ਮੰਟੋ ਦਾ ਕਾਰਲ ਮਾਰਕਸ ਬਾਰੇ ਨਾਟਕ

ਮੰਟੋ ਦਾ ਕਾਰਲ ਮਾਰਕਸ ਬਾਰੇ ਨਾਟਕ

ਪਵਨ ਟਿੱਬਾ

ਪਵਨ ਟਿੱਬਾ

ਰਦੂ ਦੇ ਉੱਘੇ ਲੇਖਕ ਸਾਅਦਤ ਹਸਨ ਮੰਟੋ (ਜਨਮ 11 ਮਈ) ਨੇ ਆਪਣੀ ਪੁਸਤਕ ‘ਤਲਖ਼, ਤੁਰਸ਼ ਔਰ ਸ਼ੀਰੀਂ’ ਵਿਚ ਕਾਰਲ ਮਾਰਕਸ (ਜਨਮ 5 ਮਈ) ਬਾਰੇ ਨਾਟਕ ਲਿਖਿਆ। ਨਾਟਕ ਇਕਬਾਲ ਦੇ ਸ਼ਿਅਰ ਨਾਲ ਸ਼ੁਰੂ ਹੁੰਦਾ ਹੈ:

ਆਂ ਕਲੀਮ ਬੇ ਤਜਲੀ ਆਂ ਮਸੀਹ ਬੇ ਸਲੀਬ

ਨੀਸਤ ਪੈਗ਼ੰਬਰ ਵ ਲੇਕਿਨ ਦਰ ਬਗਲ ਦਾਰਦ ਕਿਤਾਬ

ਇਕਬਾਲ ਨੇ ਉਸ ਨੂੰ ਅਜਿਹਾ ਮਸੀਹਾ ਤਸੱਵੁਰ ਕੀਤਾ ਜਿਸ ਨੂੰ ਸਲੀਬ ’ਤੇ ਨਹੀਂ ਚਾੜ੍ਹਿਆ ਗਿਆ, ਉਹ ਪੈਗ਼ੰਬਰ ਨਾ ਹੁੰਦੇ ਹੋਏ ਵੀ ‘ਪੂੰਜੀ’ ਜਿਹੀ ਕਿਤਾਬ ਦਾ ਸਿਰਜਕ ਹੈ।

ਨਾਟਕ ਵਿਚ ਸੂਤਰਧਾਰ ਕਹਿੰਦਾ ਹੈ ਕਿ ਉਸ ਨੇ ਜਨਮ ਵੇਲੇ (5 ਮਈ 1818) ਉਸ ਦੇ ਪਿਓ ਨੇ ਉਸ ਬਾਰੇ ਇਹ ਰਾਇ ਕਾਇਮ ਕੀਤੀ ਕਿ ਉਹ ਵੱਡਾ ਹੋ ਕੇ ਸ਼ੈਤਾਨ ਨਿਕਲੇਗਾ। ਉਸ ਦੀ ਆਪਣੇ ਬਾਪ ਨਾਲ ਇਹ ਖਿੱਚੋਤਾਣ ਉਮਰ ਭਰ ਜਾਰੀ ਰਹੀ। ਨਾਟਕ ਵਿਚ ਮਾਰਕਸ ਦਾ ਪਿਤਾ ਕਹਿੰਦਾ ਹੈ, “ਬੇਅਕਲ ਹੁੰਦਾ, ਘੱਟ ਦਿਮਾਗ਼ ਦਾ ਮਾਲਕ ਹੁੰਦਾ ਤਾਂ ਮੈਂ ਚੁੱਪ ਕਰਕੇ ਬੈਠ ਜਾਂਦਾ ਪਰ ਕਮਬਖ਼ਤ ਜ਼ਹੀਨ ਹੈ, ਸਿਰੇ ਦਾ ਜ਼ਹੀਨ ਹੈ।... ਹਜ਼ਾਰ ਵਾਰ ਸਮਝਾ ਚੁੱਕਾ ਹਾਂ ਪਰ ਸਾਹਿਬਜ਼ਾਦੇ ਦੇ ਕੰਨ ਤੇ ਜੂੰਅ ਤੱਕ ਨਹੀਂ ਸਰਕਦੀ।... ਸਬਰ ਦੀ ਵੀ ਕੋਈ ਹੱਦ ਹੁੰਦੀ ਹੈ।”

ਨਾਟਕ ਦੇ ਸੰਵਾਦ ਤੋਂ ਜ਼ਾਹਿਰ ਹੁੰਦਾ ਹੈ ਕਿ ਉਸ ਦਾ ਬਾਪ ਉਸ ਦੇ ਕੰਮਾਂ ਤੋਂ ਹਮੇਸ਼ਾ ਨਾਖੁਸ਼ ਰਿਹਾ। ਜ਼ੇਟਾਂਗ ਅਖਬਾਰ ਬੰਦ ਹੋਣ ਬਾਰੇ ਉਸ ਦੀ ਆਪਣੇ ਮਿੱਤਰ ਨਾਲ ਗੂੜ੍ਹੀ ਗੱਲਬਾਤ ਹੁੰਦੀ ਹੈ। ਉਸ ਦੇ ਸਾਹਮਣੇ ਇਕ ਮੋਰਚਾ ਹੋਰ ਖੁੱਲ੍ਹਾ ਹੋਇਆ ਹੈ; ਪਾਤਰ ਮਾਰਕਸ ਕਹਿੰਦਾ ਹੈ, “ਅੱਜ ਕਲ੍ਹ ਮੁਫ਼ਤ ਦੀ ਪਰੇਸ਼ਾਨੀ ਅਤੇ ਖ਼ਾਹਮਖ਼ਾਹ ਦੀਆਂ ਬਹਿਸਾਂ ਵਿਚ ਸਮਾਂ ਖ਼ਰਾਬ ਹੋ ਰਿਹਾ ਹੈ। ਇੱਧਰ ਮੇਰੇ ਕੁਨਬੇ ਵਾਲੇ ਬੇਕਾਰ ਮੇਰੇ ਵਿਆਹ ਦੇ ਰਸਤੇ ਵਿਚ ਰੁਕਾਵਟਾਂ ਪੈਦਾ ਕਰ ਰਹੇ ਹਨ। ਕੋਈ ਉਨ੍ਹਾਂ ਨੂੰ ਸਮਝਾਏ ਤਾਂ ਕਿਵੇਂ ਸਮਝਾਏ? ਮੈਨੂੰ ਆਪਣੀ ਹੋਣ ਵਾਲੀ ਪਤਨੀ ਨਾਲ ਅਥਾਹ ਮੁਹੱਬਤ ਹੈ। ਅੱਜ ਮੰਗਣੀ ਹੋਏ ਸੱਤ ਸਾਲ ਹੋ ਚੁੱਕੇ ਹਨ। ਉਹ ਵਿਚਾਰੀ ਆਪਣੇ ਅਤੇ ਮੇਰੇ ਅਜ਼ੀਜ਼ਾਂ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਅਜਿਹੇ ਖ਼ਰ ਦਿਮਾਗ ਹਨ ਕਿ ਟਸ ਤੋਂ ਮਸ ਨਹੀਂ ਹੁੰਦੇ।”

ਮਾਰਕਸ ਮਾਨਸਿਕ ਜੱਦੋਜਹਿਦ ਵਿਚ ਲੰਘ ਰਿਹਾ ਹੈ। ਉਸ ਅਨੁਸਾਰ ਜੈਨੀ ਨਾਲ ਵਿਆਹ ਨਾ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਉਹ ਲੋਕ ਬਰਲਿਨ ਦੀ ਹਕੂਮਤ ਦੀ ਉਸੇ ਤਰ੍ਹਾਂ ਇੱਜ਼ਤ ਕਰਦੇ ਹਨ ਜਿਵੇਂ ਆਪਣੇ ਆਸਮਾਨੀ ਪਿਓ ਦੀ ਅਤੇ ਉਹ ਇਸ ਹਕੂਮਤ ਦਾ ਵੈਰੀ ਹੈ। ਇਸ ਤੋਂ ਮਗਰੋਂ ਮਾਰਕਸ ਇਕ ਹੋਰ ਅਖਬਾਰ ਕੱਢਦਾ ਹੈ ਤੇ 1843 ਵਿਚ ਜੈਨੀ ਨਾਲ ਵਿਆਹ ਕਰ ਲੈਂਦਾ ਹੈ। ਪਰੂਸ਼ੀਆ ਦੀ ਸਰਕਾਰ ਉਸ ਦੇ ਅਖ਼ਬਾਰ ਵਿਰੁੱਧ ਕਾਰਵਾਈ ਕਰਦਿਆਂ ਉਸ ਨੂੰ ਜਲਾਵਤਨ ਕਰ ਦਿੰਦੀ ਹੈ। ਉੱਥੋਂ ਮਾਰਕਸ ਜੈਨੀ ਨਾਲ ਬ੍ਰੱਸਲਜ਼ ਚਲਾ ਜਾਂਦਾ ਹੈ ਪਰ ਉਸ ਕੋਲ ਆਰਥਿਕ ਵਸੀਲੇ ਨਾਂਹ ਦੇ ਬਰਾਬਰ ਹਨ ਤੇ ਇਸ ਕੰਮ ਲਈ ਉਸ ਦੀ ਟੇਕ ਆਪਣੇ ਦੋਸਤ ਏਂਗਲਜ਼ ਉੱਤੇ ਹੈ। ਨਾਟਕ ਵਿਚ ਮਾਰਕਸ ਏਂਗਲਜ਼ ਬਾਰੇ ਆਖਦਾ ਹੈ, “ਏਂਗਲਜ਼ ਮੇਰਾ ਹਮਜ਼ਾਦ (ਜੁੜਵਾਂ ਭਰਾ) ਹੈ। ਸਾਡੀ ਦੋਸਤੀ ਦਾ ਆਗਾਜ਼ ਉਸ ਸਮੇਂ ਹੋਇਆ ਜਦੋਂ ਏਂਗਲਜ਼ ਨੇ ਆਪਣੀ ਪਹਿਲੀ ਕਿਤਾਬ ਲਿਖੀ ਅਤੇ ਮੈਂ ਉਸ ਦੀ ਪ੍ਰਸੰਸਾ ਕੀਤੀ। ਸੱਚ ਤਾਂ ਇਹ ਹੈ ਕਿ ਆਰਥਿਕਤਾ ਦੇ ਮੈਦਾਨ ਵਿਚ ਏਂਗਲਜ਼ ਦੀ ਨਜ਼ਰ ਬਹੁਤ ਵਸੀਹ ਹੈ।”

ਮਾਰਕਸ ਦੇ ਬ੍ਰੱਸਲਜ਼ ਵਿਚ ਪੈਰ ਅਜੇ ਲੱਗੇ ਹੀ ਸਨ ਕਿ ਉਸ ਨੂੰ ਇੱਥੋਂ ਵੀ ਜਲਾਵਤਨੀ ਦਾ ਹੁਕਮ ਹੋ ਗਿਆ। ਪੈਰਿਸ ਆ ਕੇ ਫਿਰ ਅਖ਼ਬਾਰ ਕੱਢਿਆ ਪਰ ਆਰਥਿਕ ਵਸੀਲਿਆਂ ਦੀ ਘਾਟ ਕਾਰਨ ਬੰਦ ਹੋ ਗਿਆ। ਇੱਥੇ ਮਾਰਕਸ ਕਿਸ ਹਾਲਤ ਵਿਚੋਂ ਗੁਜ਼ਰ ਰਿਹਾ ਹੈ, ਉਸ ਦੇ ਇਸ ਸੰਵਾਦ ਤੋਂ ਪਤਾ ਲੱਗਦਾ ਹੈ, “ਦਿਮਾਗ ਵਿਗੜਿਆ ਹੋਇਆ ਹੈ, ਹੋਸ਼ ਕਾਇਮ ਨਹੀਂ, ਕਰਜ਼ ਮੰਗਣ ਵਾਲਿਆਂ ਤੋਂ ਕੁਝ ਛੁਟਕਾਰਾ ਮਿਲੇ ਤਾਂ ਕੁਝ ਸੋਚਾਂ ਵੀ। ਮਜ਼ਦੂਰਾਂ ਅਤੇ ਕਲਰਕਾਂ ਦੀਆਂ ਤਨਖ਼ਾਹਾਂ ਦਿੰਦਿਆਂ ਮੇਰਾ ਕਚੂੰਮਰ ਨਿਕਲ ਗਿਆ ਹੈ। ਪਤਨੀ ਦੇ ਕੁਝ ਗਹਿਣੇ ਰਹਿ ਗਏ ਸਨ, ਉਨ੍ਹਾਂ ਨੂੰ ਗਹਿਣੇ ਰੱਖ ਕੇ ਇੰਨੇ ਦਿਨ ਗੁਜ਼ਾਰਾ ਕੀਤਾ ਹੈ।”

