ਨਿਸ਼ਚੈ ਕਰ ਅਪਨੀ ਜੀਤ ਕਰੋਂ
ਸੰਸਾਰ ਪ੍ਰਸਿੱਧ ਰੂਸੀ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਦਾ ਮੁੱਖ ਪਾਤਰ ‘ਅਲੈਕਸੇਈ ਮਾਰੇਸੇਯੇਵ’ ਦੂਸਰੀ ਸੰਸਾਰ ਜੰਗ ਸਮੇਂ ਜਰਮਨਾਂ ਵਿਰੁੱਧ ਇੱਕ ਹਵਾਈ ਹਮਲੇ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਤੇ ਆਪਣੇ ਦੋਵੇਂ ਪੈਰ ਗੁਆ ਬੈਠਦਾ ਹੈ। ਪਰ ਉਸਦੇ ਅੰਦਰ ਜਨੂੰਨ ਦੀ ਹੱਦ...
ਸੰਸਾਰ ਪ੍ਰਸਿੱਧ ਰੂਸੀ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਦਾ ਮੁੱਖ ਪਾਤਰ ‘ਅਲੈਕਸੇਈ ਮਾਰੇਸੇਯੇਵ’ ਦੂਸਰੀ ਸੰਸਾਰ ਜੰਗ ਸਮੇਂ ਜਰਮਨਾਂ ਵਿਰੁੱਧ ਇੱਕ ਹਵਾਈ ਹਮਲੇ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਤੇ ਆਪਣੇ ਦੋਵੇਂ ਪੈਰ ਗੁਆ ਬੈਠਦਾ ਹੈ। ਪਰ ਉਸਦੇ ਅੰਦਰ ਜਨੂੰਨ ਦੀ ਹੱਦ ਤੱਕ ਇਹ ਦ੍ਰਿੜ ਵਿਸ਼ਵਾਸ ਭਰਿਆ ਹੋਇਆ ਹੈ ਕਿ ਉਸ ਨੇ ਇੱਕ ਦਿਨ ਫਿਰ ਲੜਾਕੂ ਜਹਾਜ਼ ਉਡਾਉਣਾ ਹੈ ਤੇ ਅਖ਼ੀਰ ਉਹ ਆਪਣੇ ਦ੍ਰਿੜ ਨਿਸ਼ਚੈ ਤੇ ਸਖ਼ਤ ਮਿਹਨਤ ਦੇ ਸਹਾਰੇ ਆਪਣੇ ਰਾਹ ’ਚ ਆਉਣ ਵਾਲੀ ਹਰੇਕ ਰੁਕਾਵਟ ਨੂੰ ਪਾਰ ਕਰਦਾ ਹੋਇਆ ਨਕਲੀ ਪੈਰਾਂ ਸਹਾਰੇ ਆਪਣੀ ਮੰਜ਼ਿਲ ਸਰ ਕਰ ਲੈਂਦਾ ਹੈ। ਬਾਰ੍ਹਵੀਂ ਦਾ ਇਮਤਿਹਾਨ ਪਾਸ ਕਰਨ ਉਪਰੰਤ ਮੇਰੀ ਵੱਡੀ ਲੜਕੀ ਦਾ ਅਗਲਾ ਨਿਸ਼ਾਨਾ ਗ੍ਰੈਜੂਏਸ਼ਨ ਅਤੇ ਫਿਰ ਪੋਸਟ ਗ੍ਰੈਜੂਏਸ਼ਨ ਕਰਨਾ ਸੀ। ਉਸ ਨੇ ਗ੍ਰੈਜੂਏਸ਼ਨ ਵਿੱਚ ਦਾਖ਼ਲਾ ਵੀ ਲੈ ਲਿਆ ਸੀ। ਮਾਂ-ਬਾਪ ਹੋਣ ਦੇ ਨਾਤੇ ਸਾਡੀ ਤਰਜੀਹ ਕੁਝ ਹੋਰ ਸੀ। ਅਸੀਂ ਚਾਹੁੰਦੇ ਸਾਂ ਕਿ ਉਸ ਨੂੰ ਜਲਦੀ ਕੋਈ ਨੌਕਰੀ ਮਿਲ ਜਾਵੇ ਤੇ ਉਪਰੰਤ ਅਸੀਂ ਉਸਦੇ ਵਿਆਹ ਬਾਰੇ ਸੋਚੀਏ। ਉਨ੍ਹਾਂ ਸਮਿਆਂ ’ਚ ਈ ਟੀ ਟੀ ਦੀ ਟ੍ਰੇਨਿੰਗ ਕਰ ਲੈਣ ਨੂੰ ਨੌਕਰੀ ਦੀ ਪੱਕੀ ਗਾਰੰਟੀ ਸਮਝਿਆ ਜਾਂਦਾ ਸੀ। ਸੰਯੋਗ ਵੱਸ ਉਨ੍ਹਾਂ ਦਿਨਾਂ ਵਿੱਚ ਹੀ ਈ ਟੀ ਟੀ ਦੇ ਨਵੇਂ ਸੈਸ਼ਨ ਲਈ ਪ੍ਰਵੇਸ਼ ਪ੍ਰੀਖਿਆ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਗਿਆ। ਸੋ, ਅਸੀਂ ਵੀ ਉਸ ਨੂੰ ਪ੍ਰਵੇਸ਼ ਪ੍ਰੀਖਿਆ ਦੇਣ ਲਈ ਪ੍ਰੇਰਿਤ ਕਰਨ ਲੱਗ ਪਏ। ਨਾ ਚਾਹੁੰਦਿਆਂ ਹੋਇਆਂ ਵੀ ਉਸ ਨੇ ਪ੍ਰਵੇਸ਼ ਪ੍ਰੀਖਿਆ ਵਿੱਚ ਬੈਠਣਾ ਪ੍ਰਵਾਨ ਕਰ ਲਿਆ ਤੇ ਵਧੀਆ ਮੈਰਿਟ ਨਾਲ ਪਾਸ ਵੀ ਹੋ ਗਈ। ਹੁਣ ਅਸੀਂ ਉਸ ਉੱਪਰ ਈ ਟੀ ਟੀ ਕਰਨ ਲਈ ਹੋਰ ਵੀ ਵਧੇਰੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਆਪਣੀਆਂ ਇੱਛਾਵਾਂ ਨੂੰ ਦਰ-ਕਿਨਾਰ ਕਰਦਿਆਂ ਉਸ ਨੇ ਇੱਕ ਆਗਿਆਕਾਰੀ ਬੇਟੀ ਹੋਣ ਦੇ ਨਾਤੇ ਸਾਡੀ ਇੱਛਾ ਅੱਗੇ ਸਿਰ ਝੁਕਾਅ ਦਿੱਤਾ। ਈ ਟੀ ਟੀ ਕਰਨ ਉਪਰੰਤ ਉਸ ਨੂੰ ਕੁਝ ਸਮਾਂ ਸਰਵਿਸ ਨਾ ਮਿਲੀ ਤਾਂ ਉਸ ਨੇ ਗ੍ਰੈਜੂਏਸ਼ਨ ਲਈ ਪ੍ਰਾਈਵੇਟ ਦਾਖ਼ਲਾ ਭਰ ਦਿੱਤਾ ਤੇ ਘਰ ਬੈਠ ਕੇ ਹੀ ਪੜ੍ਹਾਈ ਸ਼ੁਰੂ ਕਰ ਦਿੱਤੀ। ਇਨ੍ਹਾਂ ਦਿਨਾਂ ਵਿੱਚ ਹੀ ਮੇਰੀ ਦੂਸਰੀ ਬੇਟੀ ਨੇ ਬੀ ਐੱਡ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰ ਲਈ ਸੀ, ਪਹਿਲਾਂ ਉਸਦਾ ਇਰਾਦਾ ਦੂਰ ਦੇ ਸ਼ਹਿਰ ਦੇ ਇੱਕ ਉੱਘੇ ਬੀ ਐੱਡ ਕਾਲਜ ਵਿੱਚ ਦਾਖ਼ਲਾ ਲੈਣ ਦਾ ਸੀ। ਪਰ ਫਿਰ ਉਸ ਨੇ ਆਪਣਾ ਫ਼ੈਸਲਾ ਬਦਲਦੇ ਹੋਏ ਸਾਡੇ ਸ਼ਹਿਰ ਦੇ ਨਜ਼ਦੀਕੀ ਕਾਲਜ ਵਿੱਚ ਦਾਖ਼ਲਾ ਲੈਣ ਦਾ ਮਨ ਬਣਾ ਲਿਆ। ਅਸੀਂ ਸੋਚਦੇ ਸਾਂ ਕਿ ਸਾਡੇ ਉੱਪਰ ਪੈਣ ਵਾਲੇ ਵਾਧੂ ਆਰਥਿਕ ਬੋਝ ਨੂੰ ਘਟਾਉਣ ਲਈ ਉਹ ਆਪਣਾ ਇਰਾਦਾ ਬਦਲ ਰਹੀ ਸੀ। ਪਰ ਅਸਲ ਵਿੱਚ ਉਹ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚ ਆਪਣੀ ਵੱਡੀ ਭੈਣ ਦੀ ਮਦਦ ਕਰਨਾ ਚਾਹੁੰਦੀ ਸੀ। ਇਸ ਲਈ ਜ਼ਰੂਰੀ ਸੀ ਕਿ ਉਹ ਹਰ ਰੋਜ਼ ਘਰ ਵਾਪਿਸ ਆਵੇ।
ਆਖ਼ਰ ਦੋਵਾਂ ਭੈਣਾਂ ਦੀ ਮਿਹਨਤ ਰੰਗ ਲਿਆਈ, ਵੱਡੀ ਬੇਟੀ ਨੇ ਗ੍ਰੈਜੂਏਸ਼ਨ ਮੁਕੰਮਲ ਕਰ ਲਈ ਅਤੇ ਛੋਟੀ ਨੇ ਬੀ ਐੱਡ ਪਾਸ ਕਰ ਲਈ। ਅੱਗੇ ਵੀ ਦੋਵਾਂ ਦਾ ਕਿਸਮਤ ਨੇ ਸਾਥ ਦਿੱਤਾ, ਵੱਡੀ ਬੇਟੀ ਨੂੰ ਈ ਟੀ ਟੀ ਟੀਚਰ ਦੀ ਅਤੇ ਛੋਟੀ ਬੇਟੀ ਨੂੰ ਐੱਸ ਐੱਸ ਮਿਸਟ੍ਰੈੱਸ ਦੀ ਨੌਕਰੀ ਮਿਲ ਗਈ। ਹੁਣ ਅਸੀਂ ਦੋਵਾਂ ਬੇਟੀਆਂ ਦੀ ਪੜ੍ਹਾਈ ਤੇ ਨੌਕਰੀ ਵੱਲੋਂ ਨਿਸ਼ਚਿੰਤ ਹੋ ਗਏ ਸਾਂ। ਇਸ ਲਈ ਅਸੀਂ ਉਨ੍ਹਾਂ ਦੀਆਂ ਸ਼ਾਦੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇੱਕ ਯੋਗ ਲੜਕਾ ਮਿਲ ਜਾਣ ’ਤੇ ਅਸੀਂ ਵੱਡੀ ਬੇਟੀ ਦਾ ਵਿਆਹ ਕਰ ਦਿੱਤਾ।
