ ਆਪਣੀ ਕਲਾ ਕ੍ਰਿਤੀ ਬਣਾ ਕੇ ਲੋਕਾਂ ਦੇ ਦੇਖਣ ਲਈ ਰੱਖਦਿਆਂ ਨਾਲ ਲਿਖ ਦਿੱਤਾ ਕਿ ਇਸ ਵਿਚਲੇ ਨੁਕਸਾਂ ਨੂੰ ਨਿਸ਼ਾਨਬੱਧ ਕਰ ਦਿੱਤਾ ਜਾਵੇ। ਸ਼ਾਮ ਤੱਕ ਇਹ ਕਲਾਕ੍ਰਿਤੀ ਕੇਵਲ ਨੁਕਸਾਂ ਵਾਲੇ ਨਿਸ਼ਾਨ ਦਰਸਾਉਂਦੇ ਚੱਕਰਾਂ ਵਾਲੀ ਹੀ ਬਣ ਕੇ ਰਹਿ ਗਈ। ਅਗਲੇ ਦਿਨ ਉਸ ਕਲਾਕਾਰ ਨੇ ਉਹੀ ਤਸਵੀਰ ਰੱਖ ਕੇ ਲਿਖ ਦਿੱਤਾ ਕਿ ਇਸ ਕਲਾਤਮਕ ਕ੍ਰਿਤ ਦੇ ਨੁਕਸ ਕਿਵੇਂ ਦੂਰ ਕੀਤੇ ਜਾਣ; ਇਹ ਲਿਖ ਦਿੱਤਾ ਜਾਵੇ। ਹੁਣ ਕਿਸੇ ਵੱਲੋਂ ਵੀ ਕੁਝ ਵੀ ਨਹੀਂ ਲਿਖਿਆ ਗਿਆ। ਖ਼ੈਰ, ਹੁਣੇ ਜਿਹੇ ਥੋੜ੍ਹੇ ਦਿਨ ਪਹਿਲਾਂ ਵਰਤਮਾਨ ਪੰਜਾਬ ਸਰਕਾਰ ਦੁਆਰਾ ਸਰਕਾਰੀ ਬੱਸਾਂ ’ਤੇ ਕੀਤੇ ਵਿਸ਼ੇਸ਼ ਰੰਗ ਰੋਗਨ ਨੂੰ ਲੈ ਕੇ ਵਿਰੋਧੀ ਧਿਰਾਂ ਦੁਆਰਾ ਬਿਆਨਬਾਜ਼ੀ ਕੀਤੀ ਗਈ ਕਿ ਸਰਕਾਰ ਵੱਲੋਂ ਅਜਿਹਾ ਹਾਕਮ ਪਾਰਟੀ ਦੇ ਪ੍ਰਚਾਰ ਵਾਸਤੇ ਕੀਤਾ ਗਿਆ ਹੈ।

ਮੈਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਹੁਣ ਵਾਲੀ ਸਰਕਾਰ ਅਜੇ ਤਾਕਤ ਹਾਸਲ ਕਰਨ ਲਈ ਹੱਥ-ਪੈਰ ਹੀ ਮਾਰ ਰਹੀ ਸੀ ਅਤੇ ਵਾਰੀ-ਵਾਰੀ ਪੰਜਾਬ ’ਤੇ ਰਾਜ ਕਰਨ ਵਾਲੀਆਂ ਦੂਸਰੀਆਂ ਦੋਵੇਂ ਪਾਰਟੀਆਂ ਨੇ ਉਸ ਪਾਰਟੀ ਨੂੰ ਹਲਕੇ ਵਿੱਚ ਹੀ ਲਿਆ ਹੋਇਆ ਸੀ। ਉਸ ਸਮੇਂ ਮੈਂ ਅਜੇ ਸੇਵਾ ਵਿੱਚ ਹੀ ਸਾਂ। ਸਰਕਾਰ ਵੱਲੋਂ ਪਲੱਸ ਵਨ ਤੇ ਟੂ ਦੀਆਂ ਕੁੜੀਆਂ ਨੂੰ ਸਾਈਕਲ ਦਿੱਤੇ ਜਾਂਦੇ ਸਨ। ਸਾਡੇ ਸਕੂਲ ਵਿੱਚ ਸਾਰੇ ਜ਼ਿਲ੍ਹੇ ਨੂੰ ਵੰਡੇ ਜਾਣ ਵਾਲੇ ਇਹ ਸਾਈਕਲ ਆ ਗਏ ਸਨ ਅਤੇ ਅਜੇ ਵੰਡੇ ਨਹੀਂ ਗਏ ਸਨ। ਅਚਾਨਕ ਚੋਣਾਂ ਦਾ ਐਲਾਨ ਹੋ ਗਿਆ, ਜਿਸ ਕਾਰਨ ਚੋਣ ਜ਼ਾਬਤਾ ਲਾਗੂ ਹੋ ਗਿਆ। ਵਾਹਵਾ ਸਾਰੇ ਸਾਈਕਲ ਸਕੂਲ ਦੇ ਕਮਰੇ ਵਿੱਚ ਰੱਖੇ ਹੋਏ ਸਨ ਅਤੇ ਇਨ੍ਹਾਂ ’ਤੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਫ਼ੋਟੋ ਲੱਗੀ ਹੋਈ ਸੀ। ਸਕੂਲ ਵਿੱਚ ਰਿਟਰਨਿੰਗ ਅਧਿਕਾਰੀ (ਐੱਸ ਡੀ ਐੱਮ) ਆਏ ਅਤੇ ਉਨ੍ਹਾਂ ਨੇ ਸਖ਼ਤ ਹਦਾਇਤ ਕੀਤੀ ਕਿ ਸਕੂਲ ਦੇ ਬੂਹੇ ਬਾਰੀਆਂ ਬੰਦ ਕਰ ਦਿੱਤੇ ਜਾਣ ਜਿਸ ਕਮਰੇ ਵਿੱਚ ਸਾਈਕਲ ਪਏ ਹਨ ਉਸ ਕਮਰੇ ਦੀ ਹਰੇਕ ਝੀਥ ਨੂੰ ਮਿੱਟੀ, ਸੀਮਿੰਟ ਆਦਿ ਲਾ ਕੇ ਬੰਦ ਕਰ ਦਿੱਤਾ ਜਾਵੇ। ਕਮਰੇ ਨੂੰ ਬੰਦ ਕਰਨ ਦੀ ਤਿਆਰੀ ਵੇਖਣ ਤੋਂ ਬਾਅਦ ਉਨ੍ਹਾਂ ਨੇ ਆਪ ਆ ਕੇ ਜਿੰਦਰਾ ਲਾਇਆ ਅਤੇ ਉੱਪਰ ਲਾਖ ਲਾ ਕੇ ਆਪਣੀ ਸੀਲ ਵੀ ਲਾ ਦਿੱਤੀ। ਉਸ ਤੋਂ ਬਾਅਦ ਵਾਲੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇ ਕੇ ਸਰਕਾਰੀ ਬੱਸਾਂ ’ਤੇ ਹੀ ਮੁੱਖ ਮੰਤਰੀ ਦੀ ਫ਼ੋਟੋ ਸਮੇਤ ਇਹ ਲਿਖਵਾ ਦਿੱਤਾ। ਹਾਲ ਉਹੀ ਹੋਇਆ। ਚੋਣਾਂ ਆ ਜਾਣ ’ਤੇ ਸਰਕਾਰ ਦੀ ਇਸ ਪ੍ਰਾਪਤੀ ’ਤੇ ਮਿੱਟੀ ਫੇਰਨ ਦੇ ਹੁਕਮਾਂ ਕਾਰਨ ਬੱਸਾਂ ’ਤੇ ਰੰਗ ਰੋਗਨ ਕਰ ਦਿੱਤਾ ਗਿਆ।