ਮਾਰਕਸ ਨੇ ਫਰਾਂਸ ਨੂੰ ਵੀ ਅਲਵਿਦਾ ਕਿਹਾ ਤੇ ਲੰਡਨ ਚਲਾ ਆਇਆ। ਇੱਥੇ ਉਸ ਦੇ ਘਰ ਮੁੰਡਾ ਪੈਦਾ ਹੋਇਆ ਜੋ ਗ਼ਰੀਬੀ ਕਾਰਨ ਇਕ ਸਾਲ ਦੇ ਅੰਦਰ ਹੀ ਮਰ ਗਿਆ। ਚਾਰੇ ਪਾਸੇ ਮੁਸੀਬਤਾਂ ਸਨ ਪਰ ਉਨ੍ਹਾਂ ਦੀ ਮੌਜੂਦਗੀ ਵਿਚ ਵੀ ਮਾਰਕਸ ਨੇ ਆਪਣੀ ਸਰਗਰਮੀ ਜਾਰੀ ਰੱਖੀ। ਸਵੇਰੇ ਨੌਂ ਵਜੇ ਲੰਡਨ ਦੀ ਲਾਇਬ੍ਰੇਰੀ ਵਿਚ ਚਲਾ ਜਾਂਦਾ ਅਤੇ ਸ਼ਾਮ ਦੇ ਸੱਤ ਵਜੇ ਮੁੜਦਾ। ਉਹ ਆਪਣੀ ਕਿਤਾਬ ‘ਆਰਥਿਕਤਾ ਦੀ ਪੜਚੋਲ’ ਲਿਖ ਰਿਹਾ ਸੀ।

