ਮੇਲ ਬੇਮੇਲ

ਮੇਲ ਬੇਮੇਲ

ਅੰਜੂਜੀਤ ਪੰਜਾਬਣ

ਅੰਜੂਜੀਤ ਪੰਜਾਬਣ

ਵੇਟਰ ਚਮਕਦੇ ਪਤਲੇ ਕੱਚ ਦੇ ਗਲਾਸ ਵਿਚ ਮੈਨੂੰ ਪਾਣੀ ਤੇ ਮੇਰੇ ਲਾਗੇ ਬੈਠੀ ਸਟੈਫੀ ਨੂੰ ਕੋਲਾ ਪਾਉਂਦੇ ਨੇ ਸਰਾਸਰੀ ਨਜ਼ਰੇ ਨਦੀਨ ਵੱਲ ਦੇਖਿਆ, ਤੇ ਫਿਰ ਬੋਲਿਆ, “ਮੁਆਫ ਕਰਨਾ! ਇਹ ਟੇਬਲ ਸਿਗਰਟ ਪੀਣ ਵਾਲਿਆਂ ਲਈ ਨਹੀਂ। ਤੁਸੀਂ ਬਾਹਰ ਜਾ ਕੇ ਸਿਗਰਟ ਪੀ ਸਕਦੇ ਹੋ।” ਉਸ ਨੇ ਸਾਡੇ ਤਿੰਨਾਂ ਦੀਆਂ ਪਾਣੀ ਦੇ ਵਹਾਅ ਵਾਂਗ ਚੱਲ ਰਹੀਆਂ ਗੱਲਾਂ ਵਿਚ ਰੈਸਟੋਰੈਂਟ ਦੇ ਅਸੂਲ ਦੀ ਗੱਲ ਸਮਝਾ ਦਿੱਤੀ ਸੀ।

“ਮੈਂ ਤੁਹਾਡੇ ਗਿਲਾਸ ਵਿਚ ਵੀ ਕੋਲਾ ਪਾ ਦੇਵਾਂ?” ਵੇਟਰ ਨੇ ਨਦੀਨ ਦੇ ਹੱਥ ਫੜੀ ਸਿਗਰਟ ਤੋਂ ਅੰਦਾਜ਼ਾ ਲਾਉਂਦਿਆਂ ਪੁੱਛਿਆ।

“ਮੈਂ ਵਾਈਨ ਪੀਊਂਗੀ ਤੇ ਉਸ ਤਾਂ ਪਹਿਲਾ ਵਿਸਕੀ ਦਾ ਛੋਟਾ ਜਿਹਾ ਪੈੱਗ।” ਫਿਰ ਨਦੀਨ ਨੇ ਸਾਨੂੰ ਕਹਿ ਕੇ ਆਪਣੇ ਗਲਾਸ ਉਤਾਂਹ ਚੁੱਕ ਕੇ ਟਕਰਾਇਆ, “ਮੇਰੇ ਨਾਲ ਚੱਲੋ ਤੁਸੀਂ, ਚੀਅਰ ਕਰੋ, ਪਤਾ ਨਹੀਂ ਮੈਂ ਖੁਸ਼ ਹਾਂ ਜਾਂ ਉਦਾਸ। ਮੈਂ ਤੁਹਾਡੇ ਨਾਲ ਆਪਣਾ ਗਮ ਸਾਂਝਾ ਕਰਨਾ ਚਾਹੁੰਦੀ ਹਾਂ। ਅੱਜ ਮੈਂ ਬਹੁਤ ਰੋ ਕੇ ਫਿਰ ਹੱਸਣਾ ਚਾਹੁੰਦੀ ਹਾਂ।...

