ਜਦੋਂ ਅਸੀਂ ਅਜਿਹੀਆਂ ਸੁਰਖ਼ੀਆਂ ਨੂੰ ਦੇਖਦੇ ਹਾਂ, ਜਿਹੜੀਆਂ ਦਿਲਚਸਪੀ ਤੋਂ ਅਗਾਂਹ ਜਾਂਦੀਆਂ ਹਨ ਤਾਂ ਇਹ ਸਵਾਲ ਆਪਣੇ ਆਪ ਉੱਠਦਾ ਹੈ: ਕੀ ਅਸੀਂ ਚੀਨੀ ਸਰਾਪ ਦੇ ‘ਦਿਲਚਸਪ ਪਰ ਉਲਝਣ ਭਰੇ ਦੌਰ’ ਵਿਚ ਰਹਿ ਰਹੇ ਹਾਂ, ਜਿਸ ਦੌਰਾਨ ਬਹੁਤ ਭਾਰੀ ਸੰਕਟ ਹੌਲੀ-ਹੌਲੀ ਸਾਡੇ ਸਿਰ ਪੈ ਰਹੇ ਹਨ, ਉਹ ਵੀ ਇੰਝ ਕਿ ਉਨ੍ਹਾਂ ਨਾਲ ਅਸਰਦਾਰ ਢੰਗ ਨਾਲ ਸਿੱਝਣਾ ਮੌਜੂਦਾ ਪ੍ਰਬੰਧ ਤੇ ਢਾਂਚੇ ਅਤੇ ਅਦਾਰਿਆਂ ਦੇ ਵੱਸੋਂ ਬਾਹਰੀ ਗੱਲ ਹੈ? ਸ਼ੁਰੂਆਤ ਲਈ ਇਸ ਗੱਲ ‘ਤੇ ਗ਼ੌਰ ਕਰੋ ਕਿ ਵਾਤਾਵਰਨ ਤਬਦੀਲੀ ਦੇ ਸਿੱਟੇ ਵਜੋਂ ਗਰਮੀ ਦੀਆਂ ਲਹਿਰਾਂ ਪੈਦਾ ਹੋਈਆਂ ਅਤੇ ਸਾਈਬੇਰੀਆ ਤੇ ਉੱਤਰੀ-ਪੱਛਮੀ ਕੈਨੇਡਾ ਦੇ (ਸਾਰੇ ਹੀ) ਇਲਾਕਿਆਂ ਵਿਚ ਅੱਗਾਂ ਲੱਗੀਆਂ। ਇਹੋ ਵਰਤਾਰਾ ਯੂਰਪ ਦੇ ਅੱਧੀ ਦਰਜਨ ਤੋਂ ਵੱਧ ਅਮੀਰ ਮੁਲਕਾਂ ਵਿਚ ਭਾਰੀ ਹੜ੍ਹਾਂ ਦਾ ਕਾਰਨ ਬਣਿਆ, ਜਿਥੋਂ ਦੇ ਵਾਸ਼ਿੰਦੇ ਅਜਿਹੀਆਂ ਘਟਨਾਵਾਂ ਦੂਰ-ਦੂਰਾਡੇ ਤੇ ਪਛੜੇ ਮੁਲਕਾਂ ਜਾਂ ਥਾਵਾਂ ਉਤੇ ਵਾਪਰਨ ਦੀਆਂ ਮਹਿਜ਼ ਖ਼ਬਰਾਂ ਪੜ੍ਹਨ/ਸੁਣਨ ਦੇ ਹੀ ਆਦੀ ਸਨ।
ਇਸ ਦੇ ਨਾਲ ਹੀ ਸਾਨੂੰ ਮੈਡੀਕਲ ਚੌਕਸੀ ਦੀ ਅਰਧ-ਸਥਾਈ ਹਾਲਤ ਵਿਚ ਰਹਿਣਾ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸੁਰਖ਼ੀ ਅਜਿਹੀ ਹੈ, ਜਿਹੜੀ ਇਕ ‘ਸਦੀਵੀ ਵਾਇਰਸ’ ਦੀ ਗੱਲ ਕਰਦੀ ਹੈ। ਅਜਿਹਾ ਵਾਇਰਸ ਜੋ ਇਕ ਦਰਜਨ ਤੋਂ ਵੱਧ ਪ੍ਰਜਾਤੀਆਂ ਵਿਚ ਫੈਲ ਚੁੱਕਾ ਹੈ ਅਤੇ ਇਸ ਪੱਖੋਂ ਲੋਕਾਂ ਵਿਚ ਬਿਮਾਰੀਆਂ ਨਾਲ ਲੜਨ ਦੀ ਸਮੂਹਿਕ ਤਾਕਤ (herd immunity) ਵੀ ਪੈਦਾ ਹੋਣ ਦੀ ਸੰਭਾਵਨਾ ਨਹੀਂ ਜਾਪਦੀ। ‘ਫੌਰਨ ਅਫ਼ੇਅਰਜ਼’ ਰਸਾਲੇ ਵਿਚਲੇ ਇਕ ਲੇਖ ਦਾ ਕਹਿਣਾ ਹੈ: ‘ਖ਼ਤਮ ਹੋਣ ਦੀ ਸੰਭਾਵਨਾ ਨਾਲੋਂ ਇਸ (ਸਾਰਸ-ਕੋਵੀ-2) ਵਾਇਰਸ ਦੇ ਆਗਾਮੀ ਸਾਲਾਂ ਦੌਰਾਨ ਦੁਨੀਆਂ ਵਿਚ ਵਾਰ-ਵਾਰ ਆਉਂਦੇ ਰਹਿਣ ਦੀ ਸੰਭਾਵਨਾ ਵਧੇਰੇ ਹੈ।’’ ਇਸ ਦਾ ਸਾਫ਼ ਮਤਲਬ ਹੈ ਕਿ ਪਹਿਲਾਂ ਵਾਲੀ ਆਮ ਜ਼ਿੰਦਗੀ ਦੇ ਛੇਤੀ ਪਰਤਣ ਦੇ ਆਸਾਰ ਨਹੀਂ ਹਨ।
ਤੀਜਾ, ਜਮਹੂਰੀਅਤ ਅਤੇ ਉਦਾਰਵਾਦ ਦਾ ਦੌਰ, ਜੋ ਕਿਸੇ ਸਮੇਂ ਸੀ, ਲਈ ਹੁਣ ਸੰਭਵ ਤੌਰ ’ਤੇ ਖੁੱਲ੍ਹੇ ਜਾਪਦੇ ਸਮਾਜਾਂ ਵਿਚ ਕੌਮੀ ਸਲਾਮਤੀ ਪ੍ਰਬੰਧਾਂ ਦੀ ਵਧਦੀ ਤਾਕਤ, ਅਪਾਰਦਰਸ਼ਤਾ ਤੇ ਅਸ਼ਪਸ਼ਟਤਾ ਅਤੇ ਗ਼ੈਰ-ਜਵਾਬਦੇਹੀ ਨੇ ਭਾਰੀ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਨਾਲ ਹੀ ਅਜਿਹੇ ਤਾਨਾਸ਼ਾਹ ਆਗੂ, ਜਿਹੜੇ ਨਵੀਆਂ ਤਕਨਾਲੋਜੀਆਂ ਦਾ ਲਾਹਾ ਲੈ ਕੇ ਨਿਗਾਹਬਾਨੀ ਆਧਾਰਤ ਸਮਾਜ ਸਿਰਜਣਾ ਚਾਹੁੰਦੇ ਹਨ, ਇਸ ਨੂੰ ਹੋਰ ਹੁਲਾਰਾ ਦੇ ਰਹੇ ਹਨ। ਵਿਸ਼ਾਲ ਕਾਰਪੋਰੇਟ ਅਦਾਰਿਆਂ ਵੱਲੋਂ ਕੀਤੀ ਜਾਣ ਵਾਲੀ ਬੇਲੋੜੀ ਤੇ ਨਾਵਾਜਬ ਦਖ਼ਲਅੰਦਾਜ਼ੀ ਵੀ ਭਾਰੀ ਚਿੰਤਾ ਵਾਲੀ ਗੱਲ ਹੈ, ਪਰ ਇਹ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਨਿਗਾਹਬਾਨੀ ਜਿੰਨੀ ਭਿਆਨਕ ਨਹੀਂ। ਜੇ ਇਸ ਸਾਰੇ ਹਾਲਾਤ ਵਿਚ ਕੋਈ ਸੁਧਾਰ ਨਹੀਂ ਹੁੰਦਾ ਤਾਂ ਹਾਲਾਤ ਓਰਵੈਲੀਅਨ ਬੁਰੇ ਸੁਪਨੇ (Orwellian nightmare ਭਾਵ ਅੰਗਰੇਜ਼ੀ ਨਾਵਲਕਾਰ ਜੌਰਜ ਓਰਵੈਲ ਦੇ 1949 ਵਿਚ ਛਪੇ ਨਾਵਲ ‘ਨਾਈਨਟੀਨ ਏਟੀ-ਫੋਰ’ ਦਾ ਕਲਪਿਤ ਜ਼ਾਲਮ ਤਾਨਾਸ਼ਾਹ ਹਕੂਮਤ ਵਾਲਾ ਸੰਸਾਰ) ਵਾਲੇ ਬਣਦੇ ਦਿਖਾਈ ਦਿੰਦੇ ਹਨ।
ਚੌਥਾ, ਨਾਲ ਹੀ ਆਲਮੀ ਤਾਕਤ ਦੇ ਤਵਾਜ਼ਨ ਵਿਚ ਤਬਦੀਲੀ ਹੁੰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਅਮਰੀਕਾ ਨੂੰ ਚੀਨ ਦੇ ਬਹੁ-ਦਿਸ਼ਾਵੀ ਉਭਾਰ ਨੂੰ ਰੋਕਣ ਵਿਚ ਭਾਰੀ ਮੁਸ਼ਕਲ ਆ ਰਹੀ ਹੈ ਅਤੇ ਚੀਨ ਆਪਣਾ ਖੇਤਰੀ ਦਬਦਬਾ ਕਾਇਮ ਕਰਨ ਅਤੇ ਥੋੜ੍ਹੇ ਸਮੇਂ ਦੇ ਅਮਰੀਕੀ ਸਾਮਰਾਜ ਨੂੰ ਚੁਣੌਤੀ ਦੇਣ ਲਈ ਦ੍ਰਿੜ੍ਹ ਹੈ। ਤਾਕਤਾਂ ਦੇ ਤਵਾਜ਼ਨ ਵਿਚ ਅਜਿਹੀ ਤਬਦੀਲੀ ਆਮ ਕਰ ਕੇ ਫ਼ੌਜੀ ਟਕਰਾਅ ਰਾਹੀਂ ਹੁੰਦੀ ਹੈ। ਪਹਿਲੀ ਸੰਸਾਰ ਜੰਗ ਵਿਚ ਇਸ ਦੇ ਕਈ ਕਰੀਬੀ ਕਾਰਨਾਂ ’ਚ, ਜਰਮਨੀ ਦੇ ਉਭਾਰ ਦਾ ਇਕ ਬੁਨਿਆਦੀ ਤੱਤ ਸ਼ਾਮਲ ਸੀ। ਇਸ ਤੋਂ ਇਕ ਦਹਾਕਾ ਪਹਿਲਾਂ ਹੋਈ ਰੂਸ-ਜਪਾਨ ਜੰਗ ਦੇ ਅਣਕਿਆਸੇ ਨਤੀਜੇ ਨੇ ਜਪਾਨ ਦੇ ਉਭਾਰ ਦਾ ਇਸ਼ਾਰਾ ਕਰ ਦਿੱਤਾ ਸੀ।
