ਕੱਥਕ ਨ੍ਰਿਤ ਦੇ ਮਹਾਰਾਜ

ਕੱਥਕ ਨ੍ਰਿਤ ਦੇ ਮਹਾਰਾਜ

ਆਸਾਵਰੀ ਸਿੰਘ

ਆਸਾਵਰੀ ਸਿੰਘ

ਕੱਥਕ ਨ੍ਰਿਤ ਦੇ ਸਿਰਮੌਰ ਕਲਾਕਾਰ ਅਤੇ ਵਿਦਵਾਨ ਪੰਡਿਤ ਬਿਰਜੂ ਮਹਾਰਾਜ ਦੇ ਸਦਾ ਲਈ ਤੁਰ ਜਾਣ ਨਾਲ ਭਾਰਤੀ ਨ੍ਰਿਤ ਕਲਾ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਹਰ ਉਸ ਛੋਟੇ ਵੱਡੇ ਕਲਾਕਾਰ ਨੂੰ ਜੋ ਕੱਥਕ ਨ੍ਰਿਤ ਨਾਲ ਕਿਸੇ ਤਰ੍ਹਾਂ ਵੀ ਜੁੜਿਆ ਹੋਇਆ ਹੈ, ਇੰਜ ਪ੍ਰਤੀਤ ਹੋ ਰਿਹਾ ਹੈ, ਜਿਵੇਂ ਉਹ ਅਨਾਥ ਹੋ ਗਿਆ ਹੋਵੇ। ਬਿਰਜੂ ਮਹਾਰਾਜ ਵਰਤਮਾਨ ਵਿਚ ਕੱਥਕ ਨ੍ਰਿਤ ਦੇ ਵੱਡੇ ਥੰਮ੍ਹ ਸਨ ਜਿਨ੍ਹਾਂ ਨੇ ਸਮੁੱਚੀ ਨ੍ਰਿਤ ਪਰੰਪਰਾ ਨੂੰ ਵਿਸ਼ਾਲ ਅਨੁਭਵ, ਸਿਰਜਨਾ ਅਤੇ ਕਲਾ ਕੌਸ਼ਲਤਾ ਨਾਲ ਪੱਕਾ ਆਸਰਾ ਮੁਹੱਈਆ ਕੀਤਾ ਹੋਇਆ ਸੀ। ਕੱਥਕ ਨ੍ਰਿਤ ਅਤੇ ਬਿਰਜੂ ਮਹਾਰਾਜ ਇੱਕ ਦੂਜੇ ਦੇ ਸਮਾਨ-ਅਰਥਕ ਹੋ ਗਏ ਸਨ।