... ਮੈਂ ਜਦ ਤੱਕ ਅੱਜ ਜ਼ਮੀਨ ਤੇ ਨੀ ਡਿੱਗ ਜਾਂਦੀ, ਮੈਂ ਪਾਰਟੀ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ।” ਨਦੀਨ ਨੇ ਜਿਵੇਂ ਇੱਕੋ ਸਾਹੇ ਜਿ਼ੰਦਗੀ ਦੀ ਕੁਸੈਲ ਥੁੱਕ ਦਿੱਤੀ ਹੋਵੇ! ਅਸੀਂ ਦੋਨੋਂ ਨਦੀਨ ਵੱਲ ਦੇਖ ਰਹੀਆਂ ਸੀ। ਫਿਰ ਉਸ ਨੇ ਵਾਈਨ ਦਾ ਚੌਥਾ ਗਲਾਸ ਚੁੱਕਿਆ ਤੇ ਗਟਾ-ਗਟ ਕਰਕੇ ਪੀ ਕੇ ਮੈਥੋਂ ਪੁੱਛਣ ਲੱਗੀ, “ਤੂੰ ਕਦੇ ਆਪਣੇ ਘਰ ਵਾਲੇ ਨਾਲ ਲੜੀ ਆਂ?”

“ਬਥੇਰੀ ਵਾਰ।” ਮੈਂ ਸੱਚ ਨੂੰ ਪਟਕਾ ਕੇ ਥੱਲਿਆ ਸੁੱਟਿਆ।

“ਤੇਰੇ ਨਾਲ ਉਹ ਕਦੇ ਲੜਿਆ?”

“ਬਥੇਰੀ ਵਾਰ।” ਮੇਰਾ ਜਵਾਬ ਸੀ; ਜਿਵੇਂ ਸੱਚ ਮੇਰੀ ਜੀਭ ਥੱਲਿਓਂ ਦੀ ਭੱਜ ਕੇ ਬਾਹਰ ਨਿਕਲਿਆ ਹੋਵੇ।

“ਤੁਸੀਂ ਦੋਨੋਂ ਹਰ ਰੋਜ਼ ਬਿਸਤਰ ਤੇ ਅਨੰਦ ਮਾਣਦੇ ਹੋ?”

“ਬਿਲਕੁਲ ਵੀ ਨਹੀਂ...।” ਮੈਂ ਜਿਵੇਂ ਕਟਿਹਰੇ ਵਿਚ ਖੜ੍ਹੀ ਹੋਵਾਂ ਤੇ ਨਦੀਨ ਵਕੀਲ ਹੋਵੇ।

“ਤੈਨੂੰ ਤੇਰੇ ਘਰਵਾਲੇ ਤੇ ਗੁੱਸਾ ਚੜ੍ਹਦੈ?”

“ਬਹੁਤ ਵਾਰ।” ਸੱਚ ਬਾਰੇ ਸੋਚਿਆਂ ਬਗੈਰ ਮੈਂ ਜਵਾਬ ਦਿੱਤਾ।

“ਉਹਨੂੰ ਤੇਰੇ ਤੇ?”

“ਜ਼ਾਹਿਰ ਜਿਹੀ ਗੱਲ ਆ ...।” ਮੈਂ ਅਧੂਰੇ ਸਵਾਲ ਦਾ ਜਵਾਬ ਦਿੱਤਾ।

“ਫਿਰ ... ਫਿਰ ਤੂੰ ਕੀ ਕਰਦੀ ਆਂ ਆਪਣੇ ਘਰਵਾਲੇ ਨਾਲ? ... ਤੇ ਉਹ ਕੀ ਕਰਦੈ ਤੇਰੇ ਨਾਲ ਜਿਥੇ ਪਿਆਰ ਵਿਚ ਕਮੀ ਆ। ਫਿਰ... ਫਿਰ ਸਾਂਝ ਕਿਥੇ ਆ ਤੁਹਾਡੇ ਵਿਚ?”

