ਮੈਂ ਅਤੇ ਮੇਰੀ ਇੱਕ ਚੰਗੀ ਆਦਤ
ਸਕੂਲ ਦੀ ਪੜ੍ਹਾਈ ਖ਼ਤਮ ਹੋਣ ਬਾਅਦ, ਮੈਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿੱਚ ਦਾਖ਼ਲਾ ਲੈ ਲਿਆ। ਕਾਲਜ ਵਿੱਚ ਮੈਂ ਭੂਗੋਲ ਵਿਸ਼ਾ ਇਹ ਸੋਚ ਕੇ ਲਿਆ ਕਿ ਤਿੰਨ ਸਾਲ ਮਿਹਨਤ ਕਰਕੇ ਭੂਗੋਲ ਦੀ ਐੱਮ ਐੱਸ ਸੀ ਕਰ ਲਵਾਂਗਾ ਤੇ ਸਾਇੰਸ ਗਰੁੱਪ ਦੇ...
ਸਕੂਲ ਦੀ ਪੜ੍ਹਾਈ ਖ਼ਤਮ ਹੋਣ ਬਾਅਦ, ਮੈਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿੱਚ ਦਾਖ਼ਲਾ ਲੈ ਲਿਆ। ਕਾਲਜ ਵਿੱਚ ਮੈਂ ਭੂਗੋਲ ਵਿਸ਼ਾ ਇਹ ਸੋਚ ਕੇ ਲਿਆ ਕਿ ਤਿੰਨ ਸਾਲ ਮਿਹਨਤ ਕਰਕੇ ਭੂਗੋਲ ਦੀ ਐੱਮ ਐੱਸ ਸੀ ਕਰ ਲਵਾਂਗਾ ਤੇ ਸਾਇੰਸ ਗਰੁੱਪ ਦੇ ਖੇਤਰ ਵਿੱਚ ਚਲਾ ਜਾਵਾਂਗਾ। ਪਰ ਭੂਗੋਲ ਵਿਸ਼ੇ ਨੇ ਮੇਰੀ ਭੂ-ਮੱਧ ਰੇਖਾ ਹੀ ਵਿਗਾੜ ਕੇ ਰੱਖ ਦਿੱਤੀ। ਅੰਗਰੇਜ਼ੀ ਭਾਸ਼ਾ ’ਤੇ ਮੇਰੀ ਪਕੜ ਪਹਿਲਾਂ ਹੀ ਕਮਜ਼ੋਰ ਸੀ ਤੇ ਇਹ ਵਿਸ਼ਾ ਹੋਰ ਵੀ ਜ਼ਿਆਦਾ ਮਿਹਨਤ ਮੰਗਦਾ ਸੀ। ਪਹਿਲੇ ਸਾਲ ਵਿੱਚ ਭੂਗੋਲ ਵਿਸ਼ਾ ਤਾਂ ਪਾਸ ਹੋ ਗਿਆ ਪਰ ਅੰਗਰੇਜ਼ੀ ਭਾਸ਼ਾ ਦਾ ਪੇਪਰ ਨਾ ਨਿਕਲ ਸਕਿਆ।
ਮੇਰਾ ਬੀ ਏ ਦੀ ਕਲਾਸ ਵਿੱਚ ਰਿਵਰਸ ਲੱਗ ਗਿਆ। ਉਹ ਸਮਾਂ ਕੁਝ ਅਜਿਹਾ ਲੰਘਿਆ ਕਿ ਮੇਰੀਆਂ ਆਦਤਾਂ ਵੀ ਵਿਗੜਨ ਲੱਗੀਆਂ। ਮੈਂ ਅਕਸਰ ਲੇਟ ਉੱਠਣ ਲੱਗਿਆ ਤੇ ਬਹੁਤਾ ਚਿਰ ਬਿਨਾ ਕੋਈ ਕੰਮ ਕੀਤਿਆਂ ਬੱਸ ਬਿਸਤਰੇ ’ਚ ਪਿਆ ਰਹਿੰਦਾ। ਮੈਂ ਬਹੁਤਾ ਸਮਾਂ ਘਰ ਵਿੱਚ ਬਤੀਤ ਕਰਦਾ ਅਤੇ ਘਰੋਂ ਬਾਹਰ ਉਦੋਂ ਹੀ ਨਿਕਲਦਾ, ਜਦੋਂ ਕੋਈ ਕੰਮ ਹੁੰਦਾ। ਆਲੇ-ਦੁਆਲੇ ਕਈਆਂ ਨੂੰ ਲੱਗਣ ਲੱਗ ਪਿਆ ਕਿ ਮੈਂ ਨਸ਼ੇ ਕਰਦਾ ਹਾਂ।
ਮੈਂ ਇਸ ਸਭ ਨੂੰ ਬਦਲਣ ਦੀ ਠਾਣ ਕੇ ਸਵੇਰੇ ਸੁਵਖ਼ਤੇ ਉੱਠ ਕੇ ਨਹਾਉਣ ਦਾ ਨਿਸ਼ਚਾ ਕੀਤਾ। ਸੱਤਾਂ ਵਿੱਚੋਂ ਚਾਰ ਦਿਨ ਮੈਂ ਪਰਿਵਾਰ ’ਚੋਂ ਦੂਜੇ ਨੰਬਰ ’ਤੇ ਨਹਾਉਣ ਵਿੱਚ ਸਫ਼ਲ ਰਿਹਾ। ਇਕ ਮਹੀਨੇ ਵਿੱਚ ਮੈਂ ਹਾਲੇ ਪਹਿਲਾ ਸਥਾਨ ਹਾਸਲ ਨਹੀਂ ਸੀ ਕਰ ਸਕਿਆ ਪਰ ਮੈਂ ਛੇਤੀ ਹੀ ਆਪਣੇ ਪਿਤਾ ਜੀ ਤੋਂ ਬਾਅਦ ਦੂਜੇ ਨੰਬਰ ’ਤੇ ਨਹਾਉਣ ਵਾਲਾ ਪਰਿਵਾਰ ਦਾ ਮੈਂਬਰ ਬਣ ਗਿਆ।