Advertisement

ਉਂਜ ਦੇਖਿਆ ਜਾਵੇ ਤਾਂ ਨਕਾਰਾਤਮਕ ਆਲੋਚਨਾ ਕਰਨ ਨਾਲ ਨੁਕਤਾਚੀਨੀ ਰਾਹੀਂ ਕੇਵਲ ਔਗੁਣਾਂ ਨੂੰ ਉਭਾਰਨ ਨਾਲ, ਵਿਰੋਧ ਕਰਨ ਨਾਲ ਕਿਸੇ ਦੀ ਕਲਾ, ਗੁਣਾਂ ਨੂੰ ਮਾਰਿਆ ਨਹੀਂ ਜਾ ਸਕਦਾ। ਬੜੇ ਵਾਰੀ ਵਿਰੋਧ ਵਿਚੋਂ ਵਿਕਾਸ ਨਿਕਲਣ ਵਾਲਾ ਸਿਧਾਂਤ ਆਪਣਾ ਰੋਲ ਅਦਾ ਕਰਦਾ ਦੇਖਿਆ ਹੈ। ਬਾਬਾ ਫ਼ਰੀਦ ਜੀ ਨੇ ਆਪਣੇ ਇੱਕ ਸਲੋਕ ਵਿੱਚ ‘ਆਪਨੜੇ ਗਿਰੀਵਾਨ ਮਹਿ’ ਝਾਤੀ ਮਾਰਨ ਦਾ ਉਪਦੇਸ਼ ਵੀ ਦਿੱਤਾ ਹੈ। ਪੰਜਾਬੀ ਲੋਕ ਮੁਹਾਵਰੇ ਵਿੱਚ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਗੱਲ ਵੀ ਕੀਤੀ ਗਈ ਹੈ। ਸਿਆਣੇ ਆਖਦੇ ਹਨ ਕਿ ਕਿਸੇ ਵੱਲ ਜਦੋਂ ਉਂਗਲ਼ ਕੀਤੀ ਜਾਂਦੀ ਹੈ ਤਾਂ ਚਾਰ ਉਂਗਲ਼ਾਂ ਦੀ ਦਿਸ਼ਾ ਆਪਣੇ ਵੱਲ ਵੀ ਹੋਈ ਦੇਖ ਲੈਣੀ ਚਾਹੀਦੀ ਹੈ। ਰਹੀ ਗੱਲ ਬੱਸਾਂ ’ਤੇ ਰੰਗ ਕਰਨ ਵਾਲੀ, ਥੋੜ੍ਹਾ ਜਿਹਾ ਅੰਤਰ ਧਿਆਨ ਹੋ ਕੇ ਗੱਲ ਵਿਚਾਰੇ ਜਾਣ ਦੀ ਜ਼ਰੂਰਤ ਹੈ। ਕਿਸੇ ਦੀ ਆਪਣੀ ਫ਼ੇਸ ਬੁੱਕ ’ਤੇ ਪਾਈ ਇਕ ਪੋਸਟ ਪੜ੍ਹਦਿਆਂ ਬੜੇ ਮੁੱਲਵਾਨ ਸ਼ਬਦ ਮਿਲੇ ਸਨ। ਆਪਣੀ ਦਾੜ੍ਹੀ ਰੰਗਣੀ ਛੱਡਣ ਨੂੰ ਸਹੀ ਕਰਾਰ ਦਿੰਦਿਆਂ ਉਸ ਨੇ ਲਿਖਿਆ ਸੀ ਕਿ ਰੰਗਾਂ ਦਾ ਕੀ ਹੈ? ਲੋਕ ਤਾਂ ਰੰਗਾਂ ਦੇ ਓਹਲੇ ਲਿਖੇ ਹਰਫ਼ਾਂ ਨੂੰ ਵੀ ਪੜ੍ਹਨ ਵਿੱਚ ਮੁਹਾਰਤ ਰੱਖਦੇ ਹੁੰਦੇ ਹਨ। ਹੁਣ ਲੋਕ ਏਨੇ ਭੋਲ਼ੇ ਨਹੀਂ ਰਹਿ ਗਏ ਹਨ। ਮੀਡੀਆ, ਸੋਸ਼ਲ ਮੀਡੀਆ ਲੋਕਾਂ ਦੀ ਪਹੁੰਚ ਵਿੱਚ ਹੈ ਅਤੇ ਇਹ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਬਾਖ਼ੂਬੀ ਨਿਭਾਅ ਰਿਹਾ ਹੈ। ਲੋਕ ਗੂੜ੍ਹੇ ਤੋਂ ਗੂੜ੍ਹੇ ਰੰਗਾਂ ਦੇ ਓਹਲੇ ਦੀ ਇਬਾਰਤ ਨੂੰ ਪੜ੍ਹ ਲੈਂਦੇ ਹਨ। ਜੇ ਕੋਈ ਇਸ ਜ਼ਮਾਨੇ ਵਿੱਚ ਵੀ ਭਰਮ ਪਾਲ਼ੂਗਾ ਤਾਂ ਉਸ ਦਾ ਭਰਮ, ਭਰਮ ਹੀ ਰਹਿ ਜਾਵੇਗਾ।

Advertisement

ਸੰਪਰਕ: 95010-20731

Advertisement
×