ਅਵਤਾਰ ਸਿੰਘ
ਚੰਦ ਸਾਕਾਰ ਮੁਹੱਬਤ ਦਾ ਪ੍ਰਤੀਕ ਹੈ। ਔਰਤਾਂ ਬੜੇ ਮੋਹ ਨਾਲ ਆਪਣੇ ਪਿਆਰਿਆਂ ਨੂੰ ਚੰਦ ਕਹਿੰਦੀਆਂ ਹਨ। ਚੰਦ ਸਾਡੇ ਨਾਵਾਂ ਦਾ ਗਹਿਣਾ ਹੈ। ਅਜੋਕੇ ਪੰਜਾਬ ਵਿੱਚ ਤਿੰਨ ਹੀ ਚੰਦ ਸੁਣੇ ਹਨ: ਹਰਚੰਦ ਸਿੰਘ ਲੌਂਗੋਵਾਲ਼, ਹਰਚੰਦ ਸਿੰਘ ਸਰਹਿੰਦੀ ਤੇ ਹਰਚੰਦ ਸਿੰਘ ਬੇਦੀ। ਹਰਚੰਦ ਸਿੰਘ ਬੇਦੀ ਦਾ ਨਾਂ ਲੈਂਦਿਆਂ ਹੀ ਮੈਨੂੰ ਮਿਰਜ਼ਾ ਗ਼ਾਲਬਿ ਦਾ ਸ਼ਿਅਰ “ਹਰ ਚੰਦ ਹੋ ਮੁਸ਼ਾਹਿਦਾ ਏ ਹੱਕ ਕੀ ਗੁਫ਼ਤਗੂ, ਬਨਤੀ ਨਹੀਂ ਹੈ ਬਾਦਾ ਓ ਸਾਗਰ ਕਹੇ ਬਗ਼ੈਰ” ਚੇਤੇ ਆ ਜਾਂਦਾ, ਜਿਹਦੇ ਵਿੱਚ ਬੇਸ਼ੱਕ ‘ਹਰਚੰਦ’ ਸ਼ਬਦ ਦੇ ਇਲਾਵਾ ਬੇਦੀ ਹੋਰਾਂ ਨਾਲ ਹੋਰ ਕੋਈ ਸਾਂਝ ਨਹੀਂ।
ਫੇਸਬੁੱਕ ਤੋਂ ਪਤਾ ਲੱਗਾ ਕਿ ਹਰਚੰਦ ਸਿੰਘ ਬੇਦੀ ਨਹੀਂ ਰਹੇ। ਇਹ ਖ਼ਬਰ ਇਸ ਤਰਾਂ ਲੱਗੀ, ਜਿਵੇਂ ਮੇਰੇ ਨਿੱਕੇ ਜਿਹੇ ਆਸਮਾਨ ਵਿੱਚੋਂ ਚੰਦ ਗ਼ਾਇਬ ਹੋ ਗਿਆ ਹੋਵੇ ਤੇ ਮੇਰੇ ਹਿੱਸੇ ਦੀ ਚਾਨਣੀ ਰਾਤ ਹਨੇਰ ਵਿੱਚ ਬਦਲ ਗਈ ਹੋਵੇ। ਮੈਨੂੰ ਲੱਗਿਆ, ਜਿਵੇਂ ਮੈਂ ਕਿਸੇ ਸਿਨਮਾ ਹਾਲ ਵਿੱਚ ਪੁੱਜ ਗਿਆ ਹੋਵਾਂ, ਜਿਹਦੇ ਸਭ ਦਰਵਾਜ਼ੇ ਬੰਦ ਹੋ ਗਏ ਹੋਣ ਤੇ ਘੁੱਪ ਹਨੇਰੇ ਵਿੱਚ ਯਾਦਾਂ ਦੀ ਫ਼ਿਲਮ ਚੱਲ ਪਈ ਹੋਵੇ।