ਨਾਟਕ ਵਿਚ ਮਾਰਕਸ ਕਹਿੰਦਾ ਹੈ, “ਪਤਨੀ ਬਿਮਾਰ, ਬੇਟੀ ਬਿਮਾਰ, ਮੁੰਡੇ ਨੂੰ ਬੁਖ਼ਾਰ, ਰੁਪਿਆ ਪੈਸਾ ਕੋਲ ਨਹੀਂ। ਹਫ਼ਤੇ ਤੋਂ ਸਿਰਫ਼ ਰੋਟੀ ਅਤੇ ਆਲੂ ਤੇ ਗੁਜ਼ਾਰਾ ਕਰ ਰਿਹਾ ਹਾਂ। ਸ਼ਾਇਦ ਹੁਣ ਇਹ ਵੀ ਨਾ ਮਿਲੇ ਅਤੇ ਭੁੱਖੇ ਮਰਨਾ ਪਵੇ। ਕਾਗਜ਼ ਖ਼ਰੀਦਣ ਲਈ ਵੀ ਪੈਸੇ ਨਹੀਂ ਕਿ ਲੇਖ ਲਿਖ ਕੇ ਅਖ਼ਬਾਰ ਨੂੰ ਭੇਜ ਸਕਾਂ। ਹੁਣ ਸਿਰਫ਼ ਇਹ ਹੋਣਾ ਬਾਕੀ ਹੈ ਕਿ ਮਕਾਨ ਮਾਲਕ ਘਰੋਂ ਕੱਢ ਦੇਵੇ ਕਿਉਂਕਿ ਉਸ ਦੇ ਬਾਈ ਪੌਂਡ ਮੇਰੇ ਵੱਲ ਨਿਕਲਦੇ ਹਨ।... ਰੋਟੀ, ਦੁੱਧ, ਸਬਜ਼ੀ, ਕਸਾਈ, ਪਰਚੂਨ ਵਾਲੇ; ਇਨ੍ਹਾਂ ਸਭਨਾਂ ਦਾ ਕਰਜ਼ਾ ਵੱਖ ਰਿਹਾ। ਸਮਝ ਵਿਚ ਨਹੀਂ ਆਉਂਦਾ ਕਿ ਇਹ ਮੁਸੀਬਤਾਂ ਕਦੋਂ ਖ਼ਤਮ ਹੋਣਗੀਆਂ।” ਇਸੇ ਦੌਰਾਨ ਉਸ ਦੀ ਸਭ ਤੋਂ ਪਿਆਰੀ ਧੀ ਦੀ ਮੌਤ ਹੋ ਜਾਂਦੀ ਹੈ; ਜਾਨ ਤੋਂ ਵੱਧ ਪਿਆਰੀ ਬੱਚੀ ਸਾਹਮਣੇ ਦਮ ਤੋੜ ਰਹੀ ਸੀ, ਆਪ ਫ਼ਾਕਿਆਂ ਨਾਲ ਨਿਢਾਲ ਸੀ ਪਰ ਮਜਾਲ ਹੈ ਕਿ ਉਸ ਦੇ ਅਡੋਲ ਪੈਰ ਜ਼ਰਾ ਜਿਹੇ ਵੀ ਡਗਮਗਾਏ ਹੋਣ। ਪਤੀ-ਪਤਨੀ ਵਿਚਕਾਰ ਸੰਵਾਦ ਨੂੰ ਪੜ੍ਹਦਿਆਂ ਉਨ੍ਹਾਂ ਦੇ ਸੰਘਰਸ਼ ਅਤੇ ਅਡੋਲਤਾ ਬਾਰੇ ਪਤਾ ਲੱਗਦਾ ਹੈ।

ਇਸ ਤੋਂ ਬਾਅਦ ਉਸ ਦਾ ਇਕ ਹੋਰ ਮੁੰਡਾ ਘੋਰ ਗ਼ਰੀਬੀ ਕਾਰਨ ਚੱਲ ਵਸਦਾ ਹੈ। ਇਸ ਹਾਦਸੇ ਬਾਰੇ ਮਾਰਕਸ ਨੇ ਆਪਣੇ ਇਕ ਦੋਸਤ ਨੂੰ ਖ਼ਤ ਲਿਖਿਆ, “ਹਿਊਗੋ ਕਹਿੰਦਾ ਹੈ ਕਿ ਦੁਨੀਆ ਵਿਚ ਜੋ ਸੱਚੀ ਹੀ ਵੱਡੇ ਆਦਮੀ ਹੁੰਦੇ ਹਨ, ਉਹ ਹਕੀਕਤ ਦੀ ਤਲਾਸ਼ ਵਿਚ ਇਸ ਤਰ੍ਹਾਂ ਰੁੱਝੇ ਹੁੰਦੇ ਹਨ ਕਿ ਕੋਈ ਜਾਤੀ ਨੁਕਸਾਨ ਜਾਂ ਸਦਮਾ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਤਰ੍ਹਾਂ ਦਾ ਵੱਡਾ ਆਦਮੀ ਨਹੀਂ ਹਾਂ। ਮੁੰਡੇ ਦੀ ਮੌਤ ਨੇ ਮੇਰੀ ਰੂਹ ਅਤੇ ਮੇਰੇ ਜਿਸਮ ਨੂੰ ਹਿਲਾ ਕੇ ਰੱਖ ਦਿੱਤਾ ਹੈ।”