ਸਵਾਲ ਟੇਢਾ ਸੀ ਪਰ ਸੀ ਜ਼ਬਰਦਸਤ। ਜਿ਼ੰਦਗੀ ਦੇ ਘੁਮੰਡ ਨੂੰ ਤੋੜਨ ਵਾਲਾ।

“ਮੈਂ... ਮੈਂ...।” ਕੁਝ ਦੇਰ ਮੈਂ ‘ਮੈਂ ਮੈਂ’ ਕਰਦੀ ਫਿਰ ਚੁੱਪ ਹੋ ਗਈ। ਮੇਰੇ ਕੋਲ ਜਵਾਬ ਹੀ ਨਹੀਂ ਸੀ। ਖੈਰ! ਮੈਂ ਦੇਖਿਆ, ਨਦੀਨ ਬਹੁਤ ਖੁਸ਼ ਸੀ।

ਕਿੰਨੇ ਭਾਰੂ ਤੇ ਥਕਾਉ ਹੁੰਦੇ ਆ ਕਈ ਰਿਸ਼ਤੇ... ਧੌਣ ਟੇਢੀ ਹੋ ਜਾਂਦੀ ਆ ਭਾਰ ਚੁੱਕਦਿਆਂ ਚੁੱਕਦਿਆਂ। ਬਸ ਥੱਕੇ ਥੱਕੇ ਕਦਮਾਂ ਨਾਲ ਤੁਰਨਾ ਹੁੰਦਾ ਹੈ ਕਿ ਸਮਾਜ ਸਾਨੂੰ ਕੀ ਕਹੂਗਾ। ਅੱਜ ਨਦੀਨ ਦੇ ਚਿਹਰੇ ਤੇ ਰੌਣਕ ਸੀ, ਉਹ ਖੁਸ਼ ਸੀ; ਭਾਵੇਂ ਸ਼ਰਾਬੀ ਸੀ ਪਰ ਸੀ ਹੋਸ਼ ਵਿਚ।

“ਹੁਣ ਤੇਰਾ ਅਗਾਂਹ ਕੀ ਖਿਆਲ ਆ?” ਸਟੈਫੀ ਨੇ ਨਦੀਨ ਤੋਂ ਪੁੱਛਦੀ ਨੇ ਵਾਈਨ ਦੀ ਬੋਤਲ ਬੰਦ ਕਰਕੇ ਪਰਾਂ ਰੱਖਦੀ ਨੇ ਪੁੱਛਿਆ।

“ਮੈਂ ... ਮੈਂ ਪਹਿਲਾਂ ਦੋ ਹਫਤੇ ਲਈ ਤੁਰਕੀ ਛੁੱਟੀਆਂ ਕੱਟਣ ਜਾਊਂਗੀ। ਜਿ਼ੰਦਗੀ ਦੀ ਧੁੱਪ ਪਿੰਡੇ ਮਲਾਂਗੀ। ਪਹਾੜ, ਨਦੀਆਂ, ਸਮੁੰਦਰ, ਝੀਲਾਂ ਦੇਖੂੰਗੀ। ਮੇਰੇ ਜਿਹੜੇ ਸ਼ੌਂਕ ਡੱਬਾਬੰਦ ਸੀ, ਉਨ੍ਹਾਂ ਸ਼ੌਂਕਾਂ ਨੂੰ ਮੁੜ ਤੋਂ ਜਗਾਊਂਗੀ। ਆਪਣੇ ਆਪ ਨਾਲ ਪਿਆਰ ਕਰੂੰਗੀ। ਕਿਸੇ ਦੀ ਖਿਚ ਖਿਚ ਤੋਂ ਰਹਿਤ ਆਪਣੇ ਘਰ ਵਿਚ ਖੁੱਲ੍ਹੀ ਤੇ ਆਜ਼ਾਦ ਹੋ ਕੇ ਤੁਰਾਂਗੀ। ਕਿਸੇ ਦੀ ਪ੍ਰਵਾਹ ਕੀਤੇ ਬਗੈਰ ਟੀਵੀ ਦੇ ਰਿਮੋਟ ਦਾ ਮਨ ਚਾਹਿਆ ਸਟੇਸ਼ਨ ਬਦਲ ਬਦਲ ਦੇਖਾਂਗੀ। ਕੋਈ ਮੈਨੂੰ ਹਵਸ ਤੇ ਕਾਮ ਭਰੇ ਲਹਿਜੇ ਨਾਲ ਕੁਝ ਨਹੀਂ ਕਹੂਗਾ। ਵੈਸੇ ਜਦ ਪਤੀ ਪਤਨੀ ਵਿਚ ਪਿਆਰ ਮੁੱਕ ਜਾਂਦੈ ਤਾਂ ਸਰੀਰਕ ਖ਼ੁਸ਼ੀ ਦੀ ਮੌਤ ਸਭ ਤੋਂ ਪਹਿਲਾਂ ਹੁੰਦੀ ਆ। ਦੋਵੇਂ ਭਾਵੇਂ ਜਿ਼ੰਦਗੀ ਨੂੰ ਚੱਲਦੀ ਰੱਖਣ ਦਾ ਢੌਂਗ ਕਰਦੇ ਰਹਿਣ, ਉਹ ਗੱਲ ਵੱਖਰੀ ਆ। ਉਹ ਗੱਲ ਵੀ ਵੱਖਰੀ ਆ ਕਿ ਔਰਤ ਬਿਸਤਰੀ ਡਰਾਮੇ ਵਿਚ ਮਾਹਿਰ ਹੁੰਦੀ ਹੈ।”...