ਮੌਜੂਦਾ ਖ਼ਰਾਬੀ ਦੇ ਕਾਰਨਾਂ ਵਿਚ ਆਖ਼ਰੀ ਵਾਧਾ ਹੈ ਵਧਦੀ ਹੋਈ ਨਾਬਰਾਬਰੀ, ਜਿਹੜੀ ਕਿ ਅਮੀਰ, ਗ਼ਰੀਬ ਅਤੇ ਦਰਮਿਆਨੀ-ਆਮਦਨ ਵਾਲੇ ਸਮਾਜਾਂ ਵਿਚ ਭਵਿੱਖੀ ਸਥਿਰਤਾ ਲਈ ਖ਼ਤਰਾ ਹੈ। ਹੇਠਲੇ ਵਰਗਾਂ ਵਿਚ ਆਪਣੇ ਬਾਰੇ ਵਧਦੀ ਹੋਈ ਚੇਤਨਾ ਤਲਖ਼ ਹਕੀਕਤਾਂ ਤੋਂ ਬਚਣ ਲਈ ਸੱਭਿਆਚਾਰਕ ਪਛਾਣਾਂ ਅਤੇ ਨਸਲੀ ਦੁਸ਼ਮਣੀਆਂ ਰਾਹੀਂ ਅਗਾਂਹ ਵਧਣ ਦਾ ਰਾਹ ਤਲਾਸ਼ਦੀ ਹੈ, ਜੋ ਘੱਟ ਸਾਧਨਾਂ ਵਾਲੇ ਲੋਕਾਂ ਲਈ ਉਸ ਉੱਜਲੇ ਆਰਥਿਕ ਭਵਿੱਖ ਦਾ ਬਦਲ ਬਣ ਜਾਂਦੀ ਹੈ, ਜਿਸ ਦੇ ਉਨ੍ਹਾਂ ਸੁਪਨੇ ਲਏ ਸਨ। ਇਸ ਦੌਰਾਨ ਨੀਤੀ ਘਾੜਿਆਂ ਨੂੰ ਰਾਜਕੋਸ਼ੀ ਤੇ ਵਿੱਤੀ ਤਜਰਬਿਆਂ ਦੀਆਂ ਹੱਦਾਂ ਦੀ ਪਰਖ ਕਰਦਿਆਂ ਦੋਵਾਂ ਮਹਿੰਗਾਈ ਦਰ ਦੇ ਵਾਧੇ ਅਤੇ ਅਸਥਿਰਤਾ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਸਾਰੇ ਘਟਨਾ-ਚੱਕਰਾਂ ਨੂੰ ਉਹ ਤਾਕਤਾਂ ਹੁਲਾਰਾ ਦਿੰਦੀਆਂ ਹਨ, ਜਿਨ੍ਹਾਂ ਦੀਆਂ ਜੜ੍ਹਾਂ ਆਰਥਿਕ ਢਾਂਚਿਆਂ, ਨੈਟਵਰਕਸ਼ੁਦਾ ਸਮਾਜਾਂ ਦੇ ਜੋਖਮਾਂ, ਇਤਿਹਾਸਕ ਯਾਦਾਂ, ਵਧੇਰੇ ਤਾਕਤ ਤੇ ਦੌਲਤ ਦੀ ਮੁੱਢ-ਕਦੀਮੀ ਲਾਲਸਾ ਅਤੇ ਤਕਨਾਲੋਜੀ ਦੇ ਅਥੱਕ ਸਫ਼ਰ ਵਿਚ ਬੜੀਆਂ ਡੂੰਘੀਆਂ ਹਨ, ਜੋ ਮਾਨਵੀ ਦੌਰ ਨੂੰ ਪ੍ਰੀਭਾਸ਼ਿਤ ਕਰਦੀਆਂ ਹਨ ਤੇ ਅਜਿਹੀ ਸੱਭਿਅਤਾ ਸਿਰਜਦੀਆਂ ਹਨ, ਜਿਨ੍ਹਾਂ ਨੂੰ (ਇੰਝ ਜਾਪਦਾ ਹੈ ਕਿ) ਬਾਇਓਨਿਕ ਪ੍ਰਜਾਤੀਆਂ ਪੈਦਾ ਕਰਨ ਅਤੇ ਸਾਡੇ ਗ੍ਰਹਿ ਧਰਤੀ ਨੂੰ ਇਸ ਦੇ ਵਿਕਾਸ ਦੇ ਅਗਲੇ ਗੇੜ ਵਿਚ ਬਚਾਉਣ ਦੀ ਲੋੜ ਹੈ। ਇਨ੍ਹਾਂ ਘਟਨਾਵਾਂ ਨੇ ਚਾਰਲਸ ਡਿਕਨਜ਼ ਦੇ ਨਾਵਲ ‘ਦੋ ਸ਼ਹਿਰਾਂ ਦੀ ਗਾਥਾ’ (A Tale of Two Cities) ਦੇ ਪਹਿਲੇ ਸ਼ਬਦਾਂ ਵਾਲੇ ਵਿਰੋਧਾਭਾਸ ‘ਅਸੀਂ ਸਾਰੇ ਸਿੱਧੇ ਸਵਰਗ ਨੂੰ ਜਾ ਰਹੇ ਹਾਂ’ ਤੇ ‘ਅਸੀਂ ਸਾਰੇ ਉਲਟ ਪਾਸੇ ਨੂੰ ਜਾ ਰਹੇ ਹਾਂ’ ਨੂੰ ਵਾਰ ਵਾਰ ਸਾਡੇ ਸਾਹਮਣੇ ਲਿਆਂਦਾ ਹੈ। (ਡਿਕਨਜ਼ ਨੇ ਕਿਹਾ ਸੀ, ‘ਅਸੀਂ ਸਭ ਤੋਂ ਚੰਗੇ ਸਮਿਆਂ ਵਿਚ ਜੀਅ ਰਹੇ ਹਾਂ; ਅਸੀਂ ਸਭ ਤੋਂ ਮਾੜੇ ਸਮਿਆਂ ਵਿਚ ਜੀ ਰਹੇ ਹਾਂ।’)
ਕੋਈ ਇਨ੍ਹਾਂ ਰੁਝਾਨਾਂ ਦਾ ਸਾਹਮਣਾ ਕਿਵੇਂ ਕਰ ਸਕਦਾ ਹੈ? ਸੰਸਾਰ ਹੁਣ ਵਾਤਾਵਰਨ ਤਬਦੀਲੀ ਦੇ ਖ਼ਤਰਿਆਂ ਤੋਂ ਜਾਗਰੂਕ ਹੋ ਗਿਆ ਹੈ, ਪਰ ਅਸਲ ਵਿਚ ਅਜਿਹਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ, ਅਤੇ ਇਸ ਦੇਰ ਦੀ ਕੀਮਤ ਚੁਕਾਉਣੀ ਪਵੇਗੀ। ਸਮਾਜਾਂ ਵਿਚਲੀਆਂ ਨਾਬਰਾਬਰੀਆਂ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਸਿਆਸੀ ਖ਼ਤਰਿਆਂ ਦੇ ਟਾਕਰੇ ਲਈ ਨਵੇਂ ਸਮਾਜਿਕ ਸਮਝੌਤਿਆਂ ਦੀ ਲੋੜ ਹੈ, ਜਿਥੇ ਸਰਮਾਏਦਾਰ ਆਪਣੇ ਥੁੜ੍ਹ-ਚਿਰੇ ਨਿਜੀ ਹਿੱਤਾਂ ਤੋਂ ਅਗਾਂਹ ਦੇਖ ਸਕਣ। ਇਥੇ ਇਹ ਚੇਤੇ ਕਰਨਾ ਲਾਹੇਵੰਦ ਹੋਵੇਗਾ ਕਿ ਕਿਵੇਂ ਬੀਤੀ ਸਦੀ ਦੇ ਸ਼ੁਰੂ ਵਿਚ ਇਕ ਨੌਜਵਾਨ ਬਰਤਾਨਵੀ ਮੰਤਰੀ ਨੇ ਆਪਣੇ ਮੁਲਕ ਦੇ ਨਸਲਵਾਦੀ ਸਾਮਰਾਜ ਨੂੰ ਲਾਹਨਤਾਂ ਪਾਈਆਂ ਸਨ, ਜੋ ਬਿਲਕੁਲ ਸਹੀ ਕਾਰਵਾਈ ਸੀ।