4 ਫਰਵਰੀ, 1938 ਨੂੰ ਉੱਤਰ ਪ੍ਰਦੇਸ਼ ਦੇ ਹੰਡੀਆ ਨਾਮਕ ਸਥਾਨ ਵਿਚ ਜਨਮੇ ਬ੍ਰਿਜ ਮੋਹਨ ਨਾਥ ਮਿਸ਼ਰਾ ਬਾਅਦ ਵਿਚ ਬਿਰਜੂ ਮਹਾਰਾਜ ਦੇ ਨਾਮ ਨਾਲ ਵਿਖਿਆਤ ਹੋਏ। ਲਖਨਊ ਘਰਾਣੇ ਦੀ ਕਾਲਕਾ-ਬਿੰਦਾਦੀਨ ਸ਼ਾਖਾ ਦੇ ਉਹ ਮੋਹਰੀ ਕਲਾਕਾਰ ਸਨ। ਪਿਤਾ ਅੱਛਨ ਮਹਾਰਾਜ ਅਤੇ ਚਾਚਾ ਸ਼ੰਭੂ ਮਹਾਰਾਜ ਤੇ ਲੱਛੂ ਮਹਾਰਾਜ ਤੇ ਦਾਦਾ ਕਾਲਕਾ ਪ੍ਰਸਾਦ ਅਤੇ ਬਿੰਦਾਦੀਨ ਮਹਾਰਾਜ ਦੀ ਨ੍ਰਿਤ ਵਿਦਿਆ ਦੇ ਆਪ ਰਖਵਾਲੇ ਤੇ ਕੁਸ਼ਲ ਵਾਹਕ ਸਨ। ਸਿਰਫ਼ ਸੱਤ ਸਾਲ ਦੀ ਉਮਰ ਵਿਚ ਪਹਿਲਾ ਮੰਚ ਪ੍ਰਦਰਸ਼ਨ ਕੀਤਾ ਅਤੇ ਤੇਰਾਂ ਸਾਲ ਦੀ ਉਮਰ ਤੋਂ ਹੀ ਨ੍ਰਿਤ ਸਿਖਾਉਣਾ ਸ਼ੁਰੂ ਕਰ ਦਿੱਤਾ। ਦਿੱਲੀ ਦੀ ਸੰਗੀਤ ਭਾਰਤੀ ਸੰਸਥਾ ਵਿਚ ਸਿੱਖਿਆ ਦੇਣੀ ਸ਼ੁਰੂ ਕੀਤੀ ਅਤੇ ਫਿਰ ਸ੍ਰੀ ਰਾਮ ਭਾਰਤੀ ਕਲਾ ਕੇਂਦਰ ਵਿਖੇ ਸਿਖਾਉਣਾ ਜਾਰੀ ਰੱਖਿਆ। ਕੱਥਕ ਕੇਂਦਰ ਦਿੱਲੀ ਤੋਂ ਬਤੌਰ ਨਿਰਦੇਸ਼ਕ 1998 ਵਿਚ ਸੇਵਾ-ਮੁਕਤ ਹੋਣ ਪਿੱਛੋਂ ਆਪਣਾ ਨ੍ਰਿਤ ਗੁਰੂਕੁਲ ‘ਕਲਾਸ਼੍ਰਮ’ ਬਣਾਇਆ। ਇਨ੍ਹਾਂ ਸੰਸਥਾਵਾਂ ਵਿਚ ਉਨ੍ਹਾਂ ਦੇ ਅਣਗਿਣਤ ਸ਼ਾਗਿਰਦ ਬਣੇ ਜਿਸ ਦੇ ਸ਼ਾਹ ਸਵਾਰ ਵਜੋਂ ਮੋਹਰੀ ਰਹਿ ਕੇ ਮਹਾਰਾਜ ਨੇ ਲੰਮਾ ਸਮਾਂ ਵਿਸ਼ਾਲ ਨ੍ਰਿਤ ਸਮਾਜ ਸਿਰਜਿਆ। ਕੱਥਕ ਨ੍ਰਿਤ ਜਗਤ ਵਿਚ ਆਪ ਦੇ ਸ਼ਾਗਿਰਦ ਜਾਂ ਅਗਾਂਹ ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਸੂਚੀ ਹੈ। ਮਹਾਰਾਜ ਦੇ ਮੁੱਖ ਸ਼ਾਗਿਰਦਾਂ ਵਿਚ ਕੁਮੁਦਿਨੀ ਲਖੀਆ, ਪ੍ਰਤਾਪ ਪਵਾਰ, ਮੁੰਨਾ ਸ਼ੁਕਲਾ, ਰਾਣੀ ਕਰਨਾ, ਪੂਰਣਿਮਾ ਪਾਂਡੇ, ਸ਼ਾਸਵਤੀ ਸੇਨ, ਭਾਸਵਤੀ ਮਿਸ਼ਰਾ, ਅਦਿਤੀ ਮੰਗਲ ਦਾਸ, ਰਾਨੀ ਖ਼ਾਨੁਮ, ਦੁਰਗਾ ਆਰਿਆ, ਸਿ਼ਖਾ ਖਰੇ, ਸ਼ੋਵਨਾ ਨਾਰਾਇਣ, ਨੀਲਿਮਾ ਅਜ਼ੀਮ, ਰਾਮ ਮੋਹਨ, ਕ੍ਰਿਸ਼ਨ ਮੋਹਨ, ਪ੍ਰਦੀਪ ਸ਼ੰਕਰ ਤੋਂ ਇਲਾਵਾ ਆਪ ਦੇ ਪੁੱਤਰ ਦੀਪਕ ਮਹਾਰਾਜ, ਜੈ ਕਿਸ਼ਨ ਮਹਾਰਾਜ ਤੇ ਪੁੱਤਰੀ ਮਮਤਾ ਮਹਾਰਾਜ ਸ਼ਾਮਿਲ ਹਨ।

ਨ੍ਰਿਤ ਦੇ ਨਾਲ ਨਾਲ ਤਬਲਾ ਵਾਦਨ ਅਤੇ ਗਾਇਨ ਵਿਚ ਵੀ ਬਿਰਜੂ ਮਹਾਰਾਜ ਨੂੰ ਮੁਹਾਰਤ ਹਾਸਲ ਸੀ। ਨ੍ਰਿਤ ਦੇ ਬੋਲਾਂ ਦੀ ਅਜਿਹੀ ਪੜ੍ਹਤ ਕਰਦੇ, ਜਿਵੇਂ ਮੂੰਹ ਵਿਚੋਂ ਫੁੱਲ ਝਰਦੇ ਹੋਣ ਤੇ ਸੁਣਨ ਵਾਲੇ ਮੰਤਰ ਮੁਗਧ ਹੋ ਜਾਂਦੇ। ਨ੍ਰਿਤ ਵਿਦਿਆ ਦੇ ਗੂੜ੍ਹ ਗਿਆਤਾ ਤਾਂ ਕੀ, ਸਾਧਾਰਨ ਸ੍ਰੋਤੇ ਵੀ ਉਨ੍ਹਾਂ ਦੀ ਇਸ ਕਲਾ ਕੌਸ਼ਲਤਾ ਦੇ ਦਰਸ਼ਨ ਕਰਦੇ। ਕਲਾ ਦੇ ਰਸਿਕਾਂ ਤੋਂ ਲੈ ਕੇ ਆਮ ਇਨਸਾਨ ਤੱਕ ਕੱਥਕ ਨ੍ਰਿਤ ਦੀ ਰਸਾਈ ਉਹ ਸਹਿਜੇ ਹੀ ਕਰਵਾਉਣ ਦੀ ਸਮਰੱਥਾ ਰੱਖਦੇ ਸਨ। ਇਸ ਦਾ ਕਾਰਨ ਉਨ੍ਹਾਂ ਨੂੰ ਕੁਦਰਤ ਦੀ ਬਖ਼ਸ਼ੀ ਅਥਾਹ ਪ੍ਰਤਿਭਾ ਅਤੇ ਨਸ ਨਸ ਵਿਚ ਸੁਰ, ਲੈਅ ਭਾਵ ਹੋਣਾ ਸੀ। ਕੱਥਕ ਦੀ ਰਵਾਇਤੀ ਪੇਸ਼ਕਾਰੀ ਨੂੰ ਸੁਆਰਨ ਅਤੇ ਨਵੇਂ ਪਾਸਾਰ ਬਖ਼ਸ਼ਣ ਤੋਂ ਇਲਾਵਾ ਸਮੂਹਿਕ ਨ੍ਰਿਤ ਪੇਸ਼ਕਾਰੀਆਂ ਦਾ ਵਿਧਾਨ ਵੀ ਬਿਰਜੂ ਮਹਾਰਾਜ ਨੇ ਪ੍ਰਚਲਿਤ ਕੀਤਾ। ਉਨ੍ਹਾਂ ਅਨੇਕ ਵਿਸ਼ੇ ਲੈ ਕੇ ਕੋਰੀਓਗ੍ਰਾਫ਼ੀ ਰਾਹੀਂ ਨ੍ਰਿਤ ਰੂਪਕਾਂ ਦੀਆਂ ਪੇਸ਼ਕਾਰੀਆਂ ਵਿਦਿਆਰਥੀਆਂ ਦੁਆਰਾ ਕਰਵਾਈਆਂ। ਇਸ ਤਰ੍ਹਾਂ ਇੱਕ ਪੇਸ਼ਕਾਰੀ ਵਿਚ ਵੱਧ ਤੋਂ ਵੱਧ ਕਲਾਕਾਰਾਂ ਨੂੰ ਭਾਗ ਲੈਣ ਦਾ ਮੌਕਾ ਮਿਲਦਾ ਹੈ। ਕੱਥਕ ਜੋ ਕਥਾ ਸ਼ਬਦ ਤੋਂ ਬਣਿਆ ਹੈ, ਇਸ ਰਾਹੀਂ ਕਥਾਨਕ ਨੂੰ ਲੈ ਕੇ ਸਿਰਜਣਾਤਮਕ ਪ੍ਰਕਿਰਿਆ ਦਾ ਵਿਸਥਾਰ ਹੋਣ ਦੀਆਂ ਅਥਾਹ ਸੰਭਾਵਨਾਵਾਂ ਵੀ ਨ੍ਰਿਤ ਰੂਪਕਾਂ ਰਾਹੀਂ ਉਜਾਗਰ ਹੋਈਆਂ। ਬਿਰਜੂ ਮਹਾਰਾਜ ਦੀ ਨ੍ਰਿਤ ਦੇ ਨਾਲ ਨਾਲ ਸੁਰ ਅਤੇ ਲੈਅ ਦੀ ਬਾਰੀਕ ਸਮਝ ਅਤੇ ਮੁਹਾਰਤ ਨੇ ਅਜਿਹੀਆਂ ਅਨੁਪਮ ਰਚਨਾਵਾਂ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕੀਤੀ।

