ਅੰਬਾਂ ਵਾਲਾ ਖੂਹ
ਹੁਣ ਜਦੋਂ ਅੰਬਾਂ ਅਤੇ ਜਾਮਣਾਂ ਦਾ ਮੌਸਮ ਮੁੱਕਣ ਵਾਲਾ ਹੈ ਤਾਂ ਪਿੰਡ ਦੇ ‘ਅੰਬਾਂ ਵਾਲੇ ਖੂਹ’ ਦੀ ਯਾਦ ਆ ਰਹੀ ਹੈ। ਬਚਪਨ ਦੀਆਂ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਇਨਸਾਨ ਨੂੰ ਉਮਰ ਭਰ ਨਹੀਂ ਭੁੱਲਦੀਆਂ। ਅਜਿਹੀ ਹੀ ਆਪਣੇ ਬਚਪਨ ਦੀ...
ਹੁਣ ਜਦੋਂ ਅੰਬਾਂ ਅਤੇ ਜਾਮਣਾਂ ਦਾ ਮੌਸਮ ਮੁੱਕਣ ਵਾਲਾ ਹੈ ਤਾਂ ਪਿੰਡ ਦੇ ‘ਅੰਬਾਂ ਵਾਲੇ ਖੂਹ’ ਦੀ ਯਾਦ ਆ ਰਹੀ ਹੈ। ਬਚਪਨ ਦੀਆਂ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਇਨਸਾਨ ਨੂੰ ਉਮਰ ਭਰ ਨਹੀਂ ਭੁੱਲਦੀਆਂ। ਅਜਿਹੀ ਹੀ ਆਪਣੇ ਬਚਪਨ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਸਿੰਜਾਈ ਦੇ ਸਾਧਨ ਘੱਟ ਹੁੰਦੇ ਸਨ ਅਤੇ ਟਿੰਡਾਂ ਵਾਲੇ ਖੂਹ ਆਮ ਵੇਖਣ ਨੂੰ ਮਿਲਦੇ ਸਨ। ਪਿੰਡਾਂ ਵਿੱਚ ਖੂਹਾਂ ਦੇ ਵਿਸ਼ੇਸ਼ ਨਾਂ ਹੁੰਦੇ ਸਨ ਜਿਵੇਂ ਸਾਡੇ ਪਿੰਡ ਵਿੱਚ ਐਤਲ ਵਾਲਾ ਖੂਹ, ਮੋਹਣ ਵਾਲਾ, ਤੂਤਾਂ ਵਾਲਾ, ਨਵੇਂ ਵਾਲਾ, ਜਾਮਣਾਂ ਵਾਲਾ ਅਤੇ ਬਾਗ਼ ਵਾਲਾ ਖੂਹ ਆਦਿ ਸਨ।
ਮੈਂ ਇੱਥੇ ਆਪਣੇ ਪਿੰਡ ਦੇ ‘ਅੰਬਾਂ ਵਾਲੇ ਖੂਹ’ ਦੀ ਗੱਲ ਕਰ ਰਿਹਾ ਹਾਂ ਜਿੱਥੇ ਖੂਹ ਦੇ ਆਸ-ਪਾਸ ਅੰਬਾਂ ਅਤੇ ਜਾਮਣਾਂ ਦੇ ਘਣੇ ਦਰੱਖਤ ਹੁੰਦੇ ਸਨ। ਅਸੀਂ ਬੱਚੇ ਸਕੂਲੋਂ ਛੁੱਟੀ ਹੁੰਦਿਆਂ ਹੀ ਅੰਬਾਂ ਵਾਲੇ ਖੂਹ ’ਤੇ ਜਾ ਪਹੁੰਚਦੇ। ਉੱਥੇ ਕੱਚੀਆਂ ਅੰਬੀਆਂ ਖਾਂਦੇ ਅਤੇ ਮਿੱਠੇ-ਮਿੱਠੇ ਅੰਬ ਤੋੜ ਕੇ ਖੂਹ ਦੇ ਠੰਢੇ ਪਾਣੀ ਨਾਲ ਧੋ ਕੇ ਚੂਪਦੇ। ਉਦੋਂ ਖੂਹ ਬਲਦਾਂ ਦੀ ਜੋੜੀ ਨਾਲ ਚੱਲ ਰਿਹਾ ਹੁੰਦਾ ਸੀ ਅਤੇ ਬਲਦਾਂ ਦੇ ਗਲ ਪਈਆਂ ਟੱਲੀਆਂ ਦੀ ਆਵਾਜ਼ ਮਨ ਨੂੰ ਮੋਹ ਲੈਂਦੀ ਸੀ। ਅਸੀਂ ਬਲਦਾਂ ਵਾਲੇ ਗੱਡੇ ’ਤੇ ਬੈਠ ਕੇ ਹੂਟੇ ਲੈਂਦੇ ਤੇ ਖੂਹ ਦਾ ਠੰਢਾ-ਮਿੱਠਾ ਪਾਣੀ ਪੀਂਦਿਆਂ ਇਸ ਨਜ਼ਾਰੇ ਦਾ ਆਨੰਦ ਮਾਣਦੇ। ਅੰਬਾਂ ਅਤੇ ਜਾਮਣਾਂ ਦੀਆਂ ਗਿਟਕਾਂ ਚੂਸ ਕੇ ਇੱਕ ਪਾਸੇ ਰੱਖ ਦਿੰਦੇ ਅਤੇ ਬਾਅਦ ਵਿੱਚ ਕੂੜੇ ਦੇ ਢੇਰ ’ਤੇ ਸੁੱਟ ਆਉਂਦੇ। ਜਿਹੜੇ ਕੱਚੇ ਅੰਬ ਹੁੰਦੇ ਸਨ, ਉਨ੍ਹਾਂ ਨੂੰ ਘਰ ਲਿਆ ਕੇ ਤੂੜੀ ਵਿੱਚ ਨੱਪ ਦਿੰਦੇ, ਜੋ ਕੁਝ ਦਿਨਾਂ ਬਾਅਦ ਪੱਕਣ ’ਤੇ ਬਹੁਤ ਸੁਆਦੀ ਲੱਗਦੇ।
ਇੱਕ ਦਿਨ ਦੀ ਗੱਲ ਹੈ, ਸਾਡਾ ਮਾਮਾ ਵੀ ਸ਼ਹਿਰੋਂ ਛੁੱਟੀਆਂ ਵਿੱਚ ਆਇਆ ਹੋਇਆ ਸੀ, ਜੋ ਉਮਰ ਵਿੱਚ ਸਾਡਾ ਹਾਣੀ ਹੀ ਸੀ। ਮੈਂ, ਮੇਰਾ ਭਰਾ ਮੰਨਾ ਅਤੇ ਮਾਮਾ ਤਿੰਨੇ ਜਣੇ ਅੰਬਾਂ ਵਾਲੇ ਖੂਹ ਵੱਲ ਤੁਰ ਪਏ। ਅੰਬ ਤੇ ਜਾਮਣ ਖਾਣ ਨਾਲ ਸਾਡੇ ਕੱਪੜਿਆਂ ’ਤੇ ਦਾਗ ਲੱਗ ਗਏ। ਜਦੋਂ ਅਸੀਂ ਘਰ ਵਾਪਸ ਪਰਤੇ ਤਾਂ ਭਾਪਾ ਜੀ ਨੇ ਸਾਡੇ ਕੱਪੜਿਆਂ ਦਾ ਰੰਗ ਦੇਖਦਿਆਂ ਹੀ ਸਾਨੂੰ ਕੰਨਾਂ ਤੋਂ ਫੜ ਕੇ ਪਿਛਲੇ ਪਾਸੇ ਛਿੱਤਰ ਜੜ ਦਿੱਤੇ ਪਰ ਮਾਮੇ ਨੂੰ ਕੁਝ ਨਹੀਂ ਆਖਿਆ। ਅਸੀਂ ਭੱਜ ਕੇ ਬੀਜੀ ਕੋਲ ਗਏ ਅਤੇ ਸਾਰੀ ਹੱਡਬੀਤੀ ਸੁਣਾਈ ਕਿ ਭਾਪਾ ਜੀ ਨੇ ਸਾਡੇ ਨਾਲ ਧੱਕਾ ਕੀਤਾ ਹੈ ਅਤੇ ਮਾਮੇ ਨੂੰ ਕੁਝ ਨਹੀਂ ਕਿਹਾ। ਬੀਜੀ ਨੇ ਸਾਨੂੰ ਸਮਝਾਉਂਦਿਆਂ ਕਿਹਾ, “ਉਹ ਤਾਂ ਪ੍ਰਾਹੁਣਾ ਬਣ ਕੇ ਆਇਆ ਹੈ, ਉਸ ਨੂੰ ਕੀ ਪਤਾ ਸੀ? ਪਰ ਤੁਹਾਨੂੰ ਤਾਂ ਪਤਾ ਸੀ, ਗ਼ਲਤੀ ਤੁਹਾਡੀ ਹੈ ਜਿਸ ਦੀ ਸਜ਼ਾ ਤੁਹਾਨੂੰ ਮਿਲ ਗਈ ਹੈ।” ਬੀਜੀ ਨੇ ਵੀ ਸਾਡਾ ਸਾਥ ਦੇਣ ਦੀ ਬਜਾਏ ਪੱਲਾ ਝਾੜ ਲਿਆ।
ਇੰਨਾ ਸਮਾਂ ਬੀਤਣ ਤੋਂ ਬਾਅਦ ਅੱਜ ਵੀ ਜਦੋਂ ਮਾਮਾ ਪਿੰਡ ਆਉਂਦਾ ਹੈ ਤਾਂ ਅਸੀਂ ਪੁਰਾਣੀਆਂ ਗੱਲਾਂ, ਅੰਬਾਂ ਤੇ ਜਾਮਣਾਂ ਦੇ ਸੁਆਦ ਅਤੇ ਭਾਪਾ ਜੀ ਵੱਲੋਂ ਪਏ ਛਿੱਤਰਾਂ ਨੂੰ ਯਾਦ ਕਰਕੇ ਖੁੱਲ੍ਹ ਕੇ ਹੱਸਦੇ ਹਾਂ। ਹੁਣ ਨਾ ਤਾਂ ਉਹ ਖੂਹ ਰਹੇ ਹਨ ਅਤੇ ਨਾ ਹੀ ਉਹ ਅੰਬ ਤੇ ਜਾਮਣ। ਹੁਣ ਤਾਂ ਫਲ ਸਿੱਧੇ ਮੰਡੀਆਂ ਵਿੱਚ ਆਉਂਦੇ ਹਨ ਅਤੇ ਰੇੜ੍ਹੀਆਂ ਤੋਂ ਮਿਲ ਜਾਂਦੇ ਹਨ। ਪਰ ਜੋ ਅੰਬਾਂ ਵਾਲੇ ਖੂਹ ਤੋਂ ਅੰਬ ਖਾਣ ਦਾ ਆਨੰਦ ਅਤੇ ਖੂਹ ਦੇ ਪਾਣੀ ਦੀ ਠੰਢਕ ਸੀ, ਉਹ ਅੱਜ ਦੇ ਆਰ ਓ ਅਤੇ ਫਰਿੱਜ ਦੇ ਪਾਣੀ ਵਿੱਚ ਕਿੱਥੇ? ਉਦੋਂ ਲੋਕਾਂ ਵਿੱਚ ਅੱਜ ਵਾਂਗ ਨਾਮੁਰਾਦ ਬਿਮਾਰੀਆਂ ਵੀ ਨਹੀਂ ਹੁੰਦੀਆਂ ਸਨ। ਅੱਜ ਦੇ ਬੱਚੇ ਮੋਬਾਈਲ ਦੀ ਬੁਰੀ ਆਦਤ ਕਾਰਨ ਮਾਨਸਿਕ ਰੋਗੀ ਬਣ ਰਹੇ ਹਨ ਅਤੇ ਫਾਸਟ ਫੂਡ ਖਾ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਕਾਸ਼! ਉਹ ਅੰਬਾਂ ਵਾਲੇ ਖੂਹਾਂ ਵਾਲੇ ਦਿਨ ਮੁੜ ਆਉਣ ਅਤੇ ਅਸੀਂ ਫਿਰ ਤੋਂ ਕੱਚੀਆਂ ਅੰਬੀਆਂ ਤੇ ਜਾਮਣ ਖਾ ਕੇ ਉਸ ਕੁਦਰਤੀ ਮਾਹੌਲ ਦਾ ਲੁਤਫ਼ ਮਾਣ ਸਕੀਏ, ਜੋ ਹੁਣ ਲੋਪ ਹੋ ਚੁੱਕਾ ਹੈ।
ਸਪੰਰਕ: 98786-00221