... ਔਰਤ ਭਾਵੇਂ ਜਰਮਨ ਹੈ; ਭਾਵੇਂ ਇੰਗਲੈਂਡ, ਕੈਨੇਡਾ, ਅਰਬ ਜਾਂ ਏਸ਼ੀਆ ਦੀ, ਔਰਤ ਹਰ ਥਾਂ ਔਰਤ ਹੀ ਹੈ। ਉਸ ਦੀ ਇਕੋ ਜਿਹੀ ਤਸੀਰ ਹੈ ਤੇ ਦੁਨੀਆ ਦੇ ਹਰ ਮਰਦ ਦੀ ਵੀ ਤਕਰੀਬਨ ਇਕੋ ਜਿਹੀ ਤਾਸੀਰ ਹੈ। ਕੋਈ ਖੁਸ਼ ਨਸੀਬ ਜੋੜਾ ਹੋਵੇਗਾ ਜਿਹੜਾ ਉਮਰ ਭਰ ਜਿਸਮ, ਮਨ ਤੇ ਰੂਹ ਦੀ ਸਾਂਝ ਨਾਲ ਗੜੁੱਚ ਹੋਵੇਗਾ। ਬਾਕੀ ਸਭ ਹਸਰਤਾਂ ਭਰੀਆਂ ਸੋਚਾਂ ਨਾਲ ਜਿ਼ੰਦਗੀ ਦੇ ਸੁਫ਼ਨੇ ਲੈਂਦੇ ਰਹਿੰਦੇ ਹਨ।

ਮਹਿੰਗੇ ਸੋਹਣੇ ਘਰਾਂ ਵਿਚ ਰਹਿਣ ਵਾਲੇ ਪਤੀ ਪਤਨੀ ਵੀ ਆਪਣੇ ਘਰ ਦੇ ਬੂਹੇ ਤਾਕੀਆਂ ਤੋਂ ਬਾਹਰਲੀ ਜਿ਼ੰਦਗੀ ਜੀਣ ਦੀ ਹਸਰਤ ਵਿਚ ਜੀ ਰਹੇ ਹੁੰਦੇ ਹਨ ਕਿ ਕਾਸ਼! ਇੱਦਾਂ ਹੁੰਦਾ! ਕਾਸ਼ ਓਦਾਂ ਹੁੰਦਾ!