ਅਨੇਕ ਫਿਲਮਾਂ ਵਿਚ ਵੀ ਆਪ ਨੇ ਯਾਦਗਾਰੀ ਨ੍ਰਿਤ ਨਿਰਦੇਸ਼ਨ ਕੀਤਾ ਜਿਨ੍ਹਾਂ ਵਿਚ ‘ਸ਼ਤਰੰਜ ਕੇ ਖਿਲਾੜੀ’, ‘ਦੇਵਦਾਸ’, ‘ਬਾਜੀਰਾਵ ਮਸਤਾਨੀ’ ਸ਼ਾਮਲ ਹਨ। ਨ੍ਰਿਤ ਨਿਰਦੇਸ਼ਨ ਲਈ ਨੈਸ਼ਨਲ ਫਿਲਮ ਐਵਾਰਡ ਅਤੇ ਫਿਲਮਫੇਅਰ ਐਵਾਰਡ ਵੀ ਆਪ ਨੂੰ ਹਾਸਿਲ ਹੋਏ। ਬ੍ਰਜ ਸ਼ਯਾਮ ਦੇ ਉਪ ਨਾਮ ਨਾਲ ਅਨੇਕ ਠੁਮਰੀ, ਦਾਦਰਾ, ਕਵਿੱਤ, ਭਜਨ ਅਤੇ ਨ੍ਰਿਤ ਰਚਨਾਵਾਂ ਦਾ ਨਿਰਮਾਣ ਕੀਤਾ ਜੋ ‘ਬ੍ਰਜ ਸ਼ਯਾਮ ਕਹੇ’ ਅਤੇ ‘ਅਨੁਭੂਤਿ’ ਨਾਮਕ ਦੋ ਪੁਸਤਕਾਂ ਵਿਚ ਸ਼ਾਮਿਲ ਹਨ। ਤਕਰੀਬਨ 70 ਸਾਲ ਦੀ ਲੰਮੀ ਅਤੇ ਭਰਪੂਰ ਕਲਾ ਯਾਤਰਾ ਦੌਰਾਨ ਬਿਰਜੂ ਮਹਾਰਾਜ ਨੇ ਦੇਸ਼-ਵਿਦੇਸ਼ ਵਿਚ ਅਣਗਿਣਤ ਪੇਸ਼ਕਾਰੀਆਂ ਦਿੱਤੀਆਂ ਅਤੇ ਕੱਥਕ ਨ੍ਰਿਤ ਨੂੰ ਸਿਖਰ ਤੇ ਪਹੁੰਚਾਉਣ ਵਿਚ ਅਦੁੱਤੀ ਯੋਗਦਾਨ ਦਿੱਤਾ। ਨ੍ਰਿਤ ਦੀਆਂ ਰਮਜ਼ਾਂ ਨੂੰ ਸਰਲ ਢੰਗ ਨਾਲ ਮੰਚ ਉੱਤੇ ਪੇਸ਼ ਕਰਨ ਦੀ ਸਮਰੱਥਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਹੋਰ ਅਹਿਮ ਪੱਖ ਸੀ। ਮੰਚ ਉੱਤੇ ਆਉਂਦੇ ਸਾਰ ਉਹ ਦਰਸ਼ਕਾਂ ਨਾਲ ਅਜਿਹੀ ਸਾਂਝ ਪਾ ਲੈਂਦੇ ਤੇ ਉਨ੍ਹਾਂ ਨੂੰ ਪੇਸ਼ਕਾਰੀ ਲਈ ਮਾਨਸਿਕ ਤੌਰ ਤੇ ਇਵੇਂ ਤਿਆਰ ਕਰ ਲੈਂਦੇ ਜਿਵੇਂ ਉਹ ਸਾਲਾਂ ਤੋਂ ਨ੍ਰਿਤ ਦੇਖਦੇ ਹੋਏ ਇਸ ਦੇ ਤਕਨੀਕੀ ਪੱਖਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣ। ਅਜਿਹੀ ਜਾਦੂਈ ਸ਼ਖ਼ਸੀਅਤ ਬਿਰਜੂ ਮਹਾਰਾਜ ਦੀ ਸੀ। ਦੇਸ਼-ਵਿਦੇਸ਼ ਤੋਂ ਅਨੇਕ ਸਨਮਾਨ ਬਿਰਜੂ ਮਹਾਰਾਜ ਨੂੰ ਪ੍ਰਾਪਤ ਹੋਏ ਜਿਨ੍ਹਾਂ ਵਿਚ ਭਾਰਤ ਸਰਕਾਰ ਤੋਂ ਪ੍ਰਾਪਤ ਪਦਮ ਵਿਭੂਸ਼ਣ ਸਨਮਾਨ ਤੋਂ ਇਲਾਵਾ ਸੰਗੀਤ ਨਾਟਕ ਅਕਾਦਮੀ ਐਵਾਰਡ, ਕਾਲੀਦਾਸ ਸਨਮਾਨ, ਲਤਾ ਮੰਗੇਸ਼ਕਰ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਐਵਾਰਡ, ਰਾਜੀਵ ਗਾਂਧੀ ਨੈਸ਼ਨਲ ਸਦਭਾਵਨਾ ਐਵਾਰਡ ਮੁਖ ਹਨ। ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਇੰਦਿਰਾ ਕਲਾ ਸੰਗੀਤ ਵਿਸ਼ਵਵਿਦਿਆਲਾ ਖੈਰਾਗੜ੍ਹ ਨੇ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਨਾਲ ਨਵਾਜਿਆ।