ਹੁਣ ਅਸੀਂ ਤਾਂ ਆਪਣੇ ਵੱਲੋਂ ਪੂਰੀ ਤਰ੍ਹਾਂ ਬੇਫਿਕਰ ਹੋ ਗਏ ਸਾਂ ਪਰ ਵੱਡੀ ਬੇਟੀ ਦੀਆਂ ਅੱਖਾਂ ਵਿੱਚ ਤਾਂ ਹੋਰ ਹੀ ਸੁਪਨੇ ਸਨ। ਉਹ ਬੀ ਐੱਡ ਕਰਕੇ ਆਪਣੀ ਛੋਟੀ ਭੈਣ ਦੇ ਬਰਾਬਰ ਪਹੁੰਚਣ ਦੀ ਤਮੰਨਾ ਰੱਖਦੀ ਸੀ। ਉਸ ਨੇ ਆਪਣੇ ਪਤੀ ਅਤੇ ਸੱਸ-ਸਹੁਰੇ ਪਾਸੋਂ ਆਗਿਆ ਲੈ ਕੇ ਪੱਤਰ-ਵਿਹਾਰ ਬੀ ਐੱਡ ਕੋਰਸ ਵਿੱਚ ਦਾਖ਼ਲਾ ਲੈ ਲਿਆ। ਹੁਣ ਉਸ ਦੇ ਮੋਢਿਆਂ ਉੱਪਰ ਤੀਹਰੀ ਜ਼ਿੰਮੇਵਾਰੀ ਆ ਪਈ ਸੀ। ਸਕੂਲ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਸਬੰਧੀ ਜ਼ਿੰਮੇਵਾਰੀ, ਆਪਣੀ ਪੜ੍ਹਾਈ ਦੀ ਜ਼ਿੰਮੇਵਾਰੀ ਤੇ ਸਹੁਰੇ ਘਰ ਵਿੱਚ ਕੰਮਕਾਰ ਦੀਆਂ ਜ਼ਿੰਮੇਵਾਰੀਆਂ। ਪਰ ਉਸ ਦੀ ਨਜ਼ਰ ਅਰਜਨ ਵਾਂਗ ਆਪਣੇ ਨਿਸ਼ਾਨੇ ’ਤੇ ਟਿਕੀ ਹੋਈ ਸੀ। ਇਸ ਲਈ ਉਸ ਨੇ ਅਡੋਲ ਰਹਿੰਦਿਆਂ ਤੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਦਿਨ-ਰਾਤ ਮਿਹਨਤ ਕੀਤੀ ਤੇ ਬੀ ਐੱਡ ਮੁਕੰਮਲ ਕਰਕੇ ਆਪਣੀ ਮੰਜ਼ਿਲ ਵੱਲ ਇਕ ਕਦਮ ਹੋਰ ਵਧਾ ਲਿਆ। ਜਲਦੀ ਹੀ ਉਸਦੀ ਮੈਥ ਮਿਸਟ੍ਰੈੱਸ ਵਜੋਂ ਤਰੱਕੀ ਹੋ ਗਈ। ਅੱਜ ਮੇਰੀਆਂ ਦੋਵੇਂ ਬੇਟੀਆਂ ਸਫ਼ਲ ਅਧਿਆਪਕ ਹਨ ਅਤੇ ਸਫ਼ਲ ਤੇ ਖੁਸ਼ਹਾਲ ਵਿਆਹੁਤਾ ਜੀਵਨ ਬਿਤਾ ਰਹੀਆਂ ਹਨ। ਮੈਂ ਸਮਝਦਾ ਹਾਂ ਕਿ ਕਾਮਯਾਬੀ ਦੇ ਇਸ ਮੁਕਾਮ ਤੱਕ ਪਹੁੰਚਣ ਵਿੱਚ ਸਾਡੀ ਅਗਵਾਈ ਤੋਂ ਵੱਧ ਉਨ੍ਹਾਂ ਦੀ ਆਪਣੀ ਸਖ਼ਤ ਮਿਹਨਤ ਅਤੇ ਜਿੱਤ ਪ੍ਰਤੀ ਦ੍ਰਿੜ ਨਿਸ਼ਚੈ ਦਾ ਯੋਗਦਾਨ ਹੈ।
ਸੰਪਰਕ: 95018-38700

