ਸਵਾਲ ਸੁਣਦਿਆਂ...

ਸਵਾਲ ਸੁਣਦਿਆਂ...

ਦਰਸ਼ਨ ਸਿੰਘ

ਕਿਹਾ ਜਾਂਦਾ ਹੈ ਕਿ ਬੰਦਾ ਉਹੀ ਕੁਝ ਭੁੱਲਦਾ ਹੈ ਜਿਸ ਨੂੰ ਯਾਦ ਨਾ ਰੱਖਣਾ ਚਾਹੁੰਦਾ ਹੋਵੇ। ਉਂਜ ਨਾ ਭੁੱਲਣਯੋਗ ਗੱਲਾਂ ਵੀ ਕਈ ਹੁੰਦੀਆਂ ਹਨ ਜੋ ਚੇਤਿਆਂ ਵਿਚ ਯਾਦਾਂ ਬਣ ਕੇ ਵਰ੍ਹਿਆਂ ਬੱਧੀ ਸਾਂਭੀਆਂ ਰਹਿੰਦੀਆਂ ਹਨ। ਸਹਿਜ ਸੁਭਾਅ ਹੀ ਇਨ੍ਹਾਂ ਦੀ ਹੋਰਾਂ ਨਾਲ ਸਾਂਝ ਪਾਉਂਦਿਆਂ ਲੰਘੇ ਪਲ ਵਰਤਮਾਨ ਨੂੰ ਵੀ ਨਵੀਂ ਸਮਝ ਤੇ ਕਈ ਵਾਰ ਸਬਕ ਦੇ ਜਾਂਦੇ ਹਨ।

ਨਿੱਕੇ ਹੁੰਦਿਆਂ ਨਿੱਕੀਆਂ ਮੋਟੀਆਂ ਸ਼ਰਾਰਤਾਂ ਲਈ ਪਿਉ ਤੋਂ ਖਾਧੀ ਕੁੱਟ ਵੀ ਯਾਦ ਆਉਂਦੀ ਹੈ, ਸਕੂਲ ਵਿਚ ਮਿਲੀ ਸਜ਼ਾ ਵੀ ਤੇ ਹਾਣੀਆਂ ਨਾਲ ਕੀਤੀ ਹੱਥੋਪਾਈ ਵੀ। ਸਬੱਬੀਂ ਇਨ੍ਹਾਂ ਅੰਦਰ ਝਾਤ ਪਾਉਂਦਿਆਂ ਹਾਸੇ ਵੀ ਆਉਂਦੇ ਹਨ, ਰੋਣੇ ਤੇ ਪਛਤਾਵੇ ਵੀ। ਉਂਜ ਹਰ ਗੱਲ ਦਾ ਜਵਾਬ ਨਹੀਂ ਹੁੰਦਾ ਪਰ ਕਿਸੇ ਗੱਲ ਦਾ ਮਿਲਿਆ ਜਵਾਬ ਸਦਾ ਲਈ ਮਨ ਅੰਦਰ ਬੈਠ ਜਾਂਦਾ ਹੈ। ਆਪਣੇ ਮਨ ਦੀ ਉਤਸੁਕਤਾ ਦੀ ਤਸੱਲੀ ਲਈ ਸਾਈਕਲ ਦੇ ਪੁਰਜ਼ੇ ਖੋਲ੍ਹੀ ਬੈਠੇ ਵੱਡੇ ਭਰਾ ਨੂੰ ਮੈਂ ਪੁੱਛ ਲਿਆ, “ਇਹ ਪੇਚ ਕਿੱਥੇ ਲੱਗਦੈ?” ਅੱਧਾ ਕੁ ਸਵਾਲ ਤਾਂ ਅਜੇ ਮੇਰੇ ਮੂੰਹ ਵਿਚ ਹੀ ਸੀ, ਠਾਹ ਕਰਦਾ ਜਵਾਬ ਕੰਨੀਂ ਪਿਆ, “ਚੁੱਪ ਕਰ ਕੇ ਬੈਠਾ ਰਹਿ। ਤੂੰ ਕੀ ਲੈਣੈਂ?” ਪਤਾ ਨਹੀਂ ਕਿੰਨੀ ਵਾਰ ਆਪਣੇ ਤੋਂ ਵੱਡਿਆਂ ਕੋਲੋਂ ਇਹੋ ਜਿਹੇ ਜਵਾਬਾਂ ਨੇ ਹੈਰਾਨ ਕੀਤਾ, ਪ੍ਰੇਸ਼ਾਨ ਵੀ। ਚੇਤਿਆਂ ਵਿਚ ਰੜਕਦੇ ਇਹੋ ਜਿਹੇ ਜਵਾਬ ਕਦੀ ਕਦੀ ਸਵਾਲ ਵੀ ਕਰਦੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ? ਸਿੱਧੇ ਸਾਦੇ ਸਵਾਲਾਂ ਲਈ ਪੁੱਠੇ ਜਵਾਬ ਕਿਉਂ ਮਿਲਦੇ ਹਨ। ਇਨ੍ਹਾਂ ਨਾਲ ਵੀ ਮਨ ਤੇ ਸੱਟ ਲੱਗਦੀ ਹੈ। ਮਨ ਦੀਆਂ ਸੱਟਾਂ ਉਮਰ ਭਰ ਰਾਜ਼ੀ ਨਹੀਂ ਹੁੰਦੀਆਂ ਸਗੋਂ ਰਿਸਦੀਆਂ ਰਹਿੰਦੀਆਂ ਹਨ।