ਵਿੰਸਟਨ ਚਰਚਿਲ ਨੇ ਇਕ ਸੁਧਾਰਕ ਦੀ ਅਣਕਿਆਸੀ ਭੂਮਿਕਾ ਵਿਚ ਖਾਣ ਮਜ਼ਦੂਰਾਂ ਲਈ ਅੱਠ ਘੰਟੇ ਦੀ ਦਿਹਾੜੀ, ਘੱਟੋ-ਘੱਟ ਉਜਰਤਾਂ ਦਾ ਅਧਿਕਾਰ ਤੇ ਖਾਣੇ ਲਈ ਅੱਧੀ ਛੁੱਟੀ ਲਾਗੂ ਕੀਤੀ। ਰੁਜ਼ਗਾਰ ਦਫ਼ਤਰ (ਐਂਪਲਾਈਮੈਂਟ ਐਕਸਚੇਂਜ) ਤੇ ਸਰਕਾਰ ਵੱਲੋਂ ਸਬਸਿਡੀ ਆਧਾਰਤ ਬੇਰੁਜ਼ਗਾਰ ਬੀਮਾ ਸਕੀਮ ਸ਼ੁਰੂ ਕੀਤੀ ਅਤੇ ਸ਼ੋਸ਼ਣ ਕਰਨ ਵਾਲੇ ਮਾਲਕਾਂ ਖ਼ਿਲਾਫ਼ ਮੁਕੱਦਮੇ ਚਲਾਉਣ ਤੱਕ ਦਾ ਪ੍ਰਬੰਧ ਵੀ ਕੀਤਾ। ਇੰਨਾ ਹੀ ਨਹੀਂ, ਉਸ ਨੇ ਦੌਲਤ ਉਤੇ ਟੈਕਸ ਲਾਏ ਜਾਣ ਲਈ ਵੀ ਮੁਹਿੰਮ ਚਲਾਈ, ਇਸ ਕਾਰਨ ਨਹੀਂ ਕਿ ਉਹ ਇਕ ਖੱਬੇ ਪੱਖੀ ਸੀ, ਸਗੋਂ ਇਸ ਲਈ ਵੀ ਕਿ ਵਾਜਬ ਵਰਤਾਓ ਤੇ ਇਨਸਾਫ਼ (fairer deal) ਮੁਹੱਈਆ ਕਰਵਾ ਕੇ ਮੌਜੂਦਾ ਪ੍ਰਬੰਧ ਨੂੰ ਕਾਇਮ ਰੱਖਿਆ ਜਾ ਸਕੇ। ਅੱਜ ਵੀ ਅਜਿਹੇ ਹੀ ਵਾਜਬ ਵਰਤਾਓ, ਇਨਸਾਫ਼ ਤੇ ਬਰਾਬਰੀ ਵਾਲੇ ਢਾਂਚੇ ਦੀ ਲੋੜ ਹੈ, ਕਿਉਂਕਿ ਇਸ ਨਾਲ ਖ਼ਤਰੇ ਵਿਚ ਪਈਆਂ ਜਮਹੂਰੀਅਤਾਂ ਅਤੇ ਅਦਾਰਿਆਂ ਨੂੰ ਬਚਾਉਣ ਲਈ ਸੁਰੱਖਿਅਤ ਟਿਕਾਣੇ ਬਣਾਉਣ ਵਿਚ ਮਦਦ ਮਿਲੇਗੀ, ਕਿਉਂਕਿ ਇਸ ਤੋਂ ਬਿਨਾਂ ਅਸੀਂ ਗੰਭੀਰ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।