ਮੈਂ ਸਵੇਰੇ 6 ਤੋਂ 7 ਵਜੇ ਦੇ ਵਿੱਚਕਾਰ ਨਹਾ ਕੇ ਸਾਫ ਸੁਥਰੇ ਕੱਪੜੇ ਪਾ ਲੈਂਦਾ। ਕਰੀਬ ਦੋ ਮਹੀਨੇ ਬਾਅਦ ਮੈਂ ਸੈਰ ਸ਼ੁਰੂ ਕਰ ਦਿੱਤੀ। ਇਸ ਆਦਤ ਨੂੰ ਵੀ ਨਿਯਮਤ ਕਰਨ ਲਈ ਕਰੀਬ ਦੋ ਮਹੀਨੇ ਲੱਗੇ। ਫਿਰ ਮੈਂ ਪਬਲਿਕ ਲਾਇਬ੍ਰੇਰੀ ਜਾਣ ਲੱਗਾ। ਉਥੋਂ ਅਖਬਾਰ ਪੜ੍ਹ ਕੇ ਹੀ ਮੈਨੂੰ ਪੱਤਰ ਵਿਹਾਰ ਕੋਰਸ ਸਬੰਧੀ ਜਾਣਕਾਰੀ ਮਿਲੀ। ਇਸ ਵਾਰ ਮੈਂ ਭੂਗੋਲ ਦੀ ਥਾਂ ਪੰਜਾਬੀ ਇਤਿਹਾਸ ਤੇ ਧਰਮ ਵਿਸ਼ਾ ਰੱਖਿਆ। ਪਰ ਇਸ ਵਾਰ ਫਿਰ ਅੰਗਰੇਜ਼ੀ ਦੀ ਪ੍ਰੀਖਿਆ ’ਚੋਂ ਰੀਅਪੀਅਰ ਆ ਗਈ। ਮਨ ਬੜਾ ਦੁਖੀ ਹੋਇਆ।
ਮੇਰੇ ਬਚਪਨ ਦੇ ਇੱਕ ਸਾਥੀ ਨੇ ਇੱਕ ਅੰਗਰੇਜ਼ੀ ਮਾਸਟਰ ਕੋਲ ਟਿਊਸ਼ਨ ਰਖਵਾ ਦਿੱਤੀ। ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਅਜਿਹਾ ਮਾਸਟਰ ਮਿਲਿਆ ਜੋ ਪੰਜਾਬੀ ਵਿੱਚ ਅੰਗਰੇਜ਼ੀ ਪੜ੍ਹਾਉਂਦਾ ਸੀ। ਉਸ ਦਾ ਇਹ ਚੈਲੇਂਜ ਸੀ ਕਿ 25 ਨੰਬਰਾਂ ਦੀ ਗਰਾਮਰ ਕਰਾਵਾਂਗਾ। ਜੇ 25 ’ਚੋਂ 24 ਆਏ ਮੈਂ ਵੀ ਫੇਲ੍ਹ ਤੇ ਤੁਸੀਂ ਵੀ ਫੇਲ੍ਹ ਪਰ ਉਹ ਸੱਚ ਮੁੱਚ ਹੀ ਮਾਸਟਰ ਸੀ। ਉਸ ਕੋਲ ਪੜ੍ਹਨ ਵਾਲੇ ਬੱਚਿਆਂ ਦੇ 25 ਵਿੱਚੋਂ 25 ਨੰਬਰ ਹੀ ਆਉਂਦੇ ਸਨ। ਬੀਏ ਭਾਗ ਪਹਿਲਾ ਵਿੱਚ, ਮੇਰੇ 100 ਵਿੱਚੋਂ 35 ਨੰਬਰ ਆਏ ਅਤੇ 35 ਵਾਲਾ ਪਾਸ ਹੁੰਦਾ ਸੀ। ਮੇਰੀ ਜ਼ਿੰਦਗੀ ਵਿੱਚ, ਕਮਾਲ ਦੀ ਗੱਲ ਤਾਂ ਉਸ ਸਮੇਂ ਹੋਈ ਜਦੋਂ ਬੀਏ ਭਾਗ ਦੂਜਾ ਵਿੱਚ ਮੇਰੇ ਅੰਗਰੇਜ਼ੀ ਵਿੱਚੋਂ ਪੰਜਾਬੀ ਨਾਲੋਂ ਵੀ ਵੱਧ ਨੰਬਰ ਆਏ। ਉਸ ਤੋਂ ਬਾਅਦ, ਮੈਂ ਪੋਸਟ-ਗ੍ਰੈਜੂਏਸ਼ਨ ਡਿਪਲੋਮਾ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕੀਤਾ। ਮੇਰੀ ਸਵੇਰੇ ਉੱਠਣ ਅਤੇ ਨਹਾਉਣ ਦੀ ਉਹ ਆਦਤ ਹੁਣ ਵੀ ਕਾਇਮ ਹੈ। ਦ੍ਰਿੜ ਇਰਾਦੇ ਨਾਲ ਮੇਰੀ ਬਦਲੀ ਆਦਤ ਨੇ ਸੱਚਮੁੱਚ ਹੀ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ, ਜਿਸ ਦੀ ਬਦੌਲਤ ਮੈਂ ਅੱਜ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਿਆ ਹਾਂ।
ਸੰਪਰਕ: 98785-31625