ਦੁੱਖ ਤਕਲੀਫ਼ਾਂ ਚੋਂ ਲੰਘਦਿਆਂ ਉਹ ਆਪਣੀ ਕਿਤਾਬ ‘ਸਰਮਾਇਆ’ ਵਾਲਾ ਮਹੱਤਵਪੂਰਨ ਕਾਰਜ ਸੰਪੂਰਨ ਕਰਕੇ 14 ਮਾਰਚ 1883 ਨੂੰ ਇਸ ਜਹਾਨ ਤੋਂ ਰੁਖ਼ਸਤ ਹੋਇਆ। 17 ਮਾਰਚ ਨੂੰ ਉਸ ਨੂੰ ਦਫ਼ਨ ਕੀਤਾ। ਏਂਗਲਜ਼ ਨੇ ਉਸ ਦੀ ਕਬਰ ਤੇ ਤਕਰੀਰ ਕੀਤੀ, ‘‘14 ਮਾਰਚ ਦੁਪਹਿਰ ਨੂੰ ਪੌਣੇ ਤਿੰਨ ਵਜੇ ਦੁਨੀਆ ਦਾ ਸਭ ਤੋਂ ਵੱਡਾ ਦਿਮਾਗ਼ ਚਲਾ ਗਿਆ। ਉਸ ਦੀ ਮੌਤ ਨਾਲ ਪਰੋਲੋਤਾਰੀ ਜੱਦੋਜਹਿਦ ਅਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਦੇਖਣ ਦੇ ਨਜ਼ਰੀਏ ਨੂੰ ਜੋ ਸਦਮਾ ਲੱਗਾ ਹੈ, ਉਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ। ਡਾਰਵਿਨ ਨੇ ਜੇ ਕੁਦਰਤ ਦੇ ਵਿਕਾਸ ਦੇ ਕਾਨੂੰਨ ਦਾ ਪਤਾ ਲਗਾਇਆ ਹੈ ਤਾਂ ਮਾਰਕਸ ਨੇ ਸਮਾਜ ਦੇ ਵਿਕਾਸ ਦਾ ਕਾਨੂੰਨ ਪਤਾ ਲਗਾਇਆ। ਉਸ ਨੇ ਮੌਜੂਦਾ ਸਰਮਾਏਦਾਰ ਅਤੇ ਬੁਰਜੁਆ ਸਮਾਜ ਦੇ ਮਨੋਰਥ ਦੱਸੇ ਹਨ।... ਹਰ ਮੁਲਕ ਦੇ ਗਿਆਨ ਤੇ ਕਲਾ ਦੇ ਦਸਤੂਰ, ਅਸੂਲ ਤੇ ਕਾਨੂੰਨ ਅਤੇ ਇੱਕ ਹੱਦ ਤੱਕ ਉਸ ਦੇ ਬਾਸ਼ਿੰਦਿਆਂ ਦੇ ਰਹਿਣ-ਸਹਿਣ ਦੇ ਬੁਨਿਆਦੀ ਅਸੂਲ ਉਸ ਦੇ ਸਮਾਜ ਦੇ ਆਰਥਿਕ ਹਾਲਾਤ ਵਿਚ ਲੁਕੇ ਹੁੰਦੇ ਹਨ...।”

ਮੰਟੋ ਦਾ ਇਹ ਨਾਟਕ ਉਸ ਦੀ ਬੌਧਿਕ ਸਮਰੱਥਾ ਨੂੰ ਸਾਡੇ ਸਾਹਮਣੇ ਉਜਾਗਰ ਕਰਦਾ ਹੈ। ਉਸ ਦੇ ਸਮਕਾਲੀ ਲੇਖਕ ਉਸ ਉੱਪਰ ਪ੍ਰਤੀਕਿਰਿਆਵਾਦੀ ਹੋਣ ਦਾ ਦੋਸ਼ ਮੜ੍ਹਦੇ ਰਹੇ ਪਰ ਉਸ ਨੇ ਤਥਾਕਥਿਤ ਤਰੱਕੀਪਸੰਦਾਂ ਦੇ ਦੋਗਲੇਪਣ ਦੇ ਰੱਜ ਕੇ ਆਹੂ ਲਾਹੇ।

ਸੰਪਰਕ: 86478-90000

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All