ਔਰਤ ਵਿਚ ਰੱਬ ਨੇ ਇਹ ਖਾਸੀਅਤ ਪਾਈ ਹੈ ਕਿ ਮਰਦ ਨੂੰ ਪਤਾ ਨਹੀਂ ਲੱਗਣ ਦਿੰਦੀ ਕਿ ਉਹਦੇ ਹੱਥਾਂ ਦੀ ਛੋਹ ਮੈਨੂੰ ਜ਼ਬਰਦਸਤੀ ਵਾਲੇ ਹੱਥਾਂ ਦੇ ਬਰਾਬਰ ਜਾਪਦੀ ਹੈ... ਉਹਦੇ ਸਾਹਾਂ ਦੀ ਜ਼ਹਿਰ ਉਹਦੇ ਸਰੀਰ ਨੂੰ ਮੂਰਛਿਤ ਕਰਦੀ ਹੈ... ਉਹਦੇ ਜਿਸਮ ਦੇ ਮਾਸ ਨੂੰ ਜਿਵੇਂ ਕੋਈ ਇੱਲ ਨੋਚਦੀ ਹੋਵੇ।

ਬਸ ਔਰਤ ਮਰਦ ਦੀ ਮਰਦਾਨਗੀ ਅੱਗੇ ਜੀ ਹਜ਼ੂਰੀ ਕਰਦੀ ਜਿ਼ੰਦਗੀ ਕੱਢ ਦਿੰਦੀ ਹੈ। ਜੇ ਦੇਖਿਆ ਜਾਵੇ ਤਾਂ ਅਸਲ ਜੋੜ ਸਿਰਫ ਜੁੱਤੀਆਂ ਦਾ ਹੀ ਹੁੰਦਾ ਹੋਵੇਗਾ ਜਨਾਬ! ਤੇ ਜਾਂ ਫਿਰ ਪ੍ਰੇਮੀ ਪ੍ਰੇਮਿਕਾ ਦਾ ਜੋੜ ਹੁੰਦਾ ਹੈ, ਕਿਸੇ ਰਿਸ਼ਤੇ ਤੋਂ ਰਹਿਤ, ਤੇ ਸਭ ਰਿਸ਼ਤਿਆਂ ਤੋਂ ਉਪਰ; ਸਕੂਨ ਤੇ ਪਿਆਰ ਨਾਲ ਭਰਿਆ ਜਿਥੇ ਜਿਸਮਾਂ ਦੀ ਭੁੱਖ ਨਾਲੋਂ ਕਿਧਰੇ ਪਰੇ, ਰੂਹ ਦੀ ਖੁਰਾਕ, ਰੂਹ ਦਾ ਸਕੂਨ ਹੁੰਦਾ ਹੈ। ਇਹੀ ਰਿਸ਼ਤੇ ਕਾਮਯਾਬ ਨੇ ਅਤੇ ਸਦਾ ਹੀ ਕਾਮਯਾਬ ਰਹਿਣਗੇ। ਬਾਕੀ ਤਾਂ ਵੱਡੀ ਗਿਣਤੀ ਮੇਲ ਬੇਮੇਲ ਹਨ। ਸਾਰੀ ਉਮਰ ਪੈਰ ਘੜੀਸ ਘੜੀਸ ਕੇ, ਲੰਗੜਾ ਲੰਗੜਾ ਤੁਰਦੇ ਰਹਿੰਦੇ ਨੇ। ਬੇਮੇਲ ਜੁੱਤੀ ਦੀ ਵੱਢ ਬਰਦਾਸ਼ਤ ਕਰਦੇ ਰਹਿੰਦੇ ਨੇ। ਗਲਾਂ ਵਿਚ ਵਿਆਹ ਦਾ ਸਰਟੀਫਿਕੇਟ ਲਟਕਾ ਕੇ ਦੁਨੀਆ ਦੇ ਮੰਚ ਤੇ ਕਲਾਕਾਰੀ ਕਰਦੇ ਨੇ ਤੇ ਆਪਣੀ ਝੂਠੀ ਤਾਰੀਫ ਵਿਚ ਤਾੜੀਆਂ ਦੀ ਵਾਹ ਵਾਹ ਖੱਟਦੇ ਨੇ।

ਸੰਪਰਕ: 0049-1516-5113297

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All