ਉੱਨੀ ਸੌ ਨੱਬੇਵਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅਕਾਦਮਿਕ ਸਟਾਫ ਕਾਲਜ ਵਿੱਚ ਬੰਗੇ ਕਾਲਜ ਦੇ ਪ੍ਰੋ. ਹਰਪਾਲ ਸਿੰਘ ਤੇ ਮੈਂ ਰੀਫ੍ਰੈਸ਼ਰ ਕੋਰਸ ਲਗਾਉਣ ਗਏ। ਉੱਥੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਤਿੰਨ ਅਧਿਆਪਕ ਵੀ ਆਏ ਹੋਏ ਸਨ, ਜਿਨ੍ਹਾਂ ਵਿੱਚ ਹਰਚੰਦ ਸਿੰਘ ਬੇਦੀ ਅਜਿਹੇ ਸ਼ਖਸ ਸਨ ਜਿਨ੍ਹਾਂ ਦਾ ਸਾਰੇ ਹੀ ਬੜਾ ਸਤਿਕਾਰ ਕਰਦੇ ਸਨ। ਉਹ ਬੜੇ ਹੀ ਸਹਿਜ ਵਿੱਚ ਰਹਿੰਦੇ ਤੇ ਜਦ ਕਿਤੇ ਬੋਲਦੇ ਤਾਂ ਬੜੀ ਹੀ ਧੀਮੀ ਸੁਰ, ਮਿੱਠੀ ਆਵਾਜ਼ ਤੇ ਮੱਠੇ ਅੰਦਾਜ਼ ਵਿੱਚ ਬੋਲਦੇ। ਸ਼ਬਦਾਂ ਦੀ ਚੋਣ ਤੇ ਵਾਕਾਂ ਦੀ ਬਣਤਰ ਤੋਂ ਇਵੇਂ ਭੁਲੇਖਾ ਪੈਂਦਾ ਜਿਵੇਂ ਉਹ ਕਿਤਾਬ ਪੜ੍ਹ ਰਹੇ ਹੋਣ। ਉਨ੍ਹਾਂ ਦਾ ਲਿਖਣਾ ਤੇ ਬੋਲਣਾ ਇੱਕੋ ਜਿਹਾ ਸੀ।
ਉਨ੍ਹਾਬੀ ਪੱਗ, ਕਾਲ਼ੀ ਫਿਫਟੀ, ਕਣਕਵੰਨਾ ਰੰਗ, ਚਿੱਟੇ ਮੋਤੀਆਂ ਜਿਹੇ ਚਮਕਣੇ ਦੰਦ, ਬੰਨ੍ਹੀ ਹੋਈ ਦਾਹੜੀ, ਛੇ ਫੁੱਟ ਲੰਮਾ ਕੱਦ ਤੇ ਪ੍ਰੋਫ਼ੈਸਰ ਦੀ ਸ਼ਾਨਦਾਰ ਛਬੀ। ਦੇਖ ਕੇ ਭੁੱਖ ਲਹਿੰਦੀ ਤੇ ਸੁਣ ਕੇ ਹੋਰ ਲੱਗਦੀ। ਸਾਹਿਤਕ ਗਿਆਨ ਵਿੱਚ ਏਨਾ ਫੈਲ ਜਾਂਦੇ ਕਿ ਪੈੜ ਨੱਪਣੀ ਮੁਸ਼ਕਲ ਹੋ ਜਾਂਦੀ। ਕਿੱਥੋਂ ਸ਼ੁਰੂ ਕਰਕੇ ਤੇ ਕਿੱਥੇ ਕਿੱਥੇ ਦੀਆਂ ਸੈਰਾਂ ਕਰਵਾ ਕੇ ਮੁੜ ਉਸੇ ਨੁਕਤੇ ’ਤੇ ਗੱਲ ਨੂੰ ਸਮੇਟ ਦੇਣ ਦੇ ਹੁਨਰ ਦਾ ਨਾਂ ਹਰਚੰਦ ਸਿੰਘ ਬੇਦੀ ਸੀ। ਮੈਂ ਉਨ੍ਹਾਂ ਦੀ ਤਾਰੀਫ਼ ਵਿੱਚ ਕੁਝ ਸ਼ਬਦ ਕਹੇ ਤੇ ਉਨ੍ਹਾਂ ਨੇ ਮੇਰਾ ਅਤਾ ਪਤਾ ਤੇ ਫ਼ੋਨ ਨੰਬਰ ਆਪਣੀ ਡਾਇਰੀ ਵਿੱਚ ਲਿਖ ਲਿਆ।
