ਰੌਸ਼ਨ ਰਾਹ
ਘਰ ਦਾ ਮਾਹੌਲ ਜ਼ਿੰਦਗੀ ਨੂੰ ਰਾਹ ਦਿਖਾਉਂਦਾ ਹੈ। ਬਚਪਨ ਵਿੱਚ ਹੱਸਦਿਆਂ, ਖੇਡਦਿਆਂ ਕਦਮ ਗਿਆਨ ਦੇ ਘਰ ਵੱਲ ਵਧਦੇ ਹਨ। ਘਰ ਤੋਂ ਬਾਅਦ ਸਕੂਲ ਦੂਸਰਾ ਪਰਿਵਾਰ ਹੁੰਦਾ ਹੈ, ਜਿੱਥੇ ਅਧਿਆਪਕ ਦੀ ਦੇਖ-ਰੇਖ ਵਿੱਚ ਬੱਚੇ ਚੇਤਨਾ ਦਾ ਪਾਠ ਪੜ੍ਹਦੇ ਹਨ। ਅੱਖਰ ਗਿਆਨ...
ਘਰ ਦਾ ਮਾਹੌਲ ਜ਼ਿੰਦਗੀ ਨੂੰ ਰਾਹ ਦਿਖਾਉਂਦਾ ਹੈ। ਬਚਪਨ ਵਿੱਚ ਹੱਸਦਿਆਂ, ਖੇਡਦਿਆਂ ਕਦਮ ਗਿਆਨ ਦੇ ਘਰ ਵੱਲ ਵਧਦੇ ਹਨ। ਘਰ ਤੋਂ ਬਾਅਦ ਸਕੂਲ ਦੂਸਰਾ ਪਰਿਵਾਰ ਹੁੰਦਾ ਹੈ, ਜਿੱਥੇ ਅਧਿਆਪਕ ਦੀ ਦੇਖ-ਰੇਖ ਵਿੱਚ ਬੱਚੇ ਚੇਤਨਾ ਦਾ ਪਾਠ ਪੜ੍ਹਦੇ ਹਨ। ਅੱਖਰ ਗਿਆਨ ਮਨ ਵਿੱਚ ਚਾਨਣ ਬਣ ਬਿਖਰਦਾ ਹੈ। ਕਾਪੀ-ਕਿਤਾਬ ਦੇ ਪੰਨਿਆਂ ’ਤੇ ਅੱਖਰਾਂ ਉੱਪਰ ਚੱਲਦੀਆਂ ਨੰਨ੍ਹੀਆਂ ਉਂਗਲਾਂ ਲਿਖਣ, ਪਛਾਣਨ ਦੀ ਜਾਚ ਸਿੱਖਦੀਆਂ ਹਨ। ਜਦ ਮੇਰੀ ਸੁਰਤ ਸੰਭਲੀ ਤਾਂ ਘਰ ਵਿੱਚ ਪੜ੍ਹਨ ਲਿਖਣ ਦਾ ਮਾਹੌਲ ਮਿਲਿਆ। ਪਾਪਾ ਸਰਕਾਰੀ ਅਧਿਆਪਕ ਸਨ ਤੇ ਵਕਤ ਦੇ ਪੂਰੇ ਪਾਬੰਦ। ਬਚਪਨ ਤੋਂ ਹੀ ਵਕਤ ਦੀ ਕਦਰ ਕਰਨ ਅਤੇ ਅਨੁਸ਼ਾਸਨ ਵਿੱਚ ਰਹਿਣ ਦੀ ਸਿੱਖਿਆ ਮਨ ’ਚ ਘਰ ਕਰ ਗਈ।