ਇੱਕ ਦਿਨ ਮੈਂ ਇੱਕ ਬੱਚੇ ਨੂੰ ਪੁੱਛਿਆ, “ਤੈਨੂੰ ਪਤੈ, ਕਿਸੇ ਤੇ ਹੱਸਣਾ ਚੰਗਾ ਨਹੀਂ ਹੁੰਦਾ?” ਉਸ ਨੇ ਕਿਹਾ, “ਮਾਂ ਨੇ ਇਹ ਗੱਲ ਸਿਖਾਈ ਸੀ, ਹੋਰ ਤਾਂ ਮੈਨੂੰ ਝਿੜਕਦੇ ਹੀ ਹਨ।” ਨਿੱਕੀ ਉਮਰ ਦੇ ਇਹ ਬੋਲ ਮੈਨੂੰ ਬੜਾ ਕੁਝ ਸੋਚਣ ਲਾ ਗਏ। ਕਦੋਂ ਝਿੜਕਣਾ ਹੈ? ਕਦੋਂ ਸ਼ਾਬਾਸ਼ ਦੇਣੀ ਹੈ? ਪਤਾ ਤਾਂ ਹੋਣਾ ਚਾਹੀਦਾ।

ਮੈਨੂੰ ਯਾਦ ਹੈ ਜਦੋਂ ਮੈਂ ਅੱਠਵੀ ਵਿਚ ਪੜ੍ਹਦਾ ਸੀ। ਅਧਿਆਪਕਾਂ ਦੇ ਕੜਕਵੇਂ ਬੋਲਾਂ ਦਾ ਉਦੋਂ ਬੜਾ ਡਰ ਹੁੰਦਾ ਸੀ। “ਓਏ ਉੱਲੂਆ, ਕਦੋਂ ਸਮਝ ਲੱਗੂ ਤੈਨੂੰ?” ਇਹ ਝਿੜਕ ਕਈ ਵਾਰ ਅੰਗਰੇਜ਼ੀ ਅਧਿਆਪਕ ਤੋਂ ਪਈ ਸੀ। ਅੱਠਵੀਂ ਦੀ ਪ੍ਰੀਖਿਆ ਉਸ ਸਮੇਂਂ ਪੰਜਾਬ ਯੂਨੀਵਰਸਿਟੀ ਲੈਂਦੀ ਸੀ। ਗਾਈਡਾਂ ਹੁਣ ਵਾਂਗ ਉਦੋਂ ਵੀ ਪ੍ਰਚਲਿਤ ਸਨ। ਕਲਾਸ ਵਿਚ ਇਨ੍ਹਾਂ ਗਾਈਡਾਂ ਦੀ ਹੀ ਵਰਤੋਂ ਵਧੇਰੇ ਹੁੰਦੀ ਸੀ। ਯੂਨੀਵਰਸਿਟੀ ਵੱਲੋਂ ਅੰਗਰੇਜ਼ੀ ਵਿਆਕਰਨ ਦੀ ਕਿਤਾਬ ਸਿਲੇਬਸ ਦਾ ਹਿੱਸਾ ਸੀ। ਸਾਲਾਨਾ ਪ੍ਰੀਖਿਆ ਸੀ। ਪ੍ਰੀਖਿਆ ਹਾਲ ਵਿਚ ਦਾਖ਼ਲ ਹੋਣ ਤੋਂ ਪੰਦਰਾਂ ਕੁ ਮਿੰਟ ਪਹਿਲਾਂ ਮੈਂ ਅੰਗਰੇਜ਼ੀ ਦੇ ਆਪਣੇ ਅਧਿਆਪਕ ਨੂੰ ਪੰਜਾਬੀ ਦਾ ਇੱਕ ਫ਼ਿਕਰਾ ਅੰਗਰੇਜ਼ੀ ਵਿਚ ਅਨੁਵਾਦ (ਟਰਾਂਸਲੇਸ਼ਨ) ਕਰਨ ਲਈ ਕਿਹਾ। ਕੋਈ ਜਵਾਬ ਮੈਨੂੰ ਉਨ੍ਹਾਂ ਨੇ ਨਾ ਦਿੱਤਾ ਤੇ ਝਿੜਕਦੇ ਹੋਏ ਅੰਦਰ ਜਾਣ ਲਈ ਕਿਹਾ। ਹੈਰਾਨੀ ਦੀ ਗੱਲ ਸੀ ਕਿ ਟਰਾਂਸਲੇਸ਼ਨ ਵਾਲੇ ਸਵਾਲ ਦਾ ਪਹਿਲਾ ਫ਼ਿਕਰਾ ਹੀ ਇਹੋ ਸੀ ਜੋ ਮੈਂ ਪੁੱਛਿਆ ਸੀ। ਪ੍ਰੀਖਿਆ ਖ਼ਤਮ ਹੋਈ। ਹਾਲ ਤੋਂ ਬਾਹਰ ਆਇਆ। ਅੰਗਰੇਜ਼ੀ ਦੇ ਅਧਿਆਪਕ ਭੱਜੇ ਭੱਜੇ ਮੇਰੇ ਕੋਲ ਆਏ। ਮੈਨੂੰ ਇੱਕ ਪਾਸੇ ਲਿਜਾ ਕੇ ਝਿੜਕਵੇਂ ਜਿਹੇ ਬੋਲਾਂ ਨਾਲ ਉਨ੍ਹਾਂ ਕਿਹਾ, “ਤੈਨੂੰ ਇਹ ਫਿਕਰਾ ਕਿਸ ਨੇ ਦੱਸਿਆ ਸੀ? ਕਿੱਥੋਂ ਪਤਾ ਲੱਗਾ ਤੈਨੂੰ? ਛੇਤੀ ਬੋਲ਼!” ਉਨ੍ਹਾਂ ਦੀ ਨਜ਼ਰ ਵਿਚ ਮੇਰੇ ਪ੍ਰਤੀ ਕੋਈ ਸ਼ੱਕ ਸੀ।

ਕੰਬਦੇ ਬੋਲਾਂ ‘ਚ ਮੈਂ ਕਿਹਾ, “ਇਹ ਫ਼ਿਕਰਾ ਤਾਂ ਯੂਨੀਵਰਸਿਟੀ ਦੀ ਕਿਤਾਬ ਵਿਚ ਸੀ। ਇਹੋ ਕਿਤਾਬ ਮੈਂ ਪੜ੍ਹੀ ਸੀ।” ਉਨ੍ਹਾਂ ਮੈਨੂੰ ਭਾਵੇਂ ਸ਼ਾਬਾਸ਼ ਦਿੱਤੀ, ਵਡਿਆਈ ਵੀ ਕੀਤੀ ਜੋ ਪਚਵੰਜਾ ਵਰ੍ਹੇ ਲੰਘ ਜਾਣ ਪਿੱਛੋਂ ਵੀ ਹੂਬਹੂ ਚੇਤੇ ਹੈ ਪਰ ਮੈਨੂੰ ਉਦੋਂ ਪਏ ਇੱਕ ਨੰਬਰ ਦੇ ਘਾਟੇ ਦੀ ਮਾਮੂਲੀ ਜਾਪਦੀ ਗੱਲ ਹੁਣ ਵੀ ਮੇਰੇ ਚੇਤੇ ਨੂੰ ਚੁੱਭਦੀ ਹੈ ਅਤੇ ਇਹ ਵੀ ਕਿ ਮੇਰੇ ਸਵਾਲ ਨੂੰ ਅਣਸੁਣਿਆ ਕਿਉਂ ਕਰ ਦਿੱਤਾ ਗਿਆ ਸੀ?

ਕਿਸੇ ਬਾਰੇ ਕੀ ਪਤਾ ਕਿ ਉਸ ਦੇ ਅੰਦਰ ਕੀ ਕੀ ਖ਼ੂਬਸੂਰਤ ਪਿਆ ਹੈ, ਖੋਜੀਏ ਤਾਂ ਹੀ ਪਤਾ ਲੱਗਦਾ ਹੈ। ਉਂਜ ਇਸ ਦੇ ਸੰਕੇਤ ਬੱਚੇ ਦੇ ਸ਼ੌਕ, ਰੁਚੀਆਂ ਤੇ ਸੋਚਾਂ ਕੁਝ ਹੱਦ ਤੱਕ ਦੇ ਹੀ ਦਿੰਦੀਆਂ ਹਨ। ਕਹਿੰਦੇ ਹਨ ਕਿ ਨਿਊਟਨ ਰੁੱਖ ਹੇਠ ਬੈਠਾ ਸੀ। ਰੁੱਖ ਤੋਂ ਫ਼ਲ ਡਿੱਗ ਕੇ ਉਸ ਦੇ ਮੂੰਹ ਤੇ ਆਣ ਲੱਗਾ। ਚਿਹਰੇ ਦਾ ਕੋਈ ਹਿੱਸਾ ਤਾਂ ਦੁਖਿਆ ਹੋਵੇਗਾ! ਧਿਆਨ ਇਸ ਪਾਸੇ ਨਾ ਲਿਜਾਂਦੇ ਹੋਏ ਉਹ ਸੋਚਣ ਲੱਗਾ, ‘ਇਹ ਥੱਲੇ ਕਿਉਂ ਡਿਗਿਆ ਹੈ? ਉੱਪਰ ਵੱਲ ਕਿਉਂ ਨਹੀਂ ਗਿਆ?’ ਇਹੋ ਸਵਾਲ ਹੀ ਉਸ ਦੀ ਖੋਜੀ ਬਿਰਤੀ ਦਾ ਪ੍ਰਤੀਕ ਹੋ ਨਿਬੜਿਆ ਅਤੇ ਹੁਣ ਤੱਕ ਉਸ ਦੇ ਇਸ ਬਾਰੇ ਦਿੱਤੇ ‘’ਗੁਰੂਤਾ ਖਿੱਚ’ ਦੇ ਸਿਧਾਂਤ ਦੀਆਂ ਗੱਲਾਂ ਸਦੀਆਂ ਲੰਘਣ ਪਿੱਛੋਂ ਵੀ ਹੁੰਦੀਆਂ ਹਨ।

ਸ਼ਾਇਦ ਕਿਸੇ ਦੀ ਅੰਦਰਲੀ ਸਿਆਣਪ ਨੂੰ ਅਸੀਂ ਖੋਜਦੇ ਨਹੀਂ, ਸਵਾਲ ਸੁਣਦੇ ਨਹੀਂ ਸਗੋਂ ਝਿੜਕ ਕੇ ਪਾਸੇ ਬਿਠਾ ਦਿੰਦੇ ਹਾਂ, ਜਾਂ ਗੁੱਸਾ ਵਰ੍ਹਾਉਣ ਲੱਗਦੇ ਹਾਂ। ਭਰਮ ਜਿਹਾ ਲੈ ਕੇ ਤੁਰੇ ਫਿਰਦੇ ਹਾਂ ਕਿ ਅਸੀਂ ਹੀ ਸਿਆਣੇ ਹਾਂ, ਇਸ ਬਾਰੇ ਅਜਿਹਾ ਸੋਚਦਾ ਹਾਂ ਤਾਂ ਕਈ ਸਵਾਲ ਮਨ ਅੰਦਰ ਉੱਠਦੇ ਹਨ ਕਿ ਅਸੀਂ ਹੋਰਾਂ ਦੇ ਕਈ ਸਵਾਲਾਂ ਦੀ ਅਣਦੇਖੀ ਕਰਦਿਆਂ ਇਨ੍ਹਾਂ ਵਿਚਲੀ ਸਿਆਣਪ ਵਿਅਰਥ ਅਤੇ ਅਜਾਈਂ ਹੀ ਕਿਉਂ ਗੁਆ ਦਿੰਦੇ ਹਾਂ?

*ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ, ਹਰਿਆਣਾ)

ਸੰਪਰਕ: 94667-37933

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All