ਅਦੁੱਤੀ ਪ੍ਰਤਿਭਾ ਦੇ ਮਾਲਿਕ, ਅਣਗਿਣਤ ਨ੍ਰਿਤ ਰਚਨਾਵਾਂ ਦੇ ਸਿਰਜਨਹਾਰ, ਗਾਇਨ ਤੇ ਵਾਦਨ ਵਿਚ ਨਿਪੁੰਨ ਬਿਰਜੂ ਮਹਾਰਾਜ ਨੇ ਭਾਰਤੀ ਨ੍ਰਿਤ ਕਲਾ ਵਿਚ ਅਜਿਹੇ ਪਾਸਾਰ ਜੋੜੇ ਹਨ ਜੋ ਕਲਾ ਦਾ ਸਿਖਰ ਅਤੇ ਕਲਾਕਾਰ ਦਾ ਆਦਰਸ਼ ਹੋ ਨਿਬੜੇ ਹਨ। ਭਾਰਤੀ ਕਲਾਵਾਂ ਦੇ ਇਤਿਹਾਸ ਵਿਚ ਜਦੋਂ ਵੀ ਕੱਥਕ ਨ੍ਰਿਤ ਦਾ ਜ਼ਿਕਰ ਹੋਵੇਗਾ, ਬਿਰਜੂ ਮਹਾਰਾਜ ਦੇ ਯੋਗਦਾਨ ਦੀ ਗੱਲ ਸਦਾ ਤੁਰੇਗੀ ਤੇ ਦੂਰ ਤੱਕ ਜਾਵੇਗੀ।
ਸੰਪਰਕ: 96464-55059

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All