ਸਕੂਲ ਵੱਲ ਤੁਰੇ ਕਦਮਾਂ ਨੇ ਮਨ ਦੀ ਜਾਣਨ, ਸਿੱਖਣ ਦੀ ਤਾਂਘ ਪੂਰੀ ਕੀਤੀ। ਚੜ੍ਹਦੀਆਂ ਜਮਾਤਾਂ ਦੇ ਨਾਲ-ਨਾਲ ਸਿੱਖਣ ਦੀ ਇੱਛਾ ਹੋਰ ਪ੍ਰਬਲ ਹੁੰਦੀ ਗਈ। ਆਪਣੇ ਪਿੰਡ ਘੋਲੀਆ ਕਲਾਂ ਦੇ ਸਕੂਲ ਦੀ ਪੜ੍ਹਾਈ ਪੂਰੀ ਹੋਣ ’ਤੇ ਕਾਲਜ ਜਾਣ ਦਾ ਸਬੱਬ ਬਣਿਆ। ਆਪੋ-ਆਪਣੇ ਵਿਸ਼ੇ ਦੇ ਮਾਹਿਰ ਜ਼ਹੀਨ ਪ੍ਰੋਫੈਸਰ ਸਮਝ ਨਾ ਆਉਣ ਵਾਲੇ ਹਿੱਸੇ ਸੌਖੀ ਤੇ ਸਰਲ ਭਾਸ਼ਾ ਵਿੱਚ ਸਮਝਾਉਂਦੇ। ਪੰਜਾਬੀ ਵਿਭਾਗ ਕਦੇ ਕਦਾਈਂ ਸਾਹਿਤਕ ਮਿਲਣੀ ਕਰਵਾਉਂਦਾ। ਲੇਖਕਾਂ ਦੀਆਂ ਗੱਲਾਂ ਸਫ਼ਲਤਾ ਲਈ ਪ੍ਰੇਰਨਾ ਹੁੰਦੀਆਂ। ਇਸ ਸਾਹਿਤਕ ਮਾਹੌਲ ਨੇ ਪੁਸਤਕਾਂ ਨਾਲ ਨੇੜਤਾ ਬਣਾਈ। ਕਾਲਜ ਦੀ ਲਾਇਬਰੇਰੀ ਵਿੱਚ ਆਉਣ-ਜਾਣ ਬਣਿਆ। ਪੁਸਤਕਾਂ ਪੜ੍ਹਨ ਦੀ ਰੁਚੀ ਨੇ ਸਿੱਖਣ, ਸਮਝਣ ਦੀ ਇੱਛਾ ਨੂੰ ਖੰਭ ਲਾਏ। ਘਰ ਵਿੱਚ ਵਿਹਲੇ ਵਕਤ ਬੀਬੀ ਤੇ ਦਾਦੀ ਮਾਂ ਨਾਲ ਪੁਸਤਕਾਂ ਤੇ ਕਾਲਜ ਦੀਆਂ ਗੱਲਾਂ ਚੱਲਦੀਆਂ। ਦਾਦੀ ਮਾਂ ਸੁਣ ਕੇ ਖ਼ੁਸ਼ੀ ’ਚ ਆਖਦੀ, ‘‘ਧੀਏ! ਲੋਕ ਆਪਣੇ ਪੁੱਤ-ਧੀਆਂ ਨੂੰ ਸਕੂਲ ਕਾਲਜ ਐਵੇਂ ਥੋੜ੍ਹਾ ਭੇਜਦੇ ਐ। ਪੜ੍ਹਾਈ ਇਕੱਲਾ ਦਿਲ ਦਿਮਾਗ਼ ਹੀ ਰੌਸ਼ਨ ਨ੍ਹੀਂ ਕਰਦੀ, ਇਹ ਤਾਂ ਜ਼ਿੰਦਗੀ ਨੂੰ ਚਾਨਣ ਨਾਲ ਭਰ ਦਿੰਦੀ ਐ। ਪੜ੍ਹਾਈ ਮੁੰਡੇ-ਕੁੜੀਆਂ ਨੂੰ ਪੈਰਾਂ ਸਿਰ ਤਾਂ ਕਰਦੀ ਹੀ ਐ, ਨਾਲ ਮਾਪਿਆਂ ਨੂੰ ਵੀ ਮਾਣ ਸਨਮਾਨ ਦਿਵਾਉਂਦੀ ਐ। ਅਸੀਂ ਤਾਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਆਂ। ਤੂੰ ਕਦ ਪੜ੍ਹਾਈ ਪੂਰੀ ਕਰਕੇ ਆਪਣੀ ਸਫ਼ਲਤਾ ਨਾਲ ਆਪਣੇ ਵਿਹੜੇ ਨੂੰ ਖ਼ੁਸ਼ੀਆਂ ਨਾਲ ਭਰੇਂਗੀ।’’ ਦਾਦੀ ਮਾਂ ਦੀ ਇੱਛਾ ਨੂੰ ਕੁਝ ਹੀ ਸਾਲਾਂ ਵਿੱਚ ਬੂਰ ਪੈ ਗਿਆ। ਜਦ ਅਧਿਆਪਨ ਦੀ ਟ੍ਰੇਨਿੰਗ ਪੂਰੀ ਹੋਣ ਮਗਰੋਂ ਮੈਨੂੰ ਸਰਕਾਰੀ ਅਧਿਆਪਕਾ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਮੇਰਾ ਪਹਿਲਾ ਸਕੂਲ ਸੁਪਨਿਆਂ ਦੇ ਘਰ ਜਿਹਾ ਸੀ। ਉੱਦਮੀ ਪ੍ਰਿੰਸੀਪਲ, ਮਿਹਨਤੀ ਅਧਿਆਪਕ ਤੇ ਆਗਿਆਕਾਰ ਬੱਚੇ ਸਕੂਲ ਦਾ ਮਾਣ ਸਨ।
ਸਾਰਾ ਦਿਨ ਬੱਚਿਆਂ ਵਿੱਚ ਗੁਜ਼ਰਦਾ। ਅੱਧੀ ਛੁੱਟੀ ਵਕਤ ਅਧਿਆਪਕਾਂ ਨਾਲ ਸੰਗਤ ਹੁੰਦੀ। ਇੱਕ ਅੱਧਾ ਖਾਲੀ ਪੀਰੀਅਡ ਲਾਇਬਰੇਰੀ ਵਿੱਚ ਗੁਜ਼ਰਦਾ। ਮਾਂ ਬੋਲੀ ਦੀ ਅਧਿਆਪਕਾ ਹੁੰਦਿਆਂ ਬੱਚਿਆਂ ਨੂੰ ਪੁਸਤਕ ਪ੍ਰੇਮ ਦਾ ਪੱਲਾ ਫੜਾਉਣਾ ਮੇਰੇ ਹਿੱਸੇ ਆਇਆ। ਇਹ ਕੰਮ ਕਰਦਿਆਂ ਆਪਣੇ ਅਧਿਆਪਕਾਂ ਦੇ ਬੋਲ ਮੇਰੀ ਪ੍ਰੇਰਨਾ ਹੁੰਦੇ, ‘‘ਬੱਚੇ ਸਾਡੇ ਸਮਾਜ ਦਾ ਰੌਸ਼ਨ ਭਵਿੱਖ ਤਾਂ ਹੀ ਬਣ ਸਕਣਗੇ ਜੇਕਰ ਉਨ੍ਹਾਂ ਕੋਲ ਸੂਝ, ਸਿਆਣਪ, ਗਿਆਨ ਤੇ ਚੇਤਨਾ ਦੀ ਪੂੰਜੀ ਹੋਵੇਗੀ। ਇਸ ਪੂੰਜੀ ਦਾ ਭੰਡਾਰ ਪੁਸਤਕਾਂ ਕੋਲ ਹੁੰਦਾ ਹੈ।’’ ਵਿਦਿਆਰਥੀਆਂ ਵੱਲੋਂ ਲਾਇਬਰੇਰੀ ਦੀਆਂ ਪੁਸਤਕਾਂ ਦਾ ਸਾਥ ਮਾਣਨ ਦਾ ਰੰਗ ਸਵੇਰ ਦੀ ਸਭਾ ਵਿੱਚ ਵੀ ਬਿਖਰਨ ਲੱਗਾ। ਵਿਦਿਆਰਥੀ ਚਾਅ ਨਾਲ ਵਿਚਾਰ ਤੇ ਵਿਸ਼ਾ ਬੋਲਦੇ। ਉਨ੍ਹਾਂ ਦੇ ਬੋਲਾਂ ਵਿੱਚੋਂ ਆਤਮ-ਵਿਸ਼ਵਾਸ ਸਾਫ਼ ਝਲਕਦਾ। ਇਹ ਸੁਖਾਵਾਂ ਬਦਲਾਅ ਅਧਿਆਪਕਾਂ ਤੇ ਪ੍ਰਿੰਸੀਪਲ ਨੂੰ ਵੀ ਪਸੰਦ ਆਇਆ। ਪੜ੍ਹਾਈ ਦੇ ਨਾਲ-ਨਾਲ ਮਾਂ ਬੋਲੀ ਦੇ ਮਿੱਠੇ ਬੋਲਾਂ, ਸ਼ਬਦਾਂ ਤੇ ਲੇਖਕਾਂ, ਕਵੀਆਂ ਦੀ ਦੇਣ ਦੇ ਵਿਚਾਰ ਸਭਨਾਂ ਦੀ ਪਸੰਦ ਬਣਨ ਲੱਗੇ।
ਸਕੂਲ ਦਾ ਅਜਿਹਾ ਮਾਹੌਲ ਮਨ ਦਾ ਸਕੂਨ ਤੇ ਖ਼ੁਸ਼ੀ ਦਾ ਸਬੱਬ ਬਣਦਾ। ਸਕੂਲ ਦਾ ਦਰ ਲੰਘਣ ਮਗਰੋਂ ਵਕਤ ਬੀਤਦੇ ਦਾ ਪਤਾ ਹੀ ਨਾ ਚਲਦਾ। ਮਾਂ ਬੋਲੀ ਦੇ ਪ੍ਰਸਿੱਧ ਸਾਹਿਤਕਾਰ ਗੁਰਦਿਆਲ ਸਿੰਘ ਦੇ ਬੋਲ ਅੱਜ ਵੀ ਮੇਰਾ ਰਾਹ ਦਸੇਰਾ ਹਨ, ਜਿਹੜੇ ਉਨ੍ਹਾਂ ਸਾਡੇ ਕਾਲਜ ਦੇ ਸਮਾਗਮ ਵਿੱਚ ਆਖੇ ਸਨ, ‘‘ਅਧਿਆਪਕ ਦਾ ਕਿੱਤਾ ਉੱਤਮ ਹੁੰਦਾ ਹੈ। ਅਧਿਆਪਕ ਹਜ਼ਾਰਾਂ, ਲੱਖਾਂ ਮਨਾਂ ਵਿੱਚ ਗਿਆਨ ਦੀ ਜੋਤ ਜਗਾਉਂਦਾ ਹੈ। ਗਿਆਨ ਦਾ ਚਾਨਣ ਵੰਡ ਕੇ ਵਿਦਿਆਰਥੀਆਂ ਲਈ ਸਫ਼ਲਤਾ ਦੇ ਦਰ ਖੋਲ੍ਹਦਾ ਹੈ। ਜੇਕਰ ਜ਼ਿੰਦਗੀ ਵਿੱਚ ਤੁਹਾਨੂੰ ਅਧਿਆਪਕ ਬਣਨ ਦਾ ਮੌਕਾ ਮਿਲੇ ਤਾਂ ਜੀਅ ਜਾਨ ਲਾ ਕੇ ਗਿਆਨ, ਚੇਤਨਾ ਤੇ ਤਰਕ ਦਾ ਚਾਨਣ ਬਿਖੇਰਦੇ ਰਹਿਣਾ, ਜਿਹੜਾ ਸਮਾਜ ਦੇ ਸੁਨਹਿਰੇ ਭਵਿੱਖ ਵੱਲ ਜਾਂਦਾ ‘ਰੌਸ਼ਨ ਰਾਹ’ ਹੈ।’’
ਸੰਪਰਕ: rashpinderpalkaur@gmail.com