ਰੀਫ੍ਰੈਸ਼ਰ ਉਪਰੰਤ, ਕੁਝ ਦਿਨਾਂ ਬਾਅਦ ਮੈਨੂੰ ਉਨ੍ਹਾਂ ਦਾ ਫ਼ੋਨ ਆਇਆ ਕਿ ਉਨ੍ਹਾਂ ਨੇ ਖ਼ਾਲਸਾ ਕਾਲਜ ਲਈ ਕਿਤਾਬ ਲਿਖਣੀ ਹੈ ਤੇ ਮੈਨੂੰ ਉਹਦੇ ਵਿੱਚ ਕੋਈ ਲੇਖ ਭੇਜਣ ਲਈ ਕਿਹਾ। ਮੈਂ ਆਪਣੇ ਲੇਖ ਦੇ ਨਾਲ ਸਾਈਕੌਲੋਜੀ ਵਾਲੇ ਆਪਣੇ ਦੋਸਤ ਬਲਜੀਤ ਦਾ ਲੇਖ ਵੀ ਭੇਜ ਦਿੱਤਾ। ਉਹ ਮੇਰੇ ਲੇਖ ਤੋਂ ਵੀ ਵਧਕੇ ਬਲਜੀਤ ਦੇ ਲੇਖ ਤੋਂ ਬੇਹੱਦ ਪ੍ਰਭਾਵਤ ਹੋਏ ਤੇ ਦੋਵੇਂ ਲੇਖ ਕਿਤਾਬ ਵਿੱਚ ਸ਼ਾਮਲ ਕਰ ਲਏ।
ਕਿਤਾਬ ਛਪੀ ਤਾਂ ਉਨ੍ਹਾਂ ਨੇ ਦੋ ਕਾਪੀਆਂ ਮੇਰੇ ਲਈ, ਦੋ ਬਲਜੀਤ ਲਈ ਭੇਜ ਦਿੱਤੀਆਂ ਤੇ ਨਾਲ ਮਾਇਆ ਦਾ ਚੋਖਾ ਗੱਫ਼ਾ। ਮੈਂ ਵਾਪਸ ਧੰਨਵਾਦ ਦੀ ਚਿੱਠੀ ਲਿਖੀ, ਜਿਹਦਾ ਲਿਖਤੀ ਜਵਾਬ ਆਇਆ ਕਿ ਤੁੱਛ ਜਹੇ ਮਿਹਨਤਾਨੇ ਲਈ ਧੰਨਵਾਦ ਦੀ ਕੋਈ ਜ਼ਰੂਰਤ ਨਹੀਂ। ਪੰਜਾਬੀ ਦੇ ਅਕਾਦਮਿਕ ਅਤੇ ਬੌਧਿਕ ਜਗਤ ਵਿੱਚ ਇਕ ਉਹੀ ਸੀ, ਜਿਹੜਾ ਲਿਖਵਾਉਂਦਾ ਸੀ, ਧਨ ਦੇ ਕੇ ਵੀ, ਧੰਨਵਾਦ ਨਹੀਂ ਸੀ ਕਰਨ ਦਿੰਦਾ ਤੇ ਖ਼ੁਦ ਧੰਨਵਾਦੀ ਰਹਿ ਕੇ ਖ਼ੁਸ਼ ਹੁੰਦਾ ਸੀ।
ਫਿਰ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਆ ਗਿਆ ਤੇ ਉੱਥੇ ਆਪਣੀ ਬੌਧਿਕ ਸਮਰੱਥਾ ਅਤੇ ਸਰੋਕਾਰਾਂ ਦੀ ਧਾਂਕ ਜਮਾ ਦਿੱਤੀ। ਹਰਚੰਦ ਸਿੰਘ ਬੇਦੀ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਅਤੇ ਲਗਨ ਨਾਲ ਪਰਵਾਸੀ ਸਾਹਿਤ ਦੇ ਅਧਿਐਨ ਦੀ ਗੁੱਡੀ ਸੱਤਵੇਂ ਆਸਮਾਨ ’ਤੇ ਚਾੜ੍ਹ ਦਿੱਤੀ। ਅਸੀਂ ਉਹ ਵੀ ਦਿਨ ਦੇਖੇ ਜਦ ਯੂਨੀਵਰਸਿਟੀ ਵਿੱਚ ਸਿਰਫ਼ ਪਰਵਾਸੀ ਸਾਹਿਤ ਦੇ ਚਰਚੇ ਹੁੰਦੇ।
ਇਕ ਸੰਸਥਾ ਦੇ ਹੋਣਹਾਰ, ਪੀਐਚ.ਡੀ. ਕਰਨਾ ਲੋਚਦੇ ਸਨ। ਉਹ ਐਨਰੋਲਮੈਂਟ ਕਰਾਉਂਦੇ, ਸਿਨੌਪਸਿਸ ਲਿਖਦੇ ਪਰ ਰਜਿਸਟ੍ਰੇਸ਼ਨ ਸਮੇਂ ਉਨ੍ਹਾਂ ਨੂੰ ਆਨੇ ਬਹਾਨੇ ਖਦੇੜ ਦਿੱਤਾ ਜਾਂਦਾ। ਸੰਸਥਾ ਦੇ ਪ੍ਰਧਾਨ ਨੇ ਮੈਨੂੰ ਬੁਲਾ ਕੇ ਸਾਰੀ ਗੱਲ ਦੱਸੀ ਤੇ ਕੁਝ ਕਰਨ ਲਈ ਕਿਹਾ। ਮੈਂ ਹਰਚੰਦ ਸਿੰਘ ਬੇਦੀ ਨੂੰ ਬੇਨਤੀ ਕੀਤੀ। ਉਨ੍ਹਾਂ ਨੇ ਇਕ ਹੀ ਗੱਲ ਪੁੱਛੀ ਕਿ “ਬੱਚੇ ਮਿਹਨਤ ਕਰਨਗੇ?” ਮੈਂ ਕਿਹਾ “ਜੀ ਮਿਹਨਤੀ ਤਾਂ ਹਨ ਹੀ, ਪਰ ਉਹ ਤਾਉਮਰ ਆਗਿਆਕਾਰ ਵੀ ਰਹਿਣਗੇ”। ਉਹ ਕਹਿਣ ਲੱਗੇ “ਨਹੀਂ, ਸਿਰਫ਼ ਮਿਹਨਤੀ ਹੋਣ, ਆਗਿਆਕਾਰੀ ਦੀ ਕੋਈ ਜ਼ਰੂਰਤ ਨਹੀਂ”। ਮੈਂ ਸਦਾ ਹਰਚੰਦ ਸਿੰਘ ਬੇਦੀ ਦੀ ਮੁਹੱਬਤ ਤੇ ਉਦਾਰਤਾ ਦਾ ਰਿਣੀ ਰਿਹਾ।
ਉਹ ਯੂਨੀਵਰਸਿਟੀ ਤੋਂ ਰੁਖ਼ਸਤ ਹੋ ਗਏ, ਪਰ ਆਪਣੇ ਸਰੋਕਾਰਾਂ ਤੋਂ ਕਦੇ ਅਵੇਸਲ਼ੇ ਨਾ ਹੋਏ। ਉਨ੍ਹਾਂ ਨੇ ਕਿਸੇ ਹੋਰ ਸੰਸਥਾ ਨਾਲ ਮਿਲ ਕੇ ਭਾਈ ਵੀਰ ਸਿੰਘ ਦੇ ਸਾਲਾਨਾ ਸਮਾਗਮ ਕਰਾਉਣੇ ਅਰੰਭ ਦਿੱਤੇ। ਹਰ ਵਾਰ ਉਨ੍ਹਾਂ ਨੇ ਮੈਨੂੰ ਬੜਾ ਹੀ ਮਿਲਾਪੜਾ ਸੱਦਾ-ਪੱਤਰ ਭੇਜਣਾ ਤੇ ਮੈਂ ਆਦਤਨ ਹਰ ਵਾਰ ਟਾਲ਼ਾ ਵੱਟ ਜਾਣਾ। ਇਸ ਵਾਰੀ ਮੇਰੇ ਨਾ ਜਾਣ ’ਤੇ ਉਨ੍ਹਾਂ ਨੇ ਮੈਨੂੰ ਧੰਨਵਾਦੀ ਪੱਤਰ ਭੇਜਿਆ ਤੇ ਵਿੱਚ ਕੁਝ ਧਨ ਵੀ। ਮੈਂ ਹੈਰਾਨ ਹੋਇਆ ਤੇ ਫ਼ੋਨ ਕੀਤਾ “ਇਹ ਕਿਉਂ, ਮੈਂ ਤਾਂ ਗਿਆ ਹੀ ਨਹੀਂ?” ਕਹਿਣ ਲੱਗੇ “ਇਸੇ ਲਈ ਕਿ ਤੂੰ ਆਇਆ ਨਹੀਂ”। ਮੈਂ ਵਿਅੰਗਮਈ ਧੰਨਵਾਦ ਤਾਂ ਰੱਖ ਲਿਆ ਪਰ ਉਹ ਧਨ ਉਸੇ ਤਰ੍ਹਾਂ ਵਾਪਸ ਭੇਜ ਦਿੱਤਾ। ਸੋਚਿਆ ਕਿ ਐਤਕੀਂ ਸੱਦਾ-ਪੱਤਰ ਆਇਆ ਤਾਂ ਜ਼ਰੂਰ ਜਾਵਾਂਗਾ।
ਕੀ ਪਤਾ ਸੀ ਕਿ ਮੇਰੇ ਸੱਦਾ-ਪੱਤਰ ਤੋਂ ਪਹਿਲਾਂ ਉਨ੍ਹਾਂ ਨੂੰ ਹੀ ਉੱਥੋਂ ਸੱਦਾ-ਪੱਤਰ ਆ ਜਾਵੇਗਾ, ਜਿੱਥੋਂ ਉਹ ਕਿਸੇ ਨੂੰ ਵੀ ਸੱਦਾ-ਪੱਤਰ ਨਹੀਂ ਭੇਜ ਸਕਣਗੇ – ਨਾ ਧਨ ਤੇ ਨਾ ਧੰਨਵਾਦ। ਉਨ੍ਹਾਂ ਦੇ ਚੰਦਰੇ ਰੋਗ ਦਾ ਪਰਿਵਾਰ ਦੇ ਬਗੈਰ ਕਿਸੇ ਨੂੰ ਕੁਝ ਪਤਾ ਨਹੀਂ ਸੀ। ਕਰੋਨਾ ਨੇ ਸਾਰੀ ਖ਼ਲਕਤ ਅਸਤ ਵਿਅਸਤ ਕੀਤੀ ਹੋਈ ਹੈ। ਮੈਂ ਉਨ੍ਹਾਂ ਨੂੰ ਕਰੀ ਵਾਰ ਫ਼ੋਨ ਕਰਨ ਬਾਰੇ ਸੋਚਿਆ, ਪਰ ਕਰ ਨਾ ਸਕਿਆ। ਕਾਫ਼ੀ ਦੇਰ ਤੋਂ ਉਨ੍ਹਾਂ ਦੀ ਵੀ ਕੋਈ ਉੱਘ-ਸੁੱਘ ਤੇ ਖ਼ਬਰ-ਸਾਰ ਨਹੀਂ ਸੀ। ਖ਼ਬਰ ਆਈ ਕਿ ਉਹ ਨਹੀਂ ਰਹੇ।
ਇਸ ਨਾਲ ਸਾਡਾ ਸਮਾਜ ਪ੍ਰਚੰਡ, ਮਾਰਤੰਡ ਤੇ ਉਦਾਰ ਇਨਸਾਨ ਤੋਂ ਵਿਰਵਾ ਹੋ ਗਿਆ ਹੈ ਜਿਹਦਾ ਘਾਟਾ ਕਦੇ ਵੀ ਪੂਰਿਆ ਨਹੀਂ ਜਾਣਾ।
ਸੰਪਰਕ: 